Close Menu
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
  • contact
Facebook X (Twitter) Instagram YouTube WhatsApp
Atinderpal SinghAtinderpal Singh
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
ਸੰਪਰਕ
Atinderpal SinghAtinderpal Singh
Home»ਧਾਰਮਿਕ»ਗੁਰੂ ਗ੍ਰੰਥ ਸਾਹਿਬ ਮੁਤਾਬਿਕ ਸੰਤ ਕੌਣ ?
ਧਾਰਮਿਕ

ਗੁਰੂ ਗ੍ਰੰਥ ਸਾਹਿਬ ਮੁਤਾਬਿਕ ਸੰਤ ਕੌਣ ?

AtinderpalBy AtinderpalDecember 4, 2022Updated:December 4, 2022No Comments28 Mins Read
Facebook Twitter WhatsApp Pinterest Email Tumblr
Share
Facebook Twitter WhatsApp Email LinkedIn Pinterest

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਪੀ ‘ਗੁਰਮਤਿ ਮਾਰਤੰਡ’ ਪੁਸਤਕ ਦੇ ਭਾਗ-1 ਵਿਚ ਪੰਨਾ 186 ਤੇ ‘ਸੰਤ’ ਸ਼ਬਦ ਸੰਬੰਧੀ ਅਰਥਾਂ ਵਿਚ ਲਿਖਿਆ ਹੈ “ਸਿੱਖ ਧਰਮ ਅਨੁਸਾਰ ਸੰਤ ਕੋਈ ਖਾਸ ਜਮਾਤ ਅਥਵਾ ਪੰਥ ਨਹੀਂ, ਅਰ ਨਾ ਉਸ ਲਈ ਕੋਈ ਖਾਸ ਲਿਬਾਸ ਨੀਯਤ ਹੈ”। ਫੁਟਨੋਟ ਵਿਚ ਹੇਠਾਂ ਵਰਨਣ ਕੀਤਾ ਹੈ ਕਿ ”ਇਸ ਸਮੇਂ ਵੇਖਣ ਵਿਚ ਆਉਂਦਾ ਹੈ ਕਿ ਲੰਮਾ ਕੁੜਤਾ ਜਾਂ ਚੋਲਾ, ਸਿਰ ਤੇ ਛੋਟੀ ਪੱਗ, ਪਜਾਮੇ ਦਾ ਤਿਆਗ, ਪੈਰੀ ਪਊਏ, ਇਹ ਸੰਤ ਦਾ ਖਾਸ ਭੇਖ ਹੋ ਗਿਆ ਹੈ, ਜੋ ਲੋਕਾਂ ਨੂੰ ਭੁਲੇਖੇ ਵਿਚ ਪਾਉਂਦਾ ਹੈ ਤੇ ਅੰਨਧਿਕਾਰੀਆਂ ਦੀ ਮੰਨੀ ਹੰਕਾਰ ਵਧਾਉਂਦਾ ਹੈ।” ਇੰਜ ਗੁਰਮਤਿ ਮਾਰਤੰਡ ਇਨ੍ਹਾਂ ਡੇਰੇਦਾਰਾਂ ਨੂੰ ‘ਸੰਤ’ ਨਹੀਂ ਸਵਿਕਾਰਦੀ ਅਤੇ ਸਮੁੱਚੇ ਇਨ੍ਹਾਂ ਵਿਅਕਤੀ ਸੰਤਾਂ ਦਾ ਖੰਡਣ ਕਰਦੀ ਹੈ।
ਮਹਾਨ ਕੋਸ਼ ਦੇ ਲਿਖਾਰੀ ਭਾਈ ਕਾਨ੍ਹ ਸਿੰਘ ਨਾਭਾ ਦੇ ਅਨੁਸਾਰ ‘ਸੰਤ’ ਸ਼ਬਦ ਦਾ ਅਰਥ ਸ਼ਾਂਤ, ਮਨ ਇੰਦਰੀਆਂ ਨੂੰ ਜਿਸ ਨੇ ਟਿਕਾਇਆ ਹੈ। ਮਹਾਨ ਕੋਸ਼ ਦਾ ਲਿਖਾਰੀ ਲਿਖਦਾ ਹੈ ਕਿ ਸੰਗਿਯਾ ਰੂਪ ਵਿਚ ਗੁਰੂ ਨਾਨਕ ਦੇਵ ਜੀ ਨੇਂ ‘ਸਿੱਖ-ਸੰਗਤ’ ਲਈ ‘ਸੰਤ’ ਸ਼ਬਦ ਦਾ ਇਸਤੇਮਾਲ ਕੀਤਾ ਹੈ ਜਿਵੇਂ ਗਉੜੀ ਮਹਲਾ 5ਵਾਂ “ਸੰਤ ਸੰਗਿ ਹਰਿ ਮਨਿ ਵਸੈ ॥”
ਇੰਜ ਹੀ ਗੁਰਬਾਣੀ ਵਿਚ ਜਿੱਥੇ ‘ਸੰਤ ਸਭਾ’ ਦਾ ਵਰਨਣ ਕੀਤਾ ਗਿਆ ਹੈ ਉਸ ਦਾ ਅਰਥ ਗੁਰਸਿੱਖਾਂ ਦੀ ਸਭਾ ਹੈ । ਕਿਸੇ ਆਪੂ ਬਣੇ ਸੰਤ-ਸਮਾਜ ਡੇਰੇਦਾਰੀ ਦੀ ਸਬਾ ਨਹੀਂ। ਇਹ ਗੁਰਸਿੱਖਾਂ ਦੀ ਸਭਾ ਸਿੰਘ ਸਭਾ ਦੇ ਰੂਪ ਵਿਚ ਜਾਣੀ ਜਾਂਦੀ ਹੈ। ਮਹਾਨ ਕੋਸ਼ ਵਿਚ ਇਸ ਦਾ ਉਦਾਹਰਣ ਇੰਜ ਦਿੱਤਾ ਹੈ: ਸ੍ਰੀ ਰਾਗ ਮਹਲਾ 5ਵਾਂ ਅਨੁਸਾਰ “ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ॥” ਇਸ ਦਾ ਸਿੱਧਾ ਅਰਥ ਹੈ ਕਿ ”ਗੁਰੂ ਗ੍ਰੰਥ ਸਾਹਿਬ” ਜੀ ਸਮੂਹਿਕ ਰੂਪ ਵਿਚ ‘ਗੁਰਸਿੱਖਾਂ’ ਨੂੰ ‘ਸੰਤ’ ਦਾ ਦਰਜਾ ਦਿੰਦੇ ਹਨ। ਕਿਸੇ ਡੇਰੇਦਾਰ ਗੋਲ ਪਗੜੀਏ ਚਿੱਟਕਪੜੀਏ ਭੇਖੀ ਸਾਧ ਨੂੰ ਨਹੀਂ ।
ਭਗਤ ਧੰਨਾ ਜੀ ਨੇ ਮਹਲਾ 4ਥਾ ਵਿਚ ਗੁਰੂ ਨਾਨਕ ਪਾਤਿਸ਼ਾਹ ਲਈ ਇਉਂ ਲਿਖਿਆ ਹੈ “ਸੰਤ ਸਾਧੁ ਜਿਨਿ ਪਾਇਆ ਤੇ ਵਡਪੁਰਖ॥” ਇਸੇ ਲਈ ਸ੍ਰੀ ਰਾਗ ਮਹਲਾ 4ਥਾ ਛੰਤ ਵਿਚ ਮਹਾਰਾਜ ਲਿਖਦੇ ਹਨ “ਨਾਨਕ ਸੰਤ ਸੰਤ ਹਰਿ ਇਕੋ॥” ਅਰਥਾਤ ਗੁਰੂ ਗ੍ਰੰਥ ਸਾਹਿਬ ਵਿਚ ਅਤੇ ਗੁਰਬਾਣੀ ਗੁਰਮਤਿ ਅਨੁਸਾਰ ਕੇਵਲ ਤੇ ਕੇਵਲ ਗੁਰੂ ਆਪ ਵੀ ਸੰਤ ਹੈ । ਗੁਰੂ ਤੋਂ ਇਲਾਵਾ ਕੋਈ ਹੋਰ ਆਪਣੇ ਆਪ ਨੂੰ ਸੰਤ ਨਹੀਂ ਅਖਵਾ ਸੱਕਦਾ।
ਵਾਰ ਗੂਜਰੀ ਮਹਲਾ 5ਵਾਂ ਵਿਚ “ਮੋਹਿ ਨਿਰਗੁਣ ਦੀਚੈ ਥਾਉ ਸੰਤ ਧਰਮਸਾਲੀਐ” ਰਾਹੀਂ ਗੁਰੂ ਗ੍ਰੰਥ ਸਾਹਿਬ ਜੀ, ਗੁਰਸਿੱਖਾਂ ਦੀ ‘ਧਰਮਸ਼ਾਲਾ’ ਨੂੰ ਅਰਥਾਤ ”ਗੁਰਦੁਆਰਾ” ਸਾਹਿਬ ਨੂੰ ਸੰਤ ਧਰਮਸ਼ਾਲਾ ਦਰਸਾਉਂਦੇ ਹਨ। ਉਹ ਗੁਰਦੁਆਰਾ ਜੋ ਕਿਸੇ ਭੇਖਧਾਰੀ ਦਾ ਡੇਰਾ, ਮਠ, ਟਕਸਾਲ ਜਾਂ ਇੰਜ ਦਾ ਹੀ ਕੋਈ ਸਥਾਨ ਨਾ ਹੋ ਕੇ ਪੰਥਕ ਮਰਿਆਦਾ ਨੂੰ ਮੰਨਣ ਅਤੇ ਲਾਗੂ ਕਰਨ ਵਾਲਾ ਗੁਰਦੁਆਰਾ ਹੋਵੇ ।
ਗਉੜੀ ਮਹਲਾ 5ਵਾਂ ਵਿਚ ਗੁਰੂ ਸਾਹਿਬ ਆਖਦੇ ਹਨ “ਸੰਤ ਪ੍ਰਸਾਦਿ ਹਰਿ ਕੀਰਤਨ ਗਾਉ” ਜਿਸਦਾ ਭਾਉ ਹੈ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਅਕਾਲ ਦਾ ਜਸ ਗਾਇਆ ਜਾਂਦਾ ਹੈ।
ਮਹਾਨ ਕੋਸ਼ ਦਾ ਵਿਦਵਾਨ ਲਿਖਾਰੀ ਭਾਈ ਕਾਨ੍ਹ ਸਿੰਘ ਨਾਭਾ ਪੰਨਾ 244 ਤੇ ਸੰਤ ਮਤਿ ਬਾਬਤ ਲਿਖਦਾ ਹੈ ਕਿ “ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼, ਅਰਥਾਤ ਗੁਰਮਤਿ ਹੀ ਸੰਤ ਹੈ। ਅੱਡ ਤੋਂ ਕਿਸੇ ਵਿਅਕਤੀ ਸਾਧ ਜਾਂ ਮਠ ਦੇ ਉਪਦੇਸ਼ ਨੂੰ ਸੰਤ ਮਤਿ ਮੰਨਣਾ ਜਾਂ ਜਾਨਣਾ ਮਨਮਤਿ ਅਤੇ ਪਾਖੰਡ ਹੈ।

  • ‘ਗੁਰੂ ਨਾਨਕ ਸ਼ਬਦ ਰਤਨਾਕਰ’ ਦੇ ਲਿਖਾਰੀ ਡਾ. ਕਾਲਾ ਸਿੰਘ ਬੇਦੀ ਸੰਤ ਦੇ ਅਰਥ ਸ਼ਾਂਤ ਸੁਭਾਅ ਵਾਲਾ ਮਨੁੱਖ ਵਜੋਂ ਕਰਦੇ ਹਨ। ਪੰਨਾ 102 ਤੇ ਲਿਖਦੇ ਹਨ ਕਿ ਸੰਤ ਸ਼ਬਦ ਸ਼ਾਂਤ ਪਦ ਵਿਚੋਂ ਨਿਕਲਿਆ ਹੈ ਜੋ ਮਨੁੱਖ ਮਨ ਅਤੇ ਇੰਦਰੀਆਂ ਨੂੰ ਟਿਕਾ ਲੈਂਦਾ ਹੈ ਉਹ ਸੰਤ ਹੈ। ਸੰਤ ਦੇ ਅਰਥ ਵਿਦਵਾਨ ਜਾਂ ਪੰਡਿਤ ਦੇ ਵੀ ਲਏ ਜਾਂਦੇ ਹਨ। ਜੋ ਲੋਕ ਅਰਥਾਤ ਮਨੁੱਖ ਸਤਿ ਦੇ ਉਪਾਸ਼ਕ ਹਨ ਉਹ ਸੰਤ ਹਨ। ਜਾਂ ਸ਼ਾਂਤ ਸੁਭਾ ਬਣਾ ਲੈਣ ਵਾਲਾ ਵਿਅਕਤੀ ਸਮਤ ਹੈ। ਜਿਸ ਮੁਤਾਬਿਕ ਸਪਸ਼ਟ ਹੈ ਗੱਲ ਵਿਅਕਤੀ ਦੇ ਸੁਭਾ ਦੀ ਹੋ ਰਹੀ ਹੈ ਕਿਸੇ ‘ਪਦਵੀ’, ‘ਅਵਸਥਾ’ ਜਾਂ ‘ਮੰਡਲੀ’ ਦੀ ਨਹੀਂ । ਜਿਸ ਦਾ ਸਿਧਾ ਅਰਥ ਹੈ ਕਿ ਸੰਤ ਕੋਈ ਆਮ ਮਨੁੱਖਾਂ ਤੋਂ ਅੱਡ ਬਰਾਦਰੀ ਜਾਂ ਸ਼੍ਰੋਮਣੀ ਪਦਵੀਧਾਰੀ ਮੰਡਲੀ ਨਹੀਂ ਹੈ ਜਿਵੇਂ ਕਿ ਇਹ ਅੱਜਕੱਲ੍ਹ ਦੇ ਭੇਖੀ ਸਾਧ ਬਣਾਈ ਫਿਰਦੇ ਹਨ। ਅਤੇ ਨਾ ਹੀ ਅਜਿਹੇ ਅਰਥਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੋਈ ਵੱਖਰੀ ਸਾਧ ਟੋਲੀ ਨੂੰ ਮਾਣਤਾ ਹੀ ਦਿੱਤੀ ਗਈ ਹੈ।
    ਗੁਰਬਾਣੀ ਵਿਚ ਸੰਤ ਦੇ ਅਨੇਕਾਂ ਹਵਾਲੇ ਮੌਜੂਦ ਹਨ। ਜਿਨ੍ਹਾਂ ਤੋਂ ਇਹ ਸਾਬਤ ਹੁੰਦਾ ਹੈਕਿ ਬਿਪਰਵਾਦੀ ਰਤਿ ਅਤੇ ਅਰਥਾਂ ਵਿਚ ਗੁਰਬਾਣੀ ਕਿਸੇ ਵੀ ਮਨੁੱਖ ਨੂੰ ਸੰਤ ਨਹੀਂ ਸਵਿਕਾਰਦੀ ਅਤੇ ਨਾ ਹੀ ਸਿੱਖ ਧਰਮ ਵਿਚ ਮਾਣਤਾ ਦਿੰਦੀ ਹੈ । ਗੌਂਡ ਮਹਲਾ ਪੰਜਵਾਂ ਅੰਕ 867 ਤੇ ਗੁਰਬਾਣੀ ਸਪਸ਼ਟ ਕਰਦੀ ਹੈ “ਸੋਈ ਸੰਤ ਜਿ ਭਾਵੈ ਰਾਮ॥ ਸੰਤ ਗੋਬਿੰਦ ਕੈ ਏਕੈ ਕਾਮ॥” ਇਸ ਹਵਾਲੇ “ਸੰਤ” ਇਕ ਵਚਨ ਹੈ ਅਤੇ ਸਿਰਫ ਤੇ ਸਿਰਫ ਗੁਰੂ ਲਈ ਪ੍ਰਯੋਗ ਹੋਇਆ ਹੈ। ਜਿਸ ਦਾ ਸਿੱਧਾ ਅਰਥ ਹੈ ਕਿ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਅਰਥਾਤ ਸ਼ਬਦ ਗੁਰੂ ਤੋਂ ਇਲਾਵਾ ਕੋਈ ਹੋਰ ਦੂਜਾ ਨਾ ਸੰਤ ਹੋ ਸਕਦਾ ਹੈ ਅਤੇ ਨਾ ਹੀ ਗੁਰਮਤਿ ਕਿਸੇ ਦੂਜੇ ਵਿਅਕਤੀ ਜਾਂ ਇਨਸਾਨ ਨੂੰ ਸੰਤ ਸਵੀਕਾਰ ਕਰਦੀ ਹੈ ਕਿਉਂਕਿ “ਸੰਤ ਗੋਬਿੰਦ ਕੈ ਏਕੈ ਕਾਮ॥”
    ਕੋਈ ਵਿਅਕਤੀ ਸੰਤ ਨਹੀਂ ਹੈ। ਅਕਾਲ ਪੁਰਖ ਆਪ ਹੀ ਸੰਤ ਹੈ। ਇਸ ਸਿਧਾਂਤ ਅਤੇ ਨਿਅਮ ਨੂੰ ਗੁਰਬਾਣੀ ਇੰਜ ਸਮਝਾਉਂਦੀ ਹੈ “ਭਾਗੁ ਹੋਆ ਗੁਰਿ ਸੰਤੁ ਮਿਲਾਇਆ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ॥ ਸੇਵਿ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ॥ (ਮਾਝ ਮਹਲਾ 5ਵਾਂ ਪੰਨਾ 97) ਜਿਸ ਤੋਂ ਸਪਸ਼ਟ ਨਿਰਦੇਸ਼ ਹੈ ਕਿ ‘ਸੰਤ’ ਪਦ ਤੋਂ ਗੁਰਮਤਿ ਨਿਰਣੈ ਅਤੇ ਗੁਰਬਾਣੀ ਦਾ ਭਾਵ ‘ਅਕਾਲ-ਪੁਰਖ’ ਵਾਹਿਗੁਰੂ ਪ੍ਰਤੀ ਹੀ ਹੈ। ਕਿਸੇ ਹੋਰ ਲਈ ਨਹੀਂ।
    ਇੰਜ ਸਪਸ਼ਟ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਗੁਰਮਤਿ ਦੀ ਖ਼ਾਲਸਤਾਈ ਨੂੰ ਪ੍ਰਗਟ ਕਰਦੇ ਹੋਏ, ਪੰਥ-ਖ਼ਾਲਸੇ ਦੀ ਮਰਿਆਦਾ ਹਿੱਤ; ‘ਗੁਰਮਤਿ’ ਦੀ ਡਿਕਸ਼ਨਰੀ ਵਿਚ ‘ਸੰਤ’ ਦੇ ਅਰਥ (1) ਸਤਿਗੁਰੂ ਪ੍ਰਥਾਇ, (2) ਅਕਾਲ ਪੁਰਖ ਵਾਸਤੇ, (3) ਗੁਰਸਿੱਖ ਲਈ ਅਤੇ (4) ਗੁਰ ਸਿੱਖਾਂ ਜਾਂ ਸਿੱਖ ਸੰਗਤ ਵਾਸਤੇ ਹੀ ਕੇਵਲ ਕਰਦੇ ਹਨ। ਕਿਸੇ ਵਿਅਕਤੀ ਨੂੰ ਸੰਤ ਨਹੀਂ ਬਣਾਉਂਦੇ ਤੇ ਨਾ ਹੀ ਮਾਣਤਾ ਦਿੰਦੇ ਹਲ।
    ਪੰਥ ਖ਼ਾਲਸੇ ਦੀ ਖ਼ਾਲਸਤਾਈਤਾ ਦੇ ਪ੍ਰਗਟਾ ਨੂੰ ਪਾਕ-ਸਾਫ਼ ਰੱਖਣ ਲਈ ਗੁਰਮਤਿ ਦੀ ‘ਡਿਕਸ਼ਨਰੀ’ ਰਾਹੀਂ, ਵਿਅਕਤੀ ਰੂਪੀ ਸੰਤ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਆਪ ਅਰਥ ਇਉਂ ਸਮਝਾਂਦੇ ਹਨ :- “ਚਿੱਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ॥ ਤਿਨ ਮੁਖਿ ਨਾਮੁ ਨ ਉਪਜੈ ਦੂਜੇ ਵਿਆਪੈ ਚੋਰ ਜੀਉ॥ ਮੂਲ ਨ ਬੂਝਹਿ ਆਪਦਾ ਸੇ ਪਸੂਆ ਸੇ ਢੋਰ ਜੀਉ॥” (ਪੰਨਾ 751) ਅਤੇ “ਹਿਰਦੈ ਜਿਨ ਕੈ ਕਪਟ ਵਸੈ ਬਾਹਰਹੁ ਸੰਤ ਕਹਾਹਿ॥ ਤ੍ਰਿਸਨਾ ਮੂਲ ਨ ਚੁਕਈ ਅੰਤਿ ਗਏ ਪਛੁਤਾਹਿ॥” (ਪੰਨਾ 491) ਇਨ੍ਹਾਂ ਦਾ ਆਚਰਣ ਸਮਝਾਉਂਦੇ ਗੁਰੂ ਸਾਹਿਬ ਕਹਿੰਦੇ ਹਨ – “ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥ ਸੰਨਿਆਸੀ ਤਪਸੀਅਹ ਮੁਖ ਹੁਏ ਪੰਡਿਤ ਮਿਠੇ॥” (ਪੰਨਾ 1395) ਅਤੇ ਜਿਨ੍ਹਾਂ ਬਾਬਤ ਗੁਰੂ ਗ੍ਰੰਥ ਸਾਹਿਬ ਜੀ ਇਹ ਨਿਰਣਾ ਸਿੱਖ ਨੂੰ ਦਿੰਦੇ ਹਨ “ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟ ਕਮਾਇ॥ ਹਰਿ ਕਾ ਮਹਲੁ ਨ ਪਾਵਈ ਮਰ ਵਿਸਟਾ ਮਾਹਿ ਸਮਾਇ॥” (ਪੰਨਾ 26) ਜਿਸ ਦਾ ਅਰਥ ਹੈ ਦੂਜਿਆਂ ਮਨੁੱਖਾਂ ਨੂੰ ਠੱਗਣ ਲਈ ਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ ਮਨ ਅਥਵਾ ਹਿਰਦੇ ਵਿਚ ਖੋਟ ਕਮਾ ਕੇ ਆਪ ਹੀ ਭਟਕਦੇ ਫਿਰਦੇ ਹਨ। ਅਜਿਹੇ ਪਾਖੰਡੀ ਮਨੁੱਖ ਪ੍ਰਮਾਤਮਾ ਦੀ ਬਖਸ਼ਿਸ਼ ਖੁਦ ਵੀ ਨਹੀਂ ਪਾ ਸਕਦੇ ਅਤੇ ਅੰਤ ‘ਵਿਸ਼ਟਾ’ (ਗੂੰਹ) ਦੇ ਗੰਦ ਵਿਚ ਹੀ ਭਸਮ ਹੋ ਜਾਂਦੇ ਹਨ। ਤੇ ਭਾਈ ਗੁਰ ਸਿੱਖੋ ! ਹੁਣ ਤੁਸੀ ਖੁਦ ਸੋਚੋ ਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਤੁਸੀ ਇਨ੍ਹਾਂ ਭੇਖੀਆਂ ਪਾਖੰਡੀਆਂ ਅਤੇ ਜਿਨ੍ਹਾਂ ਨੂੰ ਗੁਰੂ ਸਪਸ਼ਟ ਤੋਰ ਤੇ ਇਹ ਆਖ ਰਿਹਾ ਹੈ- ‘ਉਇ ਹਰਿ ਕੇ ਸੰਤ ਨ ਆਖੀਅਹਿ ਬਨਾਰਸਿ ਕੇ ਠਗ॥’ (ਪੰਨਾ 476) ਹੇ ਸਿੱਖੋ ਤੁਸੀ ਖੁਦ ਫੈਸਲਾ ਕਰਨਾਂ ਹੈ ਕਿ ਕੀ ਤੁਸੀ ਇਨ੍ਹਾਂ ਨਾਲ ਰਲ ਕੇ ਇਨ੍ਹਾਂ ਵਾਂਗ ਹੀ ਖੁਦ ਵੀ ਗੰਦ ਵਿਚ ਤੇ ਵਿਸ਼ਟਾ ‘ਚ ਜਾ ਗਰਕ ਹੋਣਾ ਹੈ ਜਾਂ ਗੁਰਮਤਿ ਨਾਲ ਜੁੜਨ ਲਈ ਇਨ੍ਹਾਂ ਚਿੱਟ ਕਪੜੀਏ ਠੱਗਾਂ ਦਾ ਸਾਥ ਛੱਡਣਾ ਹੈ ?
    ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਵਿਚ ਕੋਈ ਭਰਮ ਬਾਕੀ ਨਹੀਂ ਛੱਡਦੇ। ਇਸ ਲਈ ਬਹੁਵਚਨ ਰੂਪ ਵਿਚ ਵੀ ‘ਸੰਤ’ ਸ਼ਬਦ ਦਾ ਗੁਰਮਤਿ ਅਨੁਸਾਰ ਅਰਥ ਦਸਦੇ ਹਨ- ”ਜਿਨ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ॥” (ਮਲਾਰ ਮ: ਚੌਥਾ, ਪੰਨਾ 1264) ਇਸ ਹਵਾਲੇ ਵਿਚ “ਸੰਤ” ਬਹੁ ਵਚਨ ਹੈ, ਜੋ ਸਿੱਖਾਂ ਭਾਉ ਸਮੂਹ ਸੰਗਤ ਜਾਂ ਪੰਥ ਲਈ ਵਰਤਿਆ ਗਿਆ ਹੈ । ਜਿਸ ਦਾ ਸਿੱਧਾ ਅਰਥ ਹੈ ਕਿ ਸੰਗਤ ਅਤੇ ਪੰਥ ਹੀ ਸਮੂਹਿਕ ਰੂਪ ਵਿਚ ਸੰਤ ਹੈ, ਕੋਈ ਵਿਅਕਤੀ ਨਹੀਂ। ਸੰਤ ਦੀ ਪਦਵੀ ਧਾਰੀ ਸ਼ਰੀਰਕ ਸਖਸੀਅਤ ਅਗਰ ਕੋਈ ਹੈ ਤੇ ਉਹ ਕੇਵਲ ਗੁਰੂ ਪੰਥ ਹੈ ਤੇ ਸਰਬੱਤ ਖ਼ਾਲਸੇ ਦੇ ਰੂਪ ਵਿਚ ਪੰਥ ਹੀ ਸੰਤ ਹੈ। ਇੰਜ ਸਪਸ਼ਟ ਹੈ ਕਿ ਸਿੱਖ ਧਰਮ ਵਿਚ ਕੋਈ ਵੀ ਵਿਅਕਤੀ ਵਿਸ਼ੇਸ਼ ਆਪਣੇ-ਆਪ ਨੂੰ ਸੰਤ ਨਹੀਂ ਅਖਵਾ ਸਕਦਾ ਹੈ। ਇਸੇ ਲਈ ‘ਗੁਰਮਤਿ ਨਿਰਣਯ ਕੋਸ਼’ ਦਾ ਲਿਖਾਰੀ ਲਿਖਦਾ ਹੈ “ਸੋ ਸਪਸ਼ਟ ਹੈ ਕਿ ਗੁਰਬਾਣੀ ਵਿਚਲਾ “ਸੰਤ” ਵਿਅਕਤੀ ਵਿਸ਼ੇਸ਼ ਦੀ ਥਾਂ ਸਮੁੱਚੇ ਸਿੱਖਾਂ ਲਈ ਹੀ ਪ੍ਰਯੋਗ ਹੋਇਆ ਹੈ। ਕਿਸੇ ਵੀ ਵਿਅਕਤੀ ਦੁਆਰਾ ਖੁਦ ਨੂੰ ਸੰਤ ਅਖਵਾਉਣਾ ਘੋਰ ਮਨਮਤਿ ਹੈ। ਇਸੇ ਤਰ੍ਹਾਂ ਕਿਸੇ ਵਿਅਕਤੀ ਨੂੰ ਸੰਤ ਕਹਿਣਾ ਵੀ ਪਾਪ ਕਰਮ ਹੈ।”
    ਹੁਣ ਸਿੱਖ ਸੰਗਤ ਨੂੰ ਵਿਅਕਤੀ ਵਿਸ਼ੇਸ਼ ਚਿੱਟ ਕੱਪੜੀਏ, ਗੋਲ ਪੱਗੜੀਏ, ਆਪਣੀਆਂ ਨੰਗੀਆਂ ਲੱਤਾਂ ਦਾ ਪ੍ਰਦਰਸ਼ਨ ਕਰਦੇ ਅਤੇ ਆਪਣੇ ਆਪ ਨੂੰ ਸੰਤ ਅਖਵਾਉਂਦੇ ਘੋਰ ਮਨਮਤੀਏ ਦੋਖੀਆਂ ਤੋਂ ਸਾਵਧਾਨ ਹੋ ਜਾਣਾ ਚਾਹੀਦਾ ਹੈ। ਇਹ ਸਮੁੱਚੀ ਜਮਾਤ ਸੁਖਮਨੀ ਸਾਹਿਬ ਦੀ 13ਵੀਂ ਪਉੜੀ ਦਾ ਸਹਾਰਾ ਲੈ ਕੇ ਅਤੇ ਉਸ ਦੇ ਅਰਥਾਂ ਦੇ ਅਨਰਥ, ਸਿੱਖ ਸੰਗਤਾਂ ਨੂੰ ਜਾਣਬੱਝ ਕੇ ਸਮਝਾ ਕੇ, ਸਿੱਖ ਧਰਮ ਵਿਚ ਬਿਪਰਵਾਦੀ ਰੀਤ ‘ਸੰਤ-ਪ੍ਰਣਾਲੀ ਅਤੇ ਡੇਰਾਵਾਦੀ’ ਰੀਤ ਚਲਾ ਕੇ; ਆਪਣੇ ਮਗਰ ਲਾਉਣ ਦਾ ਘੋਰ ਪਾਪ ਕਮਾ ਰਹੇ ਹਨ। ਸਿੱਖ ਬੀਬੀਆਂ ਨੂੰ ਇਨ੍ਹਾਂ ਨੇ ਆਪਣੀ ਸੇਵਾ ਵਿਚ ਲਾਉਣ ਵਾਸਤੇ ਹੀ ਅਤੇ ਉਨ੍ਹਾਂ ਦੀ ਕੋਮਲ ਮਨੋ-ਭਾਵਨਾਵਾਂ ਨੂੰ ਆਪਣੀ ਹੰਕਾਰ ਵਾਸ਼ਨਾ ਦਾ ਸ਼ਿਕਾਰ ਬਣਾਉਣ ਹਿੱਤ ਹੀ ਸੰਤ-ਸਾਧ-ਡੇਰਾਵਾਦ ਦੀ ਕੈਦ ਵਿਚ ਪਾ ਦਿੱਤਾ ਹੈ ਤੇ ਆਪਣੇ-ਆਪ ਨੂੰ ਸੰਤ ਸਥਾਪਿਤ ਕਰ ਲਿਆ ਹੈ। ਸਿੱਖ ਬੀਬੀਓ ! ਸਾਵਧਾਨ ਹੋ ਜਾਵੋ, ਇਹ ਤੁਹਾਡਾ ਦੰਭੀ, ਪਾਖੰਡੀ ਵਿਅਕਤੀ ਸੰਤ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਉਪਰੋਕਤ ਵਿਚਾਰ ਅਨੁਸਾਰ ਸੰਗਤ ਨੂੰ ਸੰਤ, ਪੰਥ ਨੂੰ ਸੰਤ, ਅਕਾਲ ਪੁਰਖ ਨੂੰ ਸੰਤ ਅਤੇ ਸ਼ਬਦ ਗੁਰੂ ਨੂੰ ਸੰਤ ਅਤੇ ਗੁਰਬਾਣੀ ਵਿਚ ਵੀ ਅਤੇ ਸੁਖਮਨੀ ਸਾਹਿਬ ਦੀ ਪਉੜੀ 13ਵੀਂ ਵਿਚ ਵੀ ਸਥਾਪਿਤ ਕਰਦੇ ਹਨ। ਇਸ ਲਈ ਆਪਣੇ-ਆਪ ਨੂੰ ਕਿਸੇ ਵਿਅਕਤੀ ਨੂੰ ਸੰਤ ਆਖ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਗ਼ੀ ਨਾ ਹੋਵੋ, ਗੁਰੂ ਦੀ ਕਰੋਪੀ ਨਾ ਸਹੋ, ਅਤੇ ਗੁਰੂ ਸ਼ਬਦ ਨੂੰ ਹੀ ਸੰਤ ਜਾਣੋ। ਜ਼ਰਾ ਖਿਆਲ ਕਰੋ ਬੀਬੀਓ ਕਿਉਂਕਿ ਤੁਹਾਨੂੰ ਇਨ੍ਹਾਂ ਮਨਮਤੀ ਭੇਖੀ ਅਤੇ ਪਾਖੰਡੀ ਸਾਧਾਂ ਨੇ ਕੁਰਾਹੇ ਪਾ ਦਿੱਤਾ ਹੈ ਤੇ ਤੁਸੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਮਤਿ ਨੂੰ, ਗੁਰ-ਸ਼ਬਦ ਨੂੰ ਅਤੇ ਅਕਾਲ ਨੂੰ ਸੰਤ ਮੰਨਣ ਦੀ ਬਜਾਏ ਇਨ੍ਹਾਂ ਚਿੱਟ ਕੱਪੜੀਆਂ, ਗੋਲ ਪੱਗੜੀਆਂ ਅਤੇ ਲੱਤਾਂ ਦੇ ਨੰਗੇਜ਼ ਦਰਸਾਉਂਦੀਆਂ ਪਾਪ ਕਮਾਉਂਦੀਆਂ, ਹੰਕਾਰੀ ਪ੍ਰਵਿਰਤੀਆਂ ਨੂੰ ਸੰਤ ਆਖਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕਰਕੇ ਹਜ਼ਾਰਾਂ ਸੁਖਮਨੀ ਦੇ ਪਾਠ ਕਰਨ ਤੋਂ ਬਾਅਦ ਵੀ ਨਾ ਤਾਂ ਤੁਹਾਡੇ ਹਿਰਦੇ ਵਿਚ ਸੁੱਖ ਤੇ ਸ਼ਾਂਤੀ ਵਰਤੀ, ਨਾ ਪਰਿਵਾਰ ਵਿਚ ਅਤੇ ਨਾ ਹੀ ਰਿਸ਼ਤਿਆਂ ਵਿਚ, ਨਾ ਸਮਾਜ ਵਿਚ। ਕਦੇ ਸਬਰ ਅਤੇ ਸਹਿਜ ਨਾਲ ਆਪਣੀ ਆਤਮਾ ਦੀ ਜ਼ਮੀਰ ਵਿਚ, ਸੰਤ ਵਿਅਕਤੀ ਦੀ ਗੁਲਾਮੀ ਤੋਂ ਮੁਕਤ ਹੋ ਕੇ ”ਸੰਤ-ਗੁਰੂ ਗ੍ਰੰਥ-ਪੰਥ” ਦੇ ‘ਸ਼ਬਦ’ ਦੇ ਗਿਆਨ ਨਾਲ ਆਤਮ ਪੜਚੋਲ ਕਰਕੇ ਵੇਖੋ ਕਿ ਕਿ ਕੀ ਸੱਚ ਹੈ ਕਿ ਝੂਠ ?
    ਇਸੇ ਲਈ ਭਾਈ ਰਣਧੀਰ ਸਿੰਘ ਜੀ ਆਪਣੀ ਪੁਸਤਕ “ਸੰਤ ਪਦ ਨਿਰਣੈ ਵਿਚ” ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿਚ ‘ਸੰਤ’ ਪਦ ਦੇ 161 ਪ੍ਰਮਾਣ ਅਜਿਹੇ ਆਉਂਦੇ ਹਨ ਜਿਸ ਵਿਚ ਸੰਤ ਸ਼ਬਦ ਗੁਰਸਿੱਖਾਂ ਪ੍ਰਥਾਏ ਗੁਰਬਾਣੀ ਲਿਖਦੀ ਹੈ । ਇਨ੍ਹਾਂ ਸਭਨਾਂ ਸ਼ਬਦਾਂ ਦੀ ਵਿਆਖਿਆ ਸਮੇਤ ਭਾਈ ਰਣਧੀਰ ਸਿੰਘ ਜੀ ਨਿਰਣੈ ਕਰਦੇ ਹਨ ਕਿ ਇਹ ਗੁਰਬਾਣੀ ਵਿਚ “ਸੰਤ”, “ਗੁਰਸਿੱਖਾਂ” ਪ੍ਰਥਾਇ ਵਰਤਿਆ ਗਿਆ ਹੈ। ਕਿਸੇ ਪਦਵੀ ਬਣਾਈ ਬੈਠੇ ਡੇਰਵਾਦੀ ਵਿਅਕਤੀ ਲਈ ਨਹੀਂ !
    ਭਾਈ ਰਣਧੀਰ ਸਿੰਘ ਜੀ ਹੀ “ਨਾਮ ਤੇ ਨਾਮ ਦਾ ਦਾਤਾ ਸਤਿਗੁਰੂ’ ਸਿਰਲੇਖ ਹੇਠ ਆਪਣੀ ਪੁਸਤਕ ਵਿਚ ਦੁਬਾਰਾ ਗੁਰਸਿੱਖਾਂ ਨੂੰ ਸੰਤਵਾਦੀ-ਸਾਧ ਬਰਾਦਰੀ ਤੋਂ ਅਜਾਦ ਕਰਾਉਣ ਲਈ ਪੰਨਾ 90 ਤੇ ‘ਸੰਤ’ ਪਦ ਦੇ ਨਿਰਣੈ ਬਾਰੇ ਹੋਰ ਸਪਸ਼ਟ ਕਰਕੇ ਲਿਖਦੇ ਹਨ ਕਿ ਇਹ ਸਿਰਫ ਤੇ ਸਿਰਫ ਸਤਿਗੁਰੂ ਪ੍ਰਥਾਇ ਹੀ ਵਰਤਿਆ ਗਿਆ ਹੈ। ਭਾਈ ਸਾਹਿਬ ਦੀ ਆਪਣੀ ਭਾਸ਼ਾ ‘ਚ -‘ਬੇਸ਼ਕ ਗੁਰਬਾਣੀ ਵਿਚ ਅੱਗੇ ਗੁਰਵਾਕ ਹਨ, ਜਿਨ੍ਹਾਂ ਵਿਚ ਗੁਰੂ ਕੇ ਸਿੱਖਾਂ ਪ੍ਰਥਾਇ ਭੀ ‘ਸੰਤ ਪਦ’ ਘਟਦਾ ਹੈ, ਪਰ ਸਾਰੀ ਬਾਣੀ ਵਿਚ ‘ਸੰਤ’ ਅਤੇ ‘ਸਾਧ’ ਪਦ ਦੀ ਬਹੁਤੀ ਸ਼ਲਾਘਾ, ਪੂਜਮਈ ਸ਼ਲਾਘਾ ਜੋ ਹੈ, ਸੋ, ਸਿਰਫ ਗੁਰੂ ਸਾਹਿਬਾਨ ਉਪਰ ਹੀ ਘਟਦੀ ਹੈ। ਸੁਖਮਨੀ ਸਾਹਿਬ ਵਿਚ ‘ਸੰਤ’, ‘ਸਾਧ’ ਤੇ ‘ਬ੍ਰਹਮਗਿਆਨੀ’ ਦੀ ਜੋ ਮਹਿਮਾ ਸ੍ਰੀ ਪੰਚਮ ਪਾਤਿਸ਼ਾਹ ਨੇ ਵਰਣਨ ਕੀਤੀ ਹੈ, ਉਹ ਸਭ ਪਹਿਲੇ ਗੁਰੂ ਸਾਹਿਬਾਨ ਪ੍ਰਥਾਇ ਹੀ ਉਚਾਰਨ ਹੋਈ ਹੈ।”
    ਦਰਅਸਲ ਸੰਤ ਪਦ ਗੁਰਬਾਣੀ ‘ਚ ਵਾਹਿਗੁਰੂ ਪ੍ਰਤੀ ਹੀ ਮਿਲਦਾ ਹੈ। ਕਿਸੇ ਵਿਅਕਤੀ ਜਾਂ ਅਕਾਲ ਪੁਰਖ ਤੋਂ ਅੱਡ ਜਾਂ ਗੁਰੂ ਸਾਹਿਬਾਨ ਤੋਂ ਅੱਡ ਜਾਂ ਗੁਰੂ ਗ੍ਰੰਥ ਸਾਹਿਬ ਤੋਂ ਅੱਡ ਕਿਸੇ ਪਾਖੰਡੀ ਲਈ ਗੁਰੂ ਗੰਥ ਸਾਹਿਬ ਵਿਚ ਇਹ ਸੰਤ ਸ਼ਬਦ ਨਹੀਂ ਲਿਖਿਆ ਗਿਆ ਹੈ। ਜਿਵੇਂ- “ਭਾਗੁ ਹੋਆ “ਗੁਰਿ” “ਸੰਤੁ” ਮਿਲਾਇਆ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ॥” ਸ਼ਬਦ ਦੀ ਇਸ ਪੰਕਤੀ ਦਾ ਅਰਥ ਗੁਰਮਤਿ ਅਨੁਸਾਰ ਇਹ ਹੈ – “ਗੁਰੂ ਨੇ ਸੰਤ ਮਿਲਾ ਦਿੱਤਾ ਹੈ ਅਰਥਾਤ ਗੁਰੂ ਨੇ ਪ੍ਰਭੂ ਨੂੰ ਮਿਲਾ ਦਿੱਤਾ ਹੈ।” ਇਸ ਦਾ ਪਾਖੰਡੀ ਸਾਧ ਅਰਥ ਇੰਜ ਕਰਦੇ ਹਨ, ਜਾਂ ਸੰਤਵਾਦੀਆਂ ਮੁਤਾਬਿਕ ਹੋਵੇ ਤਾਂ ਫਿਰ ਇਹ ਕਹਿਣਾ ਬਣੇਗਾ ਕਿ ‘ਗੁਰੂ ਨੇ ਇਕ ਵਿਅਕਤੀ ਸੰਤ (ਚਿੱਟ ਕਪੜੀਆਂ-ਗੋਲ ਪੱਗੜੀਆਂ-ਲੱਤੋਂ ਨੰਗਾ-ਪਜ਼ਾਮੇ ਦਾ ਤਿਆਗੀ) ਮਿਲਾ ਦਿੱਤਾ ਹੈ।’ ਤਾਂ ਫਿਰ ਇਹ ਪਾਖੰਡੀ ਤਾਂ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਤੋਂ ਵੀ ਵੱਡਾ ਹੈ ਗਿਆ ਨਾ ! ਨਹੀਂ ? ਇੰਜ ਇਹ ਪਾਖੰਡੀਆਂ ਵਲੋਂ ਕੀਤੇ ਜਾਂਦੇ ਅਰਥ ਦੇ ਅਨਰਥ ਹਨ। ਜਿਵੇਂ ਇਹ ਸੁਖਮਨੀ ਸਾਹਿਬ ਦੀ ਬਾਣੀ ਨਾਲ ਕਰੀ ਜਾ ਰਹੇ ਹਨ। ਇਸ ਪੰਕਤੀ ਦੇ ਗ੍ਰਹਿਣ ਕਰਨ ਯੋਗ ਗੁਰਮਤਿ ਅਰਥ ਇੰਜ ਹਨ “ਮੇਰਾ ਭਾਗ ਪ੍ਰਗਟ ਹੋਇਆ ਹੈ ਅਤੇ ਮੇਰੇ ਗੁਰੂ ਨੇ ‘ਪ੍ਰਭੂ-ਸੰਤ’ ਨਾਲ ਮਿਲਾ ਦਿੱਤਾ ਹੈ।” ਗੁਰੂ ਤਾਂ ਅਕਾਲ ਪੁਰਖ ਨਾਲ ਹੀ ਮੇਲੇਗਾ। ਕਿਸੇ ਪਾਖੰਡੀ ਵਿਅਕਤੀ ਨਾਲ ਤਾਂ ਨਹੀਂ ਮੇਲਣ ਲੱਗਾ ਨਾ। ਜੇ ਗੁਰੂ ਖੁਦ ਹੀ ਕਿਸੇ ਪਾਖੰਡੀ ਵਿਅਕਤੀ ਨੂੰ ਸੰਤ ਬਣਾ ਉਸ ਨਾਲ ਆਪਣੇ ਸਿੱਖ ਨੂੰ ਮੇਲ ਕੇ ਉਸ ਦੇ ਭਾਗ ਜਗਾਉਣ ਲੱਗ ਪਿਆ ਤਾਂ ਫਿਰ ‘ਗੁਰੂ’ ਦੀ ਬਾਕੀ ਕੀ ਲੋੜ ਰਹਿ ਜਾਂਦੀ ਹੈ ? ਸਿੱਖੋ ! ਆਪਣੇ ਅੰਦਰਲੀ ਬੁੱਧੀ ਦੀ ਚੇਤਨਾ ਨੂੰ ਜਗਾਉ।
    ਗੁਰੂ ਗ੍ਰੰਥ ਸਾਹਿਬ ਜੀ ਦੇ ਸਟੀਕ ਲਿਖਣ ਵਾਲੇ ਲਿਖਾਰੀਆਂ ਨੇ ਵੀ ਗੁਰਮਤਿ ਵਿਚਾਰਧਾਰਾ ਨਾਲ ਸੰਤ ਦੇ ਅਰਥ ਨਾ ਕਰਕੇ ਅਤੇ ਇਸ ਮੁੱਦੇ ਤੇ ਚੁੱਪ ਵੱਟ ਕੇ ਸ਼ਬਦਾਰਥ ਕਰ ਜਾਣੇ ਆਪਣੇ-ਆਪ ਵਿਚ ਘੋਰ ਪਾਪ ਹੀ ਕਮਾਇਆ ਹੈ। ਸਿੱਖ ਲਿਖਾਰੀ ਅਤੇ ਗੁਰਮਤਿ ਦੇ ਤਾਂਘੀ ਇਸ ਮਨੋਰਥ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਗਏ ਟੀਕਿਆਂ ਦੀ ਪੜਚੋਲ ਕਰ ਸਕਦੇ ਹਨ। ਇਹੋ ਵਜ੍ਹਾ ਹੈ ਕਿ ਪਿਛਲੇ 159 ਸਾਲਾਂ ਵਿਚ ਅਰਥਾਤ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇਸ ਸੰਤ-ਸਾਧ ਨੂੰ ਬਿਪਰਵਾਦੀ ਡੇਰੇਦਾਰ ਦੇ ਤੋਰ ਤੇ ਸਥਾਪਤ ਕੀਤਾ ਗਿਆ ਹੈ। ਇਸ ਦਾ ਮਨੋਰਥ ਅਤੇ ਨਿਸ਼ਾਨਾਂ ਬੜਾ ਹੀ ਸਪਸ਼ਟ ਹੈ ਕਿ ਸਿੱਖ ਸਮਾਜ ਨੂੰ ਮਾਨਸਿਕ ਤੌਰ ਤੇ ਇਤਨਾਂ ਲਾਚਾਰ ਅਤੇ ਨਿਰਾਸ਼ ਕਰ ਦਿੱਤਾ ਜਾਵੇ ਕਿ ਉਹ ਆਪਣੇ ਗੁਰੂ ”ਗੁਰੂ ਗ੍ਰੰਥ-ਗੁਰੂ ਪੰਥ” ਤੋਂ ਤੋੜ ਕੇ ਸਿੱਖ ਨੂੰ ਜ਼ਬਰਦਸਤੀ ਜਾਂ ਸੁਤੇ ਸਿਧ ਹੀ ਵਿਅਕਤੀ ਰੂਪ ਵਿਚ ਸ਼ਖਸ਼ੀ, ਹੰਕਾਰੀ, ਮਨਮਤੀ, ਸ਼ਖਸ਼ੀਅਤ ਨੂੰ ‘ਸਾਧ’, ਸੰਤ, ਬ੍ਰਹਿਮਗਿਆਨੀ ਬਣਾ ਕੇ ਉਸ ਨਾਲ ਜੋੜ ਦਿਓ । ਸਿੱਖ ਕੌਮ ਦੀ ਹੋਂਦ ਆਪਣੇ ਆਪ ਹੀ ਵੰਢੀਆਂ ਪੈ ਪੈ ਕੇ ਬਿਖਰ ਕੇ ਖ਼ਤਮ ਹੋ ਜਾਏਗੀ । ਤੇ ਹੋਲੀ-ਹੋਲੀ ਇਨ੍ਹਾਂ ਹਿੰਦੁਤਵਾਵਾਦੀ ਸੰਤ-ਸਾਧ ਬਰਾਦਰੀ ਦੇ ਸਿੱਖ ਬਣ ਕੇ ਖ਼ਾਲਸਾ ਆਪਣੇ ਆਪ ਹੀ ਹਿੰਦੂ ਬਣ ਜਾਵੇਗਾ । ਉਹ ਹਿੰਦੂ ਜਿਸ ਦਾ ਆਪਣੇ ਆਪ ਵਿਚ ਕੋਈ ਵਜੂਦ ਨਹੀਂ ਹੈ । ਜਿਸ ‘ਹਿੰਦੂ’ ਦਾ ਧਾਰਮਿਕ ਤੋਰ ਤੇ ਬਤੌਰ ਸ਼ਬਦ ਹਿੰਦੂ ਦੇ ਅਸੀ ਜਿਕਰ ਕਰਦੇ ਹਾਂ, ਇਹ ਸ਼ਬਦ, ਸਿਧਾਂਤ ਅਤੇ ਵਿਆਖਿਆ ਸਾਨੂੰ ਕਿਸੇ ਵੀ ਪੁਰਾਣ, ਵੈਦ, ਗੀਤਾ, ਮਾਹਾਭਾਰਤ, ਸਿੰਮਰਤੀਆਂ ਵਿਚ ਜਿਕਰ ਤਕ ਨਹੀਂ ਹੈ ਅਤੇ ਸ਼ਬਦ ‘ਹਿੰਦੂ’ ਇਨ੍ਹਾਂ ਗ੍ਰੰਥਾਂ ਵਿਚ ਲਿਖਿਆ ਤਕ ਨਹੀਂ ਮਿਲਦਾ ਹੈ; ਤਾਂ ਫਿਰ ਉਸ ਅਨਾਮ, ਬਿਨਾ ਪਹਿਚਾਨ ਅਤੇ ਮਰਿਆਦਾ-ਆਦਰਸ਼ਹੀਨ ਹਿੰਦੂ ਦੇ ਤੌਰ ਤੇ ਸਿੱਖਾਂ ਨੂੰ ਵੀ ਬੇਗੁਰਾ ਬਣਾ ਕੇ ਖਤਮ ਕਰ ਦਿੱਤਾ ਜਾਵੇ । ਇਸੇ ਟੀਚਿਆਂ ਦੀ ਪਰਾਪਤੀ ਲਈ ਇਨ੍ਹਾਂ ਨੂੰ ‘ਬ੍ਰਹਾਮਣ’ ਨੇਂ ਨੂੰ ਸਿੱਖਾਂ ਨੂੰ ਖ਼ਤਮ ਕਰਨ ਦੀ ਨੀਤੀ ਨਾਲ ਇਨ੍ਹਾਂ ਸੰਤ-ਸਾਧਾਂ-ਡੇਰੇਦਾਰਾਂ, ਕਾਰਸੇਵਾ-ਬ੍ਰਹਿਮਗਿਆਨੀਆਂ ਨੂੰ ਆਪਣੇ ਸੰਦ ਬਣਾ ਕੇ ਆਪਣੇ ਹਥਿਆਰ ਦੇ ਤੌਰ ਤੇ ਸਿੱਖ ਸਮਾਜ ਵਿਚ ਸਥਾਪਿਤ ਕੀਤਾ ਗਿਆ ਹੈ। ਇਹੋ ਕੰਮ ਪਹਿਲਾਂ ਸਿੱਖਾਂ ਨੂੰ ਗੁਲਾਮ ਬਣਾਈ ਰੱਖਣ ਲਈ ਅੰਗਰੇਜ ਹਕੂਮਤ ਨੇਂ ਕੀਤਾ ਸੀ । ਸਿੱਖ ਆਪਣੀ ਸਰਕਾਰ-ਏ-ਖ਼ਾਲਸਾ ਦੀ ਸਥਾਪਨਾਂ ਲਈ ਕਿਤੇ ਜੱਥੇਬੰਦ ਸੰਘਰਸ਼ ਨਾ ਖੜਾ ਕਰ ਦੇਣ ਇਸ ਖਿਆਲ ਨੂੰ ਵੀ ਸਿੱਖਾਂ ਵਿਚ ਉਪਜਣ ਨਾ ਦਿੱਤਾ ਜਾਵੇ ਦੀ ਮੰਸ਼ਾਂ ਨਾਲ, ਇਨ੍ਹਾਂ ਸੰਤਾਂ ਦਾ ਜਨਮ ਅੰਗਰੇਜ ਦੀ ਕੂਟਨੀਤੀਕ ਸੰਦ ਦੀ ਕੁੱਖ ਵਿਚੋਂ ਸਿੱਖ ਵਿਹੜੇ ਵਿਚ ਹੋਇਆ ਸੀ ।
    ਕੀ ਸਮੁੱਚਾ ਸੰਤ ਸਮਾਜ ਅਤੇ ਇਨ੍ਹਾਂ ਦਾ ਸਮਰਥੱਕ ਲਿਖਾਰੀ ਸਮਾਜ ਮੇਰੇ ਇਸ ਸਵਾਲ ਦਾ ਜਵਾਬ ਦੇ ਸਕਦਾ ਹੈ ਕਿ ਪੂਰੇ ਗੁਰੂ ਕਾਲ ਵਿਚ ਅਤੇ ਸਿੱਖ ਮਿਸਲਾਂ ਦੇ ਸਮੇਂ ਕਾਲ ਤਕ ਸਿੱਖ ਸਮਾਜ ਵਿਚ, ਪੰਥ ਖ਼ਾਲਸੇ ਵਿਚ ਕੋਈ ਵੀ ਸੰਤ ਵਿਅਕਤੀ ਅਤੇ ਸ਼ਖਸ਼ੀ ਸਾਧ-ਡੇਰੇਦਾਰ ਵਰਤਮਾਨ ਪਾਖੰਡੀ ਰੂਪ ਵਿਚ ਕਿਉਂ ਨਾ ਜਨਮਿਆ ? ਗੁਰੂ ਨਾਨਕ ਨੇਂ ਲਹਿਣਾ ਜੀ ਨੂੰ, ਮਰਦਾਨਾ ਜੀ ਨੂੰ ਬਾਬਾ ਬੁੱਢਾ ਜੀ ਨੂੰ, ਭਾਈ ਲਾਲੋ ਜੀ ਨੂੰ ਜਿੱਥੇ ਕਿ ਉਨ੍ਹਾਂ ਪਹਿਲੀ ਧਰਮਸਾਲ ਸਥਾਪਤ ਕਰ ਕੇ ਉਸ ਧਰਮਸਾਲ ਦਾ ਸੰਚਾਲਕ ਭਾਈ ਲਾਲੋ ਨੂੰ ਹੀ ਥਾਪਿਆ, ਕੌਢੇ ਰਾਖਸ਼ ਆਪਣੇ ਚਰਨਣੀ ਪੈਣ ਤੋਂ ਬਾਅਦ ਸਿੱਖੀ ਦਾ ਪਰਚਾਰਕ ਥਾਪ ਕੇ ਵੀ ਆਦਿ ਸਭ ਨੂੰ ਸਿੱਖ ਹੀ ਕਿਹਾ, ‘ਸੰਤ’ ਕਿਉਂ ਨਾ ਕਿਹਾ ਗਿਆ ? ਉਹ ਵਚਾਰੇ ਹੀ ਰਹਿ ਗਏ ਫੇਰ ਕਿਉਂਕੀ ਉਹ ਤਾਂ ਬ੍ਰਹਿਮਗਿਆਨੀ ਵੀ ਨਾ ਅਕਵਾ ਸਕੇ ? ਕਬੀਰ ਜੀ, ਧੰਨਾਂ ਜੀ ਆਦਿ 15 ਭਗਤਾਂ ਅਤੇ 11 ਭੱਟਾਂ ਦੇ ਨਾਲ ਹੀ ਨਾਲ ਮਾਤਾ ਖੀਵੀ ਜੀ ਅਤੇ ਸੱਤੇ ਤੇ ਬਲਵੰਡ ਜੀ ਤਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਤ ਨਹੀਂ ਆਖਿਆ ਗਿਆ। ਗੁਰੂ ਸਾਹਿਬ ਨੇਂ ਆਪ ਆਪਣੇ ਜੀਵਨ ਕਾਲ ਵਿਚ ਇਨ੍ਹਾਂ ਨੂੰ ਨਾਹ ਤਾਂ ਬ੍ਰਹਿਮ-ਗਿਆਨੀ ਦੀ ਪਦਵੀ ਦਿੱਤੀ, ਨਾਹ ਹੀ ਸਾਧ ਦੀ ਪਦਵੀ ਦਿੱਤੀ ਅਤੇ ਨਾਹ ਹੀ ਸੰਤ ਦੀ ਪਦਵੀ ਧਾਰੀ ਬਣਾਇਆ ? ਤਾਂ ਫਿਰ ਕੀ ਇਹ ਚਿੱਟ ਕੱਪੜੀਏ, ਗੋਲ ਪੱਗੜੀਏ, ਪਜ਼ਾਮਾ ਤਿਆਗਇਏ ਆਪਣੇ-ਆਪ ਨੂੰ ਕਿਵੇਂ ਸੰਤ ਅਖਵਾ ਸਕਦੇ ਹਨ ?
    ਕੀ ਇਹ ਲੋਕ ਫਿਰ 10 ਗੁਰੂ ਸਾਹਿਬਾਨ ਤੋਂ ਵੱਡੇ ਹਨ ਜੇ ਵੱਡੇ ਹਨ ? ਤਾਂ ਹੀ ਸੰਤ ਹੋ ਸਕਦੇ ਹਨ ਕਿਉਂਕਿ ਗੁਰੂ ਤਾਂ ਆਪ ਸਰੀਰ ਰੂਪ ਵਿਚ ਆਪਣੇ ਆਪ ਨੂੰ ਸਿੱਖ ਅਖਵਾ ਰਿਹਾ ਹੈ, ਸੰਤ ਨਹੀਂ। ਤਾਂ ਫਿਰ ਕੀ ਇਹ ਲੋਕ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਭਗਤਾਂ, ਭੱਟਾਂ ਤੇ ਹੋਰ ਮਹਾਂਪੁਰਖਾਂ ਤੋਂ ਵਡੇਰੇ ਹਨ ਅਤੇ ਮਹਾਨ ਹਨ ? ਤਾਂ ਆਪਣੇ-ਆਪ ਨੂੰ ਸੰਤ ਅਖਵਾਉਂਦੇ ਹਨ ਅਸੀ ਇਨ੍ਹਾਂ ਤੋਂ ਸਪਸ਼ਟੀਕਰਣ ਚਾਹੁੰਦੇ ਹਾਂ। 54 ਸਾਲ ਗੁਰੂ ਨਾਨਕ ਸਾਹਿਬ ਨਾਲ ਕੀਰਤਨ ਦੀ ਸੰਗਤ ਕਰਨ ਵਾਲੇ ਭਾਈ ਮਰਦਾਨਾ ਜੀ ਵੀ ਸੰਤ ਨਾ ਬਣ ਸਕੇ। ਬਾਬਾ ਬੁੱਢਾ ਜੀ ਤੋ ਜਿਨ੍ਹਾਂ 6 ਗੁਰੂ ਸਾਹਿਬਾਨਾਂ ਨੂੰ ਗੁਰਗੱਦੀ ਤੇ ਬਿਠਾਇਆ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੁਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਤੋਂ ਵੀ ਮਹਾਨ ਅਤੇ ਇਨ੍ਹਾਂ ਦੇ ਵੀ ਅਕਾਲ ਰੂਪ ਗੁਰੂ ਹਨ ਤਾਂ ਹੀ ਸੰਤ ਅਖਵਾਉਂਦੇ ਹਨ ? ਇਹ ਪੰਜ ਪਿਆਰੇ ਵੀ ਜਿਨ੍ਹਾਂ ਅੱਗੇ ਗੁਰੂ ਸਾਹਿਬ ਨੇਂ ਆਪ ਗੋਡੇ ਟੇਕ ਕੇ ਅੰਮ੍ਰਿਤਪਾਣ ਕਤਿਾ ਅਤੇ ਜਿਨ੍ਹਾਂ ਨੂੰ ਪੰਥ ਰੂਪ ਵਿਚ ਗੁਰੂ ਦੀ ਖੁਦ ਪਦਵੀ ਦਿੱਤੀ ਉਹ ਪਮਜ ਪਿਆਰੇ ਵੀ ਸੰਤ ਨਾ ਬਣ ਸਕੇ ਅਤੇ ਨਾ ਹੀ ਸਿੱਖ ਕੌਮ ਵਲੋਂ ਬਣਾਏ ਤੇ ਥਾਪੇ ਗਏ । ਕਿਉਂਕਿ ਸੰਤ ਦੀ ਪਦਵੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪੰਥ ਮਹਾਰਾਜ ਨੇ ਅਤੇ ਖੁਦ ਗੁਰੂ ਸਾਹਿਬਾਨ ਨੇ ਵੀ ਇਨ੍ਹਾਂ ਸ਼ਖਸ਼ੀਅਤਾਂ ਤਕ ਨੂੰ ਵੀ ਨਾ ਦਿੱਤੀ। ਤਾਂ ਫਿਰ ਆਪੋ-ਆਪਣੀ ਦੁਕਾਨ ਖੋਲੀ ਬੈਠੇ ਹੰਕਾਰੀ ਦੰਭੀ, ਇਹ ਚਿੱਟ ਕੱਪੜੀਏ, ਗੋਲ ਪੱਗੜੀਏ, ਬ੍ਰਾਹਮਣ ਦੇ ਥਾਪੇ ਠੱਗ ਵਿਅਕਤੀ ਸੰਤ ਕਿਵੇਂ ਹੋ ਗਏ ? ਗੁਰੂ ਗ੍ਰੰਥ ਸਾਹਿਬ ਆਖਦੇ ਹਨ ”ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥1॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲੇ੍ ਸਾਰੇ ਮਾਣਸ ਖਾਵਹਿ ॥2॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥3॥”(ਪੰਨਾਂ 476) ਟਕਸਾਲਾਂ ਤੋਂ ਲੈ ਕੇ ਡੇਰੇਦਾਰਾਂ ਤਕ ਦੇ ਕੀ ਅਜਿਹੇ ਹੀ ਕਰਮ ਨਹੀਂ ਜਨ ?
    ਇਹ 108 ਤੋਂ 1008 ਤੇ 10008 ਤਕ ਦੇ ਪਾਖੰਡਧਾਰੀ, ਡੇਰੇਦਾਰ, ਸਾਧ ਕਿਵੇਂ ਸੰਤ ਹੋ ਗਏ ? ਸਿੱਖ ਸੰਗਤੋ ! ਜ਼ਰਾ ਸੋਚੋ ! ਭਾਈ ਮਨੀ ਸਿੰਘ ਜੀ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ, ਭਾਈ ਦਇਆ ਸਿੰਘ, ਭਾਈ ਦਇਆਲਾ ਜੀ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਬਾਬਾ ਬੰਦਾ ਸਿੰਘ ਜੀ, ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ, ਤਾਰੂ ਸਿੰਘ, ਤਾਰਾ ਸਿੰਘ ਵਾਂ, ਬਾਜ਼ ਸਿੰਘ ਆਦਿ ਮਹਾਨ ਗੁਰਸਿੱਖ ਵੀ ਆਪਣੇ-ਆਪ ਨੂੰ ਸੰਤ ਨਾ ਅਖਵਾ ਸਕੇ, ਅਤੇ ਪੰਥ ਵਲੋਂ ਸੰਤ ਨਾ ਬਣਾਏ ਜਾ ਸਕੇ। ਤਾਂ ਫਿਰ ਇਹ 108 ਤੋਂ 10008 ਤਕ ਦੀ ਫੌਜ਼, ਹਰਲ-ਹਰਲ ਕਰਦੀ ਫਿਰਦੀ ਡੇਰੇਦਾਰ ਸਾਧਾਂ ਦੀ ਲਾਮ-ਲਸ਼ਕਰ ਵਾਲੀ ਦੰਭੀ ਫੌਜ਼ ਆਪਣੇ-ਆਪ ਨੂੰ ਸੰਤ ਕਿਵੇਂ ਬਣਾ ਰਹੀ ਹੈ ? ਕਿ ਇਹ ਇਨ੍ਹਾਂ ਸਾਰਿਆਂ ਤੋਂ ਵੱਡੀ ਹੋ ਗਈ, ਇਨ੍ਹਾਂ ਸਾਰਿਆਂ ਤੋਂ ਮਹਾਨ ਹੋ ਗਈ ? ਇਹ ਲੋਕ ਤਾਂ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤਕ ਸਭ ਗੁਰੂਸਾਹਿਬਾਨ ਦੇ ਲਈ ਵੀ ਤਾਂ ਸੰਤ ਬਣ ਗਏ ਹਨ । ਘੋਰ ਪਾਪ ! ਘੋਰ ਅਸਚਰਜ ! ਘੋਰ ਮਨਮਤਿ ! ਘੋਰ ਪਾਖੰਡ ! ਗੁਰਸਿੱਖੋ ਮਾੜਾ ਜਿਹਾ ਤਾਂ ਪੀੜ੍ਹੇ ਹੇਠਾਂ ਸੋਟਾ ਫੇਰ ਲਓ। ਜ਼ਿਆਦਾ ਨਾ ਸਹੀ ਮਾੜਾ ਜਿਹਾ ਹੀ ਗੁਰਮਤਿ ਨੂੰ ਅਪਣਾ ਲਓ ਤੇ ਕਦੇ ਇਨ੍ਹਾਂ ਪਾਖੰਡੀਆਂ ਦੀਆਂ ਕੈਦਾਂ ਤੋਂ ਮੁਕਤ ਹੋ ਕੇ ਬਤੌਰ ਸਿੱਖ ਆਪਣੀ ਆਤਮ ਪੜਚੋਲ ਕਰਕੇ ਵੇਖੋ ਕਿ ਜੇ ਉਪਰੋਕਤ ਮਹਾਨ ਹਸਤੀਆਂ ਅਤੇ ਸਿੱਖ ਧਰਮ ਦੇ ਸੰਸਥਾਪਕ ਖੁਦ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਤਕ ਸੰਤ ਨਾ ਬਣੇ, ਨਾ ਹੋਏ ਤੇ ਨਾ ਲਿਖੇ ਗਏ ਤਾਂ ਫਿਰ ਇਨ੍ਹਾਂ ਪਾਖੰਡੀਆਂ ਨੂੰ ਕਿਉਂ ਸੰਤ ਆਖੀ ਅਤੇ ਮੰਨੀ ਜਾਂਦੇ ਹੋ ?
    ਭਾਈ ਸੇਵਾ ਸਿੰਘ ਦੀ ਪੁਸਤਕ ‘ਸੰਤਨ ਕੌਣ ?’ ਦੀ ਭੂਮਿਕਾ ਵਿਚ ਭਾਈ ਜੋਗਿੰਦਰ ਸਿੰਘ ‘ਤਲਵਾੜਾ’ ਵਾਲੇ ਲਿਖਦੇ ਹਨ “ਮੂਲ ਸਮੱਸਿਆ ਇਹ ਹੈ ਕਿ ਪਿਛਲੀ ਅੱਧੀ ਸਦੀ ਅੰਦਰ ਸਿੱਖ ਕੌਮ ਵਿਚ ਸੰਤਾਂ ਦੀ ਗਿਣਤੀ ਵਿਚ ਅੰਤਾਂ ਦਾ ਵਾਧਾ ਹੋਇਆ ਹੈ ਅਤੇ ਇਹ ਲਗਾਤਾਰ ਵੱਧ ਤੋਂ ਵਧੇਰੇ ਹੁੰਦਾ ਜਾ ਰਿਹਾ ਹੈ।….. ਕੇਵਲ ਬਾਹਰਲੇ ਪਹਿਰਾਵੇ (ਚਿੱਟੇ ਚੋਲੇ ਅਤੇ ਗੋਲ ਦਸਤਾਰੇ) ਦੇ ਆਧਾਰ ‘ਤੇ ਹੀ ਸੰਤ ਹਨ ਅਤੇ ਗੁਰਬਾਣੀ ਅੰਦਰ ਸੰਤ ਪਦ ਪ੍ਰਤੀ ਪ੍ਰਗਟਾਈ ਮਹੱਤਤਾ ਅਤੇ ਪ੍ਰਤਿਸ਼ਠਾ ਦਾ ਅਯੋਗ ਲਾਭ ਉਠਾਉਣ ਲਈ ਸੰਤ ਬਣ ਬੈਠੇ ਹਨ। ਅਜਿਹੀ ਪਰਪੰਚ ਵਾਲੀ ਸੰਤ-ਤਾਈ ਦੀ ਵਰਤਮਾਨ ਪ੍ਰਥਾ, ਇਕ ਧੰਧਾ ਬਣਦੀ ਜਾ ਰਹੀ ਹੈ।” ਭਾਈ ਤਲਵਾੜਾ ਜੀ ਅੱਗੇ ਲਿਖਦੇ ਹਨ “ਸੋ ਵਧੇਰੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਹਰੇਕ ਅਖੌਤੀ ਸੰਤ ਨੇ ਕਿਰਤੀ ਵਿਰਤੀ ਗੁਰਸਿੱਖਾਂ ਦੀ ਖੂਨ-ਪਸੀਨੇ ਦੀ ਕਮਾਈ ਬਟੋਰ ਕੇ ਆਪੋ ਆਪਣਾ ਡੇਰਾ ਕਾਇਮ ਕਰ ਰੱਖਿਆ ਹੈ ਅਤੇ ਕਈ ਝੋਲੀ-ਝੁੱਕ ਅਤੇ ਟੁੱਕੜ-ਬੋਚ ਬਿਰਤੀ ਵਾਲੇ ਚੇਲੇ ਬਣਾ ਰੱਖੇ ਹਨ। ਇਹਨਾਂ ਡੇਰਿਆਂ ਦੀ ਆਪੋ-ਆਪਣੀ ਮਨਮਤੀ ਮਰਿਆਦਾ ਹੈ।”
    ਇਹ ਸੰਤਵਾਦ ਸਿੱਖ ਨੂੰ ਗੁਰਮਤਿ ਤੋਂ ਤੋੜ ਕੇ ਆਪਣੇ ਮਗਰ ਲਾਉਣ ਹਿਤ ਕੁਰਾਹੇ ਪਾਉਣ ਵਾਲੀ ਬਿਰਾਦਰੀ ਵਜੋਂ ਹੀ ਸਿੱਖ ਸਮਾਜ ਦੇ ਵਿਹੜੇ ਵਿਚ, ਪਹਿਲਾਂ ਅੰਗਰੇਜ ਤੇ ਫਿਰ ਬ੍ਰਾਹਮਣ ਵਲੋਂ ਬਿਠਾਇਆ ਗਿਆ ਹੈ। ਮਨੁੱਖ ਦੀ ਕਮਜੋਰੀ ਦੁੱਖ ਅਤੇ ਸੁੱਖ ਦੀ ਤਾਂਘ ਦਾ, ਉਸ ਦੀਆਂ ਇੱਛਾਵਾਂ ਦੀ ਪੂਰਤੀ ਦਾ ਸਹਾਰਾ ਲਸਹਾਰਾ ਲੈਂਦੇ ਹਨ । ਮੰਤਰ-ਤੰਤ੍ਰੀ ਢੰਗ ਨਾਲ ਗੁਰਬਾਣੀ ਦੀ ਗਲਤ ਵਿਆਖਿਆਂ ਅਤੇ ਇਸਤੇਮਾਲ ਨਾਲ ਇਹ ਲੋਕ ਉਸ ਕਮਜੋਰ ਮਨੁੱਖ ਜੋ ਸੁੱਖਾਂ ਅਤੇ ਪਰਾਪਤੀਆਂ ਨੂੰ ਆਪਣੀ ਕਿਰਤ-ਮਹਿਨਤ ਦੀ ਬਜਾਏ ਸੌਖੇ ਢੰਗ ਨਾਲ ਹਾਸਲ ਕਰਨਾਂ ਚਾਹੁੰਦਾਂ ਹੈ ਨੂੰ ਵਿੱਧੀ ਵਿਧਾਨ ਉਵੇਂ ਹੀ ਦੱਸਦੇ ਹਨ ਜਿਵੇਂ ਬ੍ਰਾਹਮਣ ਦੱਸਦਾ ਹੈ। ਇਹ ਸਿੱਖ ਕੌਮ ਵਿਚ ਬਿਠਾਏ ਗਏ ਬ੍ਰਾਹਮਣ ਹਨ। ਇਨ੍ਹਾਂ ਵਲੋਂ ਦੱਸੇ ਜਾਂਦੇ ਵਿਧੀ ਵਿਧਾਨ ਅਤੇ ਬ੍ਰਾਹਮਣ ਦੇ ਵਿਧੀ ਵਿਧਾਨ ਵਿਚ ਸਿੱਖੋਂ ਫਰਕ ਲੱਭ ਕੇ ਦੱਸੋ । ਇਨਾਂ ਲੋਕਾਂ ਪ੍ਰਥਾਂਏ ਹੀ ਸ੍ਰੀ ਰਾਗ ਮਹਲਾ 1 ਵਿਚ ਅੰਕ 55 ਅਤੇ 56 ਤੇ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਨ “ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ॥ ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ॥” ਇਸ ਦਾ ਉਤਰ ਦਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਇਸੇ ਸ਼ਬਦ ਵਿਚ ਹੀ ਲਿਖਦੇ ਹਨ “ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ॥” “ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ॥” ਗੁਰੂ ਗ੍ਰੰਥ ਸਾਹਿਬ ਜੀ ਵਿਚ ਹੀ ਸ੍ਰੀ ਰਾਗ ਵਿਚ ਹੀ ਸਵਾਲ ਕਰਦੇ ਹਨ, ਕਿਉਂਕਿ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਸਮਝਾਉਣਾ ਹੈ “ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ॥” ਫਿਰ ਉਤਰ ਦਿੰਦੇ ਹਨ “ਸੋ ਗਿਆਨੀ ਜਿਨਿ ਸਬਦਿ ਲਿਵ ਲਾਈ॥” ਮਹਲਾ 5 ਵਿਚ ਮਾਝ ਰਾਗ ਵਿਚ ਅੱਗੇ ਫਿਰ ਪ੍ਰਸ਼ਨ ਕਰਦੇ ਹਨ “ਕਉਣੁ ਸੁ ਗਿਆਨੀ ਕਉਣੁ ਸੁ ਬਕਤਾ” ? ਫਿਰ ਉਤਰ ਵਿਚ ਆਪਣੇ ਗੁਰਸਿੱਖਾਂ ਨੂੰ ਸਮਝਾਉਂਦੇ ਹਨ “ਗੁਰਮੁਖਿ ਗਿਆਨੀ ਗੁਰਮੁਖਿ ਬਕਤਾ॥” ਫਿਰ ਇਹ ‘ਵਿਅਕਤੀ ਸੰਤ’ ਕਿਥੋਂ ਟਪਕ ਪਿਆ ? ਗੁਰੂ ਸਾਹਿਬ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਕਈ ਸਵਾਲ ਚੁੱਕ ਕੇ ਆਪਣੇ ਗੁਰਸਿੱਖਾਂ ਦੇ ਸਾਹਮਣੇ ਰਖਦੇ ਹਨ ਅਤੇ ਫਿਰ ਖੁਦ ਉਨ੍ਹਾਂ ਦਾ ਆਪ ਹੀ ਜਵਾਬ ਵੀ ਦਿੰਦੇ ਹਨ ਤਾਂ ਜੋ ਗੁਰੂ ਕਾ ਸਿੱਖ ਕਿਸੇ ਦੇਹਧਾਰੀ ਪਾਖੰਡੀ ਦੇ ਬਹਿਕਾਵੇ ਵਿਚ ਆ ਕੇ ਕਿਸੇ ਨਾਸ਼ਵਾਨ ਸ਼ਰੀਰ ਨੂੰ ਸੰਤ ਮੰਨ ਕੇ ਦੇਹਿਧਾਰੀ ਸਾਧ ਨਾਲ ਨਾ ਜੁੜ ਜਾਵੇ।
    ਜਿੰਨੇ ਵੀ ਜੀਵਨ ਪਦਵੀ ਮੁਕਤੀ ਅਤੇ ਸੁੱਖ ਦੁੱਖ ਦੇ ਸੰਬੰਧੀ ਮਨ ਵਿਚ ਸ਼ੰਕੇ ਸਾਡੇ ਮਨੁੱਖ ਰੂਪ ਵਿਚ ਹਨ ਉਨ੍ਹਾਂ ਸਾਰਿਆਂ ਦੇ ਹੀ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਆਪ ਦਿੰਦੇ ਹਨ । ਸਿੱਖ ਨੂੰ ਹੁਕਮ ਹੈ ਕਿ ਉਹ ਸ਼ਬਦ ਨੂੰ ਪੜੇ, ਮੰਨੇ ਅਤੇ ਆਪਣੇ ਜੀਵਨ ਵਿਚ ਉਤਾਰੇ। ਵੰਨਗੀ ਮਾਤਰ ਮੈਂ ਵਰਣਨ ਵਜੋਂ ਉਦਾਹਰਣਾਂ ਦਿੰਦਾ ਹਾਂ:-
    ਪ੍ਰਸ਼ਨ :- “ਕਿਉ ਕਰਿ ਖੋਇਆ ਕਿਉ ਕਰਿ ਲਾਧਾ॥” ?
    ਉੱਤਰ :- “ਮਨਮੁਖਿ ਖੁਇਆ ਗੁਰਮੁਖਿ ਲਾਧਾ॥” (ਅੰਕ 939)
    ਪ੍ਰਸ਼ਨ :- “ਜਾਤੋ ਜਾਇ ਕਹਾ ਤੇ ਆਵੈ॥ ਕਹ ਉਪਜੈ ਕਹ ਜਾਇ ਸਮਾਵੈ॥ ਕਿਉ ਬਾਧਿਓ ਕਿਉ ਮੁਕਤੀ ਪਾਵੈ॥ ਕਿਉ ਅਬਿਨਾਸੀ ਸਹਜਿ ਸਮਾਵੈ॥”
    ਉੱਤਰ :- “ਸਹਜੇ ਆਵੈ ਸਹਜੇ ਜਾਇ॥ ਮਨ ਤੇ ਉਪਜੈੱ ਮਨ ਮਾਹਿ ਸਮਾਇ॥ ਗੁਰਮੁਖਿ ਮੁਕਤੋ ਬੰਧੁ ਨ ਪਾਇ॥ ਸਬਦ ਬੀਚਾਰਿ ਛੁਟੈ ਹਰਿ ਨਾਇ॥” (ਅੰਕ 152)
    ਪ੍ਰਸ਼ਨ :- “ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ॥”
    ਉੱਤਰ :- “ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ॥” (ਅੰਕ 940)
    ਪ੍ਰਸ਼ਨ :- “ਕਵਨ ਮੂਲੁ ਕਵਣ ਮਤਿ ਵੇਲਾ॥”
    ਉੱਤਰ :- “ਪਵਨ ਅਰੰਭੁ ਸਤਿਗੁਰ ਮਤਿ ਵੇਲਾ॥” (ਅੰਕ 942-43)
    ਪ੍ਰਸ਼ਨ :- “ਕਉਣੁ ਸੁ ਮੁਕਤਾ ਕਉਣ ਸੁ ਜੁਗਤਾ॥”
    ਉੱਤਰ :- “ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ॥” (ਅੰਕ 131)
    ਪ੍ਰਸ਼ਨ :- “ਕਵਨ ਤਪੁ ਜਿਤੁ ਤਪੀਆ ਹੋਇ॥” (ਅੰਕ 187)
    ਉੱਤਰ :- “ਸੋ ਤਪਾ ਜਿ ਇਤੁ ਤਪੁ ਘਾਲੇ॥ ਸਤਿਗੁਰ ਨੋ ਮਿਲੈ ਸਬਦੁ ਸਮਾਲੇ॥ ਸਤਿਗੁਰ ਕੀ ਸੇਵਾ ਇਹੁ ਤਪੁ ਪਰਵਾਣੁ॥ ਨਾਨਕ ਸੋ ਤਪਾ ਦਰਗਹਿ ਪਾਵੈ ਮਾਣੁ॥” (ਅੰਕ 948) ਇੰਜ ਨਹੀਂ ਕਿ ਤਪ ਕਰਕੇ ਆਪਣੇ ਆਪ ਨੂੰ ਹੀ ਅਕਾਲ ਪੁਰਖ ਦੇ ਸਨਮੁੱਖ ਇਕ ਦਲਾਲ ਵਜੋਂ ਆਪਣੇ ਆਪ ਨੂੰ ਹੀ ਸੰਤ ਥਾਪ ਲਵੇ ।
    ਪ੍ਰਸ਼ਨ :- “ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮਸਹਤਾ॥”
    ਉੱਤਰ :- “ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ॥ (ਅੰਕ 131) ਭਾਈ ਸਿੱਖੋ ! ਕਿਤੇ ਵੀ ਤੁਹਾਡਾ ਦੇਹਧਾਰੀ ਸਾਧ ਜਾਂ ਸੰਤ ਇਥੇ ਨਹੀਂ ਹੈ। ਗੁਰਸਿੱਖ ਅਤੇ ਗੁਰਮੁਖ ਹੀ ਹੈ। ਹੋਰ ਵੰਨਗੀ ਵੇਖੋ
    ਪ੍ਰਸ਼ਨ :- “ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ॥”
    ਉੱਤਰ :- (ਦੁਖ ਕਿਉਂ ਹਨ ਇਸ ਦਾ ਉਤਰ ਹੈ) “ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥” (ਅੰਕ 946) ਹੁਣ ਸਵਾਲ ਉਠਦਾ ਹੈ ਫਿਰ ਅਸੀ ਦੁਖੀ ਕਿਉਂ ਹਾਂ ? ਗੁਰੂ ਗ੍ਰੰਥ ਸਾਹਿਬ ਜੀ ਖੁਦ ਪ੍ਰਸ਼ਨ ਕਰਦੇ ਹਨ ਜਿਸਦਾ ਆਪਣੇ ਗੁਰਮੁਖਿ, ਗੁਰਸਿੱਖਾਂ ਨੂੰ ਉਤਰ ਵੀ ਆਪ ਹੀ ਇੰਝ ਦਿੰਦੇ ਹਨ।
    ਪ੍ਰਸ਼ਨ :-“ਕਿਉ ਤਤੁ ਨ ਬੂਝੈ ਚੋਟਾ ਖਾਇ॥” ? ਕਿਉਂਕੀ ਸਿੱਖ ਆਪ ਮੁਹਾਰੇ ਹੀ ਸਾਧ-ਸੰਤ ਰੂਪੀ ਦਲਾਲੀ ਵਾਲੀ ਪ੍ਰਣਾਲੀ ਵਿਚ ਆਪੇ ਹੀ ਫਸੇ ਪਏ ਹਨ ਇਸ ਲਈ,
    ਉੱਤਰ :- “ਤਤੁ ਨ ਚੀਨੈ ਮਨਮੁਖੁ ਜਲ ਜਾਇ॥ ਦੁਰਮਤਿ ਵਿਛੁੜਿ ਚੋਟਾ ਖਾਇ॥” (ਅੰਕ 944)
    ਪ੍ਰਸ਼ਨ :- “ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ॥”
    ਉੱਤਰ :- “ਗੁਰਮੁਖਿ ਸੁਖੀਆ ਮਨਮੁਖਿ ਦੁਖੀਆ॥” (ਅੰਕ 131) ਤੇ ਸਿੱਖੋ ਜੇ ਤੁਸੀ ਕਿਸੇ ਵਿਅਕਤੀ ਨੂੰ ਸੰਤ ਸਾਧ ਮੰਨਦੇ ਅਤੇ ਆਖਦੇ ਅਤੇ ਉਸਦੇ ਕਹਿਣੇ ਵਿਚ ਰਹਿੰਦੇ ਹੋ ਤਾਂ ਤੁਸੀ ਮਨਮੁੱਖਾਂ ਵਾਲੇ ਕਰਮ ਕਮਾ ਰਹੇ ਹੋ। । ਗੁਰਮਤਿ ਨੂੰ ਧਾਰਨ ਕਰਕੇ ਹੀ ਤੁਸੀ ਸਤਿਗੁਰ ਨੂੰ ਪਾ ਸਕਦੇ ਹੋ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਨ “ਕਿਉ ਪਾਈ ਗੁਰੁ ਜਿਤੁ ਲਗਿ ਪਿਆਰਾ ਦੇਖਸਾ॥” ਇਸ ਦਾ ਉਤਰ ਦਿੰਦੇ ਹਨ “ਹਰਿ ਦਾਤੜੇ ਮੇਲਿ ਗੁਰੂ ਮੁਖਿ ਗੁਰਮੁਿਖ ਮੇਲਸਾ॥ ਗੁਰੁ ਨਾਨਕੁ ਪਾਇਆ ਮੇਰੇ ਪਿਆਰੇ ਧੁਰਿ ਮਸਤਕਿ ਲੇਖੁ ਸਾ॥” (ਅੰਕ 452) ਕਿਉਂਕਿ, “ਸਤਿਗੁਰ ਕੈ ਭਾਣੈ ਜੋ ਚਲੈ ਵਿਚਿ ਬੋਹਿਥ ਬੈਠਾ ਆਇ॥” (ਅੰਕ 40) ਹੇ ਗੁਰਸਿੱਖ ਇਸਤਰੀ ! ਤੂੰ ਸੁੱਖੀ ਕਿਵੇਂ ਹੋਵੇਂਗੀ ? ਗੁਰੂ ਸਾਹਿਬ ਆਖਦੇ ਹਨ “ਸੁਖ ਜੀਵਣੁ ਤਿਸੁ ਆਖੀਐ ਜਿਸੁ ਗੁਰਮੁਖਿ ਵਸਿਆ ਸੋਇ॥” (ਅੰਕ 63) “ਗੁਰਮੁਖਿ ਸੁਖੀਆ ਮਨਮੁਖਿ ਦੁਖੀਆ” (ਅੰਕ 131) “ਸਹਜਿ ਸੁਖੀ ਵਰ ਕਾਮਣਿ ਪਿਆਰੀ ਜਿਸੁ ਗੁਰ ਬਚਨੀ ਮਨੁ ਮਾਨਿਆ॥” (ਅੰਕ 254) ਗਉੜੀ ਸੁਖਮਨੀ ਵਿਚ ਵੀ ਗੁਰੂ ਸਾਹਿਬ ਸਮਝਾਉਂਦੇ ਹਨ “ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੈ॥” (ਅੰਕ 278)
    ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਪੰਜਾਬੀ ਤੋਂ ਗੁਰਮੁੱਖ ਬਣਾਏ ਮਨੁੱਖ ਨੂੰ ਅਕਾਲ ਰੂਪ ਸੰਤ ਦਾ ਦਰਜਾ ਦੇਣ ਤੋਂ ਬਾਅਦ ਸਿੱਖ ਬਣਾ ਕੇ ਸਥਾਪਿਤ ਕੀਤਾ ਗਿਆ ਹੈ । ਸਿੱਖਾਂ ਨੇ ਫਿਰ ਗੁਰਮੁੱਖ ਨੂੰ ਪੰਜਾਬੀ ਬਣਾ ਛੱਡਿਆ ਹੈ। ਇਹ ਕੁਦਰਤ ਨੂੰ ਪੁੱਠਾ ਗੇੜਾ ਦੇਣ ਵਾਲੇ ਸਮਾਜ ਨੂੰ ਸਮਝਾਉਣ ਵਾਸਤੇ ਖਾਸ ਤੌਰ ਤੇ ਸਿੱਖਾਂ ਅੱਗੇ ਮੇਰੇ ਚੰਦ ਸਵਾਲ ਹਨ ਜਿਨ੍ਹਾਂ ਦਾ ਜਵਾਬ ਮੈਂ ਸਮੁੱਚੇ ਅਖੌਤੀ ਡੇਰੇਦਾਰ, ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸਿੱਖ ਸਮਾਜ ਵਿਚ ਵੀ ਸਿੱਖੀ ਸਰੂਪ ਵਿਚ ਆ ਧਮਕੇ ਇਨ੍ਹਾਂ ‘ਬਾਨਾਰਸ ਕੇ ਠੱਗਾਂ’ ਤੋਂ ਵੀ ਚਾਹੁੰਦਾ ਹਾਂ, ਉਨ੍ਹਾਂ ਦੇ ਪੈਰੋਕਾਰਾਂ ਤੋਂ ਵੀ ਤੇ ਹਰ ਇਕ ਸਿੱਖ ਤੋਂ ਵੀ। ਸਵਾਲ ਇੰਜ ਹਨ :
  1. ਸਵਾਲ :- ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਤਕ 239 ਸਾਲਾਂ ਦੇ ਸਮੇਂ ਕਾਲ ਵਿਚ ਕਿਹੜੇ ਕਿਹੜੇ ਸੰਤ, ਉਨ੍ਹਾਂ ਦੀਆਂ ਸੰਪਰਦਾਵਾਂ ਸਿੱਖਾਂ ਵਿਚ ਹੋਈਆਂ; ਦੱਸੋ ?
    ਉੱਤਰ – ਲੇਖਕ ਅਨੁਸਾਰ ਕੋਈ ਵੀ ਨਹੀਂ। ਸਿੱਖ ਇਤਿਹਾਸਕਾਰਾਂ ਅਤੇ ਸਿੱਖਾਂ ਦਾ ਇਤਿਹਾਸ ਲਿਖਣ ਵਾਲੇ ਬਾਕੀ ਇਤਿਹਾਸਕਾਰਾਂ ਮੁਤਾਬਿਕ 239 ਸਾਲਾਂ ਵਿਚ ਕੋਈ ਵੀ ਸੰਤ ਅਤੇ ਉਸ ਦਾ ਡੇਰਾ ਸਿੱਖਾਂ ਵਿਚ ਨਹੀਂ ਹੋਇਆ। ਜੇ ਤੁਹਾਨੂੰ ਪਤਾ ਹੈ ਤਾਂ ਪਤੇ ਤੇ ਉਨ੍ਹਾਂ ਸਭਨਾਂ ਦੀ ਜਾਣਕਾਰੀ ਲਿਖ ਕੇ ਭੇਜੋ।
  2. ਸਵਾਲ:- ਸਿੱਖਾਂ ਦੇ ਸੁਨਹਿਰੀ ਵਿਰਸੇ ਕਾਲ ਸਮੇਂ ਸੰਨ 1708 ਤੋਂ ਲੈ ਕੇ 1839 ਤਕ ਉਨ੍ਹਾਂ ਸ਼ਖਸ਼ੀਅਤਾਂ ਦੇ ਨਾਂ ਦਸੋ ਜਿਨ੍ਹਾਂ ਨੂੰ ਸਿੱਖਾਂ ਨੇ ਸੰਤ ਕਹਿ ਕੇ ਸੰਬੋਧਨ ਕੀਤਾ ?
    ਉੱਤਰ :- ਕੋਈ ਵੀ ਨਹੀਂ। (ਜੇ ਤੁਹਾਡੇ ਕੋਲ ਕਿਸੇ ਦੀ ਜਾਣਕਾਰੀ ਹੈ ਤਾਂ ਸਾਨੂੰ ਲਿਖ ਭੇਜਣ ਦੀ ਕ੍ਰਿਪਾ ਕਰੋ।)
  3. ਸਵਾਲ :- ਬਾਬਾ ਬੰਦਾ ਸਿੰਘ ਬਹਾਦਰ, ਅਤੇ ਮਿਸਲਾਂ ਦੇ ਮੁੱਖੀਆਂ ਦੇ ‘ਸੰਤਾਂ’ ਦੇ ਨਾਂ ਦਸੋ ? ਮਿਸਲਾਂ ਕਿਹੜੀਆਂ ਕਿਹੜੀਆਂ ‘ਸੰਤ ਜਾਂ ਸੰਪਰਦਾਵਾਂ’ ਨੂੰ ਮੰਨਦੀਆਂ ਸਨ ਉਨ੍ਹਾਂ ‘ਸੰਪਰਦਾਵਾਂ’ ਦੇ ਨਾਂ ਦਸੋ ?
    ਉੱਤਰ :- ਪੂਰੇ ਸਿੱਖ ਇਤਿਹਾਸ ਨੂੰ ਵਾਚਿਆਂ ਦਾਸ ਨੂੰ ਕੋਈ ਵੀ ਨਹੀਂ ਲੱਭਾ। ਜੇ ਤੁਹਾਨੂੰ ਇਨ੍ਹਾਂ ‘ਸੰਤਾਂ-ਸਾਧਾਂ’ ਦੇ ਨਾਂ ਪਤਾ ਹਨ ਤਾਂ ਦਾਸ ਦੀ ਜਾਣਕਾਰੀ ਵਿਚ ਵਾਧਾ ਕਰਨ ਦੀ ਕ੍ਰਿਪਾ ਕਰੋ।
    4 ਸਵਾਲ :- ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਤਕ ਗੁਰੂ ਸਾਹਿਬਾਨ ਨੂੰ ਗੁਰਗੱਦੀ ਤਾਂ ਬਾਬਾ ਬੁੱਢਾ ਜੀ ਨੇਂ ਦਿੱਤੀ ਪਰ ਅਖੌਤੀ ਸਾਧ-ਪ੍ਰਣਾਲੀ ਅਤੇ ਮਰਿਆਦਾ’ ਮੁਤਾਬਕ ‘ਨਾਮ-ਦਾਨ’ ਜਿਸ ਰਾਹੀਂ ਇਹ ਲੋਕ ਹੁਣ ਸਮਾਜ ਨੂੰ ਭਰਮਾਈ ਫਿਰਦੇ ਹਨ ਉਹ ਕਿਹੜੀ ਸੰਤ ਸੰਪਰਦਾ ਦੇ ਮੁੱਖੀ ਨੇ ਦਿੱਤਾ?
    ਉੱਤਰ :- ਕਿਸੇ ਦਾ ਵੀ ਪਤਾ ਨਹੀਂ ਚਲਦਾ ਅਤੇ ਕਿਸੇ ਵੀ ਗ੍ਰੰਥ ਵਿਚ ਇਸ ਦਾ ਕੋਈ ਵੀ ਵਰਨਣ ਨਹੀਂ ਮਿਲਦਾ। ਸੰਤ ਸਮਾਜ ਦੱਸਣ ਦੀ ਕ੍ਰਿਪਾ ਕਰੇ।
  4. ਸਵਾਲ :- ਸੰਨ 1708 ਤੋਂ ਲੈ ਕੇ 1839 ਤਕ ਇਤਨੇਂ ਜਿਆਦਾ ਮਹਾਨ ਸਿੱਖ, ਸਿੰਘ, ਸ਼ਹੀਦ ਹੋਏ ਹਨ ਵਮਨਗੀ ਮਾਤਰ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ , ਭਾਈ ਮਨੀ ਸਿੰਘ ਨੂੰ, ਬਾਬਾ ਦੀਪ ਸਿੰਘ ਨੂੰ, ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ, ਭਾਈ ਤਾਰੂ ਸਿੰਘ ਜੀ, ਭਾਈ ਤਾਰਾ ਸਿੰਘ ਵਾਂ, ਭਾਈ ਬਾਜ਼ ਸਿੰਘ, ਭਾਈ ਜੱਸਾ ਸਿੰਘ ਰਾਮਗੜ੍ਹੀਆ, ਭਾਈ ਜੱਸਾ ਸਿੰਘ ਆਹਲੂਵਾਲੀਆ, ਹਰੀ ਸਿੰਘ ਨਲੂਆ, ਭਾਈ ਹੁਕਮਾ ਸਿੰਘ ਚਿਮਨਾ ਅਤੇ ਅਕਾਲੀ ਫੂਲਾ ਸਿੰਘ ਹੋਰਾਂ ਨੇ ਕਿਹੜੀ ਸੰਤ ਸੰਪਰਦਾ ਤੋਂ ਨਾਮ ਲਿਆ ? ਉਨ੍ਹਾਂ ਸੰਤਾਂ ਦੇ ਅਤੇ ਸੰਪਰਦਾਵਾਂ ਦੇ ਨਾਂ ਲਿਖੋ ਅਤੇ ਦਸੋ ?
    ਉੱਤਰ :- ਮੈਨੂੰ ਪੂਰਾ ਸਿੱਖ ਇਤਿਹਾਸ ਪੜ੍ਹਿਆ, ਜਨਮ ਸਾਖੀਆਂ ਵਾਚਿਆਂ, ਸੂਰਜ ਪ੍ਰਕਾਸ਼ ਗ੍ਰੰਥ, ਪ੍ਰਾਚੀਨ ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ ਜੀ ਦਾ ਪੰਥ ਪ੍ਰਕਾਸ਼, ਗੁਰ ਬਿਲਾਸ ਪਾਤਿਸ਼ਾਹੀ 6ਵੀਂ ਅਤੇ ਗੁਰ ਬਿਲਾਸ ਪਾਤਿਸ਼ਾਹੀ 10ਵੀਂ, ਮਹਾਨ ਕੋਸ਼ ਆਦਿ ਪੜ੍ਹਨ ਅਤੇ ਵਾਚਣ ਦੇ ਬਾਵਜੂਦ ਵੀ ਅਜਿਹੇ ਕਿਸੇ ਵੀ ਸੰਤ ਸੰਪਰਦਾ ਦਾ ਪਤਾ ਨਹੀਂ ਚਲਿਆ ਜਿਨ੍ਹੇ ਇਨ੍ਹਾਂ ਗੁਰਸਿੱਖਾਂ ਨੂੰ ਨਾਮ ਦਿੱਤਾ ਹੋਵੇ। ਨਾਨਕਸਰੀਆ ਦੀ ਸੰਪਰਦਾ, ਰਾੜਾ ਸਾਹਿਬ ਵਾਲਿਆਂ ਦੀ ਸੰਪਰਦਾ, ਸੱਤੋ ਕੀ ਗਲੀ ਵਾਲਿਆਂ ਦੀ ਸੰਪਰਦਾ, ਟਕਸਾਲ ਵਾਲਿਆਂ ਦੀਆਂ ਸੰਪਰਦਾਵਾਂ ਦਾ ਸੰਪਰਦਾਈ ਇਤਿਹਾਸ ਵਾਚਿਆ ਵੀ ਮੈਨੂੰ ਇੰਨਾਂ ਉਪਰੋਕਤ ਮਹਾਨ ਗੁਰਸਿੱਖਾਂ ਨੂੰ ਨਾਮ ਦੇਣ ਵਾਲੀ ਕੋਈ ਵੀ ਸੰਪਰਦਾ ਸਮਝ ਨਹੀਂ ਆਈ ਤੇ ਨਾ ਹੀ ਇਨ੍ਹਾਂ ਦੀਆਂ ਆਪਣੀਆਂ ਇਤਿਹਾਸਿਕ ਪੁਸਤਕਾਂ ਵਿਚ ਉਪਰੋਕਤ ਚੁੱਕੇ ਸਵਾਲਾਂ ਦਾ ਕੋਈ ਉੱਤਰ ਮਿਲਿਆ ਹੈ। ਇਸ ਲਈ ਇਨ੍ਹਾਂ ਤੋਂ ਦਾਸ ਦੀ ਪੁੱਛ ਹੈ ਕਿ ਇਨ੍ਹਾਂ ਉਪਰੋਕਤ ਮਹਾਨ ਗੁਰਸਿੱਖਾਂ ਨੂੰ ਨਾਮ ਜਪਾਉਣ ਵਾਲੀਆਂ ‘ਸੰਤ-ਵਿਅਕਤੀਆਂ’ ਦੇ ਨਾਮ ਦੱਸਣ ਦੀ ਕ੍ਰਿਪਾ ਕੀਤੀ ਜਾਵੇ।
  5. ਸਵਾਲ :- 1699 ਨੂੰ ਖ਼ਾਲਸਾ ਸਾਜਣ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹੜੀ-ਕਿਹੜੀ ‘ਸੰਤ ਸੰਪਰਦਾ ਅਤੇ ਸੰਤ ਵਿਅਕਤੀ’ ਨੂੰ ਅੱਗੋਂ ਖੰਡੇ ਬਾਟੇ ਦੀ ਪਾਹੁਲ ਛਕਾਉਣ ਦਾ ਅਧਿਕਾਰ ਦਿੱਤਾ ?
    ਉੱਤਰ :- ਪੰਜ ਪਿਆਰਿਆਂ ਤੋਂ ਸਿਵਾ ਕਿਸੇ ਵੀ ਦੂਜੇ ਨੂਮ ਇਹ ਅਧਿਕਾਰ ਗੁਰੂਸਾਹਿਬ ਨੇਂ ਨਹੀਂ ਦਿੱਤਾ। ਗੁਰਸਿੱਖ ਨੂੰ ਪੰਜਾ ਪਿਆਰਿਆਂ ਦੇ ਰੂਪ ਵਿਚ ਹੀ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਦਾ ਅਧਿਕਾਰ ਮਿਲਿਆ। ਇਨ੍ਹਾਂ ਦੇ ਨਾਮ ਵੀ ਇਤਿਹਾਸ ਵਿਚ ਮਿਲਦੇ ਹਨ। ਪਰ ਕਿਸੇ ਸੰਤ ਵਿਸ਼ੇਸ਼ ਦਾ ਸੰਪਰਦਾਇ ਦਾ ਇਤਿਹਾਸ ਵਿਚ ਕੋਈ ਵਰਣਨ ਨਹੀਂ ਮਿਲਦਾ। ਇਸ ਤੋਂ ਸਾਬਿਤ ਹੁੰਦਾ ਹੈ ਕਿ ਕਿਸੇ ਨੂੰ ਵੀ ਗੁਰੂ ਮਹਾਰਾਜ ਨੇ ਸੰਤ ਸਾਧ ਜਾਂ ਡੇਰੇ ਵਜੋਂ ਪੰਜ ਪਿਆਰਿਆਂ ਦੀ ਮੋਹਰ ਲਾ ਕੇ ਅੰਮ੍ਰਿਤ ਪਾਨ ਕਰਾਉਣ ਦਾ ਅਧਿਕਾਰ ਨਹੀਂ ਦਿੱਤਾ।
    7 ਸਵਾਲ :- 1708 ਵਿਚ ਨਾਂਦੇੜ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਵਲੋਂ ਸ਼ਰੀਰ ਤਿਆਗਣ ਵੇਲੇ ਕਿਹੜੇ ਸੰਤ ਵਿਅਕਤੀ ਨੂੰ ਜਾਂ ਸੰਤ ਸੰਪਰਦਾ ਨੂੰ ਅਗੋਂ ਸਿੱਖਾਂ ਨੂੰ ਨਾਮ-ਦਾਨ ਦੇਣ, ਗੁਰਮੰਤਰ ਦੇਣ, ਨਾਮ ਜਪਾਉਣ, ਜਾਂ ਵਾਹਿਗੁਰੂ ਮੰਤਰ ਧਿਆਉਣ ਦਾ ਵਿਧੀ ਵਿਧਾਨ ਸਮਝਾ ਕੇ ਇਸ ਦਾ ਅਧਿਕਾਰ ਦਿੱਤਾ ? ਉਸ ਸੰਤ ਵਿਅਕਤੀ ਦਾ ਜਾਂ ਉਸ ਸੰਤ ਸੰਪਰਦਾਇ ਦਾ ਜਾਂ ਉਸ ਡੇਰੇਦਾਰ ਸਾਧ ਦਾ ਨਾਂ ਦਸੋ ?
    ਉੱਤਰ :- ਕੋਈ ਵੀ ਨਹੀਂ। ਗੁਰੂ ਮਹਾਰਾਜ ਨੇ ਸ਼ਰੀਰ ਤਿਆਗਣ ਵੇਲੇ ਮੌਜੂਦ ਗੁਰਸਿੱਖਾਂ ਦੇ ਸਵਾਲਾਂ ਦੇ ਜਵਾਬ ਵਿਚ ਵੀ ਬੜਾ ਸਪਸ਼ਟ ਕੀਤਾ ਕਿ ਅਗੋਂ ਸਿੱਖ ਕੌਮ ਦੀ ਅਤੇ ਪੰਥ ਖ਼ਾਲਸੇ ਦੀ ਧਾਰਮਿਕ ਅਤੇ ਬਾਕੀ ਹਰ ਖੇਤਰ ਵਿਚ ਅਗਵਾਈ ਸ਼ਬਦ-ਗੁਰੂ ਅਤੇ ਪੰਥ-ਗੁਰੂ ਕਰੇਗਾ। ਸ਼ਰੀਰ ਪੰਥ ਵਿਚ ਜਾਂ ਜੁਗਤਿ ਰੂਪ ਵਿਚ ਪੰਥ ਗੁਰੂ ਹੋਵੇਗਾ। ਆਤਮਾ ਰੂਪ ਵਿਚ ਅਤੇ ਜੋਤਿ ਸਰੂਪ ਵਿਚ ਸ਼ਬਦ ਸਰੂਪ ਗ੍ਰੰਥ-ਗੁਰੂ ਹੋਵੇਗਾ। ਅੱਗੇ ਤੋਂ ਕੋਈ ਸ਼ਖਸ਼ੀ ਗੁਰੂ ਜਾਂ ਵਿਅਕਤੀਗਤ ਰੂਪ ਵਿਚ ਸਿੱਖਾਂ ਦੀ ਕੋਈ ਗੁਰਿਆਈ ਨਹੀਂ ਚਲੇਗੀ। ਵਿਸਥਾਰ ਲਈ ਵੇਖੋ ਵਿਸ਼ੇਸ ਅੰਕ ਅਪ੍ਰੈਲ 2008 ਦਾ ਕੌਮੀ ਸੂਰਾ ਦਾ ਅੰਕ ਨੰ. 9.
  6. ਸਵਾਲ :- 1469 ਤੋਂ ਲੈ ਕੇ 1839 ਤਕ ਕੁੱਲ 370 ਸਾਲਾਂ ਵਿਚ ਸਿੱਖਾਂ ਦੇ ਵਿਚ ਪੈਦਾ ਹੋਏ ਸੰਤ ਵਿਅਕਤੀਆਂ ਅਤੇ ਸੰਤ ਸੰਪਰਦਾਵਾਂ ਦੇ ਨਾਂ ਦਸੋ ?
    ਉੱਤਰ:- ਕੋਈ ਵੀ ਨਹੀਂ।
  7. ਸਵਾਲ :- ਮੌਜੂਦਾ ਦੇਹਧਾਰੀ ਚਿੱਟ-ਕਪੜੀਏ, ਗੋਲ ਪੱਗੜੀਏ, ਪਜ਼ਾਮਾ ਤਿਆਗੀਏ ਹਜ਼ਾਰਾਂ ਹੀ ਪੈਦਾ ਹੋ ਚੁੱਕੇ ਅਖੌਤੀ ਸੰਤਾਂ ਨੂੰ ਅਤੇ ਇਨ੍ਹਾਂ ਦੇ ਡੇਰਿਆਂ ਤੇ ਸੰਪਰਦਾਵਾਂ ਨੂੰ ਕਿਹੜੇ ਕਿਹੜੇ ਗੁਰੂ ਸਾਹਿਬ ਨੇ ਸਥਾਪਿਤ ਕੀਤਾ ?
    ਉੱਤਰ :- ਕਿਸੇ ਇਕ ਨੂੰ ਵੀ ਗੁਰੂ ਸਾਹਿਬ ਨੇਂ ਜਾਂ ਗੁਰਮਤਿ ਨੇਂ ਸਥਾਪਤ ਨਹੀਂ ਕੀਤਾ। ਇਹ ਆਪੂ ਬਣੇ ਛਲ-ਕਪਟ ਅਤੇ ਝੂਠੀ ਮਰਿਆਦਾ ਧਾਰੀ ਚੌਧਰੀ ਹਨ ।
  8. ਸਵਾਲ:- ਤਾਂ ਫਿਰ ਇਨ੍ਹਾਂ ਅਖੌਤੀ ਸੰਤਾਂ ਨੂੰ ਸੰਤ ਕਿਸ ਨੇ ਬਣਾਇਆ ?
    ਉੱਤਰ :- ਡਿਕਟੇਟਰਸ਼ਿਪ ਵਾਂਗ ਸੰਤ ਤਾਨਾਸ਼ਾਹੀ ਰਾਹੀਂ ਇਹ ਸਾਰੇ ਆਪੂੰ ਸੰਤ ਬਣ ਗਏ। ਜਿਨ੍ਹਾਂ ਦਾ ਕਿ ਸਿੱਖ ਧਰਮ ਵਿਚ, ਗੁਰਮਤਿ ਵਿਚ, ਗੁਰਬਾਣੀ ਵਿਚ; ਉਪਰੋਕਤ ਟੂਕਾਂ ਅਨੁਸਾਰ ਮੁਕੰਮਲ ਤੌਰ ਤੇ ਖੰਡਨ ਕੀਤਾ ਗਿਆ ਹੈ ਅਤੇ ਨਿੰਦਿਆਂ ਗਿਆ ਹੈ। ਇਸ ਲਈ ਇਹ ਤਾਂ ਸਿੱਖ ਵੀ ਨਹੀਂ ਹੋ ਸਕਦੇ।
  9. ਸਵਾਲ:- ਗੁਰਬਾਣੀ ਅਨੁਸਾਰ ਸਿੱਖਾਂ ਦਾ ਸੰਤ ਕੌਣ ਹੈ ?
    ਉੱਤਰ :- ਸਿੱਖ ਗੁਰੂ ਗੁਰੂ ਸਿੱਖ ਹੈ ਦਾ ਸੰਕਲਪ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਸਪਸ਼ਟ ਹੁਕਮ ਫੁਰਮਾਉਂਦੇ ਹਨ ‘ਅਕਾਲ ਪੁਰਖ’ ਆਪ ਅਤੇ ‘ਸਿੱਖ ਸੰਗਤ’:
    ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ॥ (ਪੰਨਾ 667)
    ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ, ਇਹੈ ਅਘਾਵਨ ਪਾਂਨ ਕਉ॥ ”ਅਕਾਲ ਮੂਰਤਿ ਹੈ” ਸਾਧ ‘ਸੰਤਨ’ ਕੀ, ਠਾਹਰਨੀਕੀ ਧਿਆਨ ਕਉ॥ (ਸਾਰੰਗ ਮਹਲਾ 5, ਪੰਨਾ 1208)
  10. ਤਾਂ ਫਿਰ ਗੁਰਮਤਿ ਅਤੇ ਗੁਰਬਾਣੀ ਦੇ ਵਿਪਰੀਤ ਇਹ ਸੰਤ ਸਿੱਖੀ ਵਿਚ ਕਿਸ ਨੇਂ ਪੇਦਾ ਕੀਤਾ ?
    ਉੱਤਰ :- ਅੰਗਰੇਜ਼ ਨੇਂ ਆਪਣੀ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਦੀ ਪਲਾਨਿੰਗ ਦੇ ਤਹਿਤ ਸਭ ਤੋਂ ਪਹਿਲਾਂ ਸਿੱਖ ਰਾਜ ਖੁਸਦੇ ਸਾਰ ਭਾਈ ਮਾਹਾਰਾਜ ਸਿੰਘ ਦੀ ਅਗਵਾਈ ਵਿਚ ਸਰਕਾਰ-ਏ-ਖ਼ਾਲਸਾ ਦੇ ਸਿੱਖ ਫੌਜੀਆਂ ਨੇ ਸਰਕਾਰ ਵਿਰੁਧ ਕਤਿੀ ਬਗਾਵਤ ਤੋਂ ਸੰਭਲ ਕੇ, ਸਿੱਖਾਂ ਨੂੰ ਗੁਮਰਾਹ ਕਰਨ ਅਤੇ ਧਰਮ ਤੇ ਸਮਾਜਿਕ ਅਤੇ ਜੱਥੇਬੰਦਕ ਤੋਰ ਤੇ ਪੰਥ ਖ਼ਾਲਸੇ ਨੂੰ ਵੰਡਣ ਹਿਤ ਹੀ ਸਭ ਤੋਂ ਪਹਿਲਾਂ ਅੰਗਰੇਜ਼ ਹਕੂਮਤ ਦੇ ਮੁਲਾਜ਼ਮ ਸਿੱਖ ਫੌਜੀਆਂ ਵਿਚੋਂ, ਜੋ ਕਿ ਅੰਗਰੇਜ਼ ਭਗਤੀ ਦੇ ਵਫਾਦਾਰ ਸਨ; ਖੁਦ ਆਪ ਸੰਤ ਪੈਦਾ ਕੀਤੇ। ਉਨ੍ਹਾਂ ਨੂੰ ਸਥਾਪਤ ਕਰਨਲਈ ਅਨੇਕਾਂ ਹੀ ਸਿੱਖੀ ਵਿਚ ਨਿਸ਼ੇਧ ਕੌਤਕ, ਚਮਤਕਾਰ, ਲੀਲਾਵਾਂ ਆਦਿ ਦੀਆਂ ਕਹਾਨੀਆਂ ਨੂੰ ਆਪਣੀ ਹਾਜ਼ਰੀ ਰਜਿਸਟਰ ਵਿਚ ਆਪਣੇ ਸਿਪਾਹੀਆਂ ਨੂੰ ਜਿਨ੍ਹਾਂ ਨੂੰ ਸੰਤ ਸਥਾਪਤ ਕੀਤਾ ਜਾਣਾਂ ਸੀ; ਹਾਜ਼ਰੀਆਂ ਅਤੇ ਬੰਦੇ ਹਾਜ਼ਰ ਦਿੱਖਾਏ। ਇੰਜ ਅਨੇਕਾਂ ਹੀ ਕਹਾਨੀਆਂ ਪ੍ਰਚਲਤ ਕੀਤੀਆਂ ਗਈਆਂ। ਇਹ ਸੰਤ ਪੰਥ ਵਿਚ ਫੁੱਟ ਪਾਵਾ ਕੇ ਸਰਕਾਰੀ ਦਰਬਾਰੇ ਤੋਂ ਲਾਭ ਪਰਾਪਤ ਕਰਕੇ ਸਰਕਾਰ ਦੀਆਂ ਮੰਸ਼ਾਵਾਂ ਦੀ ਪੁਰਤੀ ਲਈ ਤੇ ਸਿੱਖ ਕੌਮ ਨੂਮ ਵੰਡਣ ਲਈ ਹੀ ਪੇਦਾ ਕੀਤੇ ਗਏ।
    ਅਰਥਾਤ ਗੁਰਬਾਣੀ ਦਾ ਆਰੰਭ, ”ੴ ਤੋਂ ਗੁਰਪ੍ਰਸਾਦਿ” ਜੋ ਬਿਨਾ ਕਿਸੇ ਵੀ ਸਿਰਲੇਖ ਜਾਂ ਸ਼ੀਰਸ਼ਕ ਤੋਂ ਹੈ ਉਹੋ ਸ਼ੁਧ ਰੂਪ ਵਿਚ ਸੰਤ ਹੈ ਅਰਥਾਤ: ”ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ ਵੇਲ ਵਧੰਦੀ ॥ ਹਰਿ ਜੁਗਹ ਜੁਗੋ ਜੁਗ ਜੁਗਹ ਜੁਗੋ ਸਦ ਪੀੜੀ ਗੁਰੂ ਚਲੰਦੀ ॥ ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖਿ ਨਾਮੁ ਧਿਆਇਆ ॥ ਹਰਿ ਪੁਰਖੁ ਨ ਕਬ ਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ ॥ ਨਾਨਕ ਸੰਤ ਸੰਤ ਹਰਿ ਏਕੋ ਜਪਿ ਹਰਿ ਹਰਿ ਨਾਮੁ ਸੋਹੰਦੀ ॥ ਹਰਿ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲਿ ਧਨ ਵੇਲ ਵਧੰਦੀ ॥” (ਪੰਨਾਂ 79 )

ਅਤਿੰਦਰ ਪਾਲ ਸਿੰਘ ਖ਼ਾਲਸਤਾਨੀ
ਜਪੁ-ਘਰ, ਹਾਉਸ ਨੰ. 1 ਗਲੀ ਨੰ. 1, ਕੈਰਿਅਰ ਐਨਕਲੇਵ,
ਭਾਦਸੋਂ ਰੋਡ; ਡਾਕ. ਸਿੱਧੂਵਾਲ ਪਟਿਆਲਾ 147006
+91 8847217312

Share. Facebook Twitter WhatsApp Email Pinterest LinkedIn Tumblr
Previous Articleਜਨਮ ਦਿਨ ਤੇ ਵਿਸ਼ੇਸ਼: ਬਾਬਾ ਬੰਦਾ ਸਿੰਘ ਬਹਾਦਰ- ਨਾਨਕਸ਼ਾਹੀ ਰਾਜ, ਪ੍ਰਣਾਲੀ, ਵਿਵਸਥਾ ਅਤੇ ਪ੍ਰਭੂਸਤਾ ਦਾ ਸੰਸਥਾਪਕ
Next Article ਸਿੱਖੀ : ਇਕ ਰੇਖਾ ਚਿੱਤਰ

Related Posts

ਗੁਰੂ ਨਾਨਕ ਜੀ ਨਾਮਕਰਨ, ਪ੍ਰਕਾਸ਼ ਪੁਰਬ, ਸੰਖੇਪ ਜੀਵਨ ਅਤੇ ਕੰਮ

April 11, 2023

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਵਿਵਾਦ ਦਾ ਅੰਤ

February 10, 2023

ਕੁਝ ਗੱਲਾਂ ਸਮਝਣ ਸਮਝਾਉਣ ਅਤੇ ਅਪਣਾਉਣ ਦੀਆਂ ਹਨ

January 5, 2023

Follow Us

Facebook X (Twitter) YouTube
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel

© 2022 ApSingh.in, Made by karan Panjaab

Type above and press Enter to search. Press Esc to cancel.