ਸਤਿਕਾਰਯੋਗ ਸ. ਹਰੀ ਸਿੰਘ ਜਾਚਕ ਹੋਰਾਂ ਮੈਨੂੰ ਲੁਧਿਆਣੇ ਵਿਖੇ 25-2-2023 ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਭਾਈ ਕਾਨ੍ਹ ਸਿੰਘ ਜੀ ਨਾਭਾ ਸਮਾਗਮ-ਘਰ (ਆਡੀਟੋਰੀਅਮ) ਵਿਚ ਕਰਵਾਏ ਜਾ ਰਹੇ ਮਾਤ ਭਾਸ਼ਾ ਤੇ ਸਮਾਗਮ ਵਿਚ ਆਉਣ ਦਾ ਟੈਲੀਫ਼ੋਨ ਤੇ ਸੱਦਾ ਦਿੱਤਾ। ਮੈਂ ਝੱਟ ਮਨਜ਼ੂਰ ਲਿਆ। ਮਿਥੀ ਤਰੀਕ ਨੂੰ ਸਮੇਂ ਸਿਰ ਪਹੁੰਚ ਗਿਆ। ਸਾਨੂੰ ਸਾਰਿਆਂ ਨੂੰ ਸ਼ਾਮਲ ਹੋਣ ਲਈ “ਹਾਰਦਿਕ ਸੱਦਾ” ਦਾ ਚੇਪਿਆਂ ਨਿਸ਼ਾਨ ਮਿਲਿਆ। ਅੰਦਰ ਗਿਆ ਤਾਂ ਸਰੋਤਾ ਕੋਈ ਨਹੀਂ ਸੀ; ਸਭ ਮੁਖੀ ਅਤੇ ਸਨਮਾਨ ਲੈਣ ਤੇ ਦੇਣ ਵਾਲੇ ਹੀ ਸਨ। “ਅੰਤਰ-ਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਨੂੰ ਸਮਰਪਿਤ/ ਵਿਸ਼ਵ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਮੁਖੀਆਂ ਦਾ/ ਵਿਸ਼ੇਸ਼ ਸੰਮੇਲਨ ਤੇ ਸਨਮਾਨ ਸਮਾਰੋਹ” ਦਾ ਵੱਡਾ ਨਿਸ਼ਾਨ ਮੁੱਖ ਮਹਿਮਾਨਾਂ ਦੇ ਪਿੱਛੇ ਅਤੇ ਸਭਾ ਘਰ ਦੇ ਖੱਬੇ ਪਾਸੇ ਲੱਗਾ ਸੀ। ਮੈਂ ਥੋੜ੍ਹਾ ਪ੍ਰੇਸ਼ਾਨ ਹੋ ਕੇ ਸੋਚਣ ਲੱਗ ਪਿਆ ਤੇ ਫੇਰ ਝੱਟ ਥੜ੍ਹੇ ਨੂੰ ਮੱਲ ਕੇ ਪ੍ਰਬੰਧਕ ਸ. ਹਰੀ ਸਿੰਘ ਜਾਚਕ ਵੱਲੋਂ ਦਿੱਤੀ ਜਾਣਕਾਰੀ ਸੁਣ ਕੇ ਸ਼ਾਂਤ ਹੋ ਗਿਆ। ਲਗਭਗ 100 “ਸੰਸਥਾਵਾਂ” ਦੇ ਮੁਖੀਆਂ ਦਾ “ਸੰਮੇਲਨ” ਹੈ ਤੇ ਵਿਦੇਸ਼ਾਂ ਤੋਂ 89 ਹਜ਼ਾਰ ਤੇ ਦੇਸ਼ ਤੋਂ 39 ਹਜ਼ਾਰ ਮੈਂਬਰਾਂ ਦੇ ਵੱਡੇ ਗਰੁੱਪਾਂ ਦੇ ਮੁਖੀ ਪਧਾਰੇ ਹਨ; ਇਸ ਲਈ ਕੋਈ ਤਾਂ ਮੇਰੇ ਮੰਨ ਦੀ ਪਰੇਸ਼ਾਨੀ ਵਾਂਗ ਪਰੇਸ਼ਾਨ ਹੋਵੇਗਾ ਹੀ ਤੇ ਗੱਲ ਕਰੇਗਾ ਹੀ। ਪਰ, ਮਜਲਸ ਤੂੰ ਮੇਰੀ ਉਸਤਤ ਦੇ ਗੀਤ ਗਾ ਮੈਂ ਤੇਰੀ ਉਸਤਤ ਵਿਚ ਸੋਹਲੇ ਪੜ੍ਹਾਂਗਾ ਤੋਂ ਸਿਵਾ ਕੁੱਝ ਹੋ ਕਰ ਹੀ ਨਾ ਸਕੀ ਤੇ ਅੰਤ ਸ. ਹਰੀ ਸਿੰਘ ਜਾਚਕ ਦੀ ਨਿੱਜੀ ਸੋਹਲੇ ਕਾਰੀ ਵਿਚ ਅੰਤਿਮ ਪੜਾਅ ਤੱਕ ਅੱਪੜ ਆਈ।
ਇਨ੍ਹਾਂ ਗਰੁੱਪਾਂ ਵਿਚ ਮਾਤ ਭਾਸ਼ਾ ਲਈ ਹੋ ਕੀ ਰਿਹਾ ਹੈ? ਇਸ ਤੇ ਝਾਤ ਦੀ ਘਾਟ ਅਤੇ ਭੇਡਾਂ ਦੇ ਸ਼ੁਹਰਤ ਦੀ ਮੈਂ-ਮੈਂ ਦੀ ਚੰਗੀ ਬਹਾਰ ਵਿਚ ਮੇਲਾ ਇੱਜੜ ਬਣ ਕੇ ਖ਼ਤਮ ਹੋ ਗਿਆ। ਦੁਹਾਈ ਦੁਬਈ, ਅਮਰੀਕਾ, ਕੈਨੇਡਾ, ਇੰਗਲੈਂਡ, ਅਸਟਰੇਲੀਆ, ਯੂਰਪ, ਤੇ ਵਿਚਾਰੇ “ਹਿੰਦੁਸਤਾਨ ਦੇ ਪੰਜਾਬੀ” ਮਾਂ ਬੋਲੀ ਨੂੰ ਭੁੱਲ-ਵਿਸਾਰ ਕੇ ਆਪੋ ਆਪਣੀ ਡਫਲੀਆਂ ਦੀ ਡਾਲੀ ਕਰਦੇ ਠੁੱਸ ਹੋ ਗਏ।
ਮੈਂ ਸੋਚਦਾ ਰਹਿ ਗਿਆ ਕਿ ਮਾਂ ਬੋਲੀ ਦੇ ਦਿਹਾੜੇ ਤੇ ਅਜਿਹੀ ਮਾਂ ਬੋਲੀ ਦੀ ਬੇਹੁਰਮਤੀ ਅਤੇ ਚਾਦਰ ਕਿਸੇ ਹੋਰ ਭਾਸ਼ਾ ਦੇ ਵਿਦਵਾਨਾਂ ਅਤੇ ਮੰਨੇ ਜਾਂਦੇ ਸੇਵਕਾਂ ਨੇ ਕਦੇ ਲਾਹ ਪੱਤ ਕਰ ਕੇ ਲਾਹੀ ਹੋਣੀ ਹੈ?
1. ਜਗਤ ਜਾਂ ਕੌਮਾਂਤਰੀ ਦੀ ਥਾਂ ਤੇ ਲਿਖਿਆ ਗਿਆ “ਅੰਤਰ ਰਾਸ਼ਟਰੀ”;
2. ਖ਼ਾਸ ਦੀ ਜਗ੍ਹਾ ਲੈ ਲਈ “ਵਿਸ਼ੇਸ਼” ਨੇ;
3. ਸਭਾ ਸਮਾਗਮ ਜਾਂ ਇਕੱਠ ਨਾਮ ਨੂੰ ਪਛਾੜ ਦਿੱਤਾ “ਸੰਮੇਲਨ” ਨੇ;
4. ਦਿਨ ਜਾਂ ਦਿਹਾੜੇ ਦੀ ਕੰਡ ਲਵਾ ਦਿੱਤੀ “ਦਿਵਸ” ਜੀ ਨੇ;
5. ਜਥੇਬੰਦੀਆਂ ਦੀ ਸਰਦਾਰੀ ਖਾ ਗਈਆਂ “ਸੰਸਥਾਵਾਂ”
6. ਜਲਸਾ ਜਾਂ ਪੁਰਬ, ਜਾਂ ਮਿਲਣੀ, ਜਾਂ ਬੈਠਕ ਜਾਂ ਮਜਲਸ ਨੂੰ ਨਿਗਲ ਗਿਆ ਹਿੰਦੋਸਤਾਨੀ “ਸਮਾਰੋਹ”
7. ਤੇ ਜੱਗ ਵਿਚ ਸੁਆਹ ਕਰ ਗਿਆ “ਹਾਰਦਿਕ ਸੱਦਾ” ਜੋ ਦਿਲ ਤੋਂ ਨਿੱਘਾ ਸੱਦਾ ਨੂੰ ਬਾਲਣ ਬਣਾ ਕੇ ਪੰਜਾਬੀ ਮਾਂ ਬੋਲੀ ਦਾ ਸਿਵਾ ਬਾਲ ਗਿਆ।
8. ਅਰਪਣ ਜਾਂ ਸਮਰਪਣ ਨੂੰ “ਸਮਰਪਿਤ” ਵਾਲੀ ਇਹ ਪੰਜਾਬੀ ਮਾਂ ਬੋਲੀ ਦੇ ਨਾਂ ਤੇ ਸਨੇਹਪੂਰਨ ਤੇ ਨਿੱਘੀ ਸੁਹਿਰਦਤਾ ਨਾਲ ਦੋਸਤਾਨਾ ਮਾਹੌਲ ਵਿਚ ਕੁਰਾਹੇ ਪਏ ਪੰਜਾਬੀ ਦੇ ਲੰਬੜਦਾਰਾ ਨੇ ਦਿਲ ਤੋਂ ਧੰਨਵਾਦ ਸਹਿਤ ਵਿਦਾਇਗੀ ਸਮਾਗਮ ਦਾ ਅੰਜਾਮ ਦਿੱਤਾ।
ਮੇਰੀ ਭੈਣ ਸਰਦਾਰਨੀ ਚਰਨਜੀਤ ਕੌਰ ਅਸਟ੍ਰੇਲੀਆ ਵਾਲੇ ਅਤੇ ਨਵਗੀਤ ਕੌਰ ਲੁਧਿਆਣੇ ਵਾਲਿਆਂ ਨੇ ਬੜੇ ਮਾਨ ਨਾਲ ਸ. ਹਰੀ ਸਿੰਘ ਜਾਚਕ ਜੀ ਨੂੰ ਜਾ ਕਿਹਾ ਹੈ ਕਿ ਸਾਡੀਆਂ ਤਿੰਨਾਂ ਸੰਸਥਾਵਾਂ ਵੱਲੋਂ ਸਾਨੂੰ ਕਿਸੇ ਨੂੰ ਵੀ ਸਮਾਂ ਦੇਣ ਦੀ ਬਜਾਏ ਸਿਰਫ਼ ਅਤਿੰਦਰ ਪਾਲ ਸਿੰਘ ਨੂੰ ਹੀ ਸਾਡਾ ਸਮਾਂ ਦਿਓ ਅਤੇ 2 ਮਿੰਟ ਬੁਲਵਾਉਣਾ ਹੈ ।
ਇਸ ਸਾਰੇ ਤਮਾਸ਼ੇ ਵਿਚ 10 ਵਜੇ ਤੋਂ ਦੁਪਹਿਰ ਦੇ ਡੇਢ ਵੱਜ ਗਏ ਤਾਂ ਸਤਿਕਾਰ ਯੋਗ ਸ. ਹਰੀ ਸਿੰਘ ਜਾਚਕ ਜੀ ਦੀ ਮੰਦਭਾਗੀ ਪਰ ਕਿਰਦਾਰ ਤੇ ਮਿਆਰ ਤੋਂ ਡਿੱਗੀ ਸਿਆਸਤ ਦਾ ਸਿਆਹ ਪੱਖ ਉੱਘੜ ਆਇਆ ਤੇ ਉਨ੍ਹਾਂ ਮੇਰੇ ਪਾਸ ਆਨ ਕੇ ਕੰਨ ਵਿਚ ਕੁਫ਼ਰਾਂ ਵਾਂਗ ਆਨ ਕਿਹਾ “ਚਰਨਜੀਤ ਕੌਰ ਅਸਟ੍ਰੇਲੀਆ ਬੜਾ ਤੁਹਾਡੇ ਵਾਸਤੇ ਮੇਰੇ ਮਗਰ ਪਈ ਹੈ …….”
ਮੈਂ ਹੈਰਾਨੀ ਨਾਲ ਜਾਚਕ ਵੱਲ ਤੱਕਿਆ ਤੇ ਕਿਹਾ -ਤੁਸੀਂ ਜਾਣੋ।
ਇਸ ਤੋਂ ਬਾਅਦ ਮੇਰੇ ਲਈ ਅਜਿਹੀ ਪੰਜਾਬੀ ਕਰਨੀ ਅਤੇ ਕਿਰਦਾਰ ਹੀਣੀ ਪ੍ਰਬੰਧਕਾਂ ਦੀ ਸਭਾ ਵਿਚ ਬੈਠਣਾ ਨਾਮੁਮਕਨ ਹੋ ਗਿਆ ਤੇ ਮੈਂ ਉੱਠ ਕੇ ਆ ਗਿਆ।
ਅਸੀਂ ਗੁਰਮੁਖੀ ਦਾ ਸਿਵਾ ਬਾਲਣ ਵਾਲੇ ਅਜਿਹੀ ‘ਪੰਜਾਬੀ ਦੀ’ ਸੇਵਾ ਵਿਚ ਲੱਗੇ ਹਾਂ ਜਿਹੜੀ ਮਾਂ ਬੋਲੀ ਗੁਰਮੁਖੀ ਦਾ ਸਾਜ਼ਿਸ਼ੀ, ਸਾਡੇ ਹੀ ਹੱਥੀ ਭੋਗ ਪੁਆ ਕੇ ਪੰਜਾਬੀਅਤ ਤੋਂ ਹਿੰਦੀ ਤਵੀ ਕਰਨ ਕਰਵਾ ਕੇ ਸਾਡੀ ਗੁਰਮੁਖੀ ਦੀ ਜੜ੍ਹ ਵਿਚ ਤੇਜ਼ਾਬ ਅਤੇ ਤੇਲ ਪਾ ਰਹੀ ਹੈ। ਇਹ ਮਾਂ ਦੀ ਕੁਟਾਪੇ ਵਾਲੀ ਤੇ ਸਿਵੇ ਵਿਚ ਪਹੁੰਚਾਉਣ ਵਾਲੀ ਸੇਵਾ ਬੰਦ ਹੋਣੀ ਚਾਹੀਦੀ ਹੈ।
ਬਹੁਤਾਤ ਇੰਜ ਹੀ ਪੰਜਾਬੀ ਦੀ ਸੇਵਾ ਕੀਤੀ ਜਾ ਰਹੀ ਹੈ। ਅਜਿਹੇ ਫ਼ੇਸ-ਬੁੱਕੀ ਤੇ ਵੱਟਸ-ਐਪੀ ਗਰੁੱਪਾਂ ਅਰਥਾਤ ਸਮੂਹ; ਗੁੱਟ, ਜੁੱਟ; ਲੜੀ, ਸਮੂਹ, ਅਦਾਰਾ ਅਤੇ ਲੋਕਾਂ ਤੋਂ ਸਾਵਧਾਨ……
–ਅਤਿੰਦਰ ਪਾਲ ਸਿੰਘ ਖ਼ਾਲਸਤਾਨੀ, ਸਾਬਕਾ ਐੱਮ.ਪੀ.