ਅਤਿੰਦਰ ਪਾਲ ਸਿੰਘ

ਭਾਰਤ ਵਿੱਚ ਸੰਸਦ ਮੈਂਬਰ ਬਣਨ ਦੇ ਬਾਵਜੂਦ ਪੂਰੀ ਕੈਦ ਤਿਹਾੜ ਜੇਲ੍ਹ ਦਿੱਲੀ ਵਿਖੇ ਅਲਫ਼ ਨੰਗੇ, ਫਾਂਸੀ ਚੱਕੀ ਦੀ ਏਕਾਂਤ ਵਾਸ ਵਿੱਚ ਕੱਟਣ ਵਾਲੇ ਅਤੇ ਲਗਭਗ 6 ਮਹੀਨੇ ਤਕ ਪੰਜਾਬ ਪੁਲਿਸ ਅਤੇ ਭਾਰਤ ਸਰਕਾਰ ਦਾ ਲਾਲ ਕਿਲੇ ਦੇ ਤਹਿ ਖਾਨੇ ਵਿੱਚ ਅਸਹਿ ਤੇ ਅਕਹਿ ਤਸ਼ੱਦਦ ਸਹਿ ਕੇ ਵੀ ਪੰਥ ਅਤੇ ਸਿੱਖ ਸੰਘਰਸ਼ ਨਾਲ ਵਫਾ ਕਮਾਉਣ ਵਾਲੇ ਅਤਿੰਦਰ ਪਾਲ ਸਿੰਘ, ਸਾਬਕਾ ਐਮ.ਪੀ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਜੂਨ 84 ਵੇਲੇ ਸੀਨੀਅਰ ਮੀਤ ਪ੍ਰਧਾਨ ਤੇ ਉਪਰੰਤ ਪ੍ਰਧਾਨ ਵੀ ਰਹੇ ਹਨ। ਜਿੰਦਾ ਜਾਂ ਮੁਰਦਾ ਇੰਨ੍ਹਾਂ ਦੇ ਸਿਰ ਦਾ ਇਨਾਮ 55 ਲੱਖ ਭਾਰਤ ਸਰਕਾਰ ਨੇ ਘੋਸ਼ਿਤ ਕੀਤਾ ਸੀ ਅਤੇ ਸ੍ਰੀਮਤੀ ਗਾਂਧੀ ਦੇ ‘ਕਤਲ ਕੇਸ’ ਦੀ ਮੁੱਖ ਕੜੀ ਵਜੋਂ ਲੰਮੀ ਅਵਧੀ ਤਿਹਾੜ ਜੇਲ੍ਹ ਵਿੱਚ ਏਕਾਂਤਵਾਸੀ ਕਾਲ ਕੋਠਰੀ, ਫਾਂਸੀ ਚੱਕੀ ਕੈਦ ਵਿੱਚ ਜਕੜੇ ਰਹੇ ਹਨ। ਭਾਰਤ ਅੰਦਰ ਚੱਲੇ ਸਿੱਖ ਸੰਘਰਸ਼ ਵਿਚਲੇ ਇਕੋ ਇਕ ਸੰਘਰਸ਼ੀ ਕ੍ਰਾਂਤੀਕਾਰੀ ਹਨ ਜਿੰਨ੍ਹਾਂ ਆਪਣੇ ਉਪਰ ਚੱਲਦੇ ਕੇਸਾਂ ਨੂੰ ਰਾਜਨੀਤਕ ਅਧਾਰ ਤੇ ਸਰਕਾਰ ਵਲੋਂ ‘ਵਾਪਸ ਲੈਣ’ ਜਾਂ ‘ਮੁਕਾ ਕੇ ਖ਼ਤਮ ਕਰਨ’ ਦਾ ਵਿਰੋਧ ਕੀਤਾ। ਸਰਕਾਰ ਨੂੰ ਵੰਗਾਰਦੇ ਹੋਏ ਡੈਜਿਗਨੇਟੇਡ ਕੋਰਟ ਨੰਬਰ 3, ਤਿਹਾੜ ਜੇਲ੍ਹ ਦਿੱਲੀ ਅਤੇ ਭਾਰਤ ਦੀ ਸੁਪ੍ਰੀਮ ਕੋਰਟ ਵਿੱਚ ਬਕਾਇਦਾ ਸਰਕਾਰ ਤੇ ਮੁਕਦਮਾਂ ਕੀਤਾ ਕਿ “ਭਾਰਤ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਹੁਣ ਆਪ ਪਾਏ ਕੇਸ ਮੇਰੇ ਤੋਂ ਵਾਪਸ ਲਵੇ, ਮੇਰੇ ਸਾਰੇ ਕੇਸ ਅਦਾਲਤੀ ਪ੍ਰਕਿਰਿਆ ਵਿੱਚ ਕਾਨੂੰਨ ਮੁਤਾਬਕ ਚਲਾਏ ਜਾਣ। ਮੇਰੇ ਕੇਸ ਸਰਕਾਰ ਨੂੰ ਵਾਪਸ ਲੈਣ ਤੋਂ ਰੋਕਿਆ ਜਾਵੇ”. 1990 ਵਿੱਚ ਭਾਰਤੀ ਸੰਸਦ ਵਿੱਚ ਭਾਰਤ ਅੰਦਰ ਆਪਣੇ ਵਿਧਾਨ ਅਤੇ ਆਪਣੇ ਨਿਸ਼ਾਨ ਵਾਲੇ ਖ਼ਾਲਸਤਾਨ ਹਿਤ ਆਵਾਜ਼ ਬੁਲੰਦ ਕਰਕੇ ਇਸ ਨੂੰ ਪਰਵਾਨਗੀ ਲੈ ਕੇ ਦੇਣ ਵਾਲੇ ਪਹਿਲੇ ਸਿੱਖ ਲੀਡਰ ਹਨ। ਪੰਜਾਬ ਹੀ ਨਹੀਂ ਸੰਸਾਰ ਪੱਧਰ ਤੇ ਲੋਕਤੰਤਰੀ ਪੱਧਤੀ ਰਾਹੀਂ ਖ਼ਾਲਸਤਾਨ ਲਈ ਭਾਰਤ ਅੰਦਰ ਵੋਟਾਂ ਮੰਗਣ ਅਤੇ ਪੁਆਉਣ ਵਾਲੇ ਪਹਿਲੇ ਕ੍ਰਾਂਤੀਕਾਰੀ ਅਕਾਲੀ ਲੀਡਰ ਹਨ। ਭਾਰਤ ਦੇ ਇਲੈਕਸ਼ਨ ਕਮੀਸ਼ਨ ਤੋਂ “ਤੁਸੀਂ ਮੈਨੂੰ ਵੋਟ ਦਿਓ ਮੈਂ ਤੁਹਾਨੂੰ ਖ਼ਾਲਸਤਾਨ ਦੇਵਾਂਗਾ” ਦੇ ਮੈਨੀਫੈਸਟੋ ਨੂੰ ਫਰਵਰੀ 2007 ਦੀਆਂ ਚੋਣਾਂ ਵਿੱਚ ਪਰਵਾਉਣ ਕਰਾਵਾਉਣ ਵਾਲੇ ਜੌਧੇ ਹਨ। ਅਤਿੰਦਰ ਪਾਲ ਸਿੰਘ, ਸਾਬਕਾ ਐਮ.ਪੀ, ਡਾਇਰੈਕਟਰ, ‘ਜਪੁ-ਘਰ’ ਸਿੱਖ ਆਰਕਾਈਜ਼ ਅਤੇ ਖੋਜ ਕੇਂਦਰ, ਪਟਿਆਲਾ ਬਹੁਮੁਖੀ ਪ੍ਰਤਿੱਭਾ ਦੇ ਧਨੀ ਸਾਬਕਾ ਐਮ.ਪੀ. ਲੋਕ ਸਭਾ, ਕਵੀ, ਰਚਨਾਕਾਰ, ਕ੍ਰਾਂਤੀਕਾਰੀ ਦਾਰਸ਼ਨਿਕ, ਰਾਜਨੀਤੀਵਾਨ, ਪੁਰਾਤਤ੍ਵ ਵੇਤਾ ਅਤੇ ਪੁਰਾਤਨ ਤੇ ਦੁਰਲਭ ਹੱਥ ਲਿਖਤ ਖਰੜਿਆਂ ਦੇ ਸੰਭਾਲਕ, ਫੋਟੋਗ੍ਰਾਫ਼ਰ, ਚਿੱਤਰਕਾਰ ਅਤੇ ਕਈ ਕਿਤਾਬਾਂ ਦੇ ਲਿਖਾਰੀ ਹਨ; ਜੋ ਪੰਜਾਬ ਗਵਰਨਰ ਦੇ ਸਾਬਕਾ ਸਲਾਹਕਾਰ, ਭਾਰਤ ਸਰਕਾਰ ਦੀ ਮਨਿਸਟਰੀ ਆਫ਼ ਇੰਡਸਟਰੀ ਅਤੇ ਮਨਿਸਟਰੀ ਆਫ਼ ਐਗਰੀਕਲਚਰ ਵਿੱਚ ਪਾਰਲੀਮੈਂਟਰੀ ਕਮੇਟੀ ਦੇ ਸਾਬਕਾ ਮੈਂਬਰ ਅਤੇ 1990-1991 ਵਿੱਚ ਭਾਰਤ ਦੀ ਕੇਂਦਰੀ ਸਰਕਾਰ ਵਿਚ ਪੰਜਾਬ ਸਰਕਾਰ ਨੂੰ ਚਲਾਉਣ ਲਈ ਬਣੀ ਐਡਵਾਈਜ਼ਰੀ ਕਮੇਟੀ ਦੇ ਸਾਬਕਾ ਮੈਂਬਰ ਰਹਿਣ ਦਾ ਵੀ ਮਾਣ ਹਾਸਲ ਹੈ। ਮੱਧ ਪ੍ਰਦੇਸ਼ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ, ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਦੇ, ਵੋਟਾਂ ਰਾਹੀਂ ਪੰਜਾਬ ਵਿਧਾਨ ਸਭਾ ਦੇ ਜਰੀਏ ਨਾਨਕਸ਼ਾਹੀ ਖ਼ਾਲਸਤਾਨ ਘੜ੍ਹਨ ਦੇ ਸੰਕਲਪ ਅਤੇ ਸਿਧਾਂਤ ਦੇ, ਡਿਜ਼ਿਟਲ ਸਿੱਖ ਰੈਫਰੈਂਸ ਲਾਇਬਰੇਰੀ ਅਤੇ ਆਰਕਾਈਜ਼ ਸੈਂਟਰ ਦੇ, ਪੰਜਾਬ ਵਿੱਚ ਸ਼ਹੀਦੀ ਸਾਕਿਆਂ ਅਤੇ ਸ਼ਹੀਦ ਸਿੱਖਾਂ ਦੀਆਂ ਯਾਦਗਾਰਾਂ ਬਣਵਾਉਣ ਦੇ, ਨੀਤੀਵਾਨ, ਦਾਰਸ਼ਨਿਕ ਘੜਨਹਾਰ ਬਾਨੀ ਵੀ ਹਨ। ਵਰਤਮਾਨ ਵਿੱਚ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਦੇ ਪ੍ਰਧਾਨ ਵੀ ਹਨ।