Close Menu
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
  • contact
Facebook X (Twitter) Instagram YouTube WhatsApp
Atinderpal SinghAtinderpal Singh
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
ਸੰਪਰਕ
Atinderpal SinghAtinderpal Singh
Home»ਜੂਨ ਅਤੇ ਨਵੰਬਰ 84- June 84»ਖ਼ਾਲਸਾ ਪੰਥ ਲਈ ਸੰਦੇਸ਼ – ਜੂਨ 1984 ਦੀ ਪਹਿਲੀ ਪ੍ਰਮਾਣਿਤ ਅੱਖੀਂ ਡਿੱਠੀ ਰਿਪੋਰਟ
ਜੂਨ ਅਤੇ ਨਵੰਬਰ 84- June 84

ਖ਼ਾਲਸਾ ਪੰਥ ਲਈ ਸੰਦੇਸ਼ – ਜੂਨ 1984 ਦੀ ਪਹਿਲੀ ਪ੍ਰਮਾਣਿਤ ਅੱਖੀਂ ਡਿੱਠੀ ਰਿਪੋਰਟ

AtinderpalBy AtinderpalFebruary 14, 2023Updated:February 14, 2023No Comments23 Mins Read
Facebook Twitter WhatsApp Pinterest Email Tumblr
Share
Facebook Twitter WhatsApp Email LinkedIn Pinterest

ਸਮਾਂ ਵਿਹਾ ਕੇ ਸੱਚ ਦੱਸਣਾ ਰਾਜਨੀਤਕ-ਬੌਧਿਕ ਭ੍ਰਿਸ਼ਟਾਚਾਰੀ ਅਮਲ ਹੈ ਜੋ ਕੌਮੀ-ਸਮਾਜਿਕ ਬਰਬਾਦੀ ਤੋਂ ਬਾਅਦ ਤੰਬਾ ਫੂਕਣ ਦਾ ਅਮਲ ਹੁੰਦਾ ਹੈ।
ਸਮੇਂ ਸਿਰ ਸੱਚ ਬੋਲਣਾ ਇੱਕ ਸਮਾਜਿਕ ਕ੍ਰਾਂਤੀ ਹੈ। ਜੋ ਸਮਾਜਿਕ ਪਰਿਵਰਤਨ ਦਾ ਬੀਜਕ ਬਣਦੀ ਹੈ । ਜਿਸ ਵਿਚੋਂ ਨਰੋਏ ਸਮਾਜ ਦੀ ਤੂਈ ਚੱਟਾਨ ਚੀਰ ਕੇ ਆਪਣੇ ਵਜੂਦ ਦੀ ਗਵਾਹੀ ਭਰਦੀ ਹੈ । ਅਜਿਹਾ ਕਿਰਦਾਰ ਸਮਾਜ ਅਤੇ ਕੌਮ ਦੀਆਂ ਅੱਖਾਂ ਖੋਲ੍ਹ ਕੇ ਉਨ੍ਹਾਂ ਵਿਚ ਬਿਬੇਕ ਭਰਦਾ ਹੈ । ਇਸੇ ਗਰਭ ਵਿੱਚੋਂ ਪ੍ਰਭੁਤਾ-ਧਾਰੀ ਸੁਤੰਤਰਤਾ ਦਾ ਜਨਮ ਹੁੰਦਾ ਹੈ । ਸੱਚ ਬੋਲਣ ਵਾਲੇ ਦੀਆਂ ਇਨ੍ਹਾਂ ਜਣਨ ਦਰਦਾਂ ਦੇ ਮਿਲਦੇ ਔਲਾਦ ਵਾਲੇ ਸੁਖ ਨੂੰ ਹੀ ਧਰਮ ਕਹਿੰਦੇ ਹਨ। ਸਿੱਖੀ ਇਸੇ ਦਾ ਨਾਮ ਹੈ । “ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥” ਦੀ ਮੈਨੂੰ ਤਾਂ ਇਹੋ ਵਿਆਖਿਆ ਸਮਝ ਪੈਂਦੀ ਹੈ ।
ਵਰਤਮਾਨ ਵਿਚ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਹਨ। ਸੋਸ਼ਲ ਮੀਡੀਏ ਤੇ ਵੀ ਬਹੁਤ ਕੁਝ ਪਾਇਆ ਗਿਆ ਹੈ। ਜਿਨ੍ਹਾਂ ਨੇ ਹੇਠਲੀ ਸਭ ਤੋਂ ਪਹਿਲੀ ਅੱਖੀਂ ਡਿੱਠੀ ਰਿਪੋਰਟ ਨੂੰ ਹੀ ਟੁਕੜਿਆਂ ਟੁਕੜਿਆਂ ਵਿਚ ਸਾਬਤ ਸੱਚ ਕਰ ਦਿਖਾਇਆ ਹੈ । ਹੁਣ ਲੈਫ. ਜਨ. ਕੁਲਦੀਪ ਸਿੰਘ ਦੀ ਸੱਜਰੀ ਇੰਟਰਵਿਊ ਤੋਂ ਬਾਅਦ ਇਸ ਨੂੰ ਪੜ੍ਹਨਾ ਹੋਰ ਜ਼ਰੂਰੀ ਅਤੇ ਸਾਰਥਿਕ ਬਣ ਜਾਂਦਾ ਹੈ ।

14 ਜੂਨ ਨੂੰ ਛਪ ਕੇ ਤਿਆਰ ਹੋਈ ਤੇ 16 ਜੂਨ 1984 ਨੂੰ ਸ. ਅਤਿੰਦਰ ਪਾਲ ਸਿੰਘ ਇਹ ਰਿਪੋਰਟ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਐਕਟਿੰਗ ਪ੍ਰਧਾਨ ਦੇ ਤੋਰ ਤੇ ਭਾਰਤ ਵਿਚ ਦਿੱਲੀ ਤੋਂ ਅੰਤਰ-ਰਾਸ਼ਟਰੀ ਪੱਧਰ ਤੇ ਦੁਨੀਆ ਦੀਆਂ ਅੰਬੈਸੀਜ਼ ਦੇ ਸਨਮੁਖ ਜਾਰੀ ਕੀਤੀ ਸੀ ।
ਇਹ ਤੀਜੇ ਘੱਲੂਘਾਰੇ ਦੇ ਸਬੰਧ ਵਿਚ ਵਿਸ਼ਵ ਦੇ ਸਨਮੁਖ ਆਇਆ ਪਹਿਲਾ ਉਹ ਦਸਤਾਵੇਜ਼ ਸੀ ਜਿਹੜਾ ਕਿਸੇ ਵੀ ਸਿੱਖ ਸੰਸਥਾ ਦੇ ਪ੍ਰਮੁੱਖ ਨੇ ਜਾਰੀ ਕੀਤਾ । ਇਹ ਪਹਿਲੀ ਪ੍ਰਮਾਣਿਤ ਅੱਖੀਂ ਡਿੱਠੀ ਰਿਪੋਰਟ ਵੀ ਹੈ । ਇਹ ਇਤਿਹਾਸ ਦਾ ਉਹ ਸੁਨਹਿਰਾ ਦਸਤਾਵੇਜ਼ ਹੈ ਜੋ ਸਾਨੂੰ ਸਪਸ਼ਟ ਕਰਦਾ ਹੈ ਕਿ ਪੰਥ ਖ਼ਾਲਸੇ ਨਾਲ ਜੂਨ 1984 ਵਿਚ ਪੰਜਾਬ ਵਿਚ ਅਤੇ ਖ਼ਾਸ ਕਰ ਦਰਬਾਰ ਸਾਹਿਬ ਵਿਚ ਕੀ ਵਾਪਰਿਆ।
ਇਸ ਦਸਤਾਵੇਜ਼ ਨੂੰ ਵੀ ਅਤਿੰਦਰ ਪਾਲ ਸਿੰਘ ਉੱਪਰ ਚੱਲੇ ਸ੍ਰੀ ਦਰਬਾਰ ਸਾਹਿਬ ਜੀ ਦੀ ਜੂਨ’84 ਦੀ ਘੇਰਾਬੰਦੀ, ਦੇਸ਼ ਖ਼ਿਲਾਫ਼ ਬਗ਼ਾਵਤ ਅਤੇ ਇੰਦਰਾ ਗਾਂਧੀ ਦੀ ਸੁਧਾਈ ਸਬੰਧੀ ਚੱਲੇ ਕੇਸਾਂ ਵਿਚ ਸਰਕਾਰ ਨੇ ਅਤਿੰਦਰ ਖ਼ਿਲਾਫ਼ ਸਬੂਤ ਵੱਜੋ ਅਦਾਲਤ ਨੂੰ ਦਿੱਤਾ ਹੈ। ਜਿੱਥੋਂ ਅਦਾਲਤੀ ਕਾਪੀ, ਰਜਿਸਟਰਾਰ ਦੇ ਦਸਤਖ਼ਤ ਨਾਲ ਤਸਦੀਕ ਕੀਤੀ ਲੈ ਕੇ ਆਪ ਤੱਕ ਨਸ਼ਰ ਕੀਤਾ ਜਾ ਰਿਹਾ ਹੈ ।

ਖ਼ਾਲਸਾ ਪੰਥ ਲਈ ਸੰਦੇਸ਼

ਸਿੱਖ ਪੰਥ ਦਾ ਨਿਮਾਣਾ ਸੇਵਕ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਅਤਿੰਦਰਪਾਲ ਸਿੰਘ, ”ਜਿਨ੍ਹਾਂ ਨੇ ਕਿ ਆਪਣੇ ਪ੍ਰਧਾਨ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਹਨ”, ਹੇਠ ਲਿਖੀ ਸਟੇਟਮੈਂਟ ਜਾਰੀ ਕਰਦੇ ਹਨ।
11 ਜੂਨ 1984 ਦੇ ਘੱਲੂਘਾਰੇ ਦੇ ਵਿਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਬਾਬਾ ਥਾਰਾ ਸਿੰਘ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਅਤੇ ਹਜ਼ਾਰਾਂ ਹੀ ਸਿੱਖਾਂ ਨੇ ‘ਰਾਜ ਕਰੇਗਾ ਖ਼ਾਲਸਾ’ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਮੈਂ ਉਨ੍ਹਾਂ 60,000 ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (1944 ਵਿਚ ਸਥਾਪਿਤ) ਦੇ ਮੈਂਬਰਾਂ ਵੱਲੋਂ ਇਨ੍ਹਾਂ ਸਮੂਹ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਾ ਹਾਂ ਅਤੇ ਅੱਜ ਅਸੀਂ ਸਹੁੰ ਖਾਂਦੇ ਹਾਂ ਕਿ ਅਸੀਂ ਇਸ ਉਦੇਸ਼ ਦੀ ਪ੍ਰਾਪਤੀ, ”ਇਕ ਅਜਿਹੇ ਦੇਸ਼ ਕਾਲ ਦੀ ਬਣਤਰ ਨੂੰ ਘੜਨਾ, ਜਿਸ ਵਿਚ ਅਸੀਂ ਆਪਣੀਆਂ ਕੌਮੀ ਭਾਵਨਾਵਾਂ ਦੀ ਪੂਰਤੀ ਕਰ ਸਕੀਏ।” ਲਈ ਸੰਘਰਸ਼ ਜਾਰੀ ਰੱਖਾਂਗੇ। ਸਾਨੂੰ ਮਾਣ ਹੋਵੇਗਾ, ਜੇ ਹੋਰਨਾਂ ਕੌਮੀ ਸਿੱਖ ਨਾਇਕਾਂ ਵਾਂਗ ਸਾਡੀ ਜਾਨ ਵੀ ਚਲੀ ਜਾਵੇ।
ਸਿੱਖ ਧਰਮ ਅੱਜ ਪਿਛਲੇ 400 ਸਾਲਾਂ ਦੇ ਸਮੇਂ ਦੌਰਾਨ ਸਭ ਤੋਂ ਭਿਅੰਕਰ ਤ੍ਰਾਸਦੀ ਵਿਚੋਂ ਗੁਜ਼ਰ ਰਿਹਾ ਹੈ। ਹਿੰਦੂ ਸਰਕਾਰ ਅਤੇ ਇਸ ਦੇ ਲੋਕਾਂ ਦੇ ਦਰਬਾਰ ਸਾਹਿਬ ਅਤੇ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਵਿਚ ਸਥਿਤ ਲਗਭਗ 170 ਗੁਰਦੁਆਰਿਆਂ ਤੇ ਹਮਲਾ ਕਰ ਅਤੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਸਿੱਖਾਂ ਉੱਪਰ ਹਮਲਾ ਕਰ ਖ਼ਾਲਸਾ ਪੰਥ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ।
1947 ਤੋਂ ਲੈ ਕੇ ਅਸੀਂ ਹਿੰਦੂ ਸਰਕਾਰ ਨਾਲ ਆਪਣੀ ਪਛਾਣ, ਧਰਮ ਅਤੇ ਸਭਿਆਚਾਰਕ ਆਜ਼ਾਦੀ ਨੂੰ ਨਿਸ਼ਚਿਤ ਕਰਨ ਲਈ ਵਿਚਾਰਧਾਰਕ ਸੰਘਰਸ਼ ਕਰ ਰਹੇ ਹਾਂ, ਪਰ ਅੱਜ ਤੱਕ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚ ਸਕੇ। ਕੋਈ ਵੀ ਲੋਕਤੰਤਰਿਕ ਰਸਤਾ ਸਾਡੀ ਧਾਰਮਿਕ ਤੇ ਸਭਿਆਚਾਰਕ ਆਜ਼ਾਦੀ ਨੂੰ ਨਿਸ਼ਚਿਤ ਕਰਨ ਵਿਚ ਸਫਲ ਨਹੀਂ ਹੋਇਆ ਅਤੇ ਸਾਡੀ ਹੋਂਦ ਖ਼ਤਰੇ ਵਿਚ ਪੈ ਗਈ ਹੈ।
ਅਸੀਂ ਉਸ ਸਰਕਾਰ ਦੇ ਵਿਰੁੱਧ ਸੰਘਰਸ਼ ਛੇੜਿਆ ਹੈ, ਜਿਹੜੀ ਕਿ ਮਨੁੱਖਤਾ, ਸਭਿਅਤਾ, ਮਾਨ-ਸਨਮਾਨ ਅਤੇ ਭਲਮਾਣਸੀ ਤੋਂ ਵਿਹੂਣੀ ਹੋ ਗਈ ਹੈ।
ਇਹ ਵਹਿਸ਼ੀ ਫ਼ੌਜੀ ਹਮਲਾ 30 ਮਈ, 1984 ਨੂੰ ਸ਼ੁਰੂ ਹੋਇਆ, ਜਿਹੜਾ ਕਿ 3 ਜੂਨ 1984 ਨੂੰ ਸਿੱਖਾਂ ਦੀ ਨਸਲਕੁਸ਼ੀ ਮੁਹਿੰਮ ਵਜੋਂ ਯੋਜਨਾਬੱਧ ਕੀਤਾ ਗਿਆ ਸੀ। 3 ਜੂਨ 1984 ਜੋ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ, ਇਸ ਕਰਕੇ ਜਾਨੀ ਨੁਕਸਾਨ ਵੱਧ ਤੋਂ ਵੱਧ ਹੋਣ ਦੀ ਸੰਭਾਵਨਾ ਸੀ। ਪਰ ਜੋ ਹੋਣੀ ਨੂੰ ਮਨਜ਼ੂਰ ਸੀ, 2 ਜੂਨ 1984 ਨੂੰ ਮੇਜਰ ਜਨਰਲ ਜਾਮਵਾਲ (15ਵੀਂ ਡਵੀਜ਼ਨ) ਨੇ ਸਿੱਖਾਂ ਦੇ ਕਤਲੇਆਮ ਨੂੰ ਨਾਂਹ ਕਰ ਦਿੱਤੀ। ਨਵੇਂ ਸਿਰੇ ਤੋਂ ਹਮਲੇ ਦੀ ਤਿਆਰੀ ਕਰਨ ਨੂੰ 2 ਦਿਨ ਲੱਗ ਗਏ, ਜਿਸ ਕਰਕੇ ਮੌਤਾਂ ਦੀ ਗਿਣਤੀ ਵਿਚ ਕੁਝ ਹੱਦ ਤੱਕ ਕਮੀ ਆਈ। ਤੁਹਾਨੂੰ ਲੋਕਤੰਤਰ ਦੇ ਚੌਥੇ ਥੰਮ੍ਹ ਦੇ ਮੈਂਬਰਾਂ (ਪੱਤਰਕਾਰਾਂ ਨੂੰ) ਇਹ ਯਾਦ ਹੋਣਾ ਚਾਹੀਦਾ ਹੈ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੇ ਉਸੇ ਦਿਨ ਰਾਸ਼ਟਰ ਨੂੰ ਸੰਬੋਧਨ ਕਰਨਾ ਸੀ, ਜੋ ਕਿ ਪੈਦਾ ਹੋ ਰਹੇ ਇਸ ਘਟਨਾਕ੍ਰਮ ਦੀ ਮੰਤਰੀ-ਮੰਡਲ ਵਿਚ ਚਰਚਾ ਕਰਨ ਲਈ ਅੱਗੇ ਪਾ ਦਿੱਤਾ ਗਿਆ।
ਭਾਰਤੀ ਫ਼ੌਜ ਜੋ ਕਿ ਚਾਰ Corps (11 Corps, 10 Corps 1 Corps, 2 Corps) ਦੀ ਸਮਰੱਥਾ ਨਾਲ ਲੈਸ ਸੀ, ਨੂੰ ਸਮੁੰਦਰੀ ਫ਼ੌਜ ਅਤੇ ਹਵਾਈ ਫ਼ੌਜ ਦੀ ਵੀ ਸਹਾਇਤਾ ਪ੍ਰਾਪਤ ਸੀ। ਸਿੱਖਾਂ ਲਈ ਸਾਰਾ ਪੰਜਾਬ ਹੀ ਜੇਲ੍ਹ ਵਿਚ ਤਬਦੀਲ ਹੋ ਗਿਆ।
1 ਜੂਨ 1984 ਨੂੰ ਪਵਿੱਤਰ ਦਰਬਾਰ ਸਾਹਿਬ ਕੰਪਲੈਕਸ ਤੇ ਬੀ. ਐਸ. ਐਫ. ਅਤੇ ਸੀ. ਆਰ. ਪੀ. ਐਫ. ਵਲੋਂ ਹਮਲਾ ਕੀਤਾ ਗਿਆ ਤਾਂ ਜੋ ਸਿੱਖਾਂ ਨੂੰ ਭੜਕਾਇਆ ਜਾ ਸਕੇ, ਪਰ ਸਿੱਖ ਕੌਮੀ ਨਾਇਕਾਂ ਨੇ ਪੂਰਨ ਸੰਜਮ ਵਰਤਿਆ ਅਤੇ ਸਾਡੇ 20 ਨੌਜਵਾਨ ਬਿਨਾਂ ਕਿਸੇ ਜਵਾਬੀ ਕਾਰਵਾਈ ਤੋਂ ਸ਼ਹੀਦ ਕਰ ਦਿੱਤੇ ਗਏ।
5 ਜੂਨ 1984 ਨੂੰ ਭਾਰਤ ਦੀ ਧਰਮ ਨਿਰਪੱਖ ਸਰਕਾਰ ਦੀ ਭਾਰਤੀ ਫ਼ੌਜ ਨੇ ਪਾਵਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੱਲਾ ਬੋਲ ਦਿੱਤਾ। ਇਸ ਪਹਿਲੇ ਹਮਲੇ ਵਿਚ ਫ਼ੌਜ ਦਾ ਭਾਰੀ ਨੁਕਸਾਨ ਹੋਇਆ ਤੇ ਇਸ ਨੂੰ ਪਿਛਾਂਹ ਮੁੜਨਾ ਪਿਆ। ਨਵੇਂ ਸਿਰੇ ਤੋਂ ਹੋਰ ਫ਼ੌਜੀ ਕੁਮਕ ਬੁਲਾਈ ਗਈ।
ਮੈਂ ਸਰਕਾਰ ਦੇ ਫ਼ੌਜੀ ਕਾਰਵਾਈ ਵਿਚ ਵਰਤੇ ਗਏ ਹਥਿਆਰਾਂ ਦੇ ਝੂਠੇ ਦਾਅਵਿਆਂ ਨੂੰ ਨੰਗਿਆਂ ਕਰਨਾ ਚਾਹੁੰਦਾ ਹਾਂ। ਭਾਰਤੀ ਫ਼ੌਜ ਹੇਠ ਲਿਖੇ ਰੂਸੀ ਹਥਿਆਰਾਂ ਨਾਲ ਲੈਸ ਸੀ।
1. 130 ਮਿ.ਮੀ. ਆਰਟਿਲਰੀ ਗੰਨਜ਼
2. ਬਖਤਰਬੰਦ ਗੱਡੀਆਂ
3. 42 ਟੈਂਕ
4. 3.7” ਰਾਕਟ ਲਾਂਚਰ
5. ਲੇਜ਼ਰ ਬੀਮਜ਼
6. 27 ਫੀਲਡ ਬੰਬ
7. ਜ਼ਹਿਰੀਲੀ ਲੀਥਲ ਗੈਸ
ਸਿੱਖ ਆਪਣੀ ਬਹਾਦਰੀ ਲਈ ਜਾਣੇ ਜਾਂਦੇ ਹਨ ਅਤੇ ਇਹ ਉਹਨਾਂ ਕੌਮੀ ਸਿੱਖ ਨਾਇਕਾਂ ਵਜੋਂ ਫ਼ੌਜ ਦੇ ਕੀਤੇ ਗਏ ਸਾਹਮਣੇ ਨਾਲ ਸਿੱਧ ਕਰ ਦਿੱਤਾ ਗਿਆ। ਧਰਮ ਸਥਾਨਾਂ ਦੀ ਪਵਿੱਤਰਤਾ ਦੀ ਰਾਖੀ ਕਰਦਿਆਂ ਇਹਨਾਂ ਸਿੱਖ ਆਜ਼ਾਦੀ ਘੁਲਾਟੀਆਂ ਵੱਲੋਂ ਬੇਮਿਸਾਲ ਬਹਾਦਰੀ ਵਿਖਾਈ ਗਈ। ਇਹ ਸਿੱਖ ਨੌਜਵਾਨ ਜੋ ਕਿ 8 ਤੋਂ 16 ਸਾਲ ਦੀ ਉਮਰ ਦੇ ਵਿਚਕਾਰ ਸਨ, ਨੇ ਆਪਣੇ ਆਪ ਨਾਲ ਵਿਸਫੋਟਕ ਪਦਾਰਥਾਂ ਨੂੰ ਲਪੇਟ ਲਿਆ ਅਤੇ ਬਖਤਰਬੰਦ ਗੱਡੀਆਂ ਤੇ ਟੈਂਕਾਂ ਨੂੰ ਤਬਾਹ ਕਰ ਦਿੱਤਾ। ਇਹ ਕੰਮ ਉਨ੍ਹਾਂ ਨੇ ਕੋਈ ਰਾਕਟ-ਲਾਂਚਰ ਦੀ ਵਰਤੋਂ ਨਾਲ ਨਹੀਂ ਕੀਤਾ, ਕਿਉਂਕਿ ਉਨ੍ਹਾਂ ਕੋਲ ਅਜਿਹਾ ਕੁਝ ਵੀ ਨਹੀਂ ਸੀ। ਸਿੱਖ ਸੰਗਤ ਜੋ ਕਿ ਲਗਭਗ 6000 ਦੀ ਕਰੀਬ ਸੀ (ਜਿਨ੍ਹਾਂ ਵਿਚੋਂ ਨੂੰ1200 ਨੇ ਆਤਮ-ਸਮਰਪਣ ਕੀਤਾ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਫ਼ਤਰੀ ਰਿਪੋਰਟ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਮੈਂਬਰ ਸਨ) ਨੇ ਟੈਂਕਾਂ ਨੂੰ ਰੋਕਣ ਲਈ ਉਨ੍ਹਾਂ ਅੱਗੇ ਪੈ ਕੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਪਰ ਇਸ ਵਹਿਸ਼ੀ ਹਿੰਦੂ ਫ਼ੌਜ ਨੂੰ ਇਨ੍ਹਾਂ ਉੱਪਰੋਂ ਲੰਘਣ ਵਿਚ ਕੋਈ ਹਿਚਕਿਚਾਹਟ ਮਹਿਸੂਸ ਨਹੀਂ ਹੋਈ ਅਤੇ ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ 27 ਐਲ.ਬੀ.ਐੱਸ. ਫੀਲਡ ਬੰਬਾਂ ਅਤੇ 3.7” ਰਾਕਟ ਲਾਂਚਰਾਂ ਨਾਲ ਹਮਲਾ ਬੋਲ ਦਿੱਤਾ।
ਸਾਡੇ ਬਹਾਦਰ ਸਿੱਖ ਆਜ਼ਾਦੀ ਘੁਲਾਟੀਆਂ ਨੇ 5000 ਤੋਂ ਵੱਧ ਭਾਰਤੀ ਫ਼ੌਜ ਦੇ ਬੰਦਿਆਂ ਨੂੰ ਮਾਰ ਦਿੱਤਾ। ਜਿਹੜੇ ਸੱਚ ਨੂੰ ਵੱਖ-ਵੱਖ ਫ਼ੌਜੀ ਅਤੇ ਸਿਵਲ ਹਸਪਤਾਲਾਂ ਵਿਚ ਦਾਖਲ ਫ਼ੌਜੀਆਂ ਦੇ ਵੇਰਵਿਆਂ ਤੋਂ ਤਸਦੀਕ ਕੀਤਾ ਜਾ ਸਕਦਾ ਹੈ। ਭਾਵੇਂ ਕਿ ਸਰਕਾਰ ਨੇ ਇਸ ਸਚਾਈ ਨੂੰ ਦਬਾ ਲਿਆ ਹੈ। ਪਰ ਅੰਮ੍ਰਿਤਸਰ ਵਿਚ ਰਹਿਣ ਵਾਲੇ ਹਰ ਸਿੱਖ ਅਤੇ ਹੋਰ ਨਾਗਰਿਕਾਂ ਦੀ ਜਾਣਕਾਰੀ ਵਿਚ ਇਹ ਸ਼ਾਮਲ ਹੈ ਕਿ ਤਿੰਨ ਕਮਾਂਡੋ ਬਟਾਲੀਅਨਾਂ (ਗੜ੍ਹਵਾਲ, ਬਿਹਾਰੀ, ਡੋਗਰਾ) ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ ਹੈ।
350 ਸਿੱਖ ਆਜ਼ਾਦੀ ਘੁਲਾਟੀਏ ਇਨ੍ਹੀਂ ਜ਼ਿਆਦਾ ਭਾਰੀ ਫ਼ੌਜ ਨਾਲ ਅੰਤਿਮ ਸਵਾਸਾਂ ਤੱਕ ਇੰਨੀ ਬਹਾਦਰੀ ਨਾਲ ਲੜੇ ਕਿ ਭਾਰਤੀ ਫ਼ੌਜਾਂ ਨੂੰ ਲਗਭਗ ਇਕ ਲੱਖ ਵਰਗ ਫੁੱਟ ਦੇ ਏਰੀਏ ਤੇ ਕਾਬਜ਼ ਹੋਣ ਲਈ ਤਿੰਨ ਦਿਨ ਲੱਗ ਗਏ।
ਅਸੀਂ ਆਪਣੇ ਉਨ੍ਹਾਂ ਬਹਾਦਰ ਭਰਾਵਾਂ ਨੂੰ ਸਲਾਮ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਉਨ੍ਹਾਂ ਵਾਂਗ ਹੀ ਜੂਝਣ ਦੀ ਪ੍ਰੇਰਨਾ ਅਤੇ ਜਜ਼ਬਾ ਸਾਡੇ ਵਿਚ ਵੀ ਪੈਦਾ ਹੋਵੇ।
ਇੱਥੇ ਮੈਂ ਇਹ ਗੱਲ ਵੱਲ ਵੀ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਫ਼ੌਜੀ ਅਫ਼ਸਰਾਂ ਵੱਲੋਂ ਨਿੱਜੀ ਤੌਰ ‘ਤੇ 8 ਸਾਲ ਤੋਂ 12 ਸਾਲ ਦੇ ਬੱਚਿਆਂ ਨੂੰ ਇਹ ਪੁੱਛਿਆ ਗਿਆ ਕਿ ਕੀ ਉਹ ਅਜੇ ਵੀ ਖਾਲਸਤਾਨ ਚਾਹੁੰਦੇ ਹਨ। ਜਦੋਂ ਉਹਨਾਂ ਬੱਚਿਆਂ ਨੇ ਹਾਂ ਪੱਖੀ ਉੱਤਰ ਦਿੱਤਾ ਤਾਂ ਉਨ੍ਹਾਂ ਨੂੰ ਭਾਰਤੀ ਫ਼ੌਜ ਦੇ ਜੁਆਨਾਂ ਦੁਆਰਾ ਗੋਲੀ ਨਾਲ ਉਡਾ ਦਿੱਤਾ ਗਿਆ। ਇਹ ਸਾਰੇ ਬੱਚੇ ਖ਼ਾਲਸਾ ਪੰਥ ਦੇ ਸੁਨਹਿਰੀ ਵਿਰਸੇ ਨੂੰ ਉੱਚਾ ਰੱਖਦੇ ਹੋਏ ਸ਼ਹੀਦ ਹੋ ਗਏ।
ਪਵਿੱਤਰ ਸਥਾਨ ਨੂੰ ਅਪਵਿੱਤਰ ਕਰ ਦਿੱਤਾ ਗਿਆ। ਸ੍ਰੀ ਦਰਬਾਰ ਸਾਹਿਬ ਤੇ 400 ਤੋਂ ਵੱਧ ਗੋਲੀਆਂ ਦੇ ਨਿਸ਼ਾਨ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਤਿਹਾਸਕ ਸਰੂਪ ਤੇ ਵੀ ਜ਼ਖ਼ਮ ਕਰ ਦਿੱਤੇ ਗਏ। ਸ੍ਰੀ ਦਰਬਾਰ ਸਾਹਿਬ ਜੀ ਦੇ ਗ੍ਰੰਥੀ ਭਾਈ ਰਾਮ ਸਿੰਘ ਜੀ ਦੀ ਵੀ ਗੰਭੀਰ ਜ਼ਖ਼ਮੀ ਹੋ ਗਏ। ਹਜ਼ੂਰੀ ਰਾਗੀ ਜਥਾ ਭਾਈ ਅਮਰੀਕ ਸਿੰਘ ਜੀ ਦੀ ਪਵਿੱਤਰ ਦਰਬਾਰ ਸਾਹਿਬ ਵਿਚ ਹੀ ਗੋਲੀਆਂ ਨਾਲ ਸ਼ਹਾਦਤ ਹੋ ਗਈ।
ਪਵਿੱਤਰ ਸਰੋਵਰ ਜੋ ਕਿ ਸਿੱਖ ਭਾਈਚਾਰੇ ਲਈ ਪ੍ਰੇਰਨਾ ਸ੍ਰੋਤ ਹੈ, ਨੂੰ ਵੀ ਸਿੱਖ ਸ਼ਹੀਦਾਂ ਦੇ ਮ੍ਰਿਤਕ ਸਰੀਰਾਂ ਨਾਲ ਭਰ ਦਿੱਤਾ ਗਿਆ ਜੋ ਕਿ ਭਾਰਤੀ ਫ਼ੌਜ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਗਏ ਸੀ। ਥੜ੍ਹਾ ਸਾਹਿਬ ਅਤੇ ਉਸ ਦੇ ਸਾਹਮਣੇ ਦੀ ਡਿਉੜੀ ਪੂਰੀ ਤਰ੍ਹਾਂ ਤਬਾਹ ਕਰ ਦਿੱਤੇ ਗਏ।
ਹਜ਼ਾਰਾਂ ਦੀ ਬੇਸ਼ਕੀਮਤੀ ਹੱਥ-ਲਿਖਤਾਂ, ਜਿਨ੍ਹਾਂ ਵਿਚ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਕਿ ਸਿੱਖ ਖੋਜ ਅਤੇ ਹਵਾਲਾ ਲਾਇਬ੍ਰੇਰੀ ਵਿਚ ਸਨ, ਭਾਰਤੀ ਫ਼ੌਜ ਵੱਲੋਂ ਸੁਆਹ ਕਰ ਦਿੱਤੇ ਗਏ। ਸ੍ਰੀ ਗੁਰੂ ਨਾਨਕ ਨਿਵਾਸ ਨੂੰ ਵੀ ਜਲਾ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਰਬਾਰ ਸਾਹਿਬ ਦੇ ਸਾਰੇ ਰਿਕਾਰਡ ਸੁਆਹ ਕਰ ਦਿੱਤੇ ਗਏ।
ਦਰਸ਼ਨੀ ਡਿਉੜੀ ਵੀ ਮੁਕੰਮਲ ਤੌਰ ‘ਤੇ ਤਬਾਹ ਹੋ ਚੁੱਕੀ ਸੀ ਅਤੇ ਤੋਸ਼ਾਖ਼ਾਨਾ ਨੂੰ ਲੁੱਟਿਆ ਜਾ ਚੁੱਕਾ ਸੀ। ਤੋਸ਼ੇਖ਼ਾਨੇ ਵਿਚ ਮੌਜੂਦ ਚਾਂਦੀ ਅਤੇ ਸੋਨੇ ਦੇ ਪਾਲਕੀ ਸਾਹਿਬ ਤਬਾਹ ਕਰ ਦਿੱਤੇ ਗਏ। ਗੁਰੂ ਗ੍ਰੰਥ ਸਾਹਿਬ ਜੀ ਦੇ ਕੀਮਤੀ ਰੁਮਾਲੇ ਲੁੱਟੇ ਅਤੇ ਤਬਾਹ ਕਰ ਦਿੱਤੇ ਗਏ। ਚਾਨਣੀ ਸਾਹਿਬ ਉੱਤੇ ਸੁਸ਼ੋਭਿਤ ਕੀਮਤੀ ਗਹਿਣੇ ਅਤੇ ਹੀਰੇ ਜਵਾਹਰਾਤ ਅਤੇ ਹੋਰ ਖ਼ਜ਼ਾਨੇ ਫ਼ੌਜ ਵੱਲੋਂ ਲੁੱਟ ਲਏ ਗਏ ਅਤੇ ਚਾਂਦਨੀ ਸਾਹਿਬ ਨੂੰ ਜਲਾ ਦਿੱਤਾ ਗਿਆ। ਇਹ ਕੀਮਤੀ ਗਹਿਣੇ ਹੁਣ ਭਾਰਤੀ ਫ਼ੌਜ ਦੇ ਉਹਨਾਂ ਅਫ਼ਸਰਾਂ, ਜਿਨ੍ਹਾਂ ਨੇ ਇਸ ਫ਼ੌਜੀ ਕਾਰਵਾਈ ਵਿਚ ਭਾਗ ਲਿਆ ਸੀ) ਦੀਆਂ ਪਤਨੀਆਂ ਦੇ ਗਲੇ ਦਾ ਸ਼ਿੰਗਾਰ ਹਨ। ਬੇਸ਼ਕੀਮਤੀ ਖ਼ਜ਼ਾਨੇ ਅਤੇ ਪੁਸ਼ਤੈਨੀ (ਪਾਰੰਪਰਿਕ) ਹਥਿਆਰ ਜੋ ਕਿ ਗੁਰੂ ਸਾਹਿਬ ਅਤੇ ਹੋਰ ਸਿੱਖ ਜਰਨੈਲਾਂ ਜਿਵੇਂ ਬਾਬਾ ਦੀਪ ਸਿੰਘ ਜੀ ਦੇ ਆਦਿਕ ਵੀ ਲੁੱਟ ਲਏ ਗਏ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭਾਰਤੀ ਸਰਕਾਰ ਦੁਆਰਾ ਇਸ ਵਹਿਸ਼ੀਆਨਾ ਤਬਾਹੀ ਨੂੰ ਸਿੱਖਾਂ ਦੁਆਰਾ ਉਸੇ ਤਰ੍ਹਾਂ ਯਾਦ ਰੱਖਿਆ ਜਾਵੇਗਾ, ਜਿਸ ਤਰ੍ਹਾਂ ਯੂਰਪੀਨ ਵੱਲੋਂ 1857 ਵਿਚ ਚੀਨ ਦੀ ਫ਼ਾਰਬਿਡੱਨ ਸਿਟੀ ਦੀ ਤਬਾਹੀ ਨੂੰ ਚੀਨੀ ਯਾਦ ਰੱਖਦੇ ਹਨ।
ਸਰਕਾਰੀ ਪੱਖ ਅਨੁਸਾਰ ਸਰਕਾਰ ਸਿਰਫ਼ 27 ਕਥਿਤ ਕੱਟੜਪੰਥੀਆਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ ਜੋ ਕਿ ਉਨ੍ਹਾਂ ਅਨੁਸਾਰ ਦਰਬਾਰ ਸਾਹਿਬ ਸਮੂਹ ਅੰਦਰ ਲੁਕੇ ਹੋਏ ਸਨ। ਸਾਕਾ ਨੀਲਾ ਤਾਰਾ ਇਸੇ ਲਈ ਹੀ ਕੀਤਾ ਗਿਆ। ਪਰ ਅਮਲ ਵਿਚ ਸਰਕਾਰ ਨੇ ਹਰ ਸਿੱਖ ਨੂੰ ਦੁਸ਼ਮਣ ਘੋਸ਼ਿਤ ਕਰ ਦਿੱਤਾ ਹੈ। ਹਮਲੇ ਦੀ ਪੂਰਵ-ਸੰਧਿਆ ਨੂੰ ਪ੍ਰਧਾਨ ਮੰਤਰੀ ਦੁਆਰਾ ਜਾਰੀ ਬਿਆਨ ਵਿਚ ਇਹ ਪ੍ਰਤੀਤ ਹੋ ਰਿਹਾ ਸੀ, ਜਿਵੇਂ ਕਿਸੇ ਰਾਸ਼ਟਰ ਦਾ ਪ੍ਰਤੀਨਿਧ, ਕਿਸੇ ਹੋਰ ਦੁਸ਼ਮਣ ਰਾਸ਼ਟਰ ਤੇ ਹਮਲਾ ਕਰਨ ਤੋਂ ਪਹਿਲਾਂ ਆਪਣੇ ਲੋਕਾਂ ਨੂੰ ਸੰਬੋਧਨ ਕਰ ਰਿਹਾ ਹੋਵੇ।
ਸ੍ਰੀ ਦਰਬਾਰ ਸਾਹਿਬ ਅਤੇ 37 ਹੋਰ ਪ੍ਰਸਿੱਧ ਇਤਿਹਾਸਕ ਗੁਰਦੁਆਰੇ, ਜਿਨ੍ਹਾਂ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਮੁਕਤਸਰ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਸਾਹਿਬ ਮੋਗਾ ਅਤੇ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ ਦੇ ਸ਼ਹੀਦੀ ਸਥਾਨ ਚਮਕੌਰ ਸਾਹਿਬ ਅਤੇ ਬਾਬਾ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਜੀ ਦਾ ਸ਼ਹੀਦੀ ਸਥਾਨ ਸਰਹਿੰਦ ਹਾਲੇ ਵੀ ਕਬਜ਼ੇ ਅਧੀਨ ਹਨ।
ਸਾਰੇ ਪੰਜਾਬ ਉੱਪਰ ਇਕ ਦੁਸ਼ਮਣ ਦੇਸ਼ ਦੀ ਤਰ੍ਹਾਂ ਕਬਜ਼ਾ ਕੀਤਾ ਹੋਇਆ ਹੈ ਕਿਉਂਕਿ ਭਾਰਤੀ ਸਰਕਾਰ ਆਪਣੀ ਇਸ ਲੁੱਟ ਨਾਲ ਅਜੇ ਸੰਤੁਸ਼ਟ ਨਹੀਂ ਹੋਈ। ਜੋ ਕਿ ਇਸ ਦੇ 37 ਸਾਲ ਦੇ ਬਸਤੀਵਾਦੀ ਰਾਜ ਦੌਰਾਨ ਕੀਤੀ ਹੈ। ਖ਼ਾਲਸਾ ਜੀ ਅਤੇ ਲੋਕਤੰਤਰ ਦੇ ਚੌਥੇ ਥੰਮ (ਮੀਡੀਆ) ਦੇ ਮੈਂਬਰੋ, ਕੀ ਤੁਸੀਂ ਇਸ ਸਬੰਧ ਵਿਚ ਗ਼ੌਰ ਫ਼ਰਮਾਉਗੇ ਕਿ ਬੰਗਲਾ ਦੇਸ਼ ਤੋਂ ਵੀ ਇਕ ਮਹੀਨੇ ਵਿਚ ਫ਼ੌਜ ਹਟਾ ਲਈ ਗਈ ਸੀ, ਪਰ ਸਿੱਖ ਕਿਉਂਕਿ ਭਾਰਤ ਦੇ ਸਭ ਤੋਂ ਭੈੜੇ ਦੁਸ਼ਮਣ ਹਨ, ਇਸ ਲਈ ਉਨ੍ਹਾਂ ਦੇ ਇਲਾਕੇ ਤੇ ਕਬਜ਼ਾ ਹਾਲੇ ਵੀ ਜਾਰੀ ਹੈ।
ਭਾਰਤ ਸਰਕਾਰ ਨੇ ਇਸ ਕਾਰਵਾਈ ਵਿਚ ਮਾਰੇ ਗਏ ਫ਼ੌਜੀ ਜਵਾਨਾਂ ਦੇ ਪਰਿਵਾਰਾਂ ਨੂੰ ਇਕ ਲੱਖ ਰੁਪਏ ਦੀ Ex-Gratia Grant ਅਰਥਾਤ ਬਖ਼ਸ਼ਸ਼ ਵਜੋਂ ਗ੍ਰਾਂਟ ਦੇਣ ਦੀ ਘੋਸ਼ਣਾ ਕੀਤੀ ਹੈ। ਇਹ ਫ਼ਾਇਦੇ 1962, 1965 ਅਤੇ 1971 ਦੀ ਜੰਗ ਦੌਰਾਨ ਮਾਰੇ ਗਏ ਫ਼ੌਜੀ ਜਵਾਨਾਂ ਨੂੰ ਨਹੀਂ ਦਿੱਤੇ ਗਏ। ਸਿੱਖਾਂ ਵਿਰੁੱਧ ਕਿੰਨਾ ਜ਼ਹਿਰ ਭਾਰਤੀ ਮਾਨਸਿਕਤਾ ਵਿਚ ਭਰ ਚੁੱਕਾ ਹੈ।
ਸਾਰਾ ਪੰਜਾਬ (ਪੇਂਡੂ ਅਤੇ ਸ਼ਹਿਰੀ) ਖ਼ਾਸ ਕਰਕੇ ਪੇਂਡੂ ਇਲਾਕਾ ਇਸ ਕਥਿਤ ਨਸਲਕੁਸ਼ੀ ਦੀ ਸਫ਼ਾਈ ਕਾਰਵਾਈ ਹੇਠ ਤ੍ਰਾਹ-ਤ੍ਰਾਹ ਕਰ ਰਿਹਾ ਹੈ। ਇਸ ਕਾਰਵਾਈ ਵਿਚ ਬੇਕਸੂਰ ਸਿੱਖ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ। ਨੌਜਵਾਨ ਸਿੱਖ ਮੁੰਡੇ ਕੁੜੀਆਂ ਨੂੰ ਘਰਾਂ ਵਿਚੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਪੱਗਾਂ ਉਤਾਰ ਕੇ ਹੱਥ ਪਿਛਾਂਹ ਬੰਨ੍ਹ ਦਿੱਤੇ ਜਾਂਦੇ ਹਨ। ਕੇਸ ਖੋਲ੍ਹ ਦਿੱਤੇ ਜਾਂਦੇ ਹਨ ਤਾਂ ਜੋ ਉਹ ਦੇਖ ਨਾ ਸਕਣ ਅਤੇ ਸ਼ਰੇਆਮ ਪੇਂਡੂ ਲੋਕਾਂ ਦੇ ਸਾਹਮਣੇ ਨੇੜੇ ਤੋਂ ਗੋਲੀ ਮਾਰ ਦਿੱਤੀ ਜਾਂਦੀ ਹੈ।
20,000 ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ ਜਾ ਚੁੱਕੇ ਹਨ ਅਤੇ 50,000 ਦੀ ਕੋਈ ਉੱਘ-ਸੁੱਘ ਨਹੀਂ ਹੈ। ਡਰ ਹੈ ਕਿ ਉਹਨਾਂ ਨੂੰ ਵੀ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਹੈ ਜਾਂ ਮਾਰ ਦਿੱਤਾ ਜਾਵੇਗਾ। ਤਸੀਹਾ ਕੇਂਦਰ ਕੈਂਪ ਜੋ ਕਿ ਲੱਦਾ ਕੋਠੀ ਜ਼ਿਲ੍ਹਾ ਸੰਗਰੂਰ, ਚੰਡੀ ਮੰਦਿਰ ਚੰਡੀਗੜ੍ਹ, ਪਟਿਆਲਾ ਕਿਲ੍ਹਾ ਪਟਿਆਲਾ ਵਿਖੇ, ਮੇਰਠ ਕੈਂਟ, ਆਗਰਾ ਕੈਂਟ, 3 EME ਸੈਂਟਰ ਬੈਰਾਗੜ੍ਹ ਭੋਪਾਲ, ਬਬੀਨਾ, ਮਹੂ ਗਵਾਲੀਅਰ ਮੱਧ ਪ੍ਰਦੇਸ਼ ਵਿਚ, NDA ਖੜਕਵਾਸਲਾ ਪੂਨਾ ਅਤੇ ਰਾਜਸਥਾਨ ਵਿਚ ਜੈਪੁਰ ਵਿਖੇ ਸਿੱਖ ਨੌਜਵਾਨਾਂ ਤੋਂ ਇਲਾਵਾ 260 ਨੌਜਵਾਨ ਕੁੜੀਆਂ ਤੇ ਵੀ ਤਸ਼ੱਦਦ ਕੀਤਾ ਜਾ ਰਿਹਾ ਹੈ।
ਇਹ ਕਾਰਵਾਈ ਸਿੱਖਾਂ ਨੂੰ ਜਨਰਲ Cowon I.G.S. ਦੇ ਉਨ੍ਹਾਂ ਵਹਿਸ਼ੀ ਕਾਰਨਾਮਿਆਂ ਦੀ ਯਾਦ ਦਿਵਾਉਂਦੀ ੈ, ਜਿਸ ਨੇ ਮਲੇਰਕੋਟਲਾ ਵਿਖੇ ਸੈਂਕੜੇ ਹੀ ਕੂਕੇ ਸਿੱਖਾਂ ਨੂੰ ਤੋਪਾਂ ਦੇ ਮੂੰਹ ਅੱਗੇ ਖੜ੍ਹੇ ਕਰ ਕੇ ਚੀਥੜੇ-ਚੀਥੜੇ ਕਰ ਊੜਾ ਦਿੱਤਾ। ਜਿਵੇਂ ਅਸੀਂ ਇਸ ਘਟਨਾ ਨੂੰ 100 ਸਾਲ ਬਾਅਦ ਵੀ ਨਹੀਂ ਭੁਲਾ ਸਕੇ, ਉਸੇ ਤਰ੍ਹਾਂ ਇਸ ਘੱਲੂਘਾਰੇ ਨੂੰ ਆਉਣ ਵਾਲੀਆਂ ਸਦੀਆਂ ਤੱਕ ਨਹੀਂ ਭੁਲਾ ਸਕਾਂਗੇ।
ਫ਼ੌਜ ਦੁਆਰਾ ਲਗਭਗ 40,000 ਸਿੱਖ ਘਰਾਂ ਤੇ ਛਾਪੇ ਮਾਰੇ ਗਏ। ਇਨ੍ਹਾਂ ਘਰਾਂ ਨੂੰ ਫ਼ੌਜੀਆਂ ਦੁਆਰਾ ਜਿੱਤ ਦੀ ਖ਼ੁਸ਼ੀ ਮਨਾਉਣ ਲਈ ਬੇਰਹਿਮੀ ਨਾਲ ਲੁੱਟਿਆ ਗਿਆ।
ਹੁਣ ਮੈਂ ਤੁਹਾਨੂੰ ਹਿੰਦੂ ਕੌਮ ਦੁਆਰਾ ਅਦਾ ਕੀਤੇ ਰੋਲ ਬਾਰੇ ਦੱਸਾਂਗਾ। 6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੇ ਕਬਜ਼ਾ ਕਰਨ ਉਪਰੰਤ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਥਾਰਾ ਸਿੰਘ ਅਤੇ ਜਨਰਲ ਸੁਬੇਗ ਸਿੰਘ ਦੀਆਂ ਮ੍ਰਿਤਕ ਦੇਹਾਂ ਨੂੰ ਦਰਸ਼ਨੀ ਡਿਉਢੀ ਦੇ ਸਾਹਮਣੇ ਰੱਖ ਕੇ ਹਿੰਦੂ ਲੋਕਾਂ ਲਈ ਪ੍ਰਦਰਸ਼ਿਤ ਕੀਤੀਆਂ ਗਈਆਂ। ਇਹ ਦੇਖ ਕੇ ਹਿੰਦੂ ਲੋਕਾਂ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਇਹ ਹਿੰਦੂ ਲੋਕ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਆਏ ਕਿਵੇਂ? ਦੁਰਗਿਆਨਾ ਮੰਦਰ ਕਮੇਟੀ, ਹਿੰਦੂ ਮਹਾਂਸਭਾ ਅਤੇ ਹਿੰਦੂ ਸੁਰੱਖਿਆ ਸਮਿਤੀ ਦੇ 240 ਪ੍ਰਤੀਨਿਧੀਆਂ ਨੂੰ ਭਾਰਤ ਸਰਕਾਰ ਦੁਆਰਾ ਸਪੈਸ਼ਲ ਪਾਸ ਮੁਹੱਈਆ ਕਰਵਾਏ ਗਏ। ਦੁਰਗਿਆਨਾ ਮੰਦਰ ਕਮੇਟੀ ਦੇ ਪ੍ਰਬੰਧਕਾਂ ਵੱਲੋਂ ‘ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ’ ਨੂੰ ਫ਼ੌਜ ਦੁਆਰਾ ਮਾਰੇ ਜਾਣ ਤੇ ਫ਼ੌਜ ਨੂੰ ਸਾਢੇ ਸੱਤ ਲੱਖ ਰੁਪਏ ਦਿੱਤੇ ਗਏ।
ਇਹ ਹਿੰਦੂ ਸਾਮਰਾਜ ਦੀ ਜਿੱਤ ਦੀ ਖ਼ੁਸ਼ੀ ਮਨਾਉਣ ਲਈ ਇੰਨੇ ਉਤਾਵਲੇ ਸਨ ਕਿ ਇਹਨਾਂ ਨੇ ਪਵਿੱਤਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀ ਹਦੂਦ ਅੰਦਰ ਹੀ ਫ਼ੌਜ ਨੂੰ ਮਿਠਾਈਆਂ, ਸਿਗਰਟਾਂ, ਮੀਟ, ਸ਼ਰਾਬ ਆਦਿਕ ਵੰਡੀ।
ਇਹ ਗੱਲ ਵੀ ਰਿਕਾਰਡ ਵਿਚ ਦਰਜ ਕੀਤੀ ਜਾਵੇ ਕਿ 9 ਜੂਨ 1984 ਨੂੰ ਭਾਰਤੀ ਫ਼ੌਜ ਦੇ ਦੋ ਜਵਾਨ ਜੋ ਕਿ ਸ੍ਰੀ ਅਕਾਲ ਤਖ਼ਤ ਤੇ ਤਾਇਨਾਤ ਕੀਤੇ ਗਏ ਸਨ, ਨੇ ਆਪਣੇ 35 ਸਾਥੀਆਂ ਨੂੰ ਉਹਨਾਂ ਵੱਲੋਂ ਸਿੱਖਾਂ ਦਾ ਮਖੌਲ ਉਡਾਉਣ ਅਤੇ ਬਿੱਜੂ ਬਣਾਉਣ ਤੇ ਮਾਰ ਮੁਕਾਇਆ। ਮੇਰੀ ਕੌਮ ਅਤੇ ਖ਼ਾਲਸਾ ਪੰਥ ਉਹਨਾਂ ਨੂੰ ਹਮੇਸ਼ਾ ਹੀ ਸ਼ਹੀਦਾਂ ਵਜੋਂ ਯਾਦ ਕਰੇਗਾ।
ਸਿਰਫ਼ ਪੰਜਾਬ ਵਿਚ ਹੀ ਨਹੀਂ ਸਗੋਂ ਸਾਰੇ ਦੇਸ਼ ਵਿਚ ਹਿੰਦੂਆਂ ਨੇ ਇਸ ਜਿੱਤ ਦੀ ਖ਼ੁਸ਼ੀ ਮਨਾਈ ਅਤੇ ਛੋਟੇ-ਛੋਟੇ ਬਹਾਨੇ ਲੈ ਕੇ ਮਜ਼ਾਕ ਉਡਾਉਂਦੇ ਰਹਿੰਦੇ ਹਨ।
ਕੱਟੜ ਪੰਥੀਆਂ ਦੀ ਭਾਲ ਵਿਚ ਕੀਤੀਆਂ ਸਫ਼ਾਈ ਕਾਰਵਾਈਆਂ ਵਿਚ ਵੀ ਹਿੰਦੂ ਲੋਕਾਂ ਨੇ ਸਿੱਖਾਂ ਦੇ ਘਰ ਲੱਭਣ ਲਈ ਫ਼ੌਜ ਦੀ ਪੂਰੀ ਸਹਾਇਤਾ ਕੀਤੀ ਤਾਂ ਕਿ ਫ਼ੌਜ ਉਨ੍ਹਾਂ ਨੂੰ ਕੁੱਟ ਅਤੇ ਮਾਰ ਸਕੇ।
ਮੈਂ ਖ਼ਾਲਸਾ ਪੰਥ ਦਾ ਨਿਮਾਣਾ ਜਿਹਾ ਸੇਵਕ ਪੁਰਜ਼ੋਰਤਾ ਨਾਲ ਇਹ ਦੱਸਣਾ ਚਾਹੁੰਦਾ ਹਾਂ ਕਿ ਫ਼ੌਜ ਨੇ ਸ੍ਰੀ ਅਕਾਲ ਤਖ਼ਤ, ਸ੍ਰੀ ਦਰਬਾਰ ਸਾਹਿਬ ਅਤੇ 170 ਹੋਰ ਗੁਰਦੁਆਰਿਆਂ ਵਿਚੋਂ 500 ਕਰੋੜ ਰੁ. ਤੋਂ ਵੀ ਵੱਧ ਨਕਦੀ ਅਤੇ ਹੋਰ ਸਮਾਨ ਲੁੱਟਿਆ ਹੈ। ਇਹ ਪੈਸਾ ਅਤੇ ਖ਼ਜ਼ਾਨਾ ਖ਼ਾਲਸਾ ਪੰਥ ਦੀ ਮਲਕੀਅਤ ਹੈ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭੇਂਟ ਕੀਤੀ ਗਈ ਸੀ ਤਾਂ ਜੋ ਸਿੱਖ ਯੋਧੇ ਕੌਮ ਦੇ ਮੋਢਿਆਂ ਤੋਂ ਭਾਰਤੀ ਪੰਜਾਲੀ ਲਾਹ ਸਕਣ। ਅਸੀਂ ਇਹ ਲੁੱਟ ਭਾਰਤੀ ਫ਼ੌਜ ਅਤੇ ਭਾਰਤੀ ਸਰਕਾਰ ਤੋਂ ਸਮੇਤ ਸੂਦ ਵਾਪਸ ਲੈਣ ਦਾ ਉਪਰਾਲਾ ਕਰਾਂਗੇ।
ਜੋ ਇਤਿਹਾਸਕ ਹਥਿਆਰ ਸ਼ਰਧਾਵਾਨ ਸਿੱਖਾਂ ਵੱਲੋਂ ਆਪਣੇ ਗੁਰੂਆਂ ਨੂੰ ਦਰਸ਼ਨੀ ਭੇਟਾਂ ਵਜੋਂ ਦਿੱਤੇ ਗਏ ਸਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਕਬਜ਼ਾ ਕਰਨ ਉਪਰੰਤ ਲੁੱਟ ਲਏ ਗਏ ਸਨ, ਨੂੰ ਵੀ ਸ਼ਕਤੀ ਨਾਲ ਹਿੰਦੂ ਭਾਰਤੀ ਫ਼ੌਜ ਤੋਂ ਵਾਪਸ ਲਏ ਜਾਣਗੇ।
ਮੈਂ ਖ਼ਾਲਸਾ ਪੰਥ ਦਾ ਨਿਮਾਣਾ ਜਿਹਾ ਸੇਵਕ ਸਿੱਖ ਜਗਤ ਨੂੰ ਸਾਵਧਾਨ ਕਰਨਾ ਚਾਹੁੰਦਾ ਹਾਂ ਅਤੇ ਹਰ ਇੱਕ ਸਿੱਖ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਹੀ ਕੌਮ ਅੰਦਰ ਛੁਪੇ ਗ਼ੱਦਾਰਾਂ ਤੋਂ ਸੁਚੇਤ ਰਹਿਣ। ਖ਼ਾਸ ਕਰਕੇ ਉਹ ਲੋਕ, ਜਿਨ੍ਹਾਂ ਨੇ ਫ਼ੌਜੀ ਕਾਰਵਾਈ ਦੌਰਾਨ ਆਤਮ-ਸਮਰਪਣ ਕੀਤਾ ਸੀ ਅਤੇ ਕੌਮ ਦੀ ਔਖੀ ਘੜੀ ਵਿਚ ਕੌਮ ਨੂੰ ਇੱਕਮੁੱਠ ਕਰਨ ਅਤੇ ਅਗਵਾਈ ਦੇਣ ਦੀ ਬਜਾਏ ਉਹਨਾਂ ਨੇ ਆਰਾਮਦਾਇਕ ਰੈਸਟ ਹਾਊਸਾਂ (ਸਰਕਾਰ ਦੁਆਰਾ ਜੇਲ੍ਹਾਂ ਵਜੋਂ ਜਾਣੀਆਂ ਜਾਂਦੀਆਂ) ਵਿਚ ਆਰਾਮ ਕਰਨਾ ਵਾਜਬ ਸਮਝਿਆ।
ਅਕਾਲੀ ਦਲ ਜੋ ਕਿ ਬਹਾਦਰ ਸ਼ਹੀਦਾਂ ਦੀ ਜਥੇਬੰਦੀ ਹੈ, ਨੂੰ ਉਹਨਾਂ ਅਖੌਤੀ ਜਥੇਦਾਰਾਂ, ਜਿਨ੍ਹਾਂ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਆਪਣੀਆਂ ਮਨਮਾਨੀਆਂ ਅਤੇ ਰੁਤਬਿਆਂ ਲਈ ਵਰਤਿਆ ਹੈ, ਤੋਂ ਆਪਣੀ ਜਥੇਬੰਦੀ ਨੂੰ ਮੁਕਤ ਕਰਨ ਲਈ ਬੜੀ ਦ੍ਰਿੜ੍ਹਤਾ ਅਤੇ ਉੱਦਮ ਨਾਲ ਕੰਮ ਕਰਨਾ ਚਾਹੀਦਾ ਹੈ।
ਅਕਾਲੀ ਦਲ ਦੇ ਮੈਂਬਰਾਂ ਨੂੰ ਅਤੇ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿਚ ਰਹਿ ਰਹੇ ਸਿੱਖਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਕੁਰਸੀ ਦੇ ਪਿਆਰ ਦੀ ਪੂਰਤੀ ਲਈ ਸਰਕਾਰ ਦੀਆਂ ਖ਼ੁਫ਼ੀਆ ਨੀਤੀਆਂ ਰਾਹੀਂ ਕੌਮ ਨੂੰ ਧੋਖਾ ਦਿੱਤਾ।
ਇਹ ਨਿਸ਼ਚਾ ਸਿਰਫ਼ ਮੇਰਾ ਅਤੇ ਮੇਰੀ ਜਥੇਬੰਦੀ ਦਾ ਹੀ ਨਹੀਂ ਹੈ ਸਗੋਂ ਸਾਰੇ ਸਿੱਖ ਪੰਥ ਦੀ ਆਵਾਜ਼ ਹੈ ਕਿ ਸਿੱਖ ਕੌਮ ਕਿਸੇ ਵੀ ਸਿੱਖ ਨੂੰ ਦੇਸ਼ ਵਿਚ ਭਾਰਤੀ ਸੰਵਿਧਾਨ ਅਧੀਨ ਰਾਜਨੀਤਿਕ ਅਹੁਦੇ ਤੇ ਕਾਬਜ਼ ਨਹੀਂ ਹੋਣ ਦੇਣਗੇ।
ਹੁਣ ਸਮਾਂ ਆ ਗਿਆ ਹੈ ਕਿ ਅਕਾਲੀ ਦਲ ਦਾ ਰਾਜਨੀਤਿਕ ਢਾਂਚਾ ਅੱਗੇ ਆਵੇ ਅਤੇ ਉਸ ਸਮਝੌਤੇ ਨੂੰ ਤੋੜ ਦੇਵੇ, ਜੋ ਉਹਨਾਂ ਨੇ ਹਿੰਦੂ ਲੀਡਰਾਂ ਨਾਲ 1946 ਵਿਚ ਕੀਤਾ ਸੀ। ਇਸ ਲਈ ਕਿ ਭਾਰਤੀ ਸਰਕਾਰ ਸਾਡੀ ਪ੍ਰਤੀਨਿਧਤਾ ਕਰਨ ਦਾ ਅਧਿਕਾਰ ਗੁਆ ਚੁੱਕੀ ਹੈ ਅਤੇ ਸਿੱਖ ਕੌਮ ਇਸ ਸਮਝੌਤੇ ਲਈ ਹੁਣ ਪਾਬੰਦ ਨਹੀਂ ਹੈ।
ਭਾਰਤ ਅਤੇ ਹੋਰ ਦੁਨੀਆ ਵਿਚ ਹੋਰ ਧਾਰਮਿਕ ਗੁੱਟਾਂ ਤੋਂ ਬਿਨਾਂ, ਸਿੱਖਾਂ ਨੂੰ ਹੀ ਇਹ ਆਜ਼ਾਦੀ ਪ੍ਰਾਪਤ ਹੈ ਕਿ ਉਹ ਆਪਣੇ ਸਰੀਰ ਤੇ ਹਥਿਆਰ ਧਾਰਨ ਕਰ ਸਕਣ ਅਤੇ ਲੋੜਵੰਦਾਂ ਦੀ ਰੱਖਿਆ ਕਰਨ ਨੂੰ ਤਿਆਰ ਰਹਿਣ। ਸਿੱਖ ਗੁਰਦੁਆਰੇ ਸਿਰਫ਼ ਪਾਠ-ਪੂਜਾ ਅਤੇ ਇਕੱਠ ਦੀ ਹੀ ਜਗ੍ਹਾ ਨਹੀਂ ਹਨ ਸਗੋਂ ਉਹਨਾਂ ਲੋੜਵੰਦ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਜੋ ਰਾਜ ਅਤੇ ਗੈਰ-ਸਮਾਜਿਕ ਅਨਸਰਾਂ ਦੇ ਸਤਾਏ ਹੋਏ ਹਨ।
ਸਿੱਖ ਧਰਮ ਦੀ ਜ਼ਿੰਦਗੀ ਦਾ ਸਿਧਾਂਤ ਸੰਤਾਂ ਨੂੰ ਉਭਾਰਨਾ ਅਤੇ ਦੁਸ਼ਟਾਂ ਦਾ ਨਾਸ਼ ਕਰਨਾ ਹੈ। ਸਿੱਖ ਗੁਰੂ ਸਾਹਿਬਾਨਾਂ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਸਿੱਖ ਗੁਰਦੁਆਰਿਆਂ ਵਿਚ ਹਥਿਆਰ ਹੋਣੇ ਲਾਜ਼ਮੀ ਹਨ ਅਤੇ ਨਾਲ ਹੀ ਨਫ਼ੀਸ ਹਥਿਆਰਾਂ ਨੂੰ ਸਾਂਭ ਸੰਭਾਲ ਅਤੇ ਰੱਖ-ਰਖਵਾ ਵੀ ਜ਼ਰੂਰੀ ਹੈ। ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ 93 ਤਰ੍ਹਾਂ ਦੇ ਹਥਿਆਰ ਸਨ। ਜਿਨ੍ਹਾਂ ਵਿਚੋਂ ‘ਛੇ ਮੁਖੀ’ ਨਾਮ ਦਾ ਨਫ਼ੀਸ ਹਥਿਆਰ ਵੀ ਸ਼ਾਮਲ ਸੀ। ਜੋ ਉਹਨਾਂ ਸਮਿਆਂ ਵਿਚ ਦਿੱਲੀ ਦਰਬਾਰ ਕੋਲ ਵੀ ਨਹੀਂ ਸੀ। ਦਸਵੇਂ ਗੁਰੂ ਸਾਹਿਬਾਨ ਦੇ ਹੁਕਮ ਅਨੁਸਾਰ ਹੀ ਸਿਰਫ਼ ਉਹੀ ਸਿੱਖ ਹੀ ਉਹਨਾਂ ਦੇ ਦਰਸ਼ਨਾਂ ਨੂੰ ਆਉਣ ਜੋ ਵਧੀਆ ਤੋਂ ਵਧੀਆ ਅਤੇ ਨਫ਼ੀਸ ਹਥਿਆਰ ਭੇਟਾਂ ਵਜੋਂ ਲੈ ਕੇ ਆਉਣ।
ਅੱਜ ਜੋ ਲੋਕ ਸ੍ਰੀ ਅਕਾਲ ਤਖ਼ਤ, ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿਚ ਹਥਿਆਰਾਂ ਦੀ ਇਕੱਤਰਤਾ ਤੇ ਸਵਾਲ ਉਠਾ ਰਹੇ ਹਨ। ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੂਝਬੂਝ ਤੇ ਸਵਾਲ ਉਠਾ ਰਹੇ ਹਨ। ਸਿੱਖ ਜੀਵਨ, ਸਾਡੇ ਗੁਰੂ-ਸਾਹਿਬਾਂ ਦੇ ਹੁਕਮਨਾਮਿਆਂ, ਮੀਰੀ-ਪੀਰੀ ਅਤੇ ਸੰਤ ਸਿਪਾਹੀ ਦੇ ਸਿਧਾਂਤ ਨੂੰ ਨਿੰਦਣ ਦਾ ਇਹ ਇੱਕ ਅਸਿੱਧਾ ਤਰੀਕਾ ਹੈ। ਸਾਰੇ ਅਜਿਹੇ ਸਿੱਖ ਜਾਂ ਗੈਰ ਸਿੱਖ, ਜੋ ਇਸ ਮੁਹਿੰਮ ਵਿਚ ਸ਼ਾਮਲ ਹਨ, ਨੂੰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ।
ਪੰਜਾਬ ਤੋਂ ਬਾਹਰ ਰਹਿ ਰਹੇ ਸਿੱਖਾਂ ਨੂੰ ਇਹ ਇਕ ਬਹੁਤ ਵੱਡੀ ਗ਼ਲਤਫ਼ਹਿਮੀ ਹੈ ਕਿ ਪੰਜਾਬ ਵਿਚ ਇਹ ਸੰਘਰਸ਼ ਇੱਕ ਖੇਤਰੀ ਸਮੱਸਿਆ ਹੈ ਅਤੇ ਹੋਰਨਾਂ ਰਾਜਾਂ ਦੇ ਸਿੱਖਾਂ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ। ਇਹ ਇਕ ਬਹੁਤ ਵੱਡੀ ਮੂਰਖਤਾ ਹੈ। ਇਹ ਸਭ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਹ ਜਲਦੀ ਹੀ ਹਿੰਦੂ ਭਾਰਤੀ ਸਰਕਾਰ ਦੁਆਰਾ ਕੀਤੀ ਜਾ ਰਹੀ ਨਸਲਕੁਸ਼ੀ ਦਾ ਸ਼ਿਕਾਰ ਹੋਣ ਵਾਲੇ ਹਨ। ਇਹ ਉਹਨਾਂ ਦੇ ਆਪਣੇ ਫ਼ਾਇਦੇ ਵਿਚ ਹੈ ਕਿ ਉਹ ਕੰਧ ਤੇ ਲਿਖਿਆ ਪੜ੍ਹ ਲੈਣ ਅਤੇ ਬਿਨਾਂ ਸਮਾਂ ਖ਼ਰਾਬ ਕੀਤੇ ਆਪਣੇ ਪਰਿਵਾਰਾਂ ਅਤੇ ਗੁਰਧਾਮਾਂ ਦੀ ਪਵਿੱਤਰਤਾ ਦੀ ਰੱਖਿਆ ਲਈ ਉਚਿਤ ਪ੍ਰਬੰਧ ਤੇ ਤਿਆਰੀਆਂ ਕਰ ਲੈਣ।
ਸਮੂਹ ਭਾਰਤ ਦੇ ਸਿੱਖਾਂ ਨੂੰ ਘਰੇਲੂ ਰਾਜਨੀਤੀ ਤੋਂ ਉੱਪਰ ਉੱਠ ਕੇ, ਇਨ੍ਹਾਂ ਸਾਰੇ ਹਾਲਾਤ ਨੂੰ ਵਡੇਰੇ ਦਾਇਰੇ ਵਿਚ ਵੇਖਣਾ ਚਾਹੀਦਾ ਹੈ, ਉਹਨਾਂ ਨੂੰ ਸੁਚੇਤ ਹੋ ਕੇ ਤਨ-ਮਨ-ਧਨ ਨਾਲ ਕੌਮੀ ਆਜ਼ਾਦੀ ਦੀ ਜੰਗ ਵਿਚ ਹਿੱਸਾ ਲੈਣਾ ਚਾਹੀਦਾ ਹੈ। ਇਹ ਉਹਨਾਂ ਦੇ ਆਪਣੇ ਹਿਤ ਵਿਚ ਹੈ ਕਿ ਉਹ ਤੇ ਉਹਨਾਂ ਦੀਆਂ ਸੰਸਥਾਵਾਂ ਕੌਮੀ ਆਜ਼ਾਦੀ ਦੇ ਵਿਰੋਧਤਾ ਤਿਆਗ ਦੇਣ। ਪੰਥ ਨੂੰ ਆਪਣੇ ਗ਼ੱਦਾਰਾਂ ਬਾਰੇ ਭਲੀ-ਭਾਂਤ ਪਤਾ ਹੈ ਤੇ ਉਹਨਾਂ ਨਾਲ ਉਸੇ ਤਰ੍ਹਾਂ ਹੀ ਨਜਿੱਠਿਆ ਜਾਵੇਗਾ।
ਬਹੁਤ ਸਾਰੀ ਸੰਖਿਆ ਵਿਚ ਸਿੱਖ ਨੌਜਵਾਨ ਅਤੇ ਔਰਤਾਂ ਲੱਦਾ ਕੋਠੀ (ਸੰਗਰੂਰ) ਅਤੇ ਪਹਿਲਾਂ ਦੱਸੇ ਗਏ ਹੋਰ ਸਥਾਨਾਂ ਤੇ ਅਸਹਿ ਤੇ ਅਕਹਿ ਤਸੀਹੇ ਸਹਾਰ ਰਹੇ ਹਨ। ਹੁਣ ਤੱਕ ਭਾਰਤੀ ਸਰਕਾਰ ਉਨ੍ਹਾਂ ਤੇ 15 ਤਰ੍ਹਾਂ ਦੇ ਅਣਮਨੁੱਖੀ ਤਸੀਹਿਆਂ ਢੰਗ ਵਰਤ ਚੁੱਕੀ ਹੈ।
ਚੰਡੀ ਮੰਦਿਰ ਤਸੀਹਾ ਕੇਂਦਰ ਚੰਡੀਗੜ੍ਹ ਵਿਖੇ ਹਰ ਰੋਜ਼ 4 ਤੋਂ 6 ਲਾਸ਼ਾਂ ਨੂੰ ਬਾਹਰ ਸੁੱਟਿਆ ਜਾ ਰਿਹਾ ਹੈ। ਇਸ ਤੱਥ ਦੀ ਪੁਸ਼ਟੀ ਸਥਾਨਕ ਵਸਨੀਕਾਂ ਤੋਂ ਹੁੰਦੀ ਹੈ ਜੋ ਰੋਜ਼ ਇਹਨਾਂ ਲਾਸ਼ਾਂ ਨੂੰ ਵੇਖਦੇ ਹਨ। ਹੁਣ ਤੱਕ 3 EME ਸੈਂਟਰ ਬੈਰਾਗੜ੍ਹ ਭੋਪਾਲ ਵਿਖੇ 15 ਸਿੱਖ ਮਾਰੇ ਜਾ ਚੁੱਕੇ ਹਨ ਅਤੇ ਇਸ ਕਹਾਣੀ ਦਾ ਕੋਈ ਅੰਤ ਨਹੀਂ ਦਿਸ ਰਿਹਾ।
ਮੈਂ ਪੰਜਾਬ ਦੇ ਸਿੱਖਾਂ ਨੂੰ ਨਿਮਰਤਾ-ਪੂਰਵਕ ਬੇਨਤੀ ਕਰਦਾ ਹਾਂ ਕਿ ਇਹਨਾਂ ਨਾਇਕਾਂ ਨੂੰ ਛੁਡਾਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ, ਨਹੀਂ ਤਾਂ ਸਾਰੀ ਹੀ ਪੀੜ੍ਹੀ ਦਾ ਸਫ਼ਾਇਆ ਹੋ ਜਾਵੇਗਾ।
ਭਾਰਤ ਦੇ ਹਰ ਸਿੱਖ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਅਗਾਂਹ ਵਧੇ ਤੇ ਭਾਰਤੀ ਸਰਕਾਰ ਦੇ ਜ਼ੁਲਮ ਦੇ ਸ਼ਿਕਾਰ ਪਰਿਵਾਰਾਂ ਦੇ ਪੁਨਰਵਾਸ ਵਿਚ ਮਦਦ ਕਰੇ।
ਮੈਂ ਖ਼ਾਲਸਾ ਪੰਥ ਦਾ ਨਿਮਾਣਾ ਜਿਹਾ ਸੇਵਕ ਨਿੱਜੀ ਤੌਰ ‘ਤੇ ਮੇਰੀ ਜਥੇਬੰਦੀ ਦੇ ਮੈਂਬਰਾਂ ਵੱਲੋਂ ਵਿਦੇਸ਼ ਰਹਿ ਰਹੇ ਸਿੱਖਾਂ ਦੀ ਸ਼ਲਾਘਾ ਕਰਦਾ ਹਾਂ ਕਿ ਉਨ੍ਹਾਂ ਕੌਮੀ ਆਜ਼ਾਦੀ ਦੀ ਲੜਾਈ ਨੂੰ ਅਗਾਂਹ ਵਧਾਉਣ ਵਿਚ ਸਹਾਇਤਾ ਦਿੱਤੀ ਹੈ।
ਮੇਰੇ ਭਰਾਵੋ, ਤੁਸੀਂ ਭਾਰਤੀ ਸਫ਼ਾਰਤਖ਼ਾਨੇ ਅਤੇ ਹੋਰ ਮਿਸ਼ਨਾਂ ਅੱਗੇ ਭਾਰਤ ਸਰਕਾਰ ਦੇ ਵਹਿਸ਼ੀ ਕਾਰਨਾਮਿਆਂ ਵਿਰੁੱਧ ਸ਼ਾਹੀ ਢੰਗ ਨਾਲ ਵਿਖਾਵੇ ਕੀਤੇ ਹਨ। ਮੈਂ ਵਿਦੇਸ਼ ਰਹਿ ਰਹੇ ਹਰ ਸਿੱਖ ਨੂੰ ਅਪੀਲ ਕਰਦਾ ਹਾਂ ਕਿ ਉਹ ਹਰੇਕ ਮਹੀਨੇ ਦੀ 6 ਤਰੀਕ ਨੂੰ ਅਜਿਹੇ ਵਿਖਾਵੇ ਕਰਨ ਤਾਂ ਕਿ ਪੱਛਮੀ ਭਾਈਚਾਰੇ ਨੂੰ ਸਿੱਖਾਂ ਵਿਰੁੱਧ ਹੋ ਰਹੇ ਜ਼ੁਲਮਾਂ ਦੀ ਇੰਤਹਾ ਦਾ ਪਤਾ ਲੱਗ ਸਕੇ। ਸਿੱਖ ਭਾਵੇਂ ਕਿਤੇ ਵੀ ਹੋਣ, ਉਹ ਭਾਰਤੀ ਸਰਕਾਰ ਦੀ ਸਿੱਖਾਂ ਦੇ ਵਿਰੁੱਧ ਝੂਠੇ ਤੇ ਖ਼ੁਸ਼ਕ ਰਵੱਈਏ ਦੀ ਨਿੰਦਿਆ ਕਰਨ, ਉਹ ਇਕ ਕੇਸ ਤਿਆਰ ਕਰਕੇ ਵਿਸ਼ਵ ਸੰਗਠਨਾਂ, ਜਿਵੇਂ ਕੀ ਯੂ. ਐਨ. ਓ., ਹਿਊਮਨ ਰਾਈਟਸ ਅਤੇ ਅਮੈਨਿਸਟੀ ਇੰਟਰਨੈਸ਼ਨਲ ਜਿਹੀਆਂ ਸੰਸਥਾਵਾਂ ਅੱਗੇ ਰੱਖਿਆ ਜਾਵੇ। ਹਰ ਇਕ ਮੌਕੇ ਤੇ ਜਦੋਂ ਵੀ ਦੁਨੀਆ ਦੇ ਆਗੂ ਮਿਲਣ, ਇਹ ਕੋਸ਼ਿਸ਼ਾਂ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਧਰਮ-ਨਿਰਪੱਖ ਤੇ ਸਮਾਜਵਾਦੀ ਭਾਰਤ ਅੰਦਰ ਸਿੱਖਾਂ ਦੇ ਭਵਿੱਖ ਬਾਰੇ ਜਾਣੂ ਕਰਵਾਇਆ ਜਾਵੇ।
ਮੈਂ ਦੁਨੀਆ ਦੇ ਹਰ ਕੋਨੇ ਵਿਚ ਰਹਿ ਰਹੇ ਸਿੱਖਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਮੌਜੂਦਾ ਲੀਡਰਸ਼ਿਪ ਦੀ ਅਗਵਾਈ ਹੇਠ ਇਕੱਤਰ ਹੋਣ, ਜਿਹੜੀ ਲੀਡਰਸ਼ਿਪ ਵੱਖ-ਵੱਖ ਸਰਕਾਰਾਂ ਅੱਗੇ ਸਿੱਖਾਂ ਦੇ ਨਜ਼ਰੀਏ ਨੂੰ ਪੇਸ਼ ਕਰ ਰਹੀ ਹੈ। ਏਕਤਾ ਸਮੇਂ ਦੀ ਵੱਡੀ ਲੋੜ ਹੈ। ਸਾਨੂੰ ਵੱਖ-ਵੱਖ ਜਥੇਬੰਦੀਆਂ ਅਤੇ ਧੜੇ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਛਤਰ-ਛਾਇਆ ਹੇਠ ਹੁਕਮੀ ਸਿੱਖਾਂ ਵਾਂਗ ਕੰਮ ਕਰਨਾ ਚਾਹੀਦਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਾਡੀ ਆਜ਼ਾਦੀ ਲਈ ਪ੍ਰਭੂ-ਸਤਾ ਸੰਪੰਨ ਅਟੁੱਟ ਇੱਛਾ ਸ਼ਕਤੀ ਦਾ ਸਾਕਾਰ ਰੂਪ ਹੈ। ਸਿੱਖਾਂ ਨੂੰ ਆਜ਼ਾਦੀ ਮਿਲਣ ਉਪਰੰਤ ਪੰਥ ਖ਼ਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰੇਗਾ ਤੇ ਉਹ ਵੀ ਉਹਨਾਂ ਅੰਮ੍ਰਿਤਧਾਰੀ ਸਿੱਖਾਂ ਦੇ ਹੱਥੋਂ ਖ਼ਾਸ ਕਰਕੇ ਉਹਨਾਂ ਪਰਿਵਾਰਾਂ ਦੇ ਮੈਂਬਰਾਂ ਦੇ ਹੱਥੋਂ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਤੇ ਸ਼ਾਨ ਨੂੰ ਕਾਇਮ ਰੱਖਣ ਲਈ ਆਪਣੀਆਂ ਤੇ ਬੱਚਿਆਂ ਦੀਆਂ ਜਾਨਾਂ ਵਾਰ ਦਿੱਤੀਆਂ। ਸਰਕਾਰ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਖ਼ਾਲਸਾ ਪੰਥ ਦੇ ਗ਼ੱਦਾਰਾਂ ਹੱਥੋਂ ਕਰਵਾਈ ਗਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਤੇ ਹੋਰ ਮੁਰੰਮਤ ਦੇ ਕੰਮ ਨੂੰ ਬਾਅਦ ਵਿਚ ਢਾਹ ਦਿੱਤਾ ਜਾਵੇਗਾ।
ਸਰਕਾਰ ਦੇ ਲੰਗੋਟੀਏ ਯਾਰ, ਜੋ ਕਿ ਨਿਹੰਗਾਂ ਅਤੇ ਅਖੌਤੀ ਸੰਤਾਂ ਦੇ ਭੇਸ ਵਿਚ ਹਨ, ਨਾਲ ਹੀ ਅਕਾਲੀ ਦਲ ਨਾਲੋਂ ਵੱਖ ਹੋਏ ਧੜਿਆਂ ਦੇ ਮੈਂਬਰ (ਜਿਨ੍ਹਾਂ ਕੋਲ ਕੋਈ ਮੈਂਬਰਸ਼ਿਪ ਨਹੀਂ ਹੈ) ਬਾਰੇ ਵੀ ਖ਼ਾਲਸਾ ਪੰਥ ਭਲੀ-ਭਾਂਤ ਜਾਣੂ ਹੈ। ਸਰਕਾਰ ਦੀਆਂ ਇਨ੍ਹਾਂ ਨੀਤੀਆਂ ਦੀ ਸਿੱਖਾਂ ਨੂੰ ਪੁਰਜ਼ੋਰ ਵਿਰੋਧਤਾ ਕਰਨੀ ਚਾਹੀਦੀ ਹੈ। ਜਿਵੇਂ ਕਿ ਲੋੜ ਪੈਦਾ ਹੋ ਗਈ ਹੈ ਕਿ ਅਸੀਂ ਇਨ੍ਹਾਂ ਭਾੜੇ ਦੇ ਮਜ਼ਦੂਰਾਂ ਅਤੇ ਕਾਂਗਰਸ ਦੇ ਚਮਚਿਆਂ4 ਨੂੰ ਧੱਕੇ ਨਾਲ ਰੋਕਾਂਗੇ, ਚਾਹੇ ਇਸ ਲਈ ਸਾਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ।
ਮੈਂ ਅਤੇ ਮੇਰੀ ਸੰਸਥਾ ਦੇ 60,000 ਮੈਂਬਰ ਅਤੇ ਉਹਨਾਂ ਦੇ ਮਾਪਿਆਂ ਨੂੰ ਇਹ ਦੱਸਦਿਆਂ ਦਰਦ ਹੁੰਦਾ ਹੈ ਕਿ ਇਸ ਸਮੇਂ ਹਜ਼ਾਰਾਂ ਹੀ ਸਿੱਖ ਨੌਜਵਾਨ ਪੰਜਾਬ ਦੀਆਂ ਜੇਲ੍ਹਾਂ ਵਿਚ ਰੁਲ ਰਹੇ ਹਨ। ਉੱਥੇ ਸਰਕਾਰ ਫ਼ੌਜੀ ਕੰਟਰੋਲ ਹੇਠ ਪ੍ਰੀਖਿਆਵਾਂ ਲੈਣ ਜਾ ਰਹੀ ਹੈ। ਅਸੀਂ ਇਹ ਗੱਲ ਯਕੀਨੀ ਬਣਾਵਾਂਗੇ ਕਿ ਜਿਨ੍ਹਾਂ ਚਿਰ ਫ਼ੌਜ ਨੂੰ ਪੰਜਾਬ ਵਿਚੋਂ ਬਾਹਰ ਨਹੀਂ ਕੱਢਿਆ ਜਾਂਦਾ ਹੈ, ਗ੍ਰਿਫ਼ਤਾਰ ਨੌਜਵਾਨਾਂ ਨੂੰ ਛੱਡਿਆ ਨਹੀਂ ਜਾਂਦਾ, ਤਦ ਤੱਕ ਅਸੀਂ ਇਹ ਪ੍ਰੀਖਿਆਵਾਂ ਨਹੀਂ ਹੋਣ ਦਿਆਂਗੇ।
ਮੈਂ ਸਿੱਖ ਕੌਮ ਦਾ ਨਿਮਾਣਾ ਜਿਹਾ ਸੇਵਕ ਅਧਿਆਪਕਾਂ, ਪ੍ਰੋਫੈਸਰਾਂ, ਸੁਪਰਵਾਈਜ਼ਰਾਂ ਅਤੇ ਯੂਨੀਵਰਸਿਟੀਆਂ ਦੇ ਮੁਲਾਜ਼ਮਾਂ ਨੂੰ ਸਖ਼ਤੀ ਨਾਲ ਤਾੜਨਾ ਕਰਦਾ ਹਾਂ ਕਿ ਉਹ ਇਹੋ ਜਿਹੀਆਂ ਪ੍ਰੀਖਿਆਵਾਂ ਦੇ ਪ੍ਰਬੰਧ ਵਿਚ ਭਾਗ ਨਾ ਲੈਣ, ਜੇ ਉਹ ਅਜਿਹਾ ਨਹੀਂ ਕਰਨਗੇ ਤਾਂ ਉਹ ਆਪਣੇ ਹਸ਼ਰ ਦੇ ਖ਼ੁਦ ਜ਼ਿੰਮੇਵਾਰ ਹੋਣਗੇ।
ਖ਼ਾਲਸਾ ਪੰਥ ਉਨ੍ਹਾਂ 15,000 ਫ਼ੌਜੀਆਂ, ਜਿਨ੍ਹਾਂ ਨੇ ਕੌਮੀ ਆਜ਼ਾਦੀ ਸੰਘਰਸ਼ ਦੀ ਹਮਦਰਦੀ ਵਿਚ ਭਾਰਤੀ ਬੈਠਕਾਂ ਤਿਆਗ ਦਿੱਤੀਆਂ, ਨੂੰ ਨਿੱਘੀ ਜੀ ਆਇਆ ਆਖਦਾ ਹਾਂ, ਉਹ ਸੱਚੇ ਸੰਤ ਸਿਪਾਹੀ ਹਨ। ਜਿਨ੍ਹਾਂ ਨੇ ਆਪਣੇ ਆਪ ਨੂੰ ਭਾਰਤੀ ਕੱਟੜਪੁਣੇ ਅੱਗੇ ਕੁਰਬਾਨ ਕਰ ਦਿੱਤਾ।
ਸਾਰੇ ਸਿੱਖ ਵਿਸ਼ੇਸ਼ ਕਰ ਪੰਜਾਬ ਤੋਂ ਇਲਾਵਾ ਦੂਜੇ ਪ੍ਰਾਂਤਾਂ ਵਿਚ ਰਹਿਣ ਵਾਲੇ ਸਿੱਖਾਂ ਨੂੰ ਬੰਦੀ ਸਿੱਖ ਨੌਜਵਾਨਾਂ ਨੂੰ ਛੁੜਾਉਣਾ ਦਾ ਉਪਰਾਲਾ ਕਰਨਾ ਚਾਹੀਦਾ ਹੈ, ਨਹੀਂ ਤਾਂ ਇਨ੍ਹਾਂ ਨੂੰ ਹਿੰਦੂ ਫ਼ੌਜ ਵੱਲੋਂ ਮਾਰ ਦਿੱਤਾ ਜਾਵੇਗਾ।
ਅਸੀਂ ਉਨ੍ਹਾਂ IAS, IFA, IPS ਅਤੇ ਹੋਰ ਅਫ਼ਸਰਾਂ ਨੂੰ ਵੀ ਜੀ ਆਇਆ ਆਖਦੇ ਹਾਂ, ਜਿਨ੍ਹਾਂ ਆਪਣੇ ਅਹੁਦਿਆਂ ਤੋਂ ਖ਼ਾਲਸਾ ਪੰਥ ਨਾਲ ਹਮਦਰਦੀ ਪ੍ਰਗਟਾਉਂਦਿਆਂ ਤਿਆਗ-ਪੱਤਰ ਦਿੱਤੇ ਹਨ। ਪੰਥ ਪੁਲਿਸ ਅਫ਼ਸਰਾਂ ਅਤੇ ਪ੍ਰਸ਼ਾਸਕਾਂ ਦੀ ਜਬਰੀ ਸੇਵਾ ਮੁਕਤੀ ਨੂੰ ਸਹਿਣ ਨਹੀਂ ਕਰੇਗਾ ਕਿਉਂਕਿ ਇਹ ਹਿੰਦੂ ਸਰਕਾਰ ਵੱਲੋਂ ਕੀਤੇ ਜਾ ਰਹੇ ਵਖਰੇਵੇਂ ਦੀ ਇਕ ਹੋਰ ਉਦਾਹਰਨ ਹੋਵੇਗੀ।
ਉਹ ਜਿਨ੍ਹਾਂ ਤਿਆਗ ਪੱਤਰ ਦਿੱਤੇ ਹਨ ਜਾਂ ਜਿਨ੍ਹਾਂ ਨਾਲ ਵਖਰੇਵਾਂ ਹੋਇਆ ਹੈ, ਦੀ ਸਾਂਭ-ਸੰਭਾਲ ਖ਼ਾਲਸਾ ਪੰਥ ਕਰੇਗਾ।
ਸਰਕਾਰੀ ਸੂਤਰਾਂ ਅਨੁਸਾਰ ਭਾਰਤੀ ਫ਼ੌਜ ਨੇ ਸਿਵਲ ਪ੍ਰਸ਼ਾਸਨ ਦੀ ਮਦਦ ਕਰਨੀ ਹੈ, ਪਰ ਇਸ ਤੋਂ ਉਲਟ ਬਿਨਾਂ ਮਾਰਸ਼ਲ ਲਾਅ ਐਲਾਨ ਕੀਤੇ, ਫ਼ੌਜ ਨੇ ਸਿਵਲ ਪ੍ਰਸ਼ਾਸਨ ਤੇ ਕਬਜ਼ਾ ਕਰ ਵਾਗਡੋਰ ਸੰਭਾਲ ਲਈ ਹੈ। ਸਮੁੱਚੀ ਪ੍ਰਬੰਧਕੀ ਤਾਕਤ ਫ਼ੌਜੀ ਜਰਨੈਲਾਂ ਦੇ ਹੱਥ ਵਿਚ ਹੈ। ਪੰਜਾਬ ਸੈਕਟਰੀਏਟ ਚੰਡੀਗੜ੍ਹ ਵਿਚ ਛੇਵੀਂ ਤੇ ਸੱਤਵੀਂ ਮੰਜ਼ਿਲ ਤੇ ਫ਼ੌਜ ਦਾ ਹੈੱਡਕੁਆਟਰ ਹੈ।
ਰਣਜੀਤ ਸਿੰਘ ਦਿਆਲ ਫ਼ੌਜੀ ਅਫ਼ਸਰਾਂ ਦੀ ਸਹਾਇਤਾ ਨਾਲ ਛੇਵੀਂ-ਸੱਤਵੀਂ ਮੰਜ਼ਿਲ ਤੋਂ ਰਾਜ-ਪ੍ਰਬੰਧਾਂ ਦੀ ਦੇਖਰੇਖ ਕਰਦਾ ਹੈ। IAS, IPS ਅਫ਼ਸਰ ਤਾਕਤ ਵਿਹੂਣੇ ਕਰ ਦਿੱਤੇ ਹਨ ਤੇ ਉਹ ਕੇਵਲ ਫ਼ੌਜ ਲਈ ਕਲਰਕ ਬਣ ਕੇ ਰਹਿ ਗਏ ਹਨ। ਭਾਰਤ ਸਰਕਾਰ ਦੇ ਖ਼ੁਫ਼ੀਆ ਨੋਟੀਫ਼ਿਕੇਸ਼ਨ ਅਨੁਸਾਰ ਘੱਟੋ-ਘੱਟ 31 ਦਸੰਬਰ 1984 ਤੱਕ ਫ਼ੌਜ ਪੰਜਾਬ ਵਿਚ ਰਹੇਗੀ ਤੇ ਉਹ ਵੀ ਤਾਂ ਜੇ ਹਾਲਾਤ ਆਮ ਵਰਗੇ ਹੁੰਦੇ ਹਨ। ਜਿਸ ਦਾ ਮਤਲਬ ਹੈ ਕਿ ਸਰਕਾਰ ਇਸ ਫ਼ੌਜੀ ਕਬਜ਼ੇ ਦੀ ਮਿਆਨ ਨੂੰ ਅਗਾਂਹ ਵੀ ਵਧਾਏਗੀ।
ਤਾਜ਼ਾ ਹੁਕਮਾਂ ਅਨੁਸਾਰ ਸਿੱਧ ਹੁੰਦਾ ਹੈ ਕਿ ਸਰਕਾਰ ਸਿੱਖਾਂ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ ਹੈ। ਇੰਦਰਾ ਗਾਂਧੀ ਸਰਕਾਰ ਦੇ ਇਹ ਕਾਲੇ ਕਾਰਨਾਮੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਮੈਕ-ਆਰਥੀਅਨ ਦੁਆਰਾ ਜਾਪਾਨ ਤੇ ਕਬਜ਼ਾ ਕੀਤੇ ਜਾਣ ਵਰਗੇ ਹਨ।
ਮੈਂ ਖ਼ਾਲਸਾ ਪੰਥ ਦਾ ਨਿਮਾਣਾ ਜਿਹਾ ਸੇਵਕ ਸਿੱਖਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਹਿੰਦੂ ਸਾਮਰਾਜ ਦੇ ਉਲਝਾਊ-ਪੂਰਨ ਰਵੱਈਏ ਨੂੰ ਸਮਝਣ। ਇਹ ਗੱਲ ਵੀ ਸੰਭਵ ਹੈ ਕਿ ਆਸਾਮ ਸਰਕਾਰ ਵਾਂਗ ਹੀ ਇੱਥੇ ਵੀ ਫ਼ੌਜ ਦੀ ਕਮਾਨ ਹੇਠਾਂ ਚੋਣਾਂ ਕਰਵਾਈਆਂ ਜਾਣ ਤੇ ਸਾਡੇ ਤੇ ਇਹੋ ਜਿਹੀ ਕਠਪੁਤਲੀ ਸਰਕਾਰ ਥਾਪੀ ਜਾਵੇ, ਜਿਹੀ ਕਿ ਸੰਨ 1940 ਵਿਚ ਨਾਜ਼ੀਆਂ ਨੇ ਫਰਾਂਸ ਤੇ ਥੋਪੀ ਸੀ।
ਮੈਂ ਸਮੂਹ ਸਿੱਖਾਂ ਦੀ ਆਵਾਜ਼ ਵਿਚ ਆਖਦਾ ਹਾਂ ਕਿ ਸਰਕਾਰ ਦੁਆਰਾ ਸਾਡੇ ਗੁਰਦੁਆਰਿਆਂ ਨੂੰ ਮੰਦਰਾਂ ਵਿਚ ਤਬਦੀਲ ਨਹੀਂ ਕਰਨ ਦਿੱਤਾ ਜਾਵੇਗਾ। ਸਰਕਾਰ ਮਹੰਤਾਂ ਅਤੇ ਟਾਊਟਾਂ ਨੂੰ ਸਿੱਖ ਸੰਸਥਾਵਾਂ ਦੀ ਦੇਖਭਾਲ ਲਈ ਨਿਯੁਕਤ ਕਰਨ ਲਈ ਪੱਬਾਂ ਭਾਰ ਹੋਈ ਪਈ ਹੈ। ਸਰਕਾਰ ਦੁਆਰਾ ਜ਼ਰੂਰੀ ਮੁੱਢਲੇ ਮੁੱਦੇ ਜਿਵੇਂ ਕਿ ਕਾਰ ਸੇਵਾ, ਸ਼ਸਤਰ ਰੱਖਣੇ ਤੇ ਪਹਿਨਣੇ, ਸਿੱਖਾਂ ਦਾ ਰਾਜਨੀਤਕ ਤੇ ਸਮਾਜਿਕ ਆਧਾਰ ਜਿਹੇ ਮੁੱਦਿਆਂ ਨੂੰ ਉਛਾਲਨਾ ਖ਼ਾਲਸਾ ਪੰਥ ਸਹਿਣ ਨਹੀਂ ਕਰੇਗਾ ਤੇ ਇਸ ਕਾਰਵਾਈ ਨੂੰ ਨਕਾਰ ਦੇਵੇਗਾ।
ਅਸੀਂ ਆਪਣੀਆਂ ਸੰਸਥਾਵਾਂ ਅਤੇ ਆਪਣੇ ਗੁਰਦੁਆਰਿਆਂ ਨੂੰ ਸਿੱਖ ਸਿਧਾਂਤਾਂ ਅਨੁਸਾਰ ਚਲਾਵਾਂਗੇ ਤੇ ਉਨ੍ਹਾਂ ਦਾ ਪ੍ਰਬੰਧ ਕਰਾਂਗੇ।
ਮੈਂ ਇਹ ਐਲਾਨ ਕਰਦਾ ਹਾਂ ਕਿ ਸਾਰੇ ਪੁਲਿਸ ਅਫ਼ਸਰਾਂ, ਫ਼ੌਜੀ ਪ੍ਰਬੰਧਕਾਂ, ਕਾਂਗਰਸ ਕੈਬਨਿਟ ਦੇ ਮੰਤਰੀ, ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ, ਜਿਨ੍ਹਾਂ ਸਭ ਨੇ ਰਲ ਕੇ ਸਿੱਖਾਂ ਨੂੰ ਮਾਰ-ਮੁਕਾਉਣ ਦਾ ਸਾਜ਼ਿਸ਼ਾਂ ਰਚੀ ਸੀ। ਉਹਨਾਂ ਨੂੰ ਮੁਕੱਦਮੇ ਦੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਇਨਸਾਫ਼ ਲਈ ਮੌਕਾ ਦਿੱਤਾ ਜਾਵੇਗਾ।
ਸਿੱਖ ਰਾਸ਼ਟਰ ਦੀ ਤਰਫ਼ੋਂ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਇਹ
ਆਜ਼ਾਦੀ ਦਾ ਸੰਘਰਸ਼ ਪੰਜਾਬ ਤੱਕ ਹੀ ਸੀਮਤ ਨਹੀਂ ਸਗੋਂ ਅੰਤਰ-ਰਾਸ਼ਟਰੀ ਪੱਧਰ ਤੱਕ ਫੈਲਿਆ ਹੈ।
ਅਸੀਂ ਜਲਦੀ ਹੀ ਸਾਰੇ ਦੇਸ਼ਾਂ, ਖ਼ਾਸ ਕਰਕੇ ਗੁਆਂਢੀ ਦੇਸ਼ਾਂ ਨਾਲ ਕੂਟਨੀਤਕ ਸਬੰਧ ਪੈਦਾ ਕਰਾਂਗੇ। ਅਸੀਂ ਇਸ ਗੱਲ ਤੇ ਵੀ ਜ਼ੋਰ ਦਿੰਦੇ ਹਾਂ ਕਿ ਸਿੱਖ ਹੁਣ ਤੋਂ ਗ਼ੁਲਾਮਾਂ ਵਾਲੀ ਭਾਰਤੀ ਨਾਗਰਿਕਤਾ ਨੂੰ ਸਵੀਕਾਰ ਨਹੀਂ ਕਰਨਗੇ।
ਅਸੀਂ ਵਾਹਿਗੁਰੂ ਦੇ ਪਰਮ ਸ਼ਰਧਾਲੂ ਹਾਂ ਤੇ ਹੁਣ ਤੋਂ ਆਪਣੀ ਸੁਤੰਤਰ ਪ੍ਰਭੁਤਾ ਲਈ ਵਾਹਿਗੁਰੂ ਦਾ ਹੀ ਓਟ ਆਸਰਾ ਮੰਨਦੇ ਹਨ।
ਅਤਿੰਦਰ ਪਾਲ ਸਿੰਘ
ਐਕਟਿੰਗ ਪ੍ਰਧਾਨ
ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ
14-6-1984

ਵਰਤਮਾਨ ਪਤਾ:
ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਜਪੁ-ਘਰ, ਭਾਦਸੋਂ ਰੋਡ
ਕੈਰਿਅਰ ਐਨਕਲੇਵ ਗਲੀ ਨੰ. 1 ਫ਼ਾਰਮ ਹਾਊਸ ਨੰ. 1
ਲਾਅ ਯੂਨਿਵਰਸਿਟੀ ਰੋਡ, ਪਟਿਆਲਾ (ਪੰ) 147006
ਫ਼ੋਨ: +91 8847217312

Share. Facebook Twitter WhatsApp Email Pinterest LinkedIn Tumblr
Previous ArticleTo Khalsa Panth: The First I witness report of June ’84
Next Article ਕਲਮਾਂ ਦੀ ਸਿਖਰਲੀ ਬਦਇਖ਼ਲਾਕੀ ਵਾਲੀ ਸਿਆਸਤ ਦਾ ਮੈਂ ਇੱਕ ਮੇਲਾ ਡਿੱਠਾ

Related Posts

To Khalsa Panth: The First I witness report of June ’84

February 10, 2023

Follow Us

Facebook X (Twitter) YouTube
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel

© 2022 ApSingh.in, Made by karan Panjaab

Type above and press Enter to search. Press Esc to cancel.