ਖ਼ਾਲਸਾਈ ਪੰਥਕ ਚਿਤ ਅੰਦਰਲੀ ਆਤਮਿਕ ਸ਼ਬਦਾਵਲੀ ਦੇ ਸ਼ਬਦ ਕੋਸ਼ ਦੇ ਅਭਾਵ ਵਿਚ, ਗ਼ੈਰ ਭਾਸ਼ਾਵਾਂ ਦੇ ਸਮਾਜਿਕ ਵਿਕਾਸ ਦੀਆਂ ਲੀਹਾਂ ਤੇ ਰਚਿਤ ਸ਼ਬਦ-ਕੋਸ਼ਾਂ ਵਿਚੋਂ ਪੰਥਕ ਮੁਹਾਵਰਿਆਂ ਨੂੰ ਲੱਭਣਾ ਜਾਂ ਗੁਰਮਤਿ ਦੀ ਵਿਆਖਿਆ ਕਰਨਾ ਠੀਕ ਉਵੇਂ ਹੀ ਹੈ ਜਿਵੇਂ ਸੱਚ ਨੂੰ ਸੱਤਾ, ਡਾਂਗ, ਬੰਦੂਕ ਦੇ ਜ਼ੋਰ ਨਾਲ ਗ਼ੋਏਬਲਜ਼ੀਅਨ ਨਾਜ਼ੀਵਾਦੀ ਸੱਚ ਰਾਹੀਂ ਝੂਠ ਸਾਬਤ ਕਰ ਦਿਖਾਉਣਾ। ਗੁਰਮਤਿ ਜਿਸ ਨੂੰ ‘ਬਿਪਰਨ ਕੀ ਰੀਤ’ ਦਾ ਦਰਜਾ ਦਿੰਦੀ ਹੈ ; ਉਨ੍ਹਾਂ ਹੀ ਗ੍ਰੰਥਾਂ ਦੀ ਓਟ ਨਾਲ ਸਿੱਖ ਆਪਣੀ ਨਿੱਜ ਦੀ ਪਹਿਚਾਣ ਨੂੰ ਪਰਿਭਾਸ਼ਿਤ ਕਰਦੇ ਹਨ। ਇਸੇ ਲਈ ਸਿੱਖ ਬਤੌਰ ‘ਖ਼ਾਲਸਾ’ ਹਾਲੇ ਤਕ ਨਹੀਂ ਸਜ ਸਕੇ। “ਗਿਣਤੀਆਂ ਮਿਣਤੀਆਂ ਵਿਚ ਪੈਣ ਵਾਲੇ ਲੋਕ ਪੁਰਾਣੀਆਂ ਕੁਲਾਚਾਰੀ ਰੀਤਾਂ ਦੇ ਬੰਧਨਾਂ ਵਿਚੋਂ ਝੱਟ ਪਟ ਛਾਲ ਮਾਰ ਕੇ ਬਾਹਰ ਨਿਕਲਣ ਦਾ ਹੌਸਲਾ ਘੱਟ ਹੀ ਕਰ ਸਕਦੇ ਹਨ। ‘ਸੰਸਕਾਰਾਂ ਦੀਆਂ ਡੂੰਘੀਆਂ ਲੀਹਾਂ ਵਿਚੋਂ ਨਿਕਲ ਸਕਣਾ ਕੋਈ ਸੌਖੀ ਗੱਲ ਨਹੀਂ। ਇਸ ਲਈ ਅਡੋਲ ਧਾਰਮਿਕ ਵਿਸ਼ਵਾਸ ਅਤੇ ਮਨ ਦੀ ਮਜ਼ਬੂਤੀ ਦੀ ਲੋੜ ਹੈ।’ ਮੂਲ ਮੰਤਰ ਵਿਚਲੇ ਸੈਭੰ ਦੀ ਇਹ ਅੰਤਰ ਆਤਮਾ ਦੀ ਧੁਨੀ ਹੈ। ਜਿਸ ਨੂੰ ਗੁਰਬਾਣੀ ਰਾਹੀਂ ਮੂਰਤੀਮਾਨ ਕੀਤਾ ਗਿਆ ਹੈ।
ਸਿੱਖ
ਗੁਰੂ ਪੰਥ ਵੱਲੋਂ ਪ੍ਰਮਾਣਿਤ ਅਤੇ ਅਪਣਾਈ ਗਈ ਸਿੱਖ ਰਹਿਤ ਮਰਿਆਦਾ ‘ਚ ਸਿੱਖ ਦੀ ਤਾਰੀਖ਼ ਹੇਠ ਲਿਖੇ ਅਨੁਸਾਰ ਹੈ :
ਸਿੱਖ ਦੀ ਤਾਰੀਫ਼
ਫੇਰ ਸਿੱਖ ਹੈ ਕੌਣ ? ਬੜੀ ਸਪਸ਼ਟ ਵਿਆਖਿਆ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਦੀ ਕੀਤੀ ਹੈ। ਅਕਾਲ ਦੇ ਹੁਕਮ ਨੂੰ ਰਜ਼ਾ ਦੀ ਸਹਿਜਤਾ ਨਾਲ ਜੋ ਆਪਣੇ ਨਿੱਤ ਦੇ ਜੀਵਨ ਵਿਚ ਧਾਰਨ ਕਰ ਲੈਂਦਾ ਹੈ, ਉਹ ਸਿੱਖ ਹੈ। ਗੁਰਬਾਣੀ ਦਾ ਇਹੋ ਸਿਧਾਂਤ ਹੈ। ਅਜਿਹੇ ਸਿੱਖ ਦੇ ਜੀਵਨ ਅਤੇ ਆਚਰਨ ਵਿਚੋਂ ਸੁੱਤੇ ਸਿੱਧ ਅਤੇ ਆਪ ਮੁਹਾਰੇ ਮਹਿਕਦੀ ਗੁਰਮਤਿ ਹੀ ਸਿੱਖੀ ਹੈ। ਕੇਸਾਧਾਰੀ ਹੋਣਾ ਇਸ ਦਾ ਅਨੁਸ਼ਾਸਨ ਹੈ। ਕੇਸਾਧਾਰੀ ਸੱਭਿਆਚਾਰ ਨਾਲ ਪ੍ਰਣਾਈ ਜਾਣਾ ਅਤੇ ਨਾਲ ਹੀ ਨਾਲ “ਹੁਕਮ” ਨੂੰ ਮੰਨ ਲਏ ਜਾਣਾ ਇਸ ਦੀ ਪਹਿਲੀ ਪਉੜੀ ਹੈ। ਇਸੇ ਲਈ ਹੁਕਮ ਹੈ “ਹੁਕਮਿ ਰਜਾਈ ਚਲਣਾ ਨਾਨਕਿ ਲਿਖਿਆ ਨਾਲਿ”॥
ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ) ਤੱਕ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।
ਮਹਾਨ ਕੋਸ਼ ਅਨੁਸਾਰ ਸਿੱਖ ਤੋਂ ਅਰਥ ਸ਼ਿਸ਼, ਭਾਵ ਚੇਲਾ, ਸ਼ਾਗਿਰਦ ਹੈ। ਸਿੱਖੀ ਦਾ ਅਰਥ ਬੋਦੀਵਾਲਾ ਸ਼ਿਸ਼ ਹੈ। ਅਰਥਾਤ ਜਿਸ ਨੇ ਬ੍ਰਾਹਮਣ ਦਾ ਉਪਦੇਸ਼ ਧਾਰਨ ਕਰ ਲਿਆ ਹੈ। ਇਹੋ ਅਰਥ ਸੰਸਕ੍ਰਿਤ ਅਤੇ ਦੇਵਨਾਗਰੀ ਦੇ ਸ਼ਬਦ ਕੋਸ਼ਾਂ ਵਿਚ ਦਿੱਤਾ ਗਿਆ ਹੈ। ਇਸੇ ਤੋਂ ਹੀ ਸਿੱਖ ਵਿਦਵਾਨ ਸਿੱਖ ਦੇ ਅਰਥ ਸ਼ਿਸ਼, ਚੇਲਾ ਜਾਂ ਹਮੇਸ਼ਾ ਸਿੱਖਦੇ ਰਹਿਣਾ ਜਾਂ ਸਿੱਖਣ ਵਾਲੇ ਮਨੁੱਖ ਦੇ ਰੂਪ ਵਿਚ ਕਰਦੇ ਹਨ। ਜੋ ਉਪਦੇਸ਼ ਯੋਗ ਹੋਵੇ। ਜਿਸ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਸਿੱਖ ਧਰਮ ਧਾਰਨ ਕੀਤਾ ਹੈ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧਰਮ ਗ੍ਰੰਥ ਮੰਨਦਾ ਹੈ ਅਤੇ ਦਸ ਸਤਿਗੁਰਾਂ ਨੂੰ ਇਕ ਰੂਪ ਜਾਣਦਾ ਹੈ।
ਇਹ ਸਿੱਖ ਆਪਣੇ ਜਿਊਣ ਦਾ ਮਨੋਰਥ ਅਥਵਾ ਧਰਮ ਦਾ ਮਨੋਰਥ; ਜਾਂ ਇੰਜ ਕਹਿ ਲਓ ਕਿ ਸਿੱਖ, ਧਰਮੀ ਇਸ ਕਰਕੇ ਨਹੀਂ ਹਨ ਕਿ ਉਨ੍ਹਾਂ ਨੂੰ ਇਸ ਧਰਮ ਤੇ ਚੱਲ ਕੇ ਕਈ ਸੁੱਖਾਂ ਦੀ, ਸਵਰਗ ਦੀ, ਜਾਂ ਪਰਲੋਕ ਸੁਹੇਲੇ ਹੋਣ ਦੀ ਕਾਮਨਾ ਜਾਂ ਲਾਲਸਾ ਹੈ। ਸਗੋਂ ਸਿੱਖਾਂ ਦਾ ਮਨੋਰਥ ਤਾਂ ਪਰਮ ਪਤੀ ਵਾਹਿਗੁਰੂ ਨਾਲ ਇਕ ਮਿਕ ਹੋ ਜਾਣਾ ਹੈ। ਯਕੀਨਨ ਇੰਜ ਉਸ ਦੀ ਪਰਮ ਸੱਤਾ ਦੀ ਬ੍ਰਹਿਮੰਡ ਤੇ ਬਹਾਲੀ ਕਰ ਉਸ ਦੇ ਕੁਦਰਤੀ ਪਸਾਰੇ ਦਾ ਨਿਜ਼ਾਮ ਲੋਕਾਈ ਨੂੰ ਦੇਣਾ ਹੈ।
ਕਿਉਂਕਿ :
ਸਿਖੀ ਸਿਖਿਆ ਗੁਰੁ ਵੀਚਾਰਿ॥ ਇਹ ਸਿੱਖ ਦਾ ਨਿਸ਼ਚਾ ਹੈ। ਨਾਨਕ ਗੁਰ ਤੇ ਗੁਰ ਹੋਇਆ ਵੇਖਹੁ ਤਿਸ ਕੀ ਰਜਾਇ॥ ਇਹੁ ਕਾਰਣੁ ਕਰਤਾ ਕਰੇ ਜਤੀ ਜਤਿ ਸਮਾਇ॥ ਇਹ ਮਾਰਗ ਹੈ। “ਸਿੱਖ ਗੁਰੂ, ਗੁਰੂ ਸਿੱਖ ਹੈ” ਇਸੇ ਪੱਥ ਦੇ ਪਾਂਧੀ ਨੂੰ ਹੀ ਸਿੱਖ ਕਿਹਾ ਜਾ ਸਕਦਾ ਹੈ। ਸਿੱਖ ਦੀ ਇਹ ਸਿੱਖੀ ਹੈ। “ਬਿਨ ਸਿੱਖੀ ਤਰਬ ਕਹਾ ਜਗ ਸਾਗਰ ਭਾਰਾ” ਭਾਈ ਨੰਦ ਲਾਲ ਜੀ ਨੇ ਗੁਰੂ ਸਾਹਿਬ ਨੂੰ ਜਦ ਪੁਛਿਆ ਕਿ ਪਾਤਸ਼ਾਹ ਤੇਰੇ ਦਰਸ਼ਨ ਅਤੇ ਤੇਰਾ ਜੋਤਿ ਤੇ ਜੁਗਤਿ ਦਾ ਵਾਸ ਕਿੱਥੇ ਹੋਵੇਗਾ ਤਾਂ ਸਾਹਿਬਾਂ ਨੇ ਸਪਸ਼ਟ ਸਮਝਾਇਆ ਕਿ ਮੇਰੇ ਤਿੰਨ ਰੂਪਾਂ ਵਿਚ ਦਰਸ਼ਨ ਹੋਣਗੇ :
ਨੰਦ ਲਾਲ ਉਵਾਚ
“ਤੁਮ ਜੁ ਕਹਾ ਗੁਰਦੇਵ ਜੀ, ਦਰਸ਼ਨ ਕਰ ਮੁਹ ਆਏ। ਲਖੀਏ ਤੁਮਰਾ ਦਰਸ ਕਹਾਂ, ਕਹਹੁ ਮਹਿ ਸਮਝਾਏ।5।
ਤੀਨ ਰੂਪ ਹੈ ਮਹ ਕੇ, ਸੁਨਹੁ ਨੰਦ ਚਿਤ ਲਾਏ। ਨਿਰਗੁਣ, ਸਰਗੁਣ, ਗੁਰਸ਼ਬਦ, ਕਹਹੁੰ ਤਹਿ ਸਮਝਾਇ।6। ਚੌਪਈ।ਏਕ ਰੂਪ ਤਿਹੁ ਗੁਣ ਤੇ ਪਰੇ। ਨੇਤਿ ਨੇਤਿ ਜਿਹ ਨਿਗਮ ਉਚਰੇ। ਘਟਿ ਘਟਿ ਵਿਆਪਕ ਅੰਤਰਜਾਮੀ। ਪੂਰਿ ਰਹਿਯੋ ਜਿਉ ਜਲ ਘਟ ਭਾਨੀ।7। ਦੂਸਰ ਰੂਪ ਗ੍ਰੰਥ ਜੀ ਜਾਨਹੁ। ਆਪਨ ਅੰਗ ਮੇਰੇ ਕਰ ਮਾਨਹੁ। …. ਜੋ ਸਿਖ ਗੁਰ ਦਰਸ਼ਨ ਕੀ ਚਾਹਿ। ਦਰਸ਼ਨ ਕਰੇ ਗ੍ਰੰਥ ਜੀ ਆਹਿ। ਤੀਸਰ ਰੂਪ ਸਿਖ ਹੈ ਮਰ। ਗੁਰਬਾਣੀ ਰਤਿ ਜਿਹ ਨਿਸ ਭਰ। ਵਿਸਾਹੁ ਪ੍ਰੀਤਿ ਗੁਰਸ਼ਬਦ ਜੁ ਧਰੇ। ਗੁਰ ਕਾ ਦਰਸ਼ਨ ਨਿਤ ਉਠ ਕਰੇ।12।
ਭਾਈ ਚਉਪਾ ਸਿੰਘ ਹਜੂਰੀਆਂ ਆਪਣੇ “ਤਨਖਾਹ ਨਾਮਾ” ਵਿਚ ਸਿੱਖ ਦੀ ਰਹਿਤ ਨੂੰ ਨਿਰਧਾਰਿਤ ਕਰਦਾ ਹੈ
“ਗੁਰੂ ਕਾ ਸਿਖ ਐਸੀ ਸਿਖੀ ਰਖੈ ਜੈਸੇ ਗ੍ਰੰਥ ਸਾਹਿਬ ਜੀ ਵਿਚ ਬਚਨ ਕੀਤਾ ਹੈ।”
ਇਸੇ ਲਈ ਸਿੱਖ ਵਾਸਤੇ ਹੁਕਮ ਹੈ ਕਿ :
“ਗੁਰੂ ਕਾ ਸਿਖ ਆਪ ਕਉ ‘ਭਾਈ’ ‘ਮਹੰਤ’ ਨਾ ਅਖਾਏ।”
ਗੁਰੂ ਅਰਜਨ ਸਾਹਿਬ ਸਾਰੇ ਭਰਮ ਵਹਿਮ ਤੋੜ ਕੇ ਸਿੱਖ ਦਾ ਨਿਸ਼ਚਾ ਦ੍ਰਿੜ ਕਰਵਾ ਗਏ ਹਨ :
“ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ”
ਗੁਰਮਤਿ ਸਿਧਾਂਤ, ਮਰਿਆਦਾ ਵਿਚ ਸਿੱਖ ਤੋਂ ਉਪਰ ਕੋਈ ਪਦਵੀ ਨਹੀਂ ਹੈ। ਸਿੱਖ ਅਤੇ ਗੁਰੂ ਦੇ ਵਿਚਕਾਰ ਵੀ ਕੋਈ ਵਿਚਲਾ ਨਹੀਂ ਹੈ। ਨ ਕੋਈ ਸੰਤ ਹੈ; ਨ ਕੋਈ ਸਾਧ ਹੈ; ਨ ਕੋਈ ਡੇਰਾ ਹੈ; ਨ ਕੋਈ ਟਕਸਾਲ ਹੈ; ਸਿਰਫ਼ ਤੇ ਸਿਰਫ਼ ਸਿੱਖ ਹੈ। ਜੋ ਇੰਜ ਨਹੀਂ ਮੰਨਦੇ ਸਪਸ਼ਟ ਹੀ ਉਹ ਸਭ ਜ਼ਾਹਰਾ ਤੌਰ ਤੇ ਗੁਰੂ ਨੂੰ, ਗੁਰ ਸਿਧਾਂਤ ਅਤੇ ਹੁਕਮ ਨੂੰ ਜਾਣਬੁੱਝ ਕੇ ਸਿੱਖ ਨੂੰ ਢਾਹ ਲਾਉਣ ਲਈ ਅਤੇ ਪੰਥ ਨੂੰ ਮਿੱਠਾ ਜ਼ਹਿਰ ਪਿਲਾਉਣ ਲਈ ਹੀ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਰੰਪਰਾ ਨੂੰ ਤੜਦੇ ਹਨ। ਇਸ ਤੇ ਹਮਲਾ ਕਰਦੇ ਹਨ। ਇਸ ਨੂੰ ਜਾਣਬੁੱਝ ਕੇ ਇੰਜ ਵੰਡਦੇ ਹਨ।
ਗੁਰੂ ਸਪਸ਼ਟ ਦਸ ਗਿਆ ਹੈ ਕਿ ਸਿੱਖ ਹੀ ਗੁਰੂ ਹੈ ਅਤੇ ਗੁਰੂ ਹੀ ਸਿੱਖ ਹੈ। ਜੇ ਗੁਰੂ ਆਪਣੇ ਨਾਉਂ ਨਾਲ ਸੰਤ ਨਹੀਂ ਲਿਖਵਾਉਂਦਾ ਤਾਂ ਫਿਰ ਸਿੱਖ ਵੀ ਨਹੀਂ ਲਿਖਾ ਸਕਦਾ। ਸੰਤ ਅਕਾਲ ਹੈ। ਫਿਰ ਕੋਈ ਹੈ ਜੋ ਗੁਰੂ ਤੋਂ ਵੱਡਾ ਹੋ ਸਕਦਾ ਹੋਵੇ ? ਭਾਈ ਗੁਰਦਾਸ ਜੀ ਇਸੇ ਗੁਰ ਸਿਧਾਂਤ ਦੀ ਵਿਆਖਿਆ ਕਰਦੇ ਹਨ :
ਗੁਰ ਸਿਖਹੁ ਗੁਰ ਸਿੱਖੁ ਹੈ ਪੀਰ ਪੀਰਹੁ ਕਈ। ਸਬਦਿ ਸੁਰਤਿ ਚੇਲਾ ਗੁਰੂ ਪਰਮੇਸ਼ਰ ਸੋਈ।
ਦਰਸਨਿ ਦਿਸਟਿ ਧਿਆਨੁ ਧਰਿ ਗੁਰ ਮੂਰਤਿ ਹੋਈ। ਸ਼ਬਦ ਸੁਰਤਿ ਕਰਿ ਕੀਰਤਨੁ ਸਤਿਸੰਗਿ ਵਿਲੋਈ।
ਵਾਹਿਗੁਰੂ ਗੁਰ ਮੰਤ੍ਰ ਹੈ ਜਪੁ ਹਉਮੈ ਖੋਈ। ਆਪੁ ਗਵਾਏ ਆਪ ਹੈ ਗੁਣ ਗੁਣੀ ਪਰੋਈ।
ਸਿੱਖ ਦੀ ਪਹਿਚਾਨ ਕਥਨੀ ਅਤੇ ਕਰਨੀ ਦੇ ਇਕ ਮਿਲਾਪ ਰਾਹੀਂ ਹੀ ਕੀਤੀ ਜਾਣੀ ਹੈ। ਸਿੱਖ ਦੀ ਰਹਿਤ ਦਾ ਸੰਬੰਧ ਬਾਹਰੀ ਕਰਮਕਾਂਡੀ ਜਿਊਣ ਦੀ ਬਜਾਏ ਆਚਰਨ ਅਤੇ ਅੰਦਰੂਨੀ ਹੁਸਨ ਦੇ ਜਲਾਲ ਨੂੰ ਵਧਾਉਣ ਤੇ ਸੰਵਾਰਨ ਨਾਲ ਹੈ। ਮਨਮਤ ਕਰਨ ਵਾਲਾ ਅਤੇ ਬਿਪਰਨ ਦੀ ਰੀਤ ਤੇ ਚੱਲਣ ਵਾਲਾ ਫਿਰ ਚਾਹੇ ਜਿਨ੍ਹਾਂ ਮਰਜ਼ੀ ਆਪਣੇ ਆਪ ਨੂੰ ਸਹਿਜ ਧਾਰੀ ਸਿੱਖ ਅਖਵਾਏ ‘ਸਿੱਖ ਕੌਮ’ ਵਿਚ ਉਸ ਹਿਤ ਬਤੌਰ ਸਿੱਖ ਕੋਈ ਮਾਨਤਾ ਸੰਭਵ ਨਹੀਂ ਹੈ।
“ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਦੀ ਤਤਕਾਲ ਮਰਿ ਜਾਏ॥ ਭਾਈ ਵੇਖਹੁ ਨਿਆਹੁ ਸਚੁ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ ॥ ਜਨ ਨਾਨਕ ਕਉ ਸਭ ਸੋਝੀ ਪਾਈ ਹਰਿ ਦਰ ਕੀਆ ਬਾਤਾ ਆਖਿ ਸੁਣਾਏ ॥
ਸਾਨੂੰ ਭਲੀ ਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਵਿਦਿਆਰਥੀ ਹੋਣਾ ਅੱਡ ਗੱਲ ਹੈ ਅਤੇ ਸਿੱਖਿਆਰਥੀ ਹੋਣਾ ਅੱਡ। ਦੋਹਾਂ ਦੇ ਸੁਭਾਅ ਅਤੇ ਪ੍ਰਵਿਰਤੀ ਵਿਚ ਭਿੰਨਤਾ ਹੈ। ਵਿਦਿਆਰਥੀ ਦਾ ਸੰਬੰਧ ਵਿੱਦਿਆ ਨਾਲ ਹੈ; “ਨਿੱਜੀ ਸ੍ਰੇਸ਼ਠਤਾ” ਦੀ ਬਹਾਲੀ ਹੈ। ਸਿੱਖਿਆਰਥੀ ਦਾ ਸੰਬੰਧ ਸਿੱਖਿਆ ਨਾਲ ਹੈ ਅਤੇ ਜਦ ਉਹ ਸਿੱਖ ਹੈ ਤਾਂ ਉਸ ਦਾ ਆਦਿ ਸੰਬੰਧ ਹੀ ਗੁਰੂ ਦੀ ਸਿੱਖਿਆ ਨਾਲ ਹੈ। ਸਿੱਖਿਆ ਦਾ ਵਿਸ਼ਾ ਬੁੱਧੀ ਨਹੀਂ ਅਨੁਭਵ ਗਿਆਨ ਹੈ। ਅਨੁਭਵ ਗਿਆਨ ਦਾ ਸੰਬੰਧ ਜੋਤਿ ਨਾਲ ਹੁੰਦਾ ਹੈ। ਇੰਦਰੀਆਂ ਨਾਲ ਨਹੀਂ। ਅਨੁਭਵ ਪ੍ਰਜ੍ਵਲਿਤ ਕਰਦਾ ਹੈ ਜਵਲਿਤ ਨਹੀਂ। ਇਹ ਹੀ ਫ਼ਰਕ ਸਿੱਖ ਅਤੇ ਸਹਿਜਧਾਰੀ ਵਿਚ ਹੈ। ਅਜੋਕਾ ਸੰਤ ਸਹਿਜ ਧਾਰੀ ਹੋ ਸਕਦਾ ਹੈ, ਸਾਧ ਸਹਿਜ ਧਾਰੀ ਹੋ ਸਕਦਾ ਹੈ; ਮਹੰਤ, ਡੇਰੇਦਾਰ ਸਹਿਜਧਾਰੀ ਹੋ ਸਕਦਾ ਹੈ ਸਿੱਖ ਨਹੀਂ ਅਤੇ ਕਦਾਚਿਤ ਨਹੀਂ। ਕਿਉਂਕਿ “ਗੁਰ ਸਿਖੁ ਸਿਖੁ ਗੁਰੂ ਹੈ”। ਇਕ ਸਿਰਗੁੰਮ ਵਿਅਕਤੀ ਜਿਸ ਨੇ ਸਿੱਖੀ ਦਾ ਰੂਪ ਹੀ ਧਾਰਨ ਨਹੀਂ ਕੀਤਾ ਉਹ ਸਹਿਜ ਧਾਰੀ ਕਿਵੇਂ ਹੋ ਸਕਦਾ ਹੈ ? ਸਿੱਖੀ ਨੂੰ ਜ਼ਬਰਦਸਤੀ ਸਹਿਜਧਾਰੀ ਦੇ ਚੌਖਟੇ ਵਿਚ ਬਿਠਾਉਣਾ ਮੁੱਢੋਂ ਜ਼ੁਲਮ ਹੈ, ਮਨਮਤਿ ਹੈ। ਸਿੱਖ ਜਾਂ ਤਾਂ ਹੈ ਜਾਂ ਫਿਰ ਉੱਕਾ ਹੀ ਨਹੀਂ ਹੈ।ਕੋਈ ਵਿਚ-ਵਿਚਾਲੇ ਵਾਲਾ ਮਾਰਗ ਗੁਰੂ ਨੇ ਕੱਢਿਆ ਹੀ ਨਹੀਂ। ਇਸ ਲਈ ਸਾਨੂੰ ਮਨ-ਭਾਉਂਦੀਆਂ ਵਿਆਖਿਆਵਾਂ ਦਾ ਸਹਾਰਾ ਲੈਣ ਦੀ ਆਦਤ ਤਿਆਗ ਦੇਣੀ ਚਾਹੀਦੀ ਹੈ।

ਅਸੀਂ ਕੌਣ ਹਾਂ ?

ਗੁਰੂ ਸਿਖੁ ਸਿਖੁ ਗੁਰੂ ਹੈ ਏਕ ਗੁਰ ਉਪਦੇਸੁ ਚਲਾਏ॥
ਇਕ ਅਕਾਲ ਪੁਰਖ ਨੂੰ ਮੰਨਣ ਵਾਲੇ ਅਸੀਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਪੈਰੋਕਾਰ; ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਅਤੇ ਗੁਰਮਤਿ ਅਨੁਸਾਰ ਚੱਲਣ ਵਾਲੇ ਅਨੰਦਪੁਰ ਸਾਹਿਬ ਦੇ ਵਾਸੀ, ਸਿੱਖ ਹਾਂ। ਸਾਡੀ ਧਾਰਮਿਕ-ਰਾਜਨੀਤਿਕ ਸੱਤਾ ਦਾ ਸ੍ਰੋਤ ਸ੍ਰੀ ਅਕਾਲ ਤਖ਼ਤ ਦੀ ਰਹਿਨੁਮਾਈ ਹੇਠਾਂ ਇਕੱਤਰ ਹੋਇਆ ਗੁਰ ਗ੍ਰੰਥ ਅਤੇ ਪੰਥ ਹੈ।ਜਿਸ ਦੇ ਹੁਕਮ ਅੱਗੇ ਸਿੱਖ ਹਮੇਸ਼ਾ ਨਤਮਸਤਕ ਹੈ। “ਰਹਿਤ ਮਰਿਆਦਾ” ਸਿੱਖ ਦੀ ਜੀਵਨ ਜਿਊਣ ਦੀ ਜਾਚ ਹੈ। ਸਿੱਖ ਸ਼ਿਸ਼ ਨਹੀਂ ਹੈ। ਜੋ ਪੂਰੇ ਗੁਰੂ ਦੀ ਚਰਨੀ ਲੱਗ ਕੇ ਵੀ ਪੂਰੀ ਜ਼ਿੰਦਗੀ ਕੁਝ ਵੀ ਨਾ ਸਿੱਖ ਸਕੇ ਅਤੇ ਫਿਰ ਇਹ ਕਹੀ ਜਾਏ ਕਿ ਸਿੱਖ ਦਾ ਕੰਮ ਹੈ ਪੂਰੀ ਜ਼ਿੰਦਗੀ ਸਿੱਖੀ ਜਾਣਾ। ਫਿਰ ਉਹ ਤਾਂ ‘ਮੂੜ੍ਹ’ ਹੈ। ਸਿੱਖ ਨਹੀਂ। ਗੁਰੂ ਸਿੱਖ ਨੂੰ ਆਪਣੇ ਵਰਗਾ ਪੂਰਨ ਬਣਾਉਂਦਾ ਹੈ। ਮੂੜ੍ਹਮੱਤ ਅਧੂਰਾ ਸ਼ਿਸ਼ ਨਹੀਂ। ਸਿੱਖਿਆਰਥੀ ਜ਼ਰੂਰ ਭਰਤੀ ਕਰਦਾ ਹੈ ਪਰ ਗੁਰ ਸਿੱਖਿਆਰਥੀ ਨੂੰ ਖ਼ੁਦ ਪਦਵੀ ਲਾਇਕ ਬਣਾ ਕੇ ਆਪ ਗੁਰੂ ਦੀ ਪਦਵੀ ਤੇ ਬਿਠਾਉਂਦਾ ਹੈ। ਤਾਂ ਹੀ ਕਿਹਾ ਹੈ “ਸਿਖੁ ਗੁਰੂ ਗੁਰੂ ਸਿਖੁ ਹੈ”। ਜੋ ਪੂਰੀ ਜ਼ਿੰਦਗੀ ਸਿੱਖੀ ਹੀ ਜਾਣ, ਤੇ ਗੁਰੂ ਵਰਗੇ ਬਣ ਹੀ ਨਾ ਸਕਣ। ਫਿਰ ਉਹ ਮੰਦ-ਬੁੱਧੀ ਕਹਿਲਾਉਂਦੇ ਹਨ। ਚੇਲੇ ਅਤੇ ਗੁਰੂ ਦੇ ਸੰਬੰਧ ਵਿਚ ਵੀ ਬੀਜ ਰੂਪ ਅਧੀਨਗੀ ਤੇ ਗ਼ੁਲਾਮੀ ਹੈ। ਇਕ ਸ੍ਰੇਸ਼ਠ ਹੈ ਦੂਜਾ ਕਮਤਰੀ। ਸਿੱਖ ਤੇ ਗੁਰੂ ਵਿਚਕਾਰ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਅਜਿਹਾ ‘ਦੋਸ਼ਪੂਰਨ’ ਸੰਬੰਧ ਉੱਕਾ ਹੀ ਨਹੀਂ ਸਵੀਕਾਰਦਾ। ਸਿੱਖ ਅਤੇ ਗੁਰੂ ਦਾ ਸੰਬੰਧ ਅਕਾਲ ਪੁਰਖ ਦੇ ਅਨੁਸ਼ਾਸਨ ਦੀ “ਹੁਕਮ ਰਜਾਈ” ਵਿਚੋਂ ਪੁੰਗਰਦਾ ਹੈ। ਇਸ ਲਈ ਸਿੱਖ, ਸਿੱਖ ਹੀ ਹੈ। ਸ਼ਿਸ਼ ਨਹੀਂ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਅਕਾਲ ਦੇ ਹੁਕਮ ਨੂੰ ਰਜ਼ਾ ਦੀ ਸਹਿਜਤਾ ਨਾਲ ਜੋ ਆਪਣੇ ਨਿੱਤ ਦੇ ਜੀਵਨ ‘ਚ ਰੋਜ਼ਾਨਾ ਧਾਰਨ ਕਰ ਲੈਂਦਾ ਹੈ, ਉਹ ਸਿੱਖ ਹੈ। ਗੁਰਬਾਣੀ ਦਾ ਇਹ ਸਿਧਾਂਤ ਹੈ। ਸਾਰੀ ਉਮਰ ਸਿੱਖੀ ਜਾਣ ਵਾਲੇ ਸ਼ਿਸ਼ ਰੂਪੀ ਸਿੱਖ ਦਾ ਨਹੀਂ। ਇਸ ਦੇ ਜੀਵਨ ਆਚਰਨ ਵਿਚੋਂ ਆਪ ਮੁਹਾਰੇ ਮਹਿਕਦੀ ਗੁਰਮਤਿ ਹੀ ਸਿੱਖੀ ਹੈ। ਕੇਸਾਧਾਰੀ ਹੋਣਾ ਇਸ ਦਾ ਅਨੁਸ਼ਾਸਨ ਹੈ। ਕੇਸਾਧਾਰੀ ਸਭਿਆਚਾਰ ਨਾਲ ਪ੍ਰਣਾਈ ਜਾਣਾ ਅਤੇ ਨਾਲ ਹੀ ਨਾਲ “ਹੁਕਮ” ਨੂੰ ਮੰਨ ਲਏ ਜਾਣਾ ਇਸ ਦੀ ਪਹਿਲੀ ਪੌੜੀ ਹੈ। ਸਿੱਖ ਦੀ ਸਿੱਖੀ ਇਕ ਸੰਪੂਰਨ ਸਭਿਅਤਾ ਹੈ। ਸਿੱਖ ਸਭਿਅਤਾ ਦਾ ਬਤੌਰ “ਸਭਿਅਤਾ” ਸਥਾਪਿਤ ਕਰਨ ਵਾਲਾ ਪੱਖ ਹਾਲੇ ਤਕ ਸਿੱਖ ਸਮਾਜ ਵਿਚ ਪੁੰਗਰਿਆ ਹੀ ਨਹੀਂ ਹੈ। ਇਸ ਲਈ ਸਿੱਖ ਦੀ ਸਿੱਖੀ ਸਭਿਅਤਾ ਹੀ ਮੂਲ ਅੰਸ਼ ਹੈ। ਸਭਿਅਤਾ ਦਾ ਮੂਲ ਅੰਸ਼ ‘ਸ਼ਿਸ਼’ ਵਿਚ ਨਹੀਂ ਹੁੰਦਾ। ਗੁਰੂ ਵਿਚ ਹੁੰਦਾ ਹੈ। ਇਸੇ ਲਈ ਗੁਰੂ ਸਾਹਿਬ ਦਾ ਫ਼ਰਮਾਨ ਹੈ -“ਸਿਖੁ ਗੁਰੂ ਗੁਰੂ ਸਿਖੁ ਹੈ ਏਕ ਗੁਰ ਉਪਦੇਸ ਚਲਾਇ”।

Share.