ਹੱਕ-ਰਾ ਮਹਿਬੂਬ ਗੁਰੂ ਗੋਬਿੰਦ ਸਿੰਘ॥ ਤਾਲਿਬੋ ਮਤਲੂਬ ਗੁਰੂ ਗੋਬਿੰਦ ਸਿੰਘ॥
ਕੁਝ ਗੱਲਾਂ ਸਮਝਣ ਸਮਝਾਉਣ ਅਤੇ ਅਪਣਾਉਣ ਦੀਆਂ ਹਨ
ਅਕਲ ਵਾਲੀਆਂ ਗੱਲਾਂ ਤੋਂ ਸਿੱਖ ਭਗੌੜੇ ਕਿਉਂ ਹਨ ?
-ਅਤਿੰਦਰ ਪਾਲ ਸਿੰਘ ਸਾਬਕਾ ਐੱਮ.ਪੀ.
ਭਾਈ ਨੰਦ ਲਾਲ ਜੀ ਦੇ ਬਹੁ ਅਰਥੀ ਸ਼ੇਅਰ ਦੀ ਸ਼ਬਦਾਵਲੀ ਦੀ ਵਿਆਖਿਆ ਦੀ ਭਾਵਨਾ ਵਿਚਲੀ ਅਰਥਾਵਲੀ ਮਨੁੱਖਤਾ ਦੀ ਸੁਰਤ, ਅਕਲ, ਪਹੁੰਚ ਅਤੇ ਬਿਬੇਕ ਦੀ ਦ੍ਰਿਸ਼ਟੀ ਵਿਚ ਕਿਰਦਾਰ ਅਤੇ ਅਮਲ ਦੇ ਬਿਰਤਾਂਤ ਨੂੰ ਘੜਦੀ ਹੈ । ਜਿਸ ਦਾ ਕੇਂਦਰੀ ਧੁਰਾ ਅਕਲ ਦੇ ਖ਼ੋਜੀਆਂ ਦੀ ਅਕਾਲ ਧਰਮ ਦੇ ਨੇਮ ਵਿਚਲੀ ਬਾਜ਼ ਉਡਾਰੀ ਹੈ। ਪਤੰਗੇ ਵਾਲਾ ਇਸ਼ਕ ਨਹੀਂ ਹੈ। ਬਾਦਸ਼ਾਹ ਦਰਵੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਦਾ ਮਾਰਗ “ਹੱਕ-ਰਾ ਮਹਿਬੂਬ ਤੋਂ ਤਾਲਿਬੋ ਮਤਲੂਬ” ਦਾ ‘ਪ੍ਰੇਮ’ ਉਹੀ ਹੈ ਜੋ ਗੁਰੂ ਨਾਨਕ ਜੀ ਦੀ ਪਾਤਸ਼ਾਹੀ ਦਾ “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥” ਅਤੇ “ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ॥” ਹੈ।
ਭਾਈ ਗੁਰਦਾਸ ਜੀ ਦੀ ਗਵਾਹੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ “ਤੀਸਰ” ਪੰਥ “ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ”; ਜਿਸ ਦੀ ਤਾਈਦ ਮਜ਼ੀਦ ਭਾਈ ਪ੍ਰਹਿਲਾਦ ਸਿੰਘ ਜੀ “ਪੰਥ ਚੱਲਿਓ ਹੈ ਜਗਤ ਮੈ ਗੁਰੂ ਨਾਨਕ ਪ੍ਰਸਾਦਿ” ਰਾਹੀਂ ਕਰਦੇ ਹਨ । ਜਿਸ ਨੂੰ ਸੰਪੂਰਨਤਾ ਵਿਚ ਬੱਝਾ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ 1 ਵਿਸਾਖ ਨੂੰ ਤੇ ਇੰਜ ਸਿੱਖੀ ਦੇ ਵਿਕਾਸ ਦਾ ਵਿਗਸਿਆ ਰੂਪ 1 ਵਿਸਾਖ 1469 ਤੋਂ 1699 ਵਿਚ ਆ ਕੇ “ਜਨ ਭਈ ਖ਼ਾਲਸੇ” ਵਿਚ ਪ੍ਰਗਟ ਹੋ ਗਿਆ । ਸੰਪੂਰਨ ਹੋ ਗਿਆ ।
ਇਹ ਪੈਂਡਾ ‘ਭੱਦਣ’ ਅਤੇ ‘ਜਨੇਊ’ ਦੀ ਬ੍ਰਾਹਮਣੀ ਰੀਤ ਦੀ ਗ਼ੁਲਾਮੀ ਤੋਂ ਪ੍ਰਭੁਤਾ ਦੀ ਸੰਪੰਨਤਾ ਦੀ ਸੁਤੰਤਰਤਾ ਨਾਲ ਆਰੰਭ ਹੋ ਕੇ; ‘ਮਨੂ ਸਿੰਮ੍ਰਤੀ’ ਦੇ ਸਦੀਵੀ ਖ਼ਾਤਮੇ ਨਾਲ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ । 1 ਵੈਸਾਖ 1699 ਤੋਂ ਪਹਿਲਾਂ ਮੁਗ਼ਲ ਸਾਮਰਾਜ ਵਿਚ ਬ੍ਰਾਹਮਣ ਦੀ ਮਿਲੀਭੁਗਤ ਨਾਲ; ਮੁਗ਼ਲ ਕਾਲ ਵਿਚ ਵੀ ‘ਹਿੰਦੂਆਂ’ ਲਈ ਨਿਆਂ ਦੀ ਪ੍ਰਣਾਲੀ ਵਿਚ ਇਨਸਾਫ਼ ਕਰਨ ਦਾ ਪ੍ਰਬੰਧਕ ‘ਬ੍ਰਾਹਮਣ’ ਅਤੇ ਨਿਆਂ ਦੀ ਕਿਤਾਬ ‘ਮਨੂ ਸਿਮ੍ਰਤੀ’ ਹੀ ਸੀ । ਇਸੇ ਲਈ ਹੀ ਮੁਸਲਮਾਨਾਂ ਲਈ ਕਾਜ਼ੀ ਅਤੇ ਹਿੰਦੂਆਂ ਲਈ ਬ੍ਰਾਹਮਣ ‘ਜੱਜ’ ਦੀ ਭੂਮਿਕਾ ਅਦਾ ਕਰਦਾ ਸੀ । ਚਾਹੇ ਇਹ ਨਾਮ ਨਿਹਾਦ ਹੀ ਹੁੰਦੇ ਸਨ ਤੇ ਮਰਜ਼ੀ ਵਾਲਾ ਹੁਕਮ ਬਾਦਸ਼ਾਹ ਦਾ ਹੀ ਇਨ੍ਹਾਂ ਰਾਹੀਂ ਲਾਗੂ ਕਰਵਾਇਆ ਜਾਂਦਾ ਸੀ, ਪਰ ਇਹ ਵਿਵਸਥਾ ਦਾ ਥੰਮ੍ਹ ਸੀ। ਇਸੇ ਲਈ ਮੁਗ਼ਲ ਸਾਮਰਾਜ ਵਿਚ ਬ੍ਰਾਹਮਣ ‘ਦੀਵਾਨ’ ਦੀ ਪਦਵੀ ਤੇ ਹਮੇਸ਼ਾ ਬਿਰਾਜਮਾਨ ਰਿਹਾ ਹੈ। ਇਹੋ ਦੀਵਾਨ ਹੀ ਕਦੇ ਦੀਵਾਨ ਚੰਦੂ, ਕਦੇ ਦੀਵਾਨ ਟੋਡਰ ਮਲ ਇੱਕ (ਅਕਬਰ ਵੇਲੇ), ਕਦੇ ਦੀਵਾਨ ਟੋਡਰ ਮਲ ਦੋ (ਸ਼ਾਹਜਹਾਂ ਵੇਲੇ), ਕਦੇ ਦੀਵਾਨ ਸੁੱਚਾ ਨੰਦ ਵਜ਼ੀਰ ਖ਼ਾਨ ਵੇਲੇ ਗੈਰ ਮੁਸਲਮਾਨਾਂ ਨੂੰ ਸਜਾ ਦੇ ਕੇ ਮਰਵਾਉਂਦਾ ਰਿਹਾ ਹੈ। ਜਿਸ ਨੂੰ ‘ਹਿੰਦੂਤਵ ਬ੍ਰਾਹਮਣ’ ਨੇ ਹਮੇਸ਼ਾ ਲੁਕੋ ਕੇ ‘ਸਿੱਖ’ ਅਵਾਮ ਨੂੰ ਧੋਖਾ ਦੇਣ ਲਈ, ਹੋਰ ਹੀ ਹੋਰ ਇਤਿਹਾਸ ਘੜ ਕੇ ਸੁਣਾਇਆ, ਪੜ੍ਹਾਇਆ, ਤੇ ਲਿਖਵਾਇਆ ਹੈ । ਸਿੱਖਾਂ ਨੂੰ ਤਾਂ ਅੱਜ ਤਕ ਸਮਝ ਨਹੀਂ ਪਈ ਕਿ ਵਜ਼ੀਰ ਖ਼ਾਨ ਸਰਹਿੰਦ ਦਾ ਦੀਵਾਨ ਤਾਂ ਸੁੱਚਾ ਨੰਦ ਸੀ; ਫਿਰ ਇਹ ਟੋਡਰ ਮੱਲ ਜਿਹੜਾ ਅਕਬਰ ਅਤੇ ਸ਼ਾਹਜਹਾਂ (1665-66 ਇਸਵੀ ਵਿਚ ਜਿਸ ਟੋਡਰ ਮਲ ਦੀ ਮੌਤ ਹੋ ਚੁੱਕੀ ਸੀ) ਵੇਲੇ ਦਾ ਸੀ, ਸਰਹਿੰਦ ਵਿਚ ਕਿਵੇਂ, ਕਿਉਂ ਤੇ ਕਿਸ ਮਕਸਦ ਨਾਲ ਝੂਠਾ ਹੀ ਘੜ ਲਿਆ ਗਿਆ ।
ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਖ਼ਾਲਸੇ ਦਾ ਵਤਨ ਘੜ ਕੇ ਪ੍ਰਗਟ ਕੀਤਾ ਗਿਆ ਸੀ । ਜਿੱਥੋਂ ਸ਼ੂਦਰ ਲਈ “ਹਿੰਦੂ” ਸ਼ਬਦ ਅਤੇ “ਮਨੂ-ਸਿੰਮ੍ਰਤੀ” ਦਾ ਨਾਸ਼ ਕਰ ਕੇ “ਨਾਸ਼ਵਾਦ ਸਿਧਾਂਤ” (Doctrine) ਦਿੱਤਾ ਗਿਆ। ਜਿਸ ਦਾ ਮੂਲ “ਪਿਛਲਾ ਧਰਮ ਨਾਸ਼, ਜਾਤ ਨਾਸ਼, ਕੁਲ ਨਾਸ਼, ਕਿਰਤ ਨਾਸ਼, ਕਰਮ ਨਾਸ਼; ਅਰਥਾਤ ਜ਼ਾਤ-ਪਾਤ, ਜਨਮ, ਦੇਸ਼, ਮਜ੍ਹਬ, ਦੇਵੀ, ਦੇਵਤੇ, ਅਵਤਾਰ, ਪੈਗ਼ੰਬਰ ਸਭ ਦਾ ਤਿਆਗ ਤੋਂ “ਜਨ ਭਏ ਖ਼ਾਲਸਾ” ਦਾ ਪ੍ਰਗਟਾਵਾ ਹੁੰਦਾ ਤੇ ਕੀਤਾ ਗਿਆ। ਇੰਜ ਇਨ੍ਹਾਂ ਸ਼ੂਦਰਾਂ ਅਤੇ ਲਤਾੜਿਆ ਦੇ ਨਾਲੋਂ ਨਾਲ ਹਰ ਵਰਗ ਤੇ ਧਰਮ ਵਿੱਚੋਂ ਨਾਗਰਿਕਾਂ ਨੂੰ “ਧਰਮ-ਅਧਿਕਾਰੀ’, “ਰਾਜ-ਅਧਿਕਾਰੀ” ਅਤੇ “ਪ੍ਰਭੁਤਾ-ਧਾਰੀ” ਮਨੁੱਖ “ਖ਼ਾਲਸਾ” ਪ੍ਰਗਟ ਕੀਤਾ।
22 ਧਾਰ ਦੇ ਬ੍ਰਾਹਮਣ ਹਿੰਦੂ ਰਾਜੇ ਨੂੰ ਇਹੋ ਗੱਲ ਨਾਗਵਾਰ ਸੀ। ਜਿਸ ਲਈ ਇਸ ਕੱਟੜਪੰਥੀ-ਰੂੜ੍ਹੀਵਾਦੀ ਬ੍ਰਾਹਮਣ ਹਿੰਦੂਤਵੀ ਰਾਜਿਆਂ ਨੇ ‘ਮਨੂ ਸਿੰਮ੍ਰਤੀ’ ਦੀ ਰੱਖਿਆ ਅਤੇ ਨਿਆਂ ਤੇ ਰਾਜ ਪ੍ਰਣਾਲੀ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਹੀ “ਖ਼ਾਲਸੇ ਨੂੰ ਖ਼ਾਲਸਾ ਵਤਨ” ਤੋਂ ਮਰਹੂਮ ਕਰਨ ਅਤੇ ਕਰਵਾਉਣ ਲਈ ਹੀ ਵਤਨ ਅਨੰਦਪੁਰ ਤੇ ਕਈ ਹਮਲੇ ਕੀਤੇ; 8 ਮਹੀਨੇ ਤਕ ਘੇਰਾ ਪਾਈ ਰੱਖਿਆ ਅਤੇ ਮੁਗ਼ਲ ਹਕੂਮਤ ਨੂੰ ‘ਮਨੂ ਸਿੰਮ੍ਰਤੀ’ ਦੀ ਵਿਵਸਥਾ, ਰਾਜ, ਪ੍ਰਣਾਲੀ ਅਤੇ ਨਿਆਂ ਸ਼ਾਸਤਰ ਲਈ ਭਾੜੇ ਤੇ “ਖ਼ਾਲਸਾ ਪੰਥ” ਤੇ ਹਮਲਾ ਕਰਨ ਲਈ ਆਪ ਸੱਦਿਆ। ਦੁਸ਼ਮਣ ਅਤੇ ਧਾੜਵੀ ‘ਮਨੂ ਸਿੰਮ੍ਰਤੀ’ ਧਾਰੀ ਕੱਟੜਪੰਥੀ-ਰੂੜ੍ਹੀਵਾਦੀ ਬ੍ਰਾਹਮਣ ਹਿੰਦੂਤਵੀ ਰਾਜੇ ਸਨ । ਵਕਤ ਦੀ ਦੂਜੀ ਹਕੂਮਤ ਜਿਸ ਨਾਲ ਖ਼ਾਲਸੇ ਦੇ ਵਤਨ ਦੀ ਸੀਮਾ ਲਗਦੀ ਸੀ ਮੁਗ਼ਲ ਸ਼ਾਸਕ ਸਨ। ਜਿਨ੍ਹਾਂ ਨੂੰ ‘ਮਨੂ ਸਿੰਮ੍ਰਤੀ’ ਧਾਰੀ ਹਿੰਦੂਤਵੀ ਰਾਜ ਘਰਾਣਿਆਂ ਨੇ ਭਾੜੇ ਤੇ ਪੈਸੇ ਦੇ ਕੇ ਸਹਿਯੋਗੀ ਬਣਾਇਆ ਸੀ । ਇਹੋ ਸਲ ਇਤਿਹਾਸਿਕ ਤੇ ਪ੍ਰਮਾਣਿਤ ਸੱਚ ਹੈ ਜਿਸ ਨੂੰ ਲੁਕਾਇਆ ਜਾਂਦਾ ਹੈ ।
ਜੇ ਪਾਤਸ਼ਾਹ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ‘ਮਨੂ ਸਿੰਮ੍ਰਤੀ’ ਧਾਰੀ ਰਾਜਵੰਸ਼ ਤੇ ਜਾਬਰ ਵਿਦੇਸ਼ੀ ਸਾਮਰਾਜ ਦਾ ਅੰਤ ਨਾਂਹ ਕਰਦੇ ਤਾਂ ਖ਼ਾਲਸੇ ਨੂੰ ਆਪਣਾ ਵਤਨ ਛੱਡਣ ਦੀ ਲੋੜ ਹੀ ਨਹੀਂ ਸੀ ਪੈਣੀ । ਇਹ ਉਹ ਮੂਲ ਸੱਚ ਹੈ ਜਿਸ ਲਈ ਪਾਤਸ਼ਾਹ ਜੀ ਨੇ ਆਪਣਾ ਸਰਬੰਸ ਵਾਰ ਦਿੱਤਾ । ਇਹ ਗੱਲ ਅਤੇ ਤੱਥ ਲਤਾੜਿਆ ਨੂੰ ਸਮਝਣਾ ਤੇ ਅੰਗੀਕਾਰ ਕਰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਨਾਲ ਹੀ ਜਿਹੜੇ ਸਿੱਖਾਂ ਵਿਚ ਜਾਤ ਅਭਿਮਾਨੀ ਲੋਕ ਮੁੜ ‘ਮਨੂ ਸਿੰਮ੍ਰਤੀ’ ਧਾਰੀ ਬਣ ਪਾਤਸ਼ਾਹ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੇ ਇਸ ਉਦੇਸ਼ ਦਾ ਉਲੰਘਣ ਕਰਦੇ ਫਿਰਦੇ ਹਨ ਉਹਨਾਂ ਨੂੰ ਵੀ ਸਿੱਖੀ ਦੀ ਇਸ ਵਿਵਹਾਰਿਕ ਅਤੇ ਅਮਲੀ ਜ਼ਿੰਦਗੀ ਨੂੰ ਧਾਰਨ ਕਰਨਾ ਚਾਹੀਦਾ ਹੈ । ਇਹ ਦੋਵੇਂ ਹੀ ਪੱਖ ਵਰਤਮਾਨ ਵਿਚ ਸਿੱਖੀ ਨਾਲ ਵੈਰ ਕਮਾਉਣ ਵਾਲੇ ਟਕਰਾ ਧਾਰੀ ਬਣ ਚੁੱਕੇ ਹਨ ।
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 23 ਪੋਹ ਅਰਥਾਤ 5 ਜਨਵਰੀ ਵਾਲੇ ਮਹਾਨ ਦਿਨ ਤੇ ਇਸੇ ਦੀ ਹੀ ਸ਼੍ਰੋਮਣੀ ਲੋੜ ਹੈ ।