Close Menu
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
  • contact
Facebook X (Twitter) Instagram YouTube WhatsApp
Atinderpal SinghAtinderpal Singh
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
ਸੰਪਰਕ
Atinderpal SinghAtinderpal Singh
Home»ਸਿੱਖ ਰਾਜਨੀਤੀ»“ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ”-ਸਿੱਖਾਂ ਦੀ ਅਜੋਕੀ ਦਸ਼ਾ ਦਾ ਧਾਰਮਿਕ, ਬੌਧਿਕ ਅਤੇ ਰਾਜਨੀਤਕ ਵਿਸ਼ਲੇਸ਼ਣ
ਸਿੱਖ ਰਾਜਨੀਤੀ

“ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ”-ਸਿੱਖਾਂ ਦੀ ਅਜੋਕੀ ਦਸ਼ਾ ਦਾ ਧਾਰਮਿਕ, ਬੌਧਿਕ ਅਤੇ ਰਾਜਨੀਤਕ ਵਿਸ਼ਲੇਸ਼ਣ

AtinderpalBy AtinderpalNovember 1, 2022Updated:November 1, 2022No Comments18 Mins Read
Facebook Twitter WhatsApp Pinterest Email Tumblr
Share
Facebook Twitter WhatsApp Email LinkedIn Pinterest

ਹਰ ਸਾਲ ਦੀ ਤਰ੍ਹਾਂ ਫਿਰ ਜੂਨ ਦਾ ਮਹੀਨਾ ਆ ਗਿਆ ਹੈ। ਹੁਣ ਫਿਰ 2016 ਵਿਚ ਸਿੱਖ ਤੀਜੇ ਘੱਲੂਘਾਰੇ ਨੂੰ ਬੇਅਰਥਕ ਤੌਰ ਤੇ ਮਨਾਉਣਗੇ । ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਸਮੇਤ ਪੂਰੇ ਪੰਜਾਬ ਦੇ ਗੁਰਦੁਆਰਿਆਂ ਉੱਪਰ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਤੋਂ ਬਾਅਦ ਸਿੱਖ ਸੰਸਾਰ ਭਰ ਵਿਚ ਕੁੱਝ ਕਰ ਗੁਜ਼ਰਨ ਲਈ ਜਜ਼ਬਾਤੀ ਵਹਿਣ ਵਿਚ ਤੱਤੇ ਹੋ ਉੱਠੇ । ਉਨ੍ਹਾਂ ਤੋਂ ਵੱਧ ਤੱਤੇ ਉਨ੍ਹਾਂ ਦੇ ਹੀ ਅੰਦਰਲੇ ਜਜ਼ਬਾਤੀ ਵਹਿਣ ਵਿਚ ਵਗਦੇ ਗੁਰਸਿੱਖੀ ਦੇ ਦਰਿਆ ਦਾ ਸ਼ੋਸ਼ਣ ਕਰਨ ਵਾਲੇ “ਆਪ ਮੁਹਾਰੇ ਹੀ ਆਗੂ ਬਣ” ਕੇ ਕੁਝ ਸਿੱਖ ਇਨ੍ਹਾਂ ਦੀ ਅਗਵਾਈ ਕਰਨ ਲੱਗ ਪਏ । ਭੜਕੀ ਅੱਗ ਨੂੰ ਐਨਰਜੀ ਬਣਾ ਕੌਮੀ ਭਵਿੱਖ ਘੜਨ ਦੇ ਸੈਂਚੇ ਵਿਚ ਪਾਉਣ ਦੀ ਬਜਾਏ ਇਹ ਲੋਕ ਅਨੇਕਾਂ ਤਰ੍ਹਾਂ ਦੇ ਆਪੋ ਆਪਣੇ ਸਵਾਰਥ ਅਤੇ ਲੋਭ ਪੂਰੇ ਕਰਨ ਲਈ ਇਸ ਵਿਚ ਹੋਰ ਭਾਂਬੜ ਮਚਾਉਣ ਵਾਸਤੇ ਤੇਲ ਪਾਈ ਗਏ। ਗੁਰਬਾਣੀ ਨੇ ਇਨ੍ਹਾਂ ਨੂੰ “ਏਕਾ ਨਿਰਭਉ ਬਾਤ ਸੁਣੀ ॥ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥”/ਅੰਗ 998 ਰਾਹੀਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਗੁਰਮਤਿ ਜੁਗਤ ਦੀ ਅਗਵਾਈ ਹਿਤ “ਨਿਰਪੱਖ ਤੇ ਨਿਰਵੈਰ ਪੰਥ ਗੁਰੂ ਦੀ ਗੁਰਿਆਈ” ਹਿਤ ਨਾਨਕਸ਼ਾਹੀ ਸਰਕਾਰ ਏ ਖ਼ਾਲਸਾ ਦੀ ਰੀਤ “ਦਰਬਾਰ ਏ ਖ਼ਾਲਸਾ” ਖੜੀ ਕਰਨ ਦੀ ਬਜਾਏ, ਧੜੇ ਨੂੰ ਪਾਲਨ ਦੀ ਪਹਿਲ ਰੀਤ ਤੋਰ ਲਈ। ਜਿਸ ਵਿਚੋਂ ਨਿਕਲੇ ਧੜੇਬੰਦੀ ਦੀ ਇੱਕ ਮੁਹਾਰੀ ਉਲਾਰ ਵਾਲੇ “ਸਰਬੱਤ ਖ਼ਾਲਸਾ” । ਗੁਰੂ ਨੇ ਫਿਟਕਾਰ ਲਾਈ “ਰੇ ਮੂੜੇ ਤੂ ਹੋਛੈ ਰਸਿ ਲਪਟਾਇਓ ॥ ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ ॥”  ਸਾਹਮਣੇ ਇਹ ਆਉਣਾ ਹੀ ਸੀ “ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ ॥ ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ ॥” ਜਿਨ੍ਹਾਂ ਨੂੰ ਅਜਿਹੀ ਹੀ ਵਿਚਾਰ ਧਾਰਾ ਵਾਲੇ ਬੋਧਿਕ ਲੋਕਾਂ ਨੇ ਖ਼ੂਬ ਟੂਕਾਂ ਦੇ ਦੇ ਕੇ ‘ਸਿੱਖ ਸਿਧਾਂਤਕ ਤੇ ਵਿਰਾਸਤੀ ਦਰਸਾਇਆ’ ਤੇ ਦੂਜੀ ਧਿਰ ਨੇ ਇਨ੍ਹਾਂ ਨੂੰ ‘ਸਿੱਖ ਸਿਧਾਂਤਾਂ ਦੇ ਵਿਰੋਧੀ’ ਪ੍ਰਚਾਰਿਆ। ਇਨ੍ਹਾਂ ਦੋਹਾਂ ਹੀ ਮੁੱਖ ਤਾਕਤਾਂ ‘ਲੌਂਗੋਵਾਲ, ਬਾਦਲ, ਟੌਹੜਾ, ਬਰਨਾਲਾ ਧੜਾਂ’ ਅਤੇ ‘ਦਮਦਮੀ ਟਕਸਾਲ, ਬਾਬਾ ਜੋਗਿੰਦਰ ਸਿੰਘ, ਮਾਨ, ਫੈਡਰੇਸ਼ਨ’ ਧੜਾ ਵਿਚੋਂ ਕਿਸੇ ਨੇ ਵੀ ਕੋਈ ਉਸਾਰੂ ਬਣਤਰ ਦੇਣ ਦਾ ਉਪਰਾਲਾ ਨਾ ਕੀਤਾ। ਇਨ੍ਹਾਂ ਧਿਰਾਂ ਦੇ ਬੌਧਿਕ ਅਤੇ ਸਮਰਥਕ ਲੋਕਾਂ ਨੇ ਆਪੋ ਆਪਣੀ ਹਰ ਮੰਦੀ ਤੋਂ ਮੰਦੀ ਕਾਰ ਗੁਜ਼ਾਰੀ ਨੂੰ ਛੁਪਾਉਣ ਅਤੇ ਚੰਗਾ ਦਰਸਾਉਣ ਦੀ ਮੰਦੀ ਨੀਤੀ ਦੀ ਸਿਖਰਲੀ ਸੋਚ ਵਿਚ ਇਸੇ ਦੀ ਹੀ ਹਿਮਾਇਤ ਤੇ ਵਿਰੋਧੀ ਸੁਰ ਵਿਚ ਹੀ ਸਿੱਖੀ ਦਾ ਭਵਿੱਖ ਤਬਾਹ ਕਰ ਕੇ ਰੱਖ ਦਿੱਤਾ। ਕਿਸੇ ਨੇ ਵੀ ਸਿੱਖੀ ਅਤੇ ਪੰਥ ਗੁਰੂ ਨਾਲ ਖ਼ੁਦ ਸਿੱਖਾਂ ਵੱਲੋਂ ਕਮਾਈ ਜਾ ਰਹੀ ਇਸ ‘ਗ਼ੱਦਾਰੀ’ ਭਰਪੂਰ ਅਪਣਾਏ ਜਾ ਚੁੱਕੇ ਪ੍ਰਤੱਖ ਵਰਤਾਰੇ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ ਹੀ ਮਹਿਸੂਸ ਨਾ ਕੀਤੀ। ਇਸ “ਕੂੜਿ ਮੁਠੀ ਠਗੀ ਠਗਵਾੜੀ ॥ ਜਿਉ ਵਾੜੀ ਓਜਾੜਿ ਉਜਾੜੀ ॥” ਦੀ ਬਣਾਈ ਜਾ ਚੁੱਕੀ ਧਰਤੀ ਅਤੇ ਉਸ ਤੇ ਲਾਗੂ ਅਜਿਹੇ ਕੀਤੇ ਜਾ ਚੁੱਕੇ ਹੁਕਮ ਦੇ ਵਰਤਾਰੇ ਦਾ ਸਦੀਵੀ ਲਾਹਾ ਲੈਣ ਲਈ ਇਸੇ ਨੂੰ ਹੀ ਪੰਜਾਬ ਦੀ ਅਧਿਆਤਮਿਕ ‘ਪੰਜਾਬ ਪੰਜਾਬੀ ਪੰਜਾਬੀਅਤ’ ਦੀ ਮੰਜ਼ਿਲ ਬਣਾ ਦੇਣ ਲਈ ‘ਰਾਜ ਜਾਂ ਸਟੇਟ’ ਨੇ ਮੀਡੀਏ, ਵਿੱਦਿਆ ਕੇਂਦਰਾਂ ਅਤੇ ਧਰਮ ਵਿਚ ‘ਆਪਣੇ ਠੇਕੇਦਾਰ’ ਸਥਾਪਿਤ ਕਰ ਦਿੱਤੇ। ਇਨ੍ਹਾਂ ਰਾਹੀਂ ਧਰਮ, ਵਿੱਦਿਆ, ਸਮਾਜ, ਰਾਜਨੀਤੀ, ਧਾਰਮਿਕ, ਸਭਿਅਤਾ, ਸਭਿਆਚਾਰ ਅਤੇ ਚੇਤਨਾ ਦਾ ਹਰ ਵਿਚਾਰ, ਸਿਧਾਂਤ, ਫ਼ਲਸਫ਼ਾ, ਸੰਕਲਪ ਅਤੇ ਸਰੋਤ ‘ਸਟੇਟ’ ਪੱਖੀ ਬਣਾ ਦੇਣ ਵਿਚ ਆਪਣੀ ਪੂਰੀ ਵਾਹ ਲਾ ਦਿੱਤੀ ਤੇ ਕਾਮਯਾਬੀ ਵੀ ਹਾਸਲ ਕਰ ਲਈ। ਇਸੇ ਦਾ ਹੀ ਨਤੀਜਾ ਹੈ ਗੁਰਮਤਿ ਤੋਂ ਹੀਣੀ ਹਰ ਮੱਤ ਅਤੇ ਬੁੱਧ ਦਾ ਹਰ ਖੇਤਰ ਵਿਚ ਸਿਖਰਲੀ ਪੱਧਰ ਤਕ ਸਥਾਪਿਤ ਹੋ ਜਾਣਾ। ਇਸੇ ਵਿਚੋਂ ਹੀ ਨਿਕਲਿਆ ਹੈ ਡੇਰਾਵਾਦ ਅਤੇ ਸੰਤ ਵਾਦ । ਜੋ ਸਿੱਖੀ ਦੀ ਗੁਰਮਤਿ ਪ੍ਰਣਾਲੀ ਤੇ ਮਰਿਆਦਾ ਨੂੰ ਅੰਦਰੋਂ ਘੁਣ ਬਣ ਕੇ ਤੇ ਬਾਹਰੋਂ ਸਿਉਂਕ ਵਾਂਗ ਚੱਮੜ ਚੁਕਾ ਹੈ।ਕੁਲ ਮਿਲਾ ਕੇ ਸੱਚ ਕਹਿਣ, ਸੁਣਨ, ਮੰਨਣ ਅਤੇ ਅਪਣਾਉਣ ਦੀ ਸਿੱਖਾਂ ਵਿਚੋਂ ਸਮਰੱਥਾ ਹੀ ਮੁਕਾ ਦਿੱਤੀ ਗਈ ਹੈ।

ਅਜਿਹੀ ਤੱਤੀ ਵਾਅ ਵਿਚ ਹਨੇਰੀ ਵਾਂਗ ਵਗਦੇ ਪਏ ਸਿੱਖ ਉਲਾਰ ਦੇ ਮੋਹ, ਲਾਲਚ ਅਤੇ ਸਵਾਰਥ ਦੀ ਘਨੇੜੀ ਚੜ ਕੇ ਉਸ ਤੀਜੀ ਪੰਥ ਅੰਦਰਲੀ ਧਿਰ ਦੀ ਨਿੱਕੀਆਂ, ਨਿਰਪੱਖ ਆਵਾਜ਼ਾਂ ਨੂੰ ਸੁਣਨ ਅਤੇ ਸਮਝਣ ਦੀ ਲੋੜ ਹੀ ਨਾ ਸਮਝੀ ਜਿਹੜੀਆਂ ਪੰਥ ਨੂੰ ਗੁਰਮਤਿ ਮਰਿਆਦਾ, ਨਿਰਭਉ ਸੱਚ, ਨਿਰਵੈਰ ਹੱਕ ਦੇ ਖ਼ਾਲਸਾਈ ਅਮਲ ਅਤੇ ਨਾਨਕਸ਼ਾਹੀ ਪ੍ਰਬੰਧਕੀ ਖ਼ਾਲਸਤਾਈ ਮਿਆਰਾਂ ਤੇ ਸੰਘਰਸ਼ ਨੂੰ ਤੋਰਨ ਹਿਤ ਹਾਅ ਦਾ ਨਾਅਰਾ ਮਾਰਦੀਆਂ ਮਾਰਦੀਆਂ, ਇਨ੍ਹਾਂ ਦੇ ਹੀ ਪੈਰਾਂ ਥੱਲੇ ਮਧੋਲੀਆਂ ਗਈਆਂ। ਜੋ ਗੁਰੂ ਪੰਥ ਖ਼ਾਲਸੇ ਹਿਤ “ਨਿਰਮਾਣਕਾਰੀ ਉਸਾਰੂ ਪ੍ਰਾਪਤੀਆਂ ਕਰਦੇ ਹੋਏ” ਸੰਘਰਸ਼ ਦੀ ਭੇਟ ਚੜ੍ਹਦੇ ਚਲੇ ਆ ਰਹੇ ਹਨ ਪਰ ਜਿਨ੍ਹਾਂ ਦੀ ਕੁਰਬਾਨੀ ਅਤੇ ਸ਼ਹਾਦਤਾਂ ਨੂੰ ਸਿੱਖ ਅਵਾਮ ਨੇ ਕਦੇ ਵੀ ਮਾਨਤਾ ਦੇਣ ਦੀ ਗੱਲ ਵਿਚਾਰੀ ਹੀ ਨਹੀਂ ਹੈ। ਇਨ੍ਹਾਂ ਨੂੰ ਲਗਾਤਾਰ ਜੋ ਅਹਿਸਾਸ ਕਰਵਾਇਆ ਜਾ ਰਿਹਾ ਹੈ ਉਸ ਨੂੰ ਮੈਂ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਲਿਖਤ ਰੂਪ ਵਿਚ ਦਿੱਤੇ ਇਸ਼ਤਿਹਾਰੀ ਸੰਦੇਸ਼ ਦੇ ਸ਼ਬਦਾਂ ਵਿਚ ਆਪਣੀ ਗੱਲ ਕਹਿਣਾ ਉਚਿੱਤ ਸਮਝਦਾ ਹਾਂ “ਮੇਰੀ ਤੁੱਛ ਰਾਏ ਅਨੁਸਾਰ ਜਿਹੜੀਆਂ ਪੰਥਕ ਧਿਰਾਂ ਅਤੇ ਸ਼ਖ਼ਸੀਅਤਾਂ ਪਿਛਲੇ ਦਹਾਕਿਆਂ ਤੋਂ ਪੰਥ ਦੀ ਭਰਪੂਰ ਸੇਵਾ ਕਰ ਰਹੀਆਂ ਹਨ ਅਤੇ ਤਸ਼ੱਦਦ-ਬ-ਜ਼ੇਲ੍ਹਾਂ ਵੀ ਕੱਟੀਆਂ ਹਨ ਉਨ੍ਹਾਂ ਦੀ ਰਾਜਨੀਤਕ ਆਦਿ ਸਹਾਇਤਾ ਕਰਨੀ ਬਣਦੀ ਹੈ ਜੇ ਕਰ ਇਸ ਤਰਾਂ ਨਹੀਂ ਹੁੰਦਾ ਤਾਂ ਆਉਣ ਵਾਲੇ ਸਮੇਂ ਵਿਚ ਇਸ ਤਰਾਂ ਦੀਆਂ ਪੰਥਕ ਧਿਰਾਂ ਮਹਿਸੂਸ ਕਰਨਗੀਆਂ ਕਿ ਸਿੱਖ ਪੰਥ ਵਿਚ ਉਨ੍ਹਾਂ ਦੀ ਕੁਰਬਾਨੀ ਅਤੇ ਸਰਕਾਰੀ ਜ਼ਬਰ ਤਸ਼ੱਦਦ ਦੀ ਕਿਸੇ ਕਦਰ ਨਹੀਂ ਪਾਈ ਸੋ ਅੱਗੇ ਤੋਂ ਕੁਰਬਾਨੀ ਦਾ ਜਜ਼ਬਾ ਘੱਟ ਜਾਵੇਗਾ ਜੋ ਕਿ ਪੰਥ ਲਾਈ ਹਾਨੀਕਾਰਕ ਹੋਵੇਗਾ।” ਸਿੱਖਾਂ ਦੇ ਹੀ ਗੁਰੂ ਨੇ ਸਿੱਖਾਂ ਨੂੰ ਸੰਘਰਸ਼ ਦੇ ਭਰ ਜੋਬਨ ਵਿਚ ਸਮਝਾਇਆ “ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥ ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ”। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਆਪਣੇ ਅੰਗ 34 ਤੇ ਦਿੱਤੀ ਆਪਣੇ ਅਨੁਯਾਈਆਂ ਨੂੰ ਚੇਤਾਵਨੀ, ਉਨ੍ਹਾਂ ਦੇ ਸਿੱਖਾਂ ਨੇ ਕਦੇ ਸਮਝੀ ਹੀ ਨਹੀਂ। ਗੁਰੂ ਦੀ ਇਸ ਚੇਤਾਵਨੀ ਦੇ ਜਿਹੜੇ ਲੋਕ ਕੋਠੇ ਚੜ੍ਹ ਕੇ ਨਗਾਰੇ ਵਜਾਉਂਦੇ ਰਹੇ, ਉਨ੍ਹਾਂ ਸਭਨਾਂ ਨੂੰ ਵਰਤਮਾਨ ਤਕ ਸਿੱਖ ਅਵਾਮ ਦੀ ਅਗਵਾਈ ਕਰਦੇ ਧੜੇਬਾਜ਼ਾਂ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਇਸ ਆਵਾਜ਼ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਜਾਂਦਾ ਆ ਰਿਹਾ ਹੈ। ਲਿਖਿਆ ਜਾਂ ਕਿਹਾ ਜੋ ਮਰਜ਼ੀ ਜਾਂਦਾ ਹੋਵੇ ਪਰ ਪ੍ਰਤੱਖ ਤੋਰ ਤੇ ਬਣਾਏ ਗਏ ਧੜੇਬਾਜ਼ ਆਗੂਆਂ ਦਾ ਵੀ ਇਹੋ ਹਾਲ ਅਤੇ ਕਿਰਦਾਰ ਸਾਹਮਣੇ ਆ ਚੁਕਾ ਹੈ।

ਸਿੱਖ ਖ਼ਾਲਸਤਾਨ ਚਾਹੁੰਦੇ ਹਨ ਜਾਂ ਨਹੀਂ ਨਿਮਿਤ ਸਿੱਖ ਆਗੂਆਂ ਦੇ ਆਪਾ ਵਿਰੋਧੀ ਕਿਰਦਾਰ, ਜ਼ਬਾਨ, ਵਰਤਾਰੇ ਅਤੇ ਧਿਰਾਂ ਵੱਲੋਂ ‘ਗੁਪਤ ਤੋਰ ਤੇ ਕੀਤੀ ਜਾਂਦੀ ਸਰਕਾਰ ਨਾਲ ਗੱਲਬਾਤ’ ਦੀ ਅਮਰਿਆਦਾ ਨੂੰ ਜੂਨ 84 ਤੋਂ ਜਾਂ 26 ਜਨਵਰੀ 1986 ਦੇ ‘ਸਰਬੱਤ ਖ਼ਾਲਸਾ’ ਤੋਂ 10 ਨਵੰਬਰ 2015 ਦੇ ‘ਸਰਬੱਤ ਖ਼ਾਲਸਾ’ ਤਕ ਆਗੂਆਂ ਅਤੇ ਪ੍ਰਬੰਧਕਾਂ ਨੇ ਅਨੈਤਿਕ ਤੌਰ ਤੇ ਨੈਤਿਕ ਅਤੇ ਮਰਿਆਦਾ ਬਦੋ ਬਦੀ ਬਣਾਉਣ ਵਿਚ ਹੀ, ਜਜ਼ਬਾਤੀ ਸਿੱਖ ਸੰਗਤਾਂ ਦਾ ਭਰਪੂਰ ਅਧਾਰਮਿਕ ਅਤੇ ਧੋਖੇਬਾਜ਼ੀ ਨਾਲ ਸ਼ੋਸ਼ਣ ਕੀਤਾ ਹੈ। ਸਮੁੱਚੇ ਤੌਰ ਤੇ ਸਿੱਖ ਕੌਮੀਅਤਾ ਦੇ ਸੰਘਰਸ਼ ਦੀ ਅਧੋਗਤੀ ਦਾ ਮੂਲ ਬੀਜ ਕਾਰਨ ਇਹੋ ਪ੍ਰਵਿਰਤੀ ਦਾ ਅਨੁਸਰਨ ਕਰਨਾ ਹੀ ਹੈ। ਅਜਿਹਾ ਕਰਨ ਲਈ ਹੀ ਆਗੂ ਥਾਪੀਆਂ ਜਾਂਦੀਆਂ ਰਹੀਆਂ ਇਹੋ ਸਭ ਤਾਕਤਾਂ ‘ਸੱਤਾ ਵਿਚ ਆਉਣ ਦੀ ਇੱਕ ਅਹਿਮ ਲੋੜ’ ਆਪਣੀ ਸਰਕਾਰੀ ਦਰਬਾਰੇ ਹੋਂਦ ਨੂੰ ਜਿਉਂਦਾ ਰੱਖਣ ਲਈ ਹੀ ਕਦੇ ‘ਭਿੰਡਰਾਂਵਾਲਿਆਂ ਨੂੰ ਜਿਉਂਦਾ ਰੱਖਦੀਆਂ ਰਹੀਆਂ ਅਤੇ ਕਦੇ ਬਿਨਾਂ ਪਿਛਲੀ ਕਰਨੀ ਦਾ ਕੋਈ ਮਾਫ਼ੀਨਾਮਾ ਤੇ ਸਪਸ਼ਟੀਕਰਨ ਦਿੱਤੇ ਰਾਤੋਂ ਰਾਤ ‘ਸੱਤਾ ਵਿਚ ਆਉਣ ਦੀ ਇੱਕ ਅਹਿਮ ਲੋੜ’ ਦੀ ਪੂਰਤੀ ਅਤੇ ਇਸ਼ਾਰੇ ਤੇ ਸਦੀ ਦਾ ਮਹਾਨ ਸ਼ਹੀਦ ਘੋਸ਼ਿਤ ਕਰਦੀਆਂ ਰਹੀਆਂ ਹਨ। ਇਹ ਉਹੀ ਲੋਕ, ਤਾਕਤਾਂ, ਵਿਅਕਤੀ, ਅਤੇ ਲੀਡਰਾਂ ਦੇ ਧੜੇ ਹਨ ਜਿਹੜੇ, ਆਪੋ ਆਪਣੇ ਆਗੂਆਂ ਅਤੇ ਧੜਿਆਂ ਦਾ ਸਭ ਅਨੈਤਿਕ, ਅਧਾਰਮਿਕ ਅਤੇ ਕੌਮੀ ਗ਼ੱਦਾਰੀ ਦਾ ਪ੍ਰਤੱਖ ਗਵਾਹ ਹੁੰਦੇ ਹੋਏ ਵੀ ਵਕਤ ਸਿਰ ਸਭ ਸੱਚ ਜਾਣਦੇ ਹੋਏ ਵੀ ਦੜ ਵੱਟ ਚੁੱਪ ਬੈਠੇ ਰਹਿੰਦੇ ਹਨ ।ਅਜਿਹਾ ਇਸ ਲਈ ਮਿੱਥ ਕੇ ਕੀਤਾ ਜਾਂਦਾ ਹੈ ਤਾਂ ਕਿ ਉਹ ਮੌਕੇ ਦਾ ਲਾਭ ਦਾ ਫ਼ਾਇਦਾ ਹਿੱਸੇ ਪਾ ਲੈਣ ਤੇ ਅਗਲੇਰੇ ਲਾਭ ਹਿਤ “ਸੱਤਾ ਵਿਚ ਆਉਣ ਦੀ ਇੱਕ ਅਹਿਮ ਲੋੜ ਆਪਣੀ ਸਰਕਾਰੀ ਦਰਬਾਰੇ ਹੋਂਦ ਨੂੰ ਜਿਉਂਦਾ ਰੱਖਣ ਲਈ” ਇੰਜ ਮੌਕੇ ਦੀ ਸਰਕਾਰ ਦੀਆਂ ਨਜ਼ਰਾਂ ਵਿਚ ਵੀ ਚੰਗੇ ਬਣੀ ਰਹਿਣ। ਨਾਲ ਹੀ ਨਾਲ ਆਪਣੇ ਅਜਿਹੇ ਦੋ ਮੂੰਹੇਂ ਕਿਰਦਾਰ ਨਾਲ ਸਿੱਖ ਸਮਾਜ ਵਿਚ ਵੀ ਚੰਗੇ ਬਣਨ ਦੀ ਆਪਣੀ ਰਹਿਣੀ ਤੇ ਕਰਨੀ ਸਾਬਤ ਕਰ ਜਾਣ। ਇਸ ਲਈ ਇਨ੍ਹਾਂ ਸਿਰਫ਼ ਆਪਣੀ “ਸੱਚ ਕਥਨੀ” ਨੂੰ ਹੀ ਆਪਣੀ ਜ਼ਮੀਰ ਨਾਲ ਆਪਣੀ ਆਤਮਾ ਵਿਚ ਮਾਰਨਾ ਹੁੰਦੈ, ਤੇ ਇਹ ਇਸ ਵਿਚ ਮੁਹਾਰਤ ਰੱਖਦੇ ਹਨ। ਅਜਿਹੇ ਮੁਹਾਰਤ ਰੱਖਣ ਵਾਲੇ ਲੋਕਾਂ ਨੂੰ ਹੀ ਸਿੱਖ ਅਵਾਮ ਆਪਣੇ ਲਗਾਤਾਰ ਆਗੂ ਬਣਾਉਣ ਵਿਚ ਫ਼ਖ਼ਰ ਮਹਿਸੂਸ ਕਰਦਾ ਚਲਾ ਆ ਰਿਹਾ ਹੈ ਅਤੇ “ਏਕਤਾ” ਦੇ ਫੋਬੀਏ ਦਾ ਸ਼ਿਕਾਰ ਪੰਥ ਚਿੱਤ ਬਾਰ ਬਾਰ ਇਸੇ ‘ਪਾਥੀ’ ਤੇ ਹੀ ‘ਰੋਜ਼ਾ’ ਖੋਲ੍ਹਦਾ ਹੈ। ਤੁਸੀਂ ਜੂਨ 84 ਤੋਂ ਵਰਤਮਾਨ ਤਕ ਸਭ ਆਗੂਆਂ ਅਤੇ ਬਣੇ ਧੜਿਆਂ ਤੇ ਜੱਥੇਬੰਦੀਆਂ ਦੀ ਇੱਕ ਲਿਸਟ ਤਿਆਰ ਕਰ ਲਵੋ, ਤੁਹਾਨੂੰ ਇਹੋ ਹੀ ਸਾਰੇ ਆਗੂ ਵੱਖਰੋ ਵੱਖਰੇ ਧੜਿਆਂ ਵਿਚ ਆਉਂਦੇ ਜਾਂਦੇ ਤੇ ਏਕਤਾ ਕਰਦੇ ਤੋੜਦੇ ਮਿਲਣਗੇ। ਜੂਨ 84 ਤੋਂ ਚੱਲੇ ਸਿੱਖ ਕੌਮੀਅਤਾ ਦੀ ਬਹਾਲੀ ਦੇ ਸੰਘਰਸ਼ ਦੀ ਕੁਲ ਮਿਲਾ ਕੇ ਇਹੋ ਹੀ ਸੱਚਾਈ ਸਾਹਮਣੇ ਕੰਧ ਤੇ ਇਸ ਸੰਘਰਸ਼ ਨੇ ਆਪ ਹੀ ਲਿਖ ਦਿੱਤੀ ਹੈ। ਕਿਸੇ ਤੇ ਵੀ ਇਸ ਲਿਖੀ ਜਾ ਚੁੱਕੀ ਇਬਾਰਤ ਦਾ ਅਸਰ ਇਸ ਲਈ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਸਭਨਾਂ ਨੇ ਕੁੱਲ ਮਿਲਾ ਕੇ ਬਹੁ ਸੰਖਿਅਕ ਸਿੱਖ ਅਵਾਮ ਨੂੰ ਆਪੋ ਆਪਣੇ ਧੜੇ ਦਾ ਅਜਿਹਾ “ਖੋਪਾ” ਪਵਾ ਦਿੱਤਾ ਹੈ ਕਿ ਜੋ ਸਿਰਫ਼ ਧੜੇ ਦੀ ਹੀ ਭਾਸ਼ਾ ਸਮਝਦਾ, ਪੜ੍ਹਦਾ ਤੇ ਸੁਣਦਾ ਹੈ। ਬਾਕੀ ਸਭ ਪਾਸੇ ਤੋਂ ‘ਅੰਨ੍ਹਾ’ ਬਣੇ ਰਹਿਣ ਵਿਚ ਹੀ ਆਪਣੀਆਂ ਗ਼ਰਜ਼ਾਂ ਦੀ ਸਵਾਰਥ ਸਿੱਧੀ ਦੇ ਮਾਰਗ ਤੇ ਪਾਇਆ ਜਾ ਚੁਕਾ ਹੈ। ਅਜਿਹੀ ਖੜੋਤ ਨੂੰ ਤੋੜਨ ਵਾਲਿਆਂ ਦਾ ਅਜਿਹੇ ਹੀ “ਖੋਪੇ ਵਿਚ ਅੰਨ੍ਹੇ” ਬਣ ਵਿਚਰਦੇ ਹਮਦਰਦ ਅਤੇ ਮਦਦਗਾਰ ਬਾਰ ਬਾਰ ਉਸੇ ਹੀ ਟਿੰਡਾਂ ਦੇ ਖੂਹ ਵਿਚ ਜੋਤੇ ਬਲਦਾਂ ਦੀ ਜੋੜੀ ਵਾਂਗ ਘੁੰਮੀ ਜਾਣ ਵਿਚ ਹੀ ਆਪਣੀ ਮਰਿਆਦਾ ਅਤੇ ਧਰਮ ਸਮਝਦੇ ਹਨ ਕਿਉਂਕਿ ਅਜਿਹਾ ਕਰਮ ਹੀ ਇਨ੍ਹਾਂ ਮਨੁੱਖਾਂ ਜਾਤੀ ਅੰਦਰਲੇ ‘ਬੰਦਿਆਂ’ ਦਾ ਮਨੋਬਿਰਤਕ ਤੌਰ ਤੇ ਬਣਾਇਆ ਜਾ ਚੁਕਾ ਹੈ। 

ਸਮੁੱਚੀ ਗੱਲ ਨੂੰ ਸਮਝਣ ਲਈ ਇੱਕ ਵਾਰ ਫਿਰ ਸੱਜਰੇ ਹਾਲਾਤਾਂ ਦਾ ਸਹਾਰਾ ਲੈਂਦੇ ਹਾਂ। ਭਿੰਡਰਾਂਵਾਲਿਆਂ ਦੀ ਦਮਦਮੀ ਟਕਸਾਲ ਸਮਰਥਕਾਂ ਵੱਲੋਂ ਢੱਡਰੀਆਂ ਵਾਲੇ ਤੇ ਜਾਨ ਲੇਵਾ ਧਾਰਮਿਕ ਅਤਿਵਾਦੀ ਅਤੇ ਬੁਰਛਾਗਰਦੀ ਦਾ ਨੰਗਾਂ ਨਾਚ ਕਰਦੇ ਹੋਏ ਹਮਲਾ ਕੀਤਾ ਹੈ। ਕਿਉਂ ? ਸ੍ਰੀ ਹਰਨਾਮ ਸਿੰਘ ਧੁੰਮਾ ਦੀ ਮਿਲੀ ਇੱਕ ਆਡੀਓ ਟੇਪ ਵਿਚ ਜੋ ਕਾਰਨ ਦੱਸਿਆ ਗਿਆ ਹੈ ਅਤੇ ਜਿਸ ਦਾ ਜੋ ਸਪਸ਼ਟੀਕਰਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਦਿੱਤਾ ਗਿਆ ਹੈ ਇਹ ਦੋਵੇਂ ਹੀ ਸਮਾਜ ਲਈ ‘ਯੂ ਟਿਊਬ’ ਤੇ ਸਭ ਨੇ ਸੁਣੇ/ਵੇਖੇ ਹਨ। ਸਪਸ਼ਟ ਤੌਰ ਤੇ ਜਿਸ ਭਾਸ਼ਾ, ਸੋਚ, ਅਨੈਤਿਕਤਾ, ਅਧਾਰਮਿਕਤਾ ਅਤੇ ਅਮਰਿਆਦਕ ਮਨੋਬਿਰਤੀ ਨਾਲ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ “ਨਾਨਕਸ਼ਾਹੀ ਦਸਤਾਰ” ਨੂੰ ਇਨ੍ਹਾਂ ਲੋਕਾਂ ਨੇ ਡੇਰਾਵਾਦ ਨਾਲ ਜੋੜ ਕੇ ਸਵਾਲ ਜਵਾਬ ਕੀਤਾ ਹੈ ਉਹ ਮੁੱਦਾ, 2. ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਜਿਸ ਲੰਗਰ ਦੀ ਸੰਗਤੀ ਅਤੇ ਸ਼ਰਨ ਆਇਆਂ ਦੀ ਮਰਿਆਦਾ ਦਾ ਅਨੈਤਿਕਤਾਵਾਦੀ ਧਰਮ ਦੇ ਅਧਰਮੀ ਮੱਸੇ ਰੰਗੜੀ ਮੁਜਰੇ ਵਾਦੀ ਬਣ ਕੇ ਜਿਹੜਾ ਸਿੱਖੀ ਕਦਰਾਂ ਕੀਮਤਾਂ ਦਾ ‘ਛਬੀਲ’ ਲਾ ਕੇ ਸਰਬਨਾਸ਼ ਕਰਨ ਵਿਚ ਫ਼ਖ਼ਰ ਮਹਿਸੂਸ ਕੀਤਾ ਜਾ ਰਿਹਾ ਉਹ ਮੁੱਦਾ, 3. ਇੱਕ ਅਜਿਹੇ ਮਨੁੱਖ ਤੇ ਸਰੇ ਆਮ ਜਾਨ ਲੇਵਾ ਹਮਲਾ ਕਰਨਾ ਜੋ ਕਲ ਤਕ ‘ਸੰਤ’ ਅਤੇ ‘ਡੇਰਾਵਾਦੀ’ ਸੀ ਤੇ ਅੱਜ ਨਾਨਕਸ਼ਾਹੀ ਗੁਰਮਤਿ ਮਰਿਆਦਾ ਅਤੇ ਸਭਿਅਤਾ ਨੂੰ ਸਮਝਦੇ ਹੋਏ ਸਵੈ ਅਨੁਸ਼ਾਸਨੀ ਤਰੀਕੇ ਨਾਲ ਆਪਣੀ ਭੁੱਲ ਅਤੇ ਪਿਛਲੀ ਗ਼ਲਤੀ ਨੂੰ ਸੁਧਾਰਦੇ ਹੋਏ ਆਪਣੇ ਨਾਉਂ ਨਾਲੋਂ ‘ਸੰਤ’, ਪਦ ਅਤੇ ‘ਡੇਰਾ’ ਪਦ ਹਟਾ ਕੇ “ਗੁਰਮਤਿ ਟਰੱਸਟ” ਵਿਚ ਸਪਸ਼ਟ ਤੌਰ ਤੇ ਬਦਲ ਕੇ, ਐਲਾਨੀਆਂ ਤੌਰ ਤੇ ਕੇਵਲ ਤੇ ਕੇਵਲ “ਗੁਰਸਿੱਖ” ਅਖਵਾਉਣ ਅਤੇ ਚਲਨ ਪਰਚਾਰਿਤ ਕਰਨ ਲੱਗ ਪਿਆ ਹੈ। ਇੰਜ ਡੇਰਾਵਾਦ ਅਤੇ ਸੰਤਵਾਦ ਦੇ ਗੁਰੂ ਡੰਮ ਦੇ ਖ਼ਿਲਾਫ਼ ਸਪਸ਼ਟ ਤੌਰ ਤੇ ਦੀਵਾਨ ਸਜਾਉਣ ਲੱਗ ਪਿਆ ਹੈ; ਡੇਰਾਵਾਦ ਵੱਲੋਂ ਇੱਕ ਅਜਿਹੇ ਮਨੁੱਖ ਤੇ ਸਰੇ ਆਮ ਜਾਨ ਲੇਵਾ ਹਮਲਾ ਕਰ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਨਾ ਅਤੇ ਇੱਕ ਗੁਰਸਿੱਖ ਨੂੰ ਕਤਲ ਕਰ ਦੇਣਾ ਇਸ ਗੱਲ ਦਾ ਸਪਸ਼ਟ ਸੰਦੇਸ਼ ਹੈ ਕਿ ਇਹ ਅਖੌਤੀ ਡੇਰਾ ਵਾਦੀ ਸੰਤ ਅਸਲੋਂ “ਨਾਨਕਸ਼ਾਹੀ ਗੁਰਮਤਿ ਪ੍ਰਣਾਲੀ” ਨੂੰ ਲਾਗੂ ਹੋਣ ਦੇਣ ਤੋਂ ਰੋਕਣ ਲਈ ਹੀ ਖ਼ਾਲਸੇ ਅੰਦਰ ‘ਸਟੇਟ’ ਵੱਲੋਂ ਵਰਤੇ ਜਾ ਰਹੇ ਹਨ। ਅਜਿਹਾ ਕਰ ਕੇ ਇਨ੍ਹਾਂ “ਗੁਰਮਤਿ ਦੀ ਨਾਨਕਸ਼ਾਹੀ ਮੁੱਖਧਾਰਾ” ਵਿਚ ਵਾਪਸ ਪਰਤਣ ਤੋਂ ‘ਬੁਰਛਾਗਰਦੀ ਮਹੰਤਵਾਦੀ ਨਨਕਾਣਾਂ ਸਾਹਿਬ ਵਰਗੀ’ ਸਾਕਤੀ ਕਾਰਵਾਈ ਕਰ ਕੇ ਹੋਰ ਸਭਨਾਂ ਨੂੰ ਡਰਾਉਂਦੇ ਹੋਏ ਸੰਦੇਸ਼ ਪਹੁੰਚਾਇਆ ਹੈ ਕਿ “ਸੰਤ ਅਤੇ ਡੇਰਾਵਾਦ” ਸਿੱਖੀ ਦੇ ਵਿਹੜੇ ਵਿਚ ਕਾਇਮ ਰੱਖਿਆ ਜਾਵੇਗਾ ਤੇ ਉਸ ਨੂੰ ਸ਼ਰਨ ਭਿੰਡਰਾਂਵਾਲਿਆਂ ਦੀ ਦਮਦਮੀ ਟਕਸਾਲ ਦੇਵੇਗੀ; 4. ਪਿਛਲੇ ਸਾਰੇ ਸੰਘਰਸ਼ ਵਿਚ ਸ਼ਹੀਦ ਭਾਈ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਅਤੇ ਉਨ੍ਹਾਂ ਦੀ ਤਥਾ ਕਥਿਤ ਸੋਚ ਨੂੰ “ਨਾਨਕਸ਼ਾਹੀ ਗੁਰਮਤਿ ਪ੍ਰਣਾਲੀ, ਸਿਧਾਂਤ, ਮਰਿਆਦਾ, ਸਭਿਅਤਾ, ਸਭਿਆਚਾਰ, ਆਚਰਨ, ਸੰਕਲਪ ਅਤੇ ਗੁਰੂ ਪ੍ਰਣਾਲੀ” ਤੋਂ ਵੀ ਉੱਪਰਲੀ ਸਥਾਪਿਤ ਕਰਨ ਦੀ ਸਿੱਧੀ ਜਾਂ ਅਸਿੱਧੀ ਕੋਸ਼ਿਸ਼ ਕੀਤੀ ਜਾਂਦੀ ਆ ਰਹੀ ਹੈ। ਮੁੱਦੇ ਇਹ ਹਨ। ਕਮੇਟੀਆਂ ਦੇ ਗਠਨ ਕਰ ਕਰ ਕੇ ਜਾਂ ਸੀ ਬੀ ਆਈ ਦੀ ਜਾਂਚ ਦੀ ਮੰਗ ਕਰ ਕਰ ਕੇ ਬਣਾਏ ਕੀ ਜਾ ਰਹੇ ਹਨ, ਇਹ ਹੁਣ ਕੌਮ ਖ਼ੁਦ ਸਮਝਣ ਦੀ ਕੋਸ਼ਿਸ਼ ਕਰੇ। ਕਿਸ ਨੂੰ ਨਹੀਂ ਪਤਾ ਕਿ ਸੀ ਬੀ ਆਈ ਕੇਂਦਰ ਸਰਕਾਰ ਦੀ ਸੋਚ ਅਤੇ ਗੁਪਤ ਏਜੰਡਿਆਂ ਅਨੁਸਾਰ ਕੰਮ ਕਰਦੀ ਹੈ। ਕਿਹੜਾ ਸਿੱਖ ਦਿਲ ਤੇ ਹੱਥ ਰੱਖ ਕੇ ਕਹਿ ਸਕਦਾ ਹੈ ਕਿ ਉੱਥੋਂ ਕਿਸੇ ਵੀ ਜਾਂਚ ਦੇ “ਨਾਨਕਸ਼ਾਹੀ ਖ਼ਾਲਸਤਾਈ ਮਰਿਆਦਾ ਅਤੇ ਗੁਰੂ ਪ੍ਰਣਾਲੀ ਦੇ ਤਖ਼ਤ ਨੂੰ ਅਸਥਾਪਿਤ ਕਰਨ ਵਾਲਾ” ਫ਼ੈਸਲਾ ਹੋਵੇਗਾ ? ਇਸੇ ਲਈ ਹੀ ਤਾਂ ਸ੍ਰੀ ਧੁੰਮਾਂ ਵੀ ਇਹੋ ਮੰਗ ਕਰਦਾ ਹੈ ਤੇ ਬਾਕੀ ਵੀ; ਵਾਹ ਸਿੱਖ ਕੌਮ ਨੂੰ “ਨਾਨਕਸ਼ਾਹੀ ਖ਼ਾਲਸਤਾਈ ਮਰਿਆਦਾ ਅਤੇ ਗੁਰੂ ਪ੍ਰਣਾਲੀ ਦੇ ਤਖ਼ਤ ਨੂੰ ਅਸਥਾਪਿਤ ਕਰਨ ਵਾਲੇ ਪਾਸੇ ਮੁੜਨ ਤੋਂ ਰੋਕਣ ਲਈ” ਸਾਰਿਆਂ ਵੱਲੋਂ ਮਿਲ ਕੇ ਫਿਰ ਬੇਵਕੂਫ਼ ਬਣਾਇਆ ਜਾ ਰਿਹਾ ਹੈ!? ਇਹ ਇੱਕ ਸੱਜਰੀ ਉਦਾਹਰਨ ਦੇ ਤੌਰ ਤੇ ਮਿਸਾਲ ਰੱਖੀ ਹੈ। ਜਦ ਕਿ ਪਿਛਲੇ ਪੂਰੇ ਸੰਘਰਸ਼ ਵਿਚ ਹੀ ਅਸਲ ਮੁੱਦਿਆਂ ਅਤੇ ਨਿਸ਼ਾਨਿਆਂ ਤੋਂ ਕੌਮ ਨੂੰ ਇਸੇ ਸੱਜਰੀ ਵਾਰਤਾਂ ਵਾਂਗ ਹੀ ਕੁਰਾਹੇ ਪਾਇਆ ਜਾਂਦਾ ਰਿਹਾ ਹੈ। ਸਮਾਂ ਬਦਲ ਗਿਆ ਹੈ ਪਰ ਹਾਲਾਤ, ਕਿਰਦਾਰ, ਵਰਤਾਰਾ, ਚਲਨ ਅਤੇ ਕਾਰਜ ਪ੍ਰਣਾਲੀ ਨਹੀਂ ਬਦਲੀ; ਉਹ ‘ਖੁਦੀ’ ਲਈ ਪੰਥ ਨੂੰ ਹਰਾਉਣ ਵਾਲੀ ਹੀ ਚਲੀ ਆ ਰਹੀ ਹੈ। ਸਿੱਖ ਕੌਮ ਪੰਥ ਨੂੰ ਜਿਤਾਉਣ ਵਾਲੀ ਪੱਧਤੀ ਤੇ ਤੁਰਨ ਹੀ ਨਹੀਂ ਦਿੱਤੀ ਗਈ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਅਸਥਾਪਿਤ ਕੀਤੀ ਗਈ “ਨਾਨਕਸ਼ਾਹੀ ਰਾਜ ਸੱਤਾ” ਦੀ “ਗੁਰਮਤਿ ਗਾਡੀ ਰਾਹ” ਨੂੰ ਪਛਾੜ ਦੇਣ ਦੀ ਚੱਲੀ ਵਾਅ ਦੇ ਵੇਲੇ ਤੋਂ ਹੀ, ਦਰਅਸਲ ਅਸੀਂ ਸਿੱਖ; “ਨਾਨਕਸ਼ਾਹੀ ਸਟੇਟ” ਦੀ ਪ੍ਰਣਾਲੀ ਅਤੇ ਪ੍ਰਤੱਖ ਵਰਤਾਰੇ ਨੂੰ ਮਿਟਾ ਦੇਣ ਵਾਲੀਆਂ ਤਾਕਤਾਂ ਰਾਹੀਂ ਅਪਣਾਈ ਗਈ ਉਹੀ ਅਮਰਿਆਦਕਤਾ, ਅਸਿਧਾਂਤਕਤਾ, ਅਨੈਤਿਕਤਾ, ਅਧਾਰਮਿਕਤਾ, ਅਰਾਜਨੀਤਕਾ, ਅਸਭਿਅਤਾ ਦੀ ਸਾਕਤੀ, ਮਨਮੁਖੀ, ਬਿਪਰਵਾਦਿਤਾ ਨੂੰ ਸਥਾਪਿਤ ਕਰਨ ਵਾਲੀ ਅਰਾਜਕਤਾ ਨੂੰ ਹੀ ‘ਸੰਕਲਪ’ ਬਣਾ ਆਪਣੀ ਮਨੋਬਿਰਤੀ ਵਿਚ ਧਾਰਨ ਕਰ ਚੁੱਕੇ ਹਾਂ। ਇਹੋ ਤਿੰਨ ਸਦੀਆਂ ਦਾ ਅੰਦਰੂਨੀ ਵੈਰ ਸਿੱਖ ਕੌਮ ਸਿੱਖੀ ਦੇ ਨਾਮ ਤੇ ਸਿੱਖਾਂ ਰਾਹੀਂ ਹੀ ਆਪਣੇ ਪਿੰਡੇ ਤੇ ਖ਼ੁਦ ਆਪ ਆਪਣੀ ਮਾਨਸਿਕਤਾ ਕਰ ਕੇ ਹੰਢਾਉਂਦੀ ਚਲੀ ਆ ਰਹੀ ਹੈ। ਗੁਰਮਤਿ ਪ੍ਰਣਾਲੀ ਨੂੰ ਸਭ ਤੋਂ ਵੱਡਾ ਖ਼ਤਰਾ ਦਰਪੇਸ਼ ਇਹ ਹੈ ਕਿ ਤਿੰਨ ਸਦੀਆਂ ਤੋਂ ਚੱਲਦੇ ਪਏ ਇਸ ਸਮਾਜਿਕ ਵਰਤਾਰੇ ਦਾ ਅਸਲ ਕਦੇ “ਖ਼ਾਲਸਤਾਈ ਨਸਲ ਦੀ ਜੀਨ ਪ੍ਰਣਾਲੀ” ਤੇ ਨਾ ਪੈ ਜਾਵੇ; ਜਿਸ ਨੂੰ ਕਿ ਹਾਲੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਵਰੋਸਾਈ ਗੁਰੂ ਪ੍ਰਣਾਲੀ ਦੀ ਸਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਾਇਆ ਹੋਇਆ ਹੈ। ਖ਼ਾਲਸਾ ਕੌਮ ਦੇ ਪ੍ਰਤੱਖ ਇਹੋ ਹੀ ਸਭ ਤੋਂ ਵੱਡਾ ਖ਼ਤਰਾ ਹੈ। ਖ਼ਾਲਸਾ ਕੌਮ ਦੀ ਨਸਲ ਦੀ ਮੂਲ ਧਾਰਾ ਵਿਚਲੀ ਨਾਨਕਸ਼ਾਹੀ ਜੀਵਾਣਿਕ ਅਣੁਤਾ ਨੂੰ ਹੀ ਮਿਟਾ ਦੇਣ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ; ਸਿੱਖ ਕੌਮ ਨੇ ਆਪਣੀ ਪ੍ਰਤੀਨਿਧਤਾ ਦੇ ਨਾਮ ਤੇ ਤਖ਼ਤਾਂ ਤੋਂ ਲੈ ਕੇ ਸੰਸਾਰ ਭਰ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ; ਮੁਹੱਲੇ ਕਾਲੋਨੀ ਦੀ ਹਰ ਸੰਸਥਾ ਤੋਂ ਲੈ ਕੇ ਆਪਣੇ ਘਰ ਦੇ ਮੁਖੀ ਤਕ, ਅਤੇ ਹੁਣ ਤਾਂ ਬੌਧਿਕਤਾਵਾਦ ਦੀ ਵਿਗਿਅਨਿਕਤਾ ਤੇ ਪਰਖਣ ਦੀ ਮਨਭਾਉਂਦੀ ਦਲੀਲਵਾਦਿਤਾ ਵਾਲੀ ਅਪਣਾਈ ਜਾ ਚੁੱਕੀ ‘ਤਰਕਵਾਦ’ ਵਾਲੀ ਆਧੁਨਿਕਤਾ ਰਾਹੀਂ ‘ਨਾਨਕਸ਼ਾਹੀ ਦੀ ਦੁਸ਼ਮਣ ਪ੍ਰਣਾਲੀ ਰਾਹੀਂ ਪਿਛਲੀਆਂ ਪੰਜ ਸਦੀਆਂ ਰਾਹੀਂ ਬਿਪਰਵਾਦ ਵੱਲੋਂ ਸਬਨਿਮਲ ਮੈਸੇਜ ਦੀ ਪੱਧਤੀ ਰਾਹੀਂ ਅਰੰਭੀ ਜੰਗ ਦੀ ਕੂਟਨੀਤਕ ਕਾਮਯਾਬੀ ਰਾਹੀਂ’ ਪੜ੍ਹੇ ਅਤੇ ਅਨਪੜ੍ਹ ਹਰ ਵਿਅਕਤੀ ਤਕ ਪਸਰ ਚੁੱਕੀ ਹੈ।    

ਅਜਿਹੀਆਂ ਤਾਕਤਾਂ ਨੇ ਹੀ ਸਿੱਖ ਕੌਮੀਅਤਾ ਦੇ ਸੰਘਰਸ਼ ਨੂੰ ਆਪਣੇ ਕਲਾਵੇ ਵਿਚ ਲੈ ਕੇ “ਸਰਬੱਤ ਖ਼ਾਲਸਾ ਤੋਂ ਸਰਬੱਤ ਖ਼ਾਲਸਾ” ਤੱਕ ਦਾ ਸਫ਼ਰ ਤੈਅ ਕੀਤਾ ਹੈ। ਇਹ ਸਫ਼ਬੰਦੀ “ਨਾਨਕਸ਼ਾਹੀ ਖ਼ਾਲਸਤਾਈ ਤਖ਼ਤ ਅਤੇ ਧਰਮ” ਦੀ ਸ਼ਰੀਕ ਬਣ ਚੁੱਕੀ ਹੈ ਠੀਕ ਓਵੇਂ ਹੀ ਜਿਵੇਂ ‘ਰਵਾਇਤੀ ਅਕਾਲੀ ਇਨ੍ਹਾਂ ਦੇ ਕਬਜ਼ੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤਾਂ ਦਾ ਬਣਾਇਆ ਜਾ ਚੁਕਾ ਨਿਜ਼ਾਮ’ ਵੀ ਪਹਿਲਾਂ ਤੋਂ ਹੀ ਸ਼ਰੀਕ ਤੁਰਿਆਂ ਆਉਂਦਾ ਹੈ। ਸਿੱਖ ਕੌਮ ਦੀ, ਸਿੱਖ ਸੰਘਰਸ਼ ਦੀ ਅਤੇ ਖ਼ਾਲਸਾ ਪੰਥ ਦੀ ਇਹੋ ਹੀ ਪ੍ਰਤੱਖ ਤ੍ਰਾਸਦੀ ਹੈ। ਇਹੋ ਹੀ ਜੂਨ 84 ਵਿਚ ਸੀ ਉਹੀ ਹੁਣ ਵਰਤਮਾਨ ਵੇਲੇ ਸਾਹਮਣੇ ਹੈ। ਅਜਿਹੀ ਸਫ਼ਬੰਦੀ ਨੂੰ ਹੀ ਤੋੜਨ ਦੀ ਸਖ਼ਤ ਅਤੇ ਸ਼੍ਰੋਮਣੀ ਲੋੜ ਹੈ। ਮੁੜ ਮੁੜ ਕੇ ਸਿੱਖ ਕੌਮ ਵਿਚ ਧਾਰਮਿਕ, ਰਾਜਨੀਤਕ, ਬੌਧਿਕ ਅਤੇ ਸਮਾਜਿਕ ਪੱਧਰ ਤੇ ਅਜਿਹੀ ਸਫ਼ਬੰਦੀ ਨੂੰ ਬਣਾਈ ਰੱਖਣ ਵਾਲੇ ਲੀਡਰਾਂ ਅਤੇ ਜਮਾਤਾਂ ਨੂੰ ਹੀ ਸਿੱਖ ਕੌਮ ਵਿਚ ਉਭਾਰਿਆਂ ਜਾ ਰਿਹਾ ਹੈ। ਮੇਰੀ ਨਜ਼ਰੇ ਬੀਜ ਮੁੱਦਾ ਇਹ ਹੈ। ਤੁਸੀਂ ਪੂਰੇ ਸਿੱਖ ਸੰਘਰਸ਼ ਦਾ ਨਰੀਖਣ ਅਤੇ ਪਰੀਖਣ “ਏਕਾ ਨਿਰਭਉ ਬਾਤ ਸੁਨੀ ॥ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥” ਦੇ ਗੁਰਮਤਿ ਘਸਵੱਟੀ ਦੇ ਪੈਰਾਮੀਟਰ ਤੇ ਕਰ ਕੇ ਵੇਖ ਲਓ, ਇਹੋ ਸੱਚ ਸਾਹਮਣੇ ਆਵੇਗਾ। ਸਿੱਖਾਂ ਦੇ ਗੁਰੂ ਨੇ ਫੇਰ ਆਪਣੇ ਸਿੱਖਾਂ ਨੂੰ ਚੇਤਾਵਨੀ ਦੇ ਕੇ ਸਮਝਾਇਆ- “ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ ॥ ਮਨਮੁਖੁ ਸਚਿ ਨ ਭੀਜਈ ਕੂੜੁ ਕੂੜਿ ਗਡਾਵੈ ॥4॥”/ਅੰਗ419 ।

“ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥2॥ ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥3॥ ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥4॥ ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥ ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥5॥ ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ ॥ ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥6॥ ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ ॥ ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥7॥”/ਅੰਗ 229 

ਸਿੱਖ ਕੌਮ ਦਾ ਅੰਦਰੂਨੀ ਅਤੇ ਕਿਰਦਾਰੀ ਵਰਤਾਰਾ ਭਾਈ ਗੁਰਦਾਸ ਜੀ ਦੀ ਜ਼ਬਾਨੀ ਇੰਜ ਦਾ ਬਣਿਆ ਹੋਇਆ ਹੈ -“ਜੇ ਮਾਉ ਪੁਤੈ ਵਿਸੁ ਦੇ ਤਿਸ ਤੇ ਕਿਸੁ ਪਿਆਰਾ॥ ਜੇ ਘਰੁ ਭੰਨੈ ਪਾਹਰੂ ਕਉਣੁ ਰਖਣਹਾਰਾ॥  ਬੇੜਾ ਡੋਬੈ ਪਾਤਣੀ ਕਿਉ ਪਾਰਿ ਉਤਾਰਾ॥ ਆਗੂ ਲੈ ਉਝੜਿ ਪਵੇ ਕਿਸੁ ਕਰੈ ਪੁਕਾਰਾ॥ ਜੇ ਕਰਿ ਖੇਤੈ ਖਾਇ ਵਾੜਿ ਕੋ ਲਹੈ ਨ ਸਾਰਾ॥ ਜੇ ਗੁਰ ਭਰਮਾਏ ਸਾਂਗੁ ਕਰਿ ਕਿਆ ਸਿਖੁ ਵਿਚਾਰਾ ॥22॥/ ਵਾਰ 35

‘ਸਰਬੱਤ ਖ਼ਾਲਸਾ’ ਤੋਂ ‘ਸਰਬੱਤ ਖ਼ਾਲਸਾ’ ਅਤੇ ‘ਵਿਸ਼ਵ ਸਿੱਖ ਕਾਨਫ਼ਰੰਸ’ ਤੋਂ ‘ਵਿਸ਼ਵ ਸਿੱਖ ਕਾਨਫ਼ਰੰਸ’ ਤਕ ਦਾ ਸਿੱਖ ਕੌਮ ਵੱਲੋਂ ਤੈਅ ਕੀਤਾ ਜਾ ਚੁਕਾ ਸਫ਼ਰ ਅਜਿਹੀਆਂ ਹੀ ਗੁਰਮਤਿ, ਨਾਨਕਸ਼ਾਹੀ, ਖ਼ਾਲਸਤਾਈ ਪ੍ਰਣਾਲੀਆਂ, ਸਭਿਅਤਾ, ਆਚਰਨ ਤੇ ਮਰਿਆਦਾ ਹੀਣੀਆਂ, “ਨਵੀਆਂ ਸਫ਼ ਬੰਦੀਆਂ” ਵਿਚ ਸੰਗਠਿਤ ਹੋ ਚੁਕਾ ਹੈ। ਗੁਰੂ ਵਾਕ ਅਨੁਸਾਰ “ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ ॥ ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ ॥”/229 ਜਿਹੜੇ ਲੋਕ, ਲੀਡਰ ਅਤੇ ਪੰਥ ਹਮਦਰਦ ਇਹ ਮੂਲ ਤੱਤ ਸਮਝਦੇ ਹਨ ਉਹੀ ਇਸ ਵਿਚੋਂ ਪੰਥ ਨੂੰ ਕੱਢ ਸਕਦੇ ਹਨ । ਪਰ ਵਰਤਮਾਨ ਬਣ ਚੁੱਕੇ ਸਿੱਖੀ ਮਨੋਬਿਰਤੀ ਮਾਹੌਲ ਅਤੇ ਸਫ਼ਬੰਦੀ ਵਿਚ ਅਜਿਹੇ ਲੋਕਾਂ ਦੀ ਗਿਣਤੀ ਹਰ ਬਲਾਕ ਜਾਂ ਕਾਉਂਟੀ ਵਿਚ ਪੋਟਿਆਂ ਤੇ ਗਿਣੇ ਜਾਣ ਜਿੰਨੀ ਵੀ ਨਹੀਂ ਬਚੀ ਹੈ। ਸਿੱਖ ਕੌਮ ਦੇ ਭਵਿੱਖ ਲਈ ਇਨ੍ਹਾਂ ਨੂੰ ਹੀ ਆਪਣੀ ਅਣੂ ਸ਼ਕਤੀ ਦਾ ਮੁਜ਼ਾਹਰਾ ਕਰਨ ਲਈ ਪੰਥਕ ਨਿਰਮਾਣਕਾਰੀ ਭਵਿੱਖ ਘੜਨ ਵਾਸਤੇ ਸਾਹਮਣੇ ਆਉਣਾ ਪੈਣਾ ਹੈ ਅਤੇ ਆਪਸ ਵਿਚ ਇੱਕਮੁੱਠ ਹੋ ਕੇ ਸਾਂਝੇ ਯਤਨ ਕਰਨੇ ਪੈਣੇ ਹਨ।ਅਸਲ ਇਸੇ ਏਕੇ ਦੀ ਸਿੱਖੀ ਨੂੰ ਲੋੜ ਹੈ, ਜਿਸ ਪਾਸੇ ਧਿਆਨ ਦੇਣ ਦੀ ਸ਼੍ਰੋਮਣੀ ਜ਼ਰੂਰਤ ਹੈ। ਸਿੱਖ ਕੌਮ ਨੂੰ ਆਪਣੇ ਸਾਰੇ ਸਾਧਨ ਇਨ੍ਹਾਂ ਵੱਲ ਮੋੜ ਦੇਣੇ ਚਾਹੀਦੇ ਹਨ। ਇਹੋ ਵਕਤ ਦੀ ਲੋੜ ਹੈ। ਸਿੱਖਾਂ ਨੂੰ ਆਪਣੇ ਇਸ ਕਿਰਦਾਰ ਤੋਂ ਮੁੜਨਾ ਪੈਣਾ ਹੈ ਅਤੇ ਇਸ ਨੂੰ ਆਚਰਨ ਤੋਂ ਲੈ ਕੇ ਮਨੋਬਿਰਤਕ  ਸੁਭਾ ਅਤੇ ਚਿੱਤ ਤਕ ਬਦਲਣਾ ਪੈਣਾ ਹੈ “ਕੂੜਿ ਮੁਠੀ ਠਗੀ ਠਗਵਾੜੀ ॥ ਜਿਉ ਵਾੜੀ ਓਜਾੜਿ ਉਜਾੜੀ ॥” ਅਤੇ “ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥1॥ ਹਰਿ ਰੁਖੀ ਰੋਟੀ ਖਾਇ ਸਮਾਲੇ ॥ ਹਰਿ ਅੰਤਰਿ ਬਾਹਰਿ ਨਦਰਿ ਨਿਹਾਲੇ ॥ ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ ॥2॥” ਇਸ ਵਕਤ ਸਿੱਖ ਕੌਮ ਵਿਚ ਬਹੁਤ ਸਾਰੀਆਂ ਤਾਕਤਾਂ, ਸੰਸਥਾਵਾਂ, ਲੀਡਰ ਜਿੱਥੇ ਵੱਡੀਆਂ ਵੱਡੀਆਂ ਗੱਲਾਂ ਕਰ ਕੇ ਸਿੱਖ ਕੌਮ ਨੂੰ ਸਿਰਫ਼ ਆਪੋ ਆਪਣੀ ਸਰਵਾਈਵਵਲ (ਸ਼ੁਰਵਵਿੳਲ) ਲਈ ਗੁਮਰਾਹ ਕਰਦੀਆਂ ਥੱਕ ਨਹੀਂ ਰਹੀਆਂ ਅਜਿਹੇ ਮਾਹੌਲ ਵਿਚ ਸਿੱਖ ਕੌਮ ਦੀ ਤ੍ਰਾਸਦੀ ਇਹ ਬਣ ਚੁੱਕੀ ਹੈ ਕਿ ਉਹ 32 ਸਾਲ ਬਾਅਦ ਅੱਜ ਵੀ ਕੁਲ ਮਿਲਾ ਕੇ ਸੱਚ ਕਹਿਣ, ਸੁਣਨ, ਮੰਨਣ ਅਤੇ ਅਪਣਾਉਣ ਦੀ ਸਮਰੱਥਾ ਆਪਣੇ ਵਿਚ ਜੀਵਤ ਨਹੀਂ ਕਰ ਸਕੀ ਹੈ।

ਸਿੱਖ ਕੌਮ ਨੂੰ ਇਹ ਅਟੱਲ ਸੱਚ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ “ਸਭ ਕੁਛ ਟੂਟੇ ਜੁਰਤ ਹੈ ਜਾਨਿ ਲੇਹੁ ਮਨ ਮੀਤ॥ ਏ ਦ੍ਵੈ ਟੂਟੇ ਨ ਜੁਰਹਿ ਏਕੁ ਸੀਸ ਉਰੁ ਚੀਤ॥” ਗੰਭੀਰ ਹਾਲਾਤ ਇਹੋ ਬਣ ਗਏ ਹਨ ਕਿ ਸਿੱਖ ਦੇ ਸੀਸ ਦੇ ਅੰਦਰ ਅਤੇ ਚਿੱਤ ਅੰਦਰ “ਨਾਨਕਸ਼ਾਹੀ ਖ਼ਾਲਸਤਾਈਤਾ ਦੇ ਤਖ਼ਤ ਧਰਮ ਅਤੇ ਸਭਿਅਤਾ” ਨੂੰ ‘ਸਬਨਿਮਲ’ ਪੱਧਤੀ ਦੇ ਡਸਟਰ ਰਾਹੀਂ ਮਿਟਾਇਆ ਗਿਆ ਹੈ। ਹੁਣ ਇਸ ਤੋਂ ਬਚਾਉਣ ਵਾਲੀ ਲੀਡਰਸ਼ਿਪ ਦੀ ਲੋੜ ਹੈ।☬

ਵਿਸ਼ੇਸ਼ ਬੇਨਤੀ ਕੁਝ ਆਫ਼ ਦੀ ਲਾਈਨ ਸਲਾਹਾਂ ਆਉਣ ਤੋਂ ਬਾਅਦ

ਮੈਂ ਹੈਰਾਨ ਹਾਂ ! ਸੰਘਰਸ਼ ਲਈ ’84 ਤੋਂ ਹੀ ਆਪਣੀਆਂ ਸੇਵਾਵਾਂ ਪਾ ਰਹੇ ਗੁਰ ਸਿੱਖ ਵੱਲੋਂ ਮੈਨੂੰ ਇੱਕ ਸਲਾਹ ਆਈ ਹੈ ਕਿ “ਸਿੱਖਕੌਮ ਵਿਚ ਦੋ ਰਾਏਆਂ ਵਾਲੇ ਮੁੱਦਿਆਂ ਨੂੰ ਵਾਰ ਵਾਰ ਨਾ ਚੁੱਕਿਆ ਜਾਵੇ। ਇਸ ਨਾਲ ਮਸਲੇ ਦਾ ਕੋਈ ਹਲ ਤਾਂ ਹੋ ਨਹੀਂ ਸਕਦਾ ਸਗੋਂ ਤਯਾੳ ਅਤੇ ਨਫ਼ਰਤ ਹੀ ਵਧਦੀ ਹੈ। ਆਪਾਂ ਸਿੱਖ ਕੌਮ ਵਿਚ ਪਿਆਰਵਧਾਉਣਾ ਹੈ।ਕੌਮ ਦੇ ਸਿਆਣੇ ਗੁਰਸਿਖੁ ਇਨ੍ਹਾਂ ਦਾ ਜਰੂਰ ਕੋਈ ਹੱਲ ਕਰਨਗੇ। ਸਾਨੂੰ ਥੋੜਾ ਧਰਿਜ ਅਤੇ ਸਿਆਣਪ ਤੋਂ ਕਮਮ ਲੈਣਾਂ ਚਾਹੀਦਾ ਹੈ”।

ਗੱਲ ਧੀਰਜ ਦੀ ਹੈ ਤਾਂ ਜੂਨ 84 ਤੋਂ ਬਾਅਦ ਦੋ ਪੀਵ੍ਹੀਆਂ ਦਾ ਧੀਰਜ ਗੁਜ਼ਰ ਚੁਕਾ ਹੈ ਤੇ ਸਿੱਖ ਪਰਿਵਾਰਾਂ ਵਿਚ ਜੰਮੀਆਂ ਇਨ੍ਹਾਂ ਨਵੀਆਂ ਦੋ ਪੀੜ੍ਹੀ ਦੀਆਂ ਸਿੱਖ ਨਸਲਾਂ ਨੂੰ ਝੁਨ ’84 ਤੋਂ ਲੈ ਕੇ ਹੁਣ ਤਕ ਸਿੱਖਾਂ ਨਾਲ ਕੀ ਵਾਪਰਿਆਂ ਇਹ ਪਤਾ ਨਹੀਂ ਹੈ ਤੇ ਮਾਂ ਬਾਪ ਇਸ ਦਾ ਜ਼ਿਕਰ ਤਕ ਕਰਨਾਂ ਪਸੰਦ ਨਹੀਂ ਕਰਦੇ ਹਾਂ ਸਭ ਨੂਮ ਇਹ ਪਤਾ ਹੈ ਕਿ ਇਹ ਸੰਘਰਸ਼ ਕਰ ਰਹੇ ਲੋਕ “ਅਤਿਵਾਦੀ, ਵੱਖਵਾਦੀ, ਦੇਸ਼ ਧ੍ਰਪਹੀ ਤੇ ਸਿੱਖੀ ਦਾ ਸਰਬ ਨਾਸ਼ ਕਰਨ ਵਾਲੇ ਸਨ” । ਰਿਪੋਰਟ ਮੈਂ ਬਕਾਇਦਾ ਸਿੱਖ ਸਮਾਗਮਾਂ ਵਿਚ ਇੰਟਰਵਿਊ ਕਰਕੇ ਪ੍ਰਕਾਸ਼ਿਤ ਕੀਤੀ ਸੀ। ਓਦੋਂ ਸਲਾਹ ਦਿੱਤੀ ਗਈ ਸੀ “ਇਨ੍ਹਾਂ ਸੱਚ ਨਾ ਬੋਲ ਕਿ ਤੈਨੂੰ ਅੰਤਿਮ ਵੇਲੇ ਚਾਰ ਮੌਢੇ ਵੀ ਨਾ ਮਿਲਣ”। ਜਿਸ ਦਾ ਜਵਾਬ ਮੈਂ ਆਪਣੀ ਸਜਰੀ ਪੁਸਤਕ ‘ਪੈਰੀਂ ਮਧੋਲਿਆ ਬੋਟ” ਵਿਚ ਦਿੱਤਾ ਹੈ। ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਅਜਿਹੀ “ਕੋੰ ਦੇ ਸਿਆਣੇ ਗੁਰਸਿੱਖਾਂ” ਦੀ 32 ਸਾਲਾਂ ਦੀ ਗੱਲ ਛੱਡ ਦਿਓ ਪਿਛਲੇ 266 ਸਾਲਾਂ ਦੇ ਸਿੱਖੀ ਦੇ ਹਾਲਾਤਾਂ ਵਿਚ ਕੀ ਹੱਲ ਕੱਢ ਕੇ ਦਿੱਤਾ ਹੈ ਜੇ ਇਸ ਦੀ ਪੜਚੋਲ ਕਰਨ ਤੇ ਵੀ ਅਸੀਂ ਬੌਧਿਕ ਰੋਕ ਅਤੇ ਅਮਰਜੈਂਸੀ ਲਾਉਣਾ ਹੀ ‘ਸਿੱਖ ਿਦੇ ਹਿਤਕਾਰੀ’ ਮਰਿੳਾਦਾ ਅਤੇ ਕਰਮ ਸਮਝਦੇ ਹਾਂ ਤਾਂ ਫਿਰ “ਆਪਣ ਹੱਥੀਂ ਆਪਣੀ ਜੜ ਆਪਿ ਉਪਟੈ” ਨੂੰ ਹੋਰ ਕੀ ਤੇ ਕਿਵੇਂ ਪਰਿਭਾਸ਼ਿਤ ਕਰ ਸਕਾਂਗੇ ? ਮੈਨੂੰ ਦੱਸਨ ਅਤੇ ਮਾਰਗ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ।

ਪਵਾਇੰਟ ਵਾਰ ਇਹ ਵੀ ਲਿਖਤ ਬੱਧ ਆਨ ਲਾਈ ਨਦੱਸਨ ਖੇਚਲ ਕਰਨੀ ਕਿ ਮੇਰੇ ਇਸ ਵਿਸ਼ਲੇਸ਼ਣ ਵਿਚ ਕੀ ੳਜਿਹਾ ਹੈ ਜੋ ‘ਵਿਵਾਦਤ’, ‘ਦੋ ਰਾਵਾਂ’, ‘ਤਨਾਅ’ ਅਤੇ ਨਫ਼ਰਤ ਪੈਦਾ’ ਕਰਨ ਵਾਲਾ ਹੈ।

ਜਦ ਲੋਕ ਪ੍ਰਾਈਵਟ ਮੈਸੇਜ ਭੇਜ ਕੇ ਜਾਂ ਫੋਨ ਕਰਕੇ ਸਲਾਹਾਂ ਦਿੰਦੇ ਹਨ ਜਾਂ ਸ਼ਲਾਘਾ ਨਿੰਦਿਆਂ ਕਰਦੇ ਹਨ ਤਾਂ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਲੋਕ ਸਾਰਵਜਨਿਕ ਹਿਤ ਵਿਚ ਆਪਣੀ ਗੱਲ ਸਪਸ਼ਟ ਕਰਕੇ ਰੱਖ ਅਤੇ ਆਪੋ ਆਪਣੇ ਕਰਮਾਂ ਅਤੇ ਪਾਲਸੀਆਂ ਦੀ ਜਿੰਮੇਵਾਰੀ ਚੁੱਕਣ ਤੋਂ ਭੱਜਦੇ ਹਨ। ਜਦ ਕਿ ‘ਸੰਗਤ ਦੇ ਸਨਮੁਖ ਸੱਚ ਕਹਿਣ ਅਤੇ ਉਸ ਦਾ ਸਾਥ ਦੇਣ ਤੋਂ ਭਗੋੜੇ’ ਹੋ ਜਾਦੇ ਹਨ। ਫਿਰ ਅਜਿਹੀਆਂ ਮਨੋਬਿਰਤਕ ਕੌਮਾਂ  ਦਾ ਵਰਤਮਾਨ ਅਤੇ ਭਵਿੱਖ ਇੰਝ ਦਾ ਹੀ ਹੁੰਦਾ ਹੈ। ਵਿਸਥਾਰ ਲਈ ਬੇਨਤੀ ਹੈ ਪੜ੍ਹਨ ਤੋਂ ਬਾਅਦ ਨੈਟ ਤੇ ਹੀ ਸਾਰਵਜਨਿਕ ਸੰਵਾਦ ਕੀਤਾ ਜਾਵੇ। ਸ਼ਾਇਦ ਇਸ ਵਿਚੋਂ ‘ਸਿਆਣੇ ਸਿੱਖਾਂ ਦੀ ਕੋਈ ਸਿਆਣੀ ਰਾਏ ਕੌਮ ਹਿਤ ਵਿਚ ਨਿਕਲ ਆਵੇ’; ਮੂੰਹ ਬੰਦ ਕੀਤੇ ਅਤੇ ਕਲਮਾਂ ਦੀਆਂ ਵਿਚਾਰਾਂ ਦੀ ਨਿਬ੍ਹ ਭੰਨਣ ਵਾਲੀ ਪ੍ਰਵਿਰਤੀ “ਮਰਿੀ-ਪੀਰੀ” ਸ੍ਰੀ ਸਾਹਿਬਾਂ ਤੇ ਜੰਗ ਲਾ ਦਿੰਦੀ ਹੈ ਤੇ ਜਲ ਨੂੰ ਅੰਮ੍ਰਿਤ ਬਨਣ ਤੋਂ ਰੋਕਣ ਲਈ ਉਸ ਵਿਚ ਜ਼ਿਲ੍ਹ ਦਾ ਪ੍ਰਦੂਸ਼ਨ ਕਰ ਜਾਂਦੀ ਹੈ।

Share. Facebook Twitter WhatsApp Email Pinterest LinkedIn Tumblr
Previous Articleਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਇਤਿਹਾਸਕ ਸੱਚ ਕੀ ਹੈ ?
Next Article ਇੰਜ ਦਾ ਹੋਵੇਗਾ ਖ਼ਾਲਸਤਾਨ

Related Posts

“ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ”-ਸਿੱਖਾਂ ਦੀ ਅਜੋਕੀ ਦਸ਼ਾ ਦਾ ਧਾਰਮਿਕ, ਬੌਧਿਕ ਅਤੇ ਰਾਜਨੀਤਕ ਵਿਸ਼ਲੇਸ਼ਣ

November 1, 2022

ਪੰਜਾਬ ਚੋਣਾਂ 2017 : ਦਸ਼ਾ ਅਤੇ ਦਿਸ਼ਾ

October 29, 2022

Follow Us

Facebook X (Twitter) YouTube
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel

© 2022 ApSingh.in, Made by karan Panjaab

Type above and press Enter to search. Press Esc to cancel.