ਗੁਰੂ ਨਾਨਕ : ੴ ਬ੍ਰਹਿਮੰਡੀ ਸਿਧਾਂਤ ਅਤੇ ਸਭਿਅਤਾ ਦੇ ਜਨਮ ਦਾਤਾ
“ਹਰਖ ਅਨੰਤ ਸੋਗ ਨਹੀ ਥੀਆ॥
ਸੋ ਘਰੁ ਗੁਰਿ ਨਾਨਕ ਕਉ ਦੀਆ॥”
ਗੁਰੁ ਨਾਨਕ ਜਾਕਉ ਭਇਆ ਦਇਆਲਾ॥
ਸੋ ਜਨੁ ਹੋਆ ਸਦਾ ਨਿਹਾਲਾ॥”
ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਦਿੱਤੀ ਜਾਣ ਪਹਿਚਾਣ ਅਨੁਸਾਰ “ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ” (ਅੰਕ 966) ਦੀ ਹਸਤੀ ਧਾਰੀ ਗੁਰੂ ਹੋਣ ਦੀ ਗੁਰਤਾ ਦੀ ਪ੍ਰਮਾਣਿਕਤਾ ਦਿੱਤੀ ਗਈ ਹੈ। ਜਿਨ੍ਹਾਂ ਦਾ ਦਾਇਰਾ ਸਿਰਫ਼ ਸਿੱਖ ਸਮਾਜ ਤਕ ਸੀਮਤ ਨਾ ਹੋ ਕੇ ਸੰਸਾਰ ਵਿਆਪੀ “ਵਿਸ਼ਵ ਗੁਰੂ” ਜਾਂ “ਜਗਤ ਗੁਰੂ” ਦੀ ਹਸਤੀ ਦਾ ਲਖਾਇਕ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੀ ਹਸਤੀ ਦਾ ਅਸਲ ਮੂਲ ਧੁਰਾ ਹੀ ਇਹੋ ਨਾਨਕਸ਼ਾਹੀ ਬਦਲ ਹੈ “ਨਾਨਕ ਧਰਮ ਐਸੇ ਚਵਹਿ ਕੀਤੋ ਭਵਨੁ ਪੁਨੀਤ” ॥(ਅੰਕ 1425)
1. ਸਹੀ ਨਾਮਕਰਨ ਕੀ ਹੈ ?
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 4446 ਵਾਰ ਕੇਵਲ “ਨਾਨਕ”, ਬਾਕੀ ਵਿਆਕਰਨ ਪੱਖੋਂ 531 ਵਾਰ ‘ਨਾਨਕੁ’, 127 ਵਾਰ ‘ਨਾਨਕਾ’, 32 ਵਾਰ ‘ਨਾਨਕਿ’, ਇੱਕ ਇੱਕ ਵਾਰ ‘ਨਾਨਕਹ, ਨਾਨਕੋ ਅਤੇ ਨਾਨਕੈ’ ਦੇ ਰੂਪ ਵਿਚ ਹੀ ਆਪ ਜੀ ਦਾ ਨਾਮ ਵਰਤਿਆ ਗਿਆ ਹੈ। ਇੰਜ ਮੂਲ ਨਾਮ “ਨਾਨਕ” ਹੀ ਲਿਆ ਅਤੇ ਲਿਖਿਆ ਗਿਆ ਹੈ। ਸਿੱਖ ਅਰਦਾਸ ਸਮੇਤ, ਇੰਜ ਹੀ ਬਾਕੀ ਦੇ 9 ਗੁਰੂ ਸਾਹਿਬਾਨ ਦੀਆਂ ਲਿਖਤਾਂ ਦੀ ਪ੍ਰਮਾਣਿਕਤਾ ਵਿਚ ਗੁਰੂ ਸਾਹਿਬ ਜੀ ਦਾ ਨਾਮ ਵੀ “ਨਾਨਕ” ਹੀ ਲਿਖਿਆ ਗਿਆ ਹੈ। ਨਾਮ ਦੇ ਨਾਲ “ਦੇਵ” ਪਿਛੇਤਰ ਨਹੀਂ ਲਾਇਆ ਗਿਆ ਹੈ। ਇਸ ਲਈ “ਨਾਨਕ” ਸ਼ਬਦ ਨਾਲ ਪਿਛੇਤਰ ‘ਦੇਵ’ ਲਗਾਉਣਾ ਗ਼ਲਤ ਹੈ। ਸੰਗਤਾਂ ਨੂੰ “ਗੁਰੂ ਨਾਨਕ” ਸਾਹਿਬ ਜੀ ਨੂੰ ਗੁਰੂ ਨਾਨਕ ‘ਦੇਵ’ ਨਹੀਂ ਸਗੋਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਹੀ ਨਾਮ ਦਾ ਉਚਾਰਨ ਕਰਨਾ ਚਾਹੀਦਾ ਹੈ।
ਇਸ ਤੇ ਆਪਣੇ ਸਾਰੇ ਸ਼ੱਕ ਅਤੇ ਪ੍ਰਸ਼ਨਾਂ ਦੇ ਉੱਤਰ ਵਿਸਥਾਰ ਵਿਚ ਪ੍ਰਮਾਣਾਂ ਸਮੇਤ ਹਾਸਿਲ ਕਰਨ ਲਈ ਦਾਸ ਦੇ ਯੂ ਟਿਊਬ ਚੈਨਲ C5 ਤੇ ਜਾ ਕੇ ਇਤਿਹਾਸ ਸੁਣਿਆਂ ਤੇ ਵੇਖਿਆ ਜਾ ਸਕਦਾ ਹੈ। ਸ਼ੰਕੇ ਅਤੇ ਪ੍ਰਸ਼ਨਾਂ ਦੇ ਉੱਤਰ ਮਿਲ ਜਾਣਗੇ।
ਕੁਝ ਸ਼ੰਕੇ ਨਿਵਿਰਤ ਕਰਨੇ ਇੱਥੇ ਵਾਜਬ ਰਹਿਣਗੇ। ਕੁਝ ਵਿਦਵਾਨ ਇਸ ਗੱਲ੍ਹ ਤੇ ਕਿੰਤੂ ਕਰਦੇ ਗੁਰਬਾਣੀ ਦੀਆਂ ਹੇਠਲੀਆਂ ਉਦਾਹਰਨਾਂ ਅਗਿਆਨ ਵੱਸ ਦੇ ਦਿੰਦੇ ਹਨ । ਜੋ ਨਾਮ ਸੂਚਕ ਨਹੀਂ ਹਨ। ਉਹ ਵਡਿਆਈ, ਉਸਤਤ ਵਿਚ ਤੁਲਨਾਤਮਿਕ ਹਨ। ਜਿਵੇਂ-
ਅੰਕ 430 ਤੇ “ਅਬਿਚਲ ਨਗਰੀ ਨਾਨਕ ਦੇਵ॥” ਇਸ ਦਾ ਅਰਥ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਅਤੇ ਹੋਰ ਵਿਦਵਾਨ ‘ਦੇਵ ਤੋਂ ਦੇਵ ਦੀ ਅਰਥਾਤ ਪਰਮਾਤਮਾ ਦੀ’ ਕਰਦੇ ਹਨ; ਜਿਸ ਦਾ ਅਰਥ ਹੈ-ਹੇ ਨਾਨਕ ਪੂਰਾ ਗੁਰੂ ਜਿਸ ਮਨੁੱਖ ਨੂੰ ਪ੍ਰਭੂ ਭਗਤੀ ਦੀ ਦਾਤਿ ਬਖ਼ਸ਼ਦਾ ਹੈ ਉਹ ਇਸ ਹਿਰਦੇ ਰੂਪੀ ਘਰ ਵਿਚ ਵੱਸਦਾ ਰਹਿੰਦਾ ਹੈ ਜੋ ਰੱਬ ਦੇ ਰਹਿਣ ਵਾਸਤੇ ਕਦੇ ਨਾਂਹ ਡੋਲਣ ਵਾਲੀ ਨਗਰੀ ਬਣ ਜਾਂਦਾ ਹੈ ।
“ਕਬੀਰਿ ਧਿਆਇਓ ਏਕ ਰੰਗ ॥ ਨਾਮਦੇਵ ਹਰਿ ਜੀਉ ਬਸਹਿ ਸੰਗਿ ॥ ਰਵਿਦਾਸ ਧਿਆਏ ਪ੍ਰਭ ਅਨੂਪ ॥ ਗੁਰ ਨਾਨਕ ਦੇਵ ਗੋਵਿੰਦ ਰੂਪ ॥੮॥੧॥/1192” ਇੱਥੇ ਅਰਥ ਹੈ ਗੁਰੂ ਨਾਨਕ ਰੱਬ ਦਾ ਰੂਪ ਹੈ । ਉਪਮਾ ਕੀਤੀ ਹੈ । ਰੱਬ ਨਹੀਂ ਦੱਸਿਆ।
“ਮਿਲੁ ਨਾਨਕ ਦੇਵ ਜਗਤ ਗੁਰ ਕੇਰੈ ॥੨॥੧॥੩੪॥ /1304” ਗੁਰੂ ਨਾਨਕ ਜੀ ਕਹਿ ਰਹੇ ਹਨ ਕਿ ਹੇ ਜਗਤ ਦੇ ਗੁਰਦੇਵ; ਮੇਰੇ ਮਨ ਵਿਚ ਤੇਰੇ ਦਰਸ਼ਨ ਦੀ ਬਹੁਤ ਤਾਂਘ ਹੈ। ਮੈਨੂੰ ਨਾਨਕ ਨੂੰ ਰੱਬ ਜੀ ਮਿਲੋ।
“ਜਪੵਉ ਜਿਨ੍ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥/1409” ਅਰਥ ਹਨ ਹੇ ਮਥੁਰਾ ਹੁਣ ਸੱਚੀ ਵਿਚਾਰ ਇਹ ਹੈ ਕਿ ਜਗਤ ਨੂੰ ਤਾਰਨ ਲਈ ਰੱਬ ਨੇ ਗੁਰੂ ਅਰਜਨ ਅਵਤਾਰ ਰੂਪ ਬਣਾਇਆ ਹੈ । ਉਪਮਾ ਕੀਤੀ ਹੈ। ਰੱਬ ਦਾ ਅਵਤਾਰ ਨਹੀਂ ਦੱਸਿਆ ਹੈ । ਹੁਣ ਭੱਟ ਸਾਹਿਬ ਜੀ ਇਨ੍ਹਾਂ ਅਗਲੀਆਂ ਤੁਕਾਂ ਵਿਚ ਸਪਸਟ ਨਾਮ ਲਿਖ ਰਹੇ ਹਨ। ਵਿਦਵਾਨ ਜਨ ਇਸ ਬਾਰੇ ਕਿਉਂ ਨਹੀਂ ਸੋਚਦੇ ? ਗੁਰਮਤਿ ਤੱਤ ਗਿਆਤਾ ਬਣਨ ਤੋਂ ਰੋਕਣ ਲਈ ਢੁੱਚਰਾਂ ਕਿਉਂ ਪੈਦਾ ਕਰਦੇ ਹਨ?
“ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥ ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ ॥ ਹਰਿਬੰਸ ਜਗਤਿ ਜਸੁ ਸੰਚਰੵਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥ ਦੇਵ ਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ ॥ ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ ॥ ਰਹਸੁ ਕੀਅਉ ਸੁਰ ਦੇਵ ਤੋਹਿ ਜਸੁ ਜਯ ਜਯ ਜੰਪਹਿ ॥ ਅਸੁਰ ਗਏ ਤੇ ਭਾਗਿ ਪਾਪ ਤਿਨ੍ ਭੀਤਰਿ ਕੰਪਹਿ ॥ ਕਾਟੇ ਸੁ ਪਾਪ ਤਿਨ੍ ਨਰਹੁ ਕੇ ਗੁਰੁ ਰਾਮਦਾਸੁ ਜਿਨ੍ ਪਾਇਯਉ ॥ ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ॥ /1409”
“ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ ॥ ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ ॥੧॥ /1408”
“ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ ॥ ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥੧॥ /1407”
“ਗੁਰਿ ਨਾਨਕਿ ਅੰਗਦੁ ਵਰੵਉ ਗੁਰਿ ਅੰਗਦਿ ਅਮਰ ਨਿਧਾਨੁ ॥ ਗੁਰਿ ਰਾਮਦਾਸ ਅਰਜੁਨੁ ਵਰੵਉ ਪਾਰਸੁ ਪਰਸੁ ਪ੍ਰਮਾਣੁ ॥੪॥/1407”
“ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥ ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖੵ ਜਨ ਕੀਅਉ ਪ੍ਰਗਾਸ ॥ ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥ ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ ॥ ਸਭ ਬਿਧਿ ਮਾਨਿੵਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥ ਰਡ ॥ /1399”
ਜੇ ਅਜਿਹੇ ਢੁੱਚਰ ਬਾਜ਼ਾਂ ਦੀਆਂ ਅਜਿਹੀਆਂ ਥੋਥੀਆਂ ਦਲੀਲਾਂ ਹੀ ਮੰਨੀਆਂ ਜਾਣ ਤਾਂ ਫਿਰ “ਪ੍ਰਥਮੇ ਨਾਨਕ ਚੰਦੁ” ਅਨੁਸਾਰ ਤਾਂ ਗੁਰੂ ਨਾਨਕ ਜੀ “ਨਾਨਕ ਚੰਦ” ਹੋਏ?
ਇਸ ਲਈ ਨਿਰਨਾਇਕ ਨਿਰਨਾ ਇਹੋ ਨਿਕਲਦਾ ਹੈ ਕਿ ਗੁਰੂ ਪਾਤਸ਼ਾਹੀਆਂ ਦੇ ਨਾਵਾਂ ਵਿਚਲੇ ਪੈਦਾ ਕੀਤੇ ਗਏ ਬ੍ਰਾਹਮਣੀ ਕਰਨ ਤੋਂ ਮੁਕਤ ਹੋਏ ਬਿਨਾ ਸਿੱਖ ਨਾਨਕਸ਼ਾਹੀ ਗੁਰਮਤਿ ਸਭਿਅਤਾ ਅਤੇ ਸਭਿਆਚਾਰ ਨਾਲ ਜੁੜ ਹੀ ਨਹੀਂ ਸਕਦੇ। ਇਹ ਪਹਿਲੀ ਸ਼ਰਤ ਹੈ । ਕਿਸੇ ਵੀ ਸਿੱਖ ਗੁਰੂ ਸਾਹਿਬ ਜੀ ਦੇ ਨਾਮ ਨਾਲ ‘ਦੇਵ’ ਪਿਛੇਤਰ ਲਾਉਣਾ ਘੋਰ ਮਨਮਤਿ, ਦੁਰਮਤ ਅਤੇ ਨਿਰਾਦਰੀ ਹੈ।
2. ਪ੍ਰਕਾਸ਼ ਪੁਰਬ
ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ (1 ਵੈਸਾਖ) ਅਪ੍ਰੈਲ 1469, ਨਨਕਾਣਾ ਸਾਹਿਬ, ਵਰਤਮਾਨ ਪਾਕਿਸਤਾਨ ਵਿਚ ਹੋਇਆ। ਪਿਤਾ ਪਿੰਡ ਦੇ ਲੇਖਾਕਾਰ ਜਾਂ ਪਟਵਾਰੀ ਸ੍ਰੀ ਕਲਿਆਣ ਦਾਸ (ਮਹਿਤਾ ਕਾਲੂ) ਜੀ, ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਹੋਇਆ। ਜਿਵੇਂ ਨਾਮਕਰਨ ਸਬੰਧੀ ਭੁਲੇਖੇ ਦੂਰ ਕਰਨੇ ਬਹੁਤ ਜ਼ਰੂਰੀ ਹਨ ਓਵੇਂ ਹੀ ਪ੍ਰਕਾਸ਼ ਮਿਤੀ ਸਬੰਧੀ ਭੁਲੇਖੇ ਦੂਰ ਹੋਣੇ ਬਹੁਤ ਜ਼ਰੂਰੀ ਹਨ।
1. ਸਭ ਤੋਂ ਪ੍ਰਮੁੱਖ ਅਤੇ ਪ੍ਰਮਾਣਿਕ ਉੱਤਰ ਇਹ ਹੈ ਕਿ ਸਤਿਗੁਰੂ ਅਰਜਨ ਸਾਹਿਬ ਜੀ ਦੀ ਲਿਖਤ ਅਨੁਸਾਰ 1 ਵੈਸਾਖ ਅਰਥਾਤ ਨਾਨਕਸ਼ਾਹੀ ਮਿਤੀ ਈਸਵੀ ਅਨੁਸਾਰ 14 ਅਪ੍ਰੈਲ 1469, ਹੀ ਪ੍ਰਕਾਸ਼ ਦਿਹਾੜਾ ਲਿਖਤ ਬੱਧ ਕੀਤਾ ਗਿਆ ਹੈ। ਗੁਰੂ ਲਿਖਤ ਨੂੰ ਬ੍ਰਾਹਮਣੀ ਦਿਮਾਗ਼ ਕਿਉਂ ਅਤੇ ਕਿਵੇਂ ਝੂਠ ਸਾਬਤ ਕੀਤਾ ਜਾ ਰਿਹਾ ਹੈ? ਇਹ ਤਾਂ ਸਿੱਖਾਂ ਨੂੰ ਆਪ ਹੀ ਸਮਝ ਲੈਣਾ ਚਾਹੀਦਾ ਹੈ।
1 ਦਾ 1. ਕੁਝ ਇਤਿਹਾਸਕਾਰ ਜਾਂ ਵਿਦਵਾਨ ਮੰਨਦੇ ਹਨ ਕਿ ਗੁਰੂ ਅਰਜਨ ਸਾਹਿਬ ਜੀ ਨੇ ਕਰਤਾਰ ਪੁਰੀ ਬੀੜ “ਪੋਥੀ ਸਾਹਿਬ ਵਿਚ ਆਪਣੇ” ਹੱਥੀ ਪ੍ਰਕਾਸ਼ ਦਿਹਾੜਾ ਵੈਸਾਖ ਲਿਖਿਆ ਹੈ। ਮੈਂ ਇਸ ਦੇ ਦਰਸ਼ਨ ਨਹੀਂ ਕਰ ਪਾਇਆ ਹਾਂ। ਪ੍ਰੋ ਜੋਧ ਸਿੰਘ ਜੀ ਵਾਲੀ ਪੁਸਤਕ ‘ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ’ ਵਿਚ ਪੰਨਾ 45 ਤੇ ਜ਼ਿਕਰ ਇੰਜ ਮਿਲਦਾ ਹੈ
“ਚਲਿਤ੍ਰ ਜੋਤੀ ਜੋਤਿ ਸਮਾਵਨ ਕਾ ੴ ਸਤਿਗੁਰ ਪ੍ਰਸਾਦਿ
ਸੰਮਤੁ 1596 ਅਸੂੰ ਵਦੀ 10 ਸ੍ਰੀ ਬਾਬਾ ਨਾਨਕ ਦੇਵ ਜੀ ਸਮਾਣੇ।”
ਇਸ ਲਈ ਜੋਤੀ ਜੋਤਿ ਸਮਾਉਣ ਦੀ ਮਿਤੀ ਤੇ ਕੋਈ ਵਿਵਾਦ ਨਹੀਂ ਹੈ ।
ਇਸ ਤੇ ਵੀ ਕੋਈ ਵਿਵਾਦ ਨਹੀਂ ਹੈ ਕਿ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਕੁਲ ਆਯੂ “ਕੁਲ ਉਮਰ- ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ” ਲਿਖੀ ਮਿਲਦੀ ਹੈ। ਜਿੱਥੇ ਇਹ ਲਿਖਿਆ ਮਿਲਦਾ ਹੈ ਉਥੈ ਹੀ ਇਹ ਵੀ ਲਿਖਿਆ ਮਿਲਦਾ ਹੈ ਕਿ “ਇਸੇ ਪੰਨੇ ਤੇ ਇਕ ਨੋਟ ਲਿਖਿਆ ਹੋਇਆ ਹੈ, “ ਇਤਨੀ ਉਮਰ ਕੱਤਿਕ ਪੱਨਿਆ ਤੋਂ ਨਹੀ, ਵੈਸਾਖ ਸੁਦੀ ਤੀਜ (19 ਵੈਸਾਖ) ਤੋਂ ਪੂਰੀ ਹੁੰਦੀ ਹੈ।” -ਪਹਿਲੀ ਗੁਰ ਪ੍ਰਣਾਲੀ ਭਾਈ ਕੇਸਰ ਸਿੰਘ ਜੀ ਅਤੇ ਅਨਾਮ ਪੁਰਾਤਨ ਗੁਰ ਪ੍ਰਣਾਲੀ।
ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅਸੂ ਸੁਦੀ 10 ਸੰਮਤ 1596 ਬਿਕ੍ਰਮੀ, 23 ਅੱਸੂ, 22 ਸਤੰਬਰ ਸੰਨ 1539 ਦਿਨ ਸੋਮਵਾਰ ਨੂੰ ਮੁਖ ਰੱਖਕੇ ਜੇ ਆਪਾ ਇਸ ਵਿਚੋਂ ਗੁਰੂ ਜੀ ਦੀ ਕੁਲ ਉਮਰ ਨੂੰ ਮਨਫੀ ਕਰ ਦਈਏ ਤਾਂ ਗੁਰੂ ਜੀ ਦੇ ਜਨਮ ਦੀ ਤਾਰੀਖ ਵੈਸਾਖ 1526 ਬਿਕ੍ਰਮੀ ਹੀ ਬਣਦੀ ਹੈ।
2. ਭਾਈ ਗੁਰਦਾਸ ਜੀ ਦੀ ਵਾਰ ਪਹਿਲੀ, ਵਿਚ ਕਰਤਾਪੁਰੀ ਬੀੜ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਜੀ ਵੈਸਾਖ ਹੀ ਲਿਖਦੇ ਹਨ ।
3. ਬੀ-40 ਜਨਮ ਸਾਖੀ, ਇਹ ਦੋਵੇਂ ਜਨਮ ਸਾਖੀਆਂ ਛੇਵੀਂ ਪਾਤਸ਼ਾਹੀ ਦੇ ਸਮੇਂ ਕਾਲ ਦੀਆਂ ਇਤਿਹਾਸਕਾਰ ਮੰਨਦੇ ਹਨ।
4. ਭਾਈ ਮਨੀ ਸਿੰਘ ਜੀ ਰਚਿਤ ‘ਗਿਆਨ ਰਤਨਾਵਲੀ’
5. ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਇਤਿਹਾਸਕਾਰ ਕਿਰਪਾਲ ਸਿੰਘ ਜੀ ਦੀ ਪੁਸਤਕ “ਸਿੱਖ ਇਤਿਹਾਸ ਦੇ ਵਿਸ਼ੇਸ਼ ਪੱਖ”;
6. ਡਾ. ਗੰਡਾ ਸਿੰਘ ਜੀ ਤੇ ਪ੍ਰਿ. ਤੇਜਾ ਸਿੰਘ ਜੀ ਲਿਖਤ ‘ਸਿੱਖ ਇਤਿਹਾਸ’ ਮੁਤਾਬਿਕ ਸਤਿਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ ਵੈਸਾਖ ਦਾ ਹੀ ਸਾਬਤ ਹੁੰਦਾ ਹੈ।
7. ਗੁਰ ਪ੍ਰਣਾਲੀਆਂ ਅਤੇ ਜਨਮ ਸਾਖੀਆਂ ਅਨੁਸਾਰ ਸਾਰੀਆਂ ਪ੍ਰਚਲਤ ਲਿਖਤਾਂ ਵਿਚ ਪਾਤਸ਼ਾਹ ਜੀ ਦਾ ਜੋਤੀ ਜੋਤਿ ਸਮਾਉਣ ਦੀ ਮਿਤੀ ਇੱਕੋ ਹੈ ਅਤੇ ਕੋਈ ਵਿਵਾਦ ਨਹੀਂ ਹੈ । ਕੱਤਕ ਵਿਚ ਪ੍ਰਕਾਸ਼ ਦਿਹਾੜਾ ਮੰਨਣ ਵਾਲੇ ਵੀ ਲਿਖਦੇ ਹਨ :
(੧) ਜਨਮ ਤਾਰੀਖ- ‘ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਸੁਦੀ ਪੁਰਨਮਾਸੀ’
(੨) ਕੁਲ ਉਮਰ- 69 ਵਰ੍ਹੇ ਤੇ 10 ਮਹੀਨੇ 10 ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
ਹੁਣ ਜੇ ਇਸ ਕੁਲ ਉਮਰ ਮੁਤਾਬਕ ਜੋਤੀ ਜੋਤਿ ਸਮਾਉਣ ਦੀ ਮਿਤੀ ਅਨੁਸਾਰ ਆਯੂ ਕੱਢੀ ਜਾਵੇ ਤਾਂ ਪ੍ਰਕਾਸ਼ ਦਿਹਾੜਾ ਇੱਕ ਵੈਸਾਖ ਦਾ ਹੀ ਬਣਦਾ ਹੈ । ਇਸ ਸਬੰਧੀ ਕਈ ਪ੍ਰਣਾਲੀਆਂ ਵਿਚ ਇੰਜ ਜਿਕਰ ਵੀ ਕੀਤਾ ਗਿਆ ਹੈ । ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਹ ਨਾਮਕਰਨ ਵੀ “ਗੁਰੂ ਨਾਨਕ” ਹੀ ਕਰਦੇ ਹਨ ।
ਭਾਈ ਬਾਲੇ ਨੂੰ ਅੱਜ ਤੱਕ ਕੋਈ ਵੀ ਪ੍ਰਮਾਣਿਤ ਇਤਿਹਾਸਕਾਰੀ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਾਥੀ ਸਾਬਤ ਨਹੀਂ ਕਰ ਸਕਿਆ, ਜੋ ਵੀ ਕੱਤਕ ਵਾਂਗ ਹੀ ਮੱਥਿਆ ਗਿਆ ਹੈ ।
8. LPD-194 ਜਨਮ ਸਾਖੀ ਜੋ ਕਿ ਸਭ ਤੋਂ ਪਹਿਲੀ ਅਤੇ ਪੁਰਾਤਨ ਜਾਨਮ ਸਾਖੀ ਸਭ ਵਿਦਵਾਨ ਮੰਨਦੇ ਹਨ ਵਿਚ ਪ੍ਰਕਾਸ਼ ਦਿਹਾੜਾ ਵੈਸਾਖ ਹੀ ਲਿਖਤ ਹੈ ।
9. ਸਾਖੀਕਾਰ ਸ਼ੀਹਾਂ ਉੱਪਲ ਦੀ ਜਨਮ ਸਾਖੀ “ਸਾਖੀ ਮਹਲ ਪਹਿਲੇ ਕੀ” ਵਿਚ ਵੀ ਪ੍ਰਕਾਸ਼ ਦਿਹਾੜਾ ਵੈਸਾਖ ਹੀ ਲਿਖਤ ਹੈ । ਇਹ ਜਨਮ ਸਾਖੀ ਦੂਜੇ ਨੰਬਰ ਤੇ ਸਭ ਤੋਂ ਪੁਰਾਤਨ ਜਨਮ ਸਾਖੀ ਹੈ । ਭਾਈ ਗੁਰਦਾਸ ਜੀ ਦੀ ਵਾਰ 11ਵੀਂ ਦੀ ਪਉੜੀ ਨੰਬਰ 14 ਵਿਚ ‘ਸ਼ੀਹਾਂ ਉੱਪਲ’ ਜੀ ਦਾ ਨਾਮ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਮੁੱਖ ਸਿੱਖਾਂ ਵਜੋਂ ਆਉਂਦਾ ਹੈ । ਜੋ ਕਿ ਦੂਸਰੇ ਅਤੇ ਤੀਸਰੇ ਗੁਰੂ ਸਾਹਿਬ ਜੀ ਦੇ ਵੀ ਅੰਨਿਨ ਸੇਵਕ ਰਹੇ ਹਨ ਅਤੇ ਅੰਤਿਮ ਸਵਾਸਾਂ ਤਕ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤਿ ਨੂੰ ਸਮਰਪਿਤ ਰਹੇ ਹਨ। ਖੋਜਕਾਰੀ ਵਿਦਵਾਨਾਂ ਅਨੁਸਾਰ ਇਹ ਜਨਮ ਸਾਖੀ ਗੁਰੂ ਰਾਮਦਾਸ ਜੀ ਦੇ ਸਮੇਂ ਵਿਚ ਹੀ ਲਿਖੀ ਗਈ ਮੰਨੀ ਜਾਂਦੀ ਹੈ ।
10. ਤੀਸਰੇ ਨੰਬਰ ਤੇ ਸਭ ਤੋਂ ਪੁਰਾਤਨ ਭਾਈ ਮਿਹਰਵਾਨ ਵਾਲੀ ਜਨਮ ਸਾਖੀ ਮੰਨੀ ਜਾਂਦੀ ਹੈ । ਇਸ ਵਿਚ ਵੀ ਪ੍ਰਕਾਸ਼ ਦਿਹਾੜਾ ਵੈਸਾਖ ਹੀ ਲਿਖਤ ਹੈ ।
11. ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 27ਵੀਂ ਪਉੜੀ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 1 ਵੈਸਾਖ ਹੀ ਪ੍ਰਮਾਣਿਤ ਕਰਦੀ ਹੈ ।
12. ‘ਮਹਿਮਾ ਪ੍ਰਕਾਸ਼’ ਦੇ ਲਿਖਾਰੀ ਵੀ ਪੰਨਾ 72, ਤੇ ਪ੍ਰਕਾਸ਼ ਦਿਹਾੜਾ 1 ਵੈਸਾਖ ਹੀ ਲਿਖਦੇ ਹਨ।
13. ਵਲਾਇਤ ਵਾਲੀ ਪੁਰਾਤਨ ਜਨਮ ਸਾਖੀ ਵਿਚ ਵੀ ਪ੍ਰਕਾਸ਼ ਦਿਹਾੜਾ 1 ਵੈਸਾਖ ਹੀ ਮੰਨਿਆ ਗਿਆ ਹੈ। ਇਹ ਜਨਮ ਸਾਖੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਕਾਲ ਵਿਚ ਲਿਖਤ ਮੰਨੀ ਜਾਂਦੀ ਹੈ ।
14. ਬੀ-40 ਜਨਮ ਸਾਖੀ, ਜਿਸ ਨੂੰ ਛੇਵੀਂ ਪਾਤਸ਼ਾਹੀ ਦੇ ਸਮੇਂ ਕਾਲ ਦੀਆਂ ਇਤਿਹਾਸਕਾਰ ਮੰਨਦੇ ਹਨ, ਵਿਚ ਵੀ ਪ੍ਰਕਾਸ਼ ਦਿਹਾੜਾ 1 ਵੈਸਾਖ ਹੀ ਲਿਖਤ ਹੈ।
15. ਭਾਈ ਮਨੀ ਸਿੰਘ ਜੀ ਰਚਿਤ ‘ਗਿਆਨ ਰਤਨਾਵਲੀ’ ਵਿਚ ਵੀ ਭਾਈ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ 1 ਵੈਸਾਖ ਹੀ ਪ੍ਰਮਾਣਿਤ ਕਰਦੇ ਹਨ।
16. ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਇਤਿਹਾਸਕਾਰ ਕਿਰਪਾਲ ਸਿੰਘ ਜੀ ਦੀ ਪੁਸਤਕ “ਸਿੱਖ ਇਤਿਹਾਸ ਦੇ ਵਿਸ਼ੇਸ਼ ਪੱਖ”;
17. ਨਵੀਨ ਇਤਿਹਾਸ ਕਾਰਾਂ ਵਿਚੋਂ ਇਤਿਹਾਸਕਾਰ ਕਰਮ ਸਿੰਘ ਜੀ ਹਿਸਟੋਰੀਅਨ ਆਪਣੀ ਪੁਸਤਕ “ਕੱਤਕ ਕਿ ਵਿਸਾਖ” ਜੋ 1932 ਈਸਵੀ ਵਿਚ ਲਾਹੌਰ ਤੋਂ ਛਪੀ ਸੀ ਸਭ ਤੋਂ ਪਹਿਲਾਂ ਸਾਬਤ ਕਰਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ 1 ਵੈਸਾਖ ਹੀ ਹੈ।
18. ਡਾ. ਗੰਡਾ ਸਿੰਘ ਜੀ ਤੇ ਪ੍ਰਿ. ਤੇਜਾ ਸਿੰਘ ਜੀ ਲਿਖਤ ‘ਸਿੱਖ ਇਤਿਹਾਸ’ ਮੁਤਾਬਿਕ ਸਤਿਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ ਵੈਸਾਖ ਦਾ ਹੀ ਸਾਬਤ ਹੁੰਦਾ ਹੈ।
19. ਪ੍ਰੋ. ਸਾਹਿਬ ਸਿੰਘ ਜੀ
20. ਪ੍ਰਿੰਸੀਪਲ ਸਤਿਬੀਰ ਸਿੰਘ ਜੀ
21. ਡਾ. ਹਰੀ ਰਾਮ ਗੁਪਤਾ ਜੀ
22. ਡਾ. ਕਿਰਪਾਲ ਸਿੰਘ ਜੀ
23. ਡਾ. ਖੜਕ ਸਿੰਘ ਜੀ
24. ਡਾ. ਐੱਸ. ਐੱਸ. ਪਦਮ ਜੀ
25. ਪ੍ਰੋ. ਪ੍ਰੀਤਮ ਸਿੰਘ ਜੀ
26. ਡਾ. ਪਿਆਰ ਸਿੰਘ ਜੀ
27. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਛਾਪੇ ਇਤਿਹਾਸ ਅਨੁਸਾਰ ਪ੍ਰੋ. ਕਰਤਾਰ ਸਿੰਘ ਜੀ ਐੱਮ.ਏ.
28. ਸ: ਖੁਸ਼ਵੰਤ ਸਿੰਘ , 29. ਭਾਈ ਵੀਰ ਸਿੰਘ, 230. ਪ੍ਰੋ: ਪ੍ਰੀਤਮ ਸਿੰਘ, 31. ਡਾ: ਗੋਪਾਲ ਸਿੰਘ, 32. ਪ੍ਰੋ: ਗੁਰਮੁਖ ਸਿੰਘ, 33. ਪ੍ਰੋ: ਸ਼ੇਰ ਸਿੰਘ ਐੱਮ. ਏ, 34 ਗਿਆਨੀ ਹੀਰਾ ਸਿੰਘ ਦਰਦ, 35. ਸ: ਅਮਰ ਸਿੰਘ ਐਡੀਟਰ ‘ਸ਼ੇਰੇ ਪੰਜਾਬ’, 36. ਗੁਰਮੁਖ ਸਿੰਘ, 37. ਨਿਹਾਲ ਸਿੰਘ, 38. ਡਾ: ਯੋਧ ਸਿੰਘ, 39. ਡਾ: ਤਾਰਨ ਸਿੰਘ, 40. ਡਾ: ਗੋਪਾਲ ਸਿੰਘ ਦਰਦੀ, 41. ਸੋਢੀ ਤੇਜਾ ਸਿੰਘ, 42. ਪ੍ਰਿੰ: ਤੇਜਾ ਸਿੰਘ, 43. ਪ੍ਰੋ: ਜੋਗਿੰਦਰ ਸਿੰਘ, 44. ਸ: ਕਪੂਰ ਸਿੰਘ, 45. ਡਾ: ਗੁਰਬਚਨ ਸਿੰਘ ਤਾਲਬ, 46. ਸ: ਹਰਨਾਮ ਸਿੰਘ ਸ਼ਾਨ ਅਤੇ ਵਿਦੇਸ਼ੀ ਵਿਦਵਾਨ 47. ਐੱਮ. ਏ. ਮੈਕਾਲਿਫ਼ ਤੇ 48. ਡਾ: ਟਰੰਪ ਆਦਿਕ ਸਾਰੇ ਹੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖ ਮਹੀਨੇ ਦਾ ਲਿਖਦੇ ਹਨ।
49. ਨਾਨਕਸ਼ਾਹੀ ਜੰਤਰੀ ਅਤੇ ਕਲੰਡਰ ਦੇ ਨਿਰਮਾਤਾ ਸ. ਪਾਲ ਸਿੰਘ ਪੁਰੇਵਾਲ ਜੀ ਨੇ ਵੀ ਪ੍ਰਕਾਸ਼ ਮਿਤੀ 1 ਵੈਸਾਖ ਹੀ ਪ੍ਰਮਾਣਿਤ ਕਰ ਕੇ ਪੱਕੀ ਨਿਰਧਾਰਿਤ ਕਰ ਦਿੱਤੀ ਹੈ ।
50. ਇਨ੍ਹਾਂ ਸਭਨਾਂ ਪ੍ਰਮਾਣਾਂ ਦੇ ਅਧਾਰ ਤੇ ਦਾਸ ਪਰਕਾਸ਼ ਮਿਤੀ 1 ਵੈਸਾਖ 1469 ਹੀ ਨਿਰਧਾਰਿਤ ਕਰਦਾ ਹੈ ਕਿਉਂਕਿ ਇਹੋ ਮਿਤੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਆਪਣੇ ਹੱਥੀ ਲਿਖਤ ੳਨੁਸਾਰ ਬਣਦੀ ਹੈ ।
ਪਰ, ਇਸ ਦੇ ਵਿਪਰੀਤ ਜੋ ਪ੍ਰਚਲਿਤ ਤੋਰ ਤੇ ‘ਕੱਤਕ’ ਵਿਚ ਪ੍ਰਕਾਸ਼ ਦਿਹਾੜਾ ਬਣਾਇਆ ਜਾ ਰਿਹਾ ਹੈ ਉਸ ਦਾ ਆਧਾਰ ਕਿਤੇ ਵੀ ਨਹੀਂ ਮਿਲਦਾ। ਜੇ ਕਿਤੇ ਮਿਲਦਾ ਹੈ ਤਾਂ ਉਹ ਗ਼ਲਤ ਸਾਬਤ ਹੁੰਦਾ ਹੈ।
ਜਿਵੇਂ ‘ਬਾਲੇ ਵਾਲੀ ਜਨਮ ਸਾਖੀ’ ਜੋ ਆਪਣੇ ਆਪ ਵਿਚ ਹੀ ਝੂਠੀ ਸਾਬਤ ਕੀਤੀ ਜਾ ਚੁੱਕੀ ਹੈ, ਇਸ ਦੇ ਵਿਸਥਾਰ ਲਈ ਦਾਸ ਦੇ ਯੂ ਟਿਊਬ ਚੈਨਲ C5 ਤੇ ਜਾ ਕੇ ਪ੍ਰਮਾਣਾਂ ਸਹਿਤ ਵੀਡੀਓ ਰਾਹੀਂ ਇਤਿਹਾਸ ਸੁਣਿਆਂ ਤੇ ਵੇਖਿਆ ਜਾ ਸਕਦਾ ਹੈ। ਦੂਜਾ ‘ਨਾਨਕ ਪ੍ਰਕਾਸ਼’ ਅਤੇ ਤੀਜਾ ਡਾ. ਤ੍ਰਿਲੋਚਨ ਸਿੰਘ ਰਚਿਤ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਪੁਸਤਕ ‘ਜੀਵਨ ਚਰਿੱਤਰ ਗੁਰੂ ਨਾਨਕ ਦੇਵ ਜੀ’ ਵਰਗੀਆਂ ਪੁਸਤਕਾਂ ਬਿਨਾਂ ਕਿਸੇ ਪ੍ਰਮਾਣ ਤੋਂ ਜਨਮ ਕੱਤਕ ਦਾ ਕਹਿੰਦੀਆਂ ਹਨ। ਇਨ੍ਹਾਂ ਦਾ ਆਪਣਾ ਝੂਠ ਇਨ੍ਹਾਂ ਦੀ ਹੀ ਇਸ ਲਿਖਤ ਵਿਚੋਂ ਹੀ ਇੰਜ ਪ੍ਰਮਾਣਿਤ ਹੋ ਜਾਂਦਾ ਹੈ ਕਿ ਇਹ ਤਿੰਨੋਂ ਹੀ ਗੁਰੂ ਸਾਹਿਬ ਜੀ ਦੀ ਕੁੱਲ ਆਯੂ 70 ਸਾਲ,ਪੰਜ ਮਹੀਨੇ, 7 ਦਿਨ ਮੰਨਦੇ ਅਤੇ ਲਿਖਦੇ ਹਨ। ਜੇ ਇਸ ਹਿਸਾਬ ਨਾਲ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਮਹੀਨਾ ਕੱਢਿਆ ਜਾਵੇ ਤਾਂ ਉਹ ‘ਵੈਸਾਖ’ ਹੀ ਬਣਦਾ ਹੈ। ਇੰਜ ਇਨ੍ਹਾਂ ਦੀ ਆਪਣੀ ਲਿਖਤ ਇਨ੍ਹਾਂ ਨੂੰ ਝੂਠਾ ਸਾਬਤ ਕਰਦੀ ਹੈ। ਇਸ ਤਰ੍ਹਾਂ ਪ੍ਰਮਾਣਿਤ ਹੈ ਕਿ ਸਤਿਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1 ਵੈਸਾਖ 1469 ਵਿਚ ਹੀ ਹੋਇਆ ਹੈ। ਇਹ ਚਿੱਟ ਕੱਪੜੀਏ ਅਤੇ ਗੋਲ ਪੱਗ ਧਾਰੀ ਸਿੱਖੀ ਵਿਚਲੇ ਪਾਂਡੇ ਅਤੇ ਬ੍ਰਾਹਮਣਾਂ ਦੇ ਗ਼ੁਲਾਮ ਸੰਤ-ਸਾਧ ਅਤੇ ਡੇਰੇਦਾਰਾਂ ਦੀ ਬ੍ਰਾਹਮਣੀ ਕੁ ਸੋਚ ਦੀ ਕੁਰੀਤ ਕੱਤਕ ਵਿਚ ਬਣਾਇਆ ਜਾਣਾ ਬੰਦ ਹੋਣਾ ਚਾਹੀਦਾ ਹੈ। ਤਾਂ ਹੀ ਸਿੱਖ ਗੁਰੂ ਨਾਨਕ ਪਾਤਸ਼ਾਹੀ ਨਾਲ ਜੁੜ ਸਕਣਗੇ ਅਤੇ ਨਾਨਕਸ਼ਾਹੀ ਸਭਿਅਤਾ ਤੇ ਸਭਿਆਚਾਰ ਨਾਲ ਜੁੜ ਕੇ ਗੁਰਮੁਖੀ ਧਾਰੀ ਹੋ ਸਕਣਗੇ।
ਟਿੱਪਣੀਆਂ
1.“ਉਂਞ ਮੈਕਾਲਿਫ਼ ਨੇ ਤਾਂ ਛੇਵੇਂ ਪਾਤਸ਼ਾਹ ਦੇ ਪੁੱਤਰ ਅਟਲ ਰਾਏ ਅਤੇ ਗੁਰਦਿੱਤਾ ਦਾ ਜਨਮ ਵੀ ਕੱਤਕ ਦੀ ਪੂਰਨਮਾਸ਼ੀ ਦਾ ਲਿਖਿਆ ਹੈ। ਉਹ ਤਾਂ ਇਕ ਥਾਂ ਇਹ ਵੀ ਲਿਖ ਬੈਠਾ ਸੀ: “ਸੰਮਤ 1670 ਬੁਧਵਾਰ ਕੱਤਕ ਦੀ ਪੁਰਨਮਾਸ਼ੀ ਦੀ ਰਾਤ ਨੂੰ ਮਾਤਾ ਜੀ ਦੇ ਇਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਂ ਪਿੱਛੋਂ ਗੁਰਦਿੱਤਾ ਰਖਿਆ ਗਿਆ। ਉਸ ਦੀ ਸ਼ਕਲ ਗੁਰੂ ਨਾਨਕ ਨਾਲ ਹੂਬਹੂ ਮਿਲਦੀ ਸੀ।” ਸੰਬਧੀ ਬੇਨਤੀ ਹੈ ਕਿ ਅਜੇਹਾ ‘ਗੁਰ ਬਿਲਾਸ ਪਾਤਸ਼ਾਹੀ ੬’ ਵਿੱਚ ਲਿਖਿਆ ਹੋਇਆ ਹੈ, “ਜਨਮ ਭਯੋ ਸੁਤ ਕੋ ਤਬ ਹੀ ਗੁਰ ਨਾਨਕ ਕੇ ਸਮ ਰੂਪ ਅਪਾਰਾ” (ਪੰਨਾ 329) ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਖੋਜ ਮੁਤਾਬਕ ਇਹ ਕਿਤਾਬ 1718 `ਚ ਲਿਖੀ ਗਈ ਸੀ।
2. ਗੁਰੂ ਕੀਆਂ ਸਾਖੀਆਂ `ਚ ਸਾਖੀ 24 ਅਤੇ 51 ਦਾ ਹਵਾਲਾ ਦਿੱਤਾ ਹੈ। ਇਸ ਸਬੰਧੀ ਬੇਨਤੀ ਹੈ ਕਿ ਕੀ ਇਨ੍ਹਾਂ ਸਾਖੀਆ ਤੇ ਅੱਖਾਂ ਮੀਟ ਕੇ ਯਕੀਨ ਕੀਤਾ ਜਾ ਸਕਦਾ ਹੈ? ਜੇ ਜੁਵਾਬ ਹਾਂ ਵਿਚ ਹੈ ਤਾਂ ਸਾਖੀ ਨੰ: 45 ਬਾਰੇ ਕੀ ਖਿਆਲ ਹੈ?
ਸਾਖੀ ਪਾਂਵਟਾ ਨਗਰ ਸੇ ਕਪਾਲਮੋਚਨ ਤੀਰਥ ਆਨੇ ਕੀ ਚਾਲੀ:- “ਕਾਰਤਕ ਸੁਦੀ ਤ੍ਰੋਸਦੀ ਸ਼ਨੀਵਾਰ ਕੇ ਦਿੰਹੁ ਪਾਂਵਟਾ ਜੁਧ ਸੇ ਏਕ ਮਹੀਨਾ ਦਸ ਦਿਵਸ ਬਾਦ ਪਾਂਵਟੇ ਠਹਿਰ ਕੇ ਕਪਾਲ ਮੋਚਨ ਤੀਰਥ ਆਇ ਬਿਰਾਜੇ। ਯਹਾਂ ਸਿਤਗੁਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਾਂ ਪਵਾਨ ਗੁਰਪੁਰਬ ਜਾਨ ਕੇ ਪੂਰਨਮਾ ਕੇ ਦਿੰਹੁ ਮੁਖੀ ਸਿੱਖਾਂ ਕੋ ਸਿਰੋਪਾਇ ਦੀਏ। ਅਗਲੇ ਦਿਵਸ ਕਪਾਲ ਮੋਚਨ ਤੀਰਥ ਸੇ ਅਨੰਦਪੁਰ ਕੀ ਤਰਫ ਜਾਨੇ ਕੀ ਤਿਆਰੀ ਹੋਈ”। (ਪੰਨਾ 102) ਇਹ ਸਾਖੀ ਅਖੌਤੀ ਦਸਮ ਗ੍ਰੰਥ ਦੇ ਚਰਿਤਰ 71 ਵੱਲ ਇਸ਼ਾਰਾ ਕਰਦੀ ਹੈ ਜਿਸ ਨੂੰ ਪਿਆਰਾ ਸਿੰਘ ਪਦਮ ਨੇ ਵੀ ਗੁਰੂ ਗੋਬਿੰਦ ਸਿੰਘ ਦੀ ਦੀ ਆਪ ਬੀਤੀ ਲਿਖਿਆ ਹੈ। (ਦਸਮ ਗ੍ਰੰਥ ਦਰਸ਼ਨ ਪੰਨਾ 125)
ਜਿਸ ਵਿਚ ਇੰਜ ਗਪੋੜ ਲਿਖਿਆ ਹੈ:
ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ।
ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ। 2।…
ਪ੍ਰਾਤ ਲੇਤ ਸਭ ਧੋਇ ਮਗਾਈ। ਸਭ ਹੀ ਸਿਖੑਨਯ ਕੋ ਬੰਧਵਾਈ।
ਬਚੀ ਸੂ ਬੇਚਿ ਤਰੁਤ ਤਹ ਲਈ। ਬਾਕੀ ਬਚੀ ਸਿਪਾਹਿਨ ਦਈ। 9।
ਬਟਿ ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ।
ਭੇਦ ਮੂਰਖਨ ਨ ਲਹਿਯੋ ਕਹਾ ਗਯੋ ਕਰਿ ਰਾਇ। 10। (ਚਰਿਤਰ 71)
3. (1) ਸਭ ਤੋਂ ਪਹਿਲੀ ‘ਗੁਰ-ਪ੍ਰਣਾਲੀ’ `ਚ ਭਾਈ ਕੇਸਰ ਸਿੰਘ ਜੀ ਲਿਖਦੇ ਹਨ।
“ਕਲਿਆਣ ਦਾਸ ਕੇ ਘਰ ਮਹਲ ਬੀਬੀ ਜੀ। ਤਿਨ ਕੇ ਘਰ ਸ੍ਰੀ ਸਤਿਗੁਰੂ ਬਾਬਾ ਨਾਨਕ ਦੇਵ ਜੀ ਜਨਮੇ ਰਾਇ ਭੋਏ ਭੱਟੀ ਦੀ ਤਲਵੰਡੀ ਬਾਰ ਵਿੱਚ। ਸੰਮਤ 1526 ਕਤਕ ਦਿਨ ਗਿਆਂ ਅਠਾਰਾਂ 18 ਬੁਧਵਾਰ, ਪੁੰਨਿਯਾ ਸੁਦੀ ਦੁਇਓ ਪਹਿਰ ਅਤੇ ਇਕ ਘੜੀ ਰਾਤ ਗਈ।… ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਕਿਤੀ। ਸੰਮਤ 1596, ਅੱਸੂ ਵਦੀ 10, ਸ੍ਰੀ ਗੁਰੂ ਬਾਬਾ ਨਾਨਕ ਦੇਵ ਜੀ ਸਮਾਏ, ਡੇਹਰੇ ਵਿਚ।
(ਗੁਰ ਪ੍ਰਣਾਲੀਆਂ, ਸਿੱਖ ਹਿਸਰਟੀ ਸੋਸਾਇਟੀ, ਪੰਨਾ 3)
ਇਸ ਗੁਰ ਪ੍ਰਣਾਲੀ `ਚ 3 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਜਨਮ ਤਾਰੀਖ- ‘ਸੰਮਤ 1526 ਕਤਕ ਦਿਨ ਗਿਆਂ ਅਠਾਰਾਂ 18 ਬੁਧਵਾਰ, ਪੁੰਨਿਯਾ ਸੁਦੀ’(ਉਸ ਦਿਨ ਕੱਤਕ 18 ਨਹੀਂ ਸਗੋ 21 ਸੀ ਤੇ ਦਿਨ ਸ਼ੁਕਰਵਾਰ)
(੨) ਕੁਲ ਉਮਰ- ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
ਇਸੇ ਪੰਨੇ ਤੇ ਇਕ ਨੋਟ ਲਿਖਿਆ ਹੋਇਆ ਹੈ, “ ਇਤਨੀ ਉਮਰ ਕੱਤਿਕ ਪੱਨਿਆ ਤੋਂ ਨਹੀ, ਵੈਸਾਖ ਸੁਦੀ ਤੀਜ (19 ਵੈਸਾਖ) ਤੋਂ ਪੂਰੀ ਹੁੰਦੀ ਹੈ। ਜੋ ਆਪਣੇ ਆਪ ਵਿਚ ਹੀ ਲੇਖਕ ਦੀ ਗਲਤੀ ਸ਼ੁਧ ਕੀਤੀ ਹੋਈ ਹੈ ।
(2) ਕਵੀ ਸੌਂਧਾ ਜੀ ਲਿਖਦੇ ਹਨ।
ਸੱਤਰ ਬਰਸ ਅਰੁ ਸਾਤ ਦਿਨੁ ਮਾਸ ਪਾਂਚ ਹੈ ਜੋਇ।
ਕੀਯੋ ਰਾਜ ਨਾਨਕ ਗੁਰੁ ਭਗਿਤ ਗਯਾਨ ਜੁਤ ਹੋਇ॥5॥
ਪੰਦ੍ਰਾ ਸੈ ਛਿੱਨਵੈ ਬਰਖ ਸੰਮਤ ਬਿਕ੍ਰਮ ਰਾਇ।
ਦਸਮੀ ਥਿਤਿ ਅੱਸੂ ਵਦੀ ਨਾਨਕ ਗੁਰੂ ਸਮਾਏ॥6॥ (ਪੰਨਾ 13)
ਇਸ ਗੁਰ ਪ੍ਰਣਾਲੀ ਚ 2 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਕੁਲ ਉਮਰ- ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ
(੨) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
(3) ਗੁਲਾਬ ਸਿੰਘ ਜੀ ਲਿਖਦੇ ਹਨ,
“ਸ੍ਰੀ ਸਤਿਗੁਰੂ ਨਾਨਕ ਦੇਵ ਰਾਇ ਭੋਇ ਕੀ ਤਲਵੰਡੀ ਮਦ੍ਰ ਦੇਸ ਬਾਰ ਕਰਕੈ ਪ੍ਰਸਿਧ ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਸੁਦੀ
ਪੁਰਨਮਾਸੀ ਬਿਰਸਪਤਵਾਰ ਅਰਧ ਰਾਤ੍ਰ ਕਿਰਤਕਾ ਨਛਤ੍ਰ ਪਰਘ ਜੋਹਯ ਬਿਵਾਖਯ ਕਰਨ ਸਿੰਘ ਲਗਣੇ।…ਗੁਰੂ ਨਾਨਕ ਪਾਤਸਾਹ 69 ਉਣਹਤ੍ਰ ਬਰਖ ਦਸ ਮਹੀਨੇ ਦਸ ਦਿਨ ਸੰਸਾਰ ਕਉ ਪ੍ਰਗਟ ਦਰਸਨ ਦੇਤੇ ਭਏ।…ਪਸਚਾਤ ਸੰਮਤ 1596 ਪੰਦ੍ਰਾ ਸਉ ਛਿਆਣਵਾ ਅਸੂ ਵਦੀ 10 ਦਸਮੀ ਐਤਵਾਰੀ ਰਾਵੀ ਬਖਯਾਤ ਕੇ ਤਟ ਪਰ ਕਰਤਾਰਪੁਰ ਜੋ ਨਿਜ ਰਚਤ ਥਾ ਜੋਤੀ ਜੋਤਿ ਸਮਾਵਣ ਭਯਾ”। (ਪੰਨਾ 93)
ਇਸ ਗੁਰ ਪ੍ਰਣਾਲੀ `ਚ 3 ਨੁਕਤੇ ਸਪੱਸ਼ਟ ਹੁੰਦੇ ਹਨ ।
(1) ਜਨਮ ਤਾਰੀਖ- ‘ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਸੁਦੀ ਪੁਰਨਮਾਸੀ’
(2) ਕੁਲ ਉਮਰ- 69 ਵਰ੍ਹੇ ਤੇ 10 ਮਹੀਨੇ 10 ਦਿਨ
(3) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
(4) ਇਸੇ ਕਿਤਾਬ ਵਿਚ ‘ਦਸਾਂ ਸਤਿਗੁਰਾਂ ਦੀ ਗੁਰਪ੍ਰਣਾਲੀ’ ਦਰਜ ਹੈ ਜਿਸ ਦੇ ਲੇਖਕ ਦਾ ਨਾਮ ਨਹੀ ਹੈ।
ਸੰਮਤ ਪੰਦ੍ਰਾ ਸੌ ਅਰੁ ਛੱਬੀ। ਕਾਤਿਕ ਪੁੰਨਯਾ ਸੋਹਣੀ ਫੱਬੀ।…
ਸੱਤ੍ਰ ਵਰ੍ਹੇ ਮਹੀਨੇ ਪੰਜ। ਸੱਤ ਦਿਹਾੜੇ ਉਤੇ ਮੰਜ।
ਕੀਤੀ ਗੁਰਿਆਈ ਗੁਰੁ ਆਪ। ਫਿਰ ਅੰਗਦ ਅਪਣੀ ਥਾਂ ਥਾਪ।
ਪੰਦ੍ਰਾਂ ਸੌ ਛਿਆਨਚੇਂ ਜਾਨੋ। ਦੱਸਵੀ ਅੱਸੂ ਵਦੀ ਪਛਾਨੋ॥9॥ (ਪੰਨਾ 125)
ਇਸ ਗੁਰ ਪ੍ਰਣਾਲੀ `ਚ ਵੀ 3 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਜਨਮ ਤਾਰੀਖ- ‘ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਪੁਰਨਮਾਸੀ’
(੨) ਕੁਲ ਉਮਰ- 70 ਵਰ੍ਹੇ ਤੇ 5 ਮਹੀਨੇ 7 ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
ਇਸੇ ਪੰਨੇ ਤੇ ਵੀ ਇਕ ਨੋਟ ਲਿਖਿਆ ਹੋਇਆ ਹੈ, “ ਸੱਤਰ ਵਰਹੇ ਪੰਜ ਮਹੀਨੇ ਸੱਤ ਦਿਨਾਂ ਦੀ ਉਮਰ ਕੱਤਿਕ ਪੱਨਿਆ ਸੰਮਤ 1526 ਤੋਂ ਗਿਣਕੇ ਪੂਰੀ ਨਹੀਂ ਹੁੰਦੀ। ਹਾਂ , 19 ਵਾਸਖ ਸੁਦੀ ਤੀਜ 1526 ਤੋਂ ਗਿਣੀਏ ਤਦ ਠੀਕ ਬਹਿੰਦੀ ਹੈ। ਇਸ ਲਈ ਪੁਰਾਨਤ ਜਨਮਸਾਖੀ ਦੀ ਥਿੱਤ ਹੀ ਠੀਕ ਹੈ।
ਗੁਰਪ੍ਰਣਾਲੀਆਂ `ਚ ਲਏ ਗਏ ਉਪਰੋਕਤ ਹਵਾਲਿਆ ਵਿਚ ਹੇਠ ਲਿਖੀ ਜਾਣਕਾਰੀ ਮਿਲਦੀ ਹੈ।
(ੳ) ਜਨਮ ਤਾਰੀਖ – ਸੰਮਤ 1526 ਬਿਕ੍ਰਮੀ ਕੱਤਕ ਦੀ ਪੁਰਨਮਾਸੀ’
(ਅ) ਕੁਲ ਉਮਰ- 70 ਵਰ੍ਹੇ ਤੇ 5 ਮਹੀਨੇ 7 ਦਿਨ
(ੲ) ਕੁਲ ਉਮਰ- 69 ਵਰ੍ਹੇ ਤੇ 10 ਮਹੀਨੇ 10 ਦਿਨ
(ਸ) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਸੰਮਤ 1596, ਅੱਸੂ ਵਦੀ 10 ਬਾਰੇ ਕੋਈ ਮੱਤ-ਭੇਦ ਨਹੀ ਹੈ ।
“ਇੰਞ ਹੀ ਮਿਹਰਬਾਨ ਪ੍ਰਣਾਲੀ ਵਾਲੇ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਦਾ ਜੋਤੀ-ਜੋਤਿ ਦਿਨ ਵੀ ਗ਼ਲਤ ਲਿਖਿਆ ਹੈ, ਜੋ ਅਸਲ ਵਿਚ ਅਸੂ ਵਦੀ 10 ਸੰਮਤ 1596 (7 ਸਤੰਬਰ 1539) ਹੈ, ਪਰ ਮਿਹਰਬਾਨ ਨੇ ਇਸ ਨੂੰ ਅੱਸੂ ਸੁਦੀ 10, ਯਾਨਿ 22 ਸਤੰਬਰ 1539 ਲਿਖ ਦਿੱਤਾ ਸੀ, ਜੋ ਦਰਅਸਲ ਮਾਤਾ ਸੁਲੱਖਣੀ ਦੇ ਚੜ੍ਹਾਈ ਕਰਨ ਦਾ ਦਿਨ ਹੈ”।
ਭਾਵੇਂ ਕਈ ਇਤਿਹਾਸਕਾਰ ਆਪਣੀਆਂ ਲਿਖਤਾਂ `ਚ, ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 22 ਸਤੰਬਰ (ਅੱਸੂ ਸੁਦੀ 10) ਲਿਖ ਚੁੱਕੇ ਹਨ ਪਰ ਮੈ ਇਸ ਪਾਸੇ ਨਹੀ ਜਾਣਾ। ਸਾਡਾ ਮੁਖ ਮੁੱਦਾ ਹੈ ਕੱਤਕ ਕਿ ਵੈਸਾਖ। ਸੋ ਸਪੱਸ਼ਟ ਹੈ ਕਿ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਤੇ ਉਪ੍ਰੋਕਤ ਸਾਰੇ ਵਿਦਿਵਾਨ ਇਕ ਮੱਤ ਹਨ।
ਸੰਮਤ ਸੱਤ੍ਰ ਪਛਾਨ, ਪੰਚ ਮਾਸ ਬੀਤੇ ਬਹੁਰ। ਸਪਤ ਦਿਨ ਪਰਵਾਨ, ਪਤਿਸ਼ਾਹੀ ਸ਼੍ਰੀ ਪ੍ਰਭੁ ਕਰੀ॥90॥
ਕਵੀ ਸਤੋਖ ਸਿੰਘ ਜੀ ਦੀ ਉਪ੍ਰੋਤਕ ਪੰਗਤੀ ਦੀ ਮੁਤਾਬਕ ਗੁਰੂ ਜੀ ਦੀ ਕੁਲ ਉਮਰ 70 ਸਾਲ 5 ਮਹੀਨੇ ਅਤੇ 7 ਦਿਨ ਬਣਦੀ ਹੈ।
ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅਸੂ ਵਦੀ 10 ਸੰਮਤ 1596 ਬਿਕ੍ਰਮੀ, 8 ਅੱਸੂ, 7 ਸਤੰਬਰ ਸੰਨ 1539 ਦਿਨ ਐਤਵਾਰ ਨੂੰ ਮੁਖ ਰੱਖਕੇ ਜੇ ਆਪਾ ਇਸ ਵਿਚੋਂ ਗੁਰੂ ਜੀ ਦੀ ਕੁਲ ਉਮਰ (70 ਸਾਲ 5 ਮਹੀਨੇ 7 ਦਿਨ) ਨੂੰ ਮਨਫੀ ਕਰ ਦਈਏ ਤਾਂ ਗੁਰੂ ਜੀ ਦੇ ਜਨਮ ਦੀ ਤਾਰੀਖ ਬਣਦੀ ਹੈ। 31 ਮਾਰਚ 1469 ਭਾਵ ਵੈਸਾਖ ਵਦੀ ਚੌਥ, 5 ਵੈਸਾਖ 1526 ਬਿਕ੍ਰਮੀ।
ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅਸੂ ਸੁਦੀ 10 ਸੰਮਤ 1596 ਬਿਕ੍ਰਮੀ, 23 ਅੱਸੂ, 22 ਸਤੰਬਰ ਸੰਨ 1539 ਦਿਨ ਸੋਮਵਾਰ ਨੂੰ ਮੁਖ ਰੱਖਕੇ ਜੇ ਆਪਾ ਇਸ ਵਿਚੋਂ ਗੁਰੂ ਜੀ ਦੀ ਕੁਲ ਉਮਰ ਨੂੰ ਮਨਫੀ ਕਰ ਦਈਏ ਤਾਂ ਗੁਰੂ ਜੀ ਦੇ ਜਨਮ ਦੀ ਤਾਰੀਖ ਬਣਦੀ ਹੈ। ਵੈਸਾਖ ਸੁਦੀ ਤੀਜ, 20 ਵੈਸਾਖ 1526 ਬਿਕ੍ਰਮੀ।
ਨਿਰਣਾਇਕ ਅਰਥ ਇਹ ਨਿਕਲਦਾ ਹੈ ਕਿ ਇੰਜ ਲਿਖਣ ਵਾਲੇ ਲੇਖਕ ਲੇਖਕ ਗ਼ਲਤ ਹਨ।
3. ਸੰਖਿਪਤ ਜੀਵਨ
ਬੇਬੇ ਨਾਨਕੀ ਜੀ ਆਪ ਜੀ ਦੀ ਵੱਡੇ ਭੈਣ ਜੀ ਸਨ। ਆਪ ਜੀ ਦੀ ਸੁਪਤਨੀ ਮਾਤਾ ਸੁਲੱਖਣੀ ਜੀ ਜੋ ਪਿੰਡ ਪੱਖੋਕੇ ਰੰਧਾਵੇ, ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਸ੍ਰੀ ਮੂਲ ਚੰਦ ਜੀ ਦੀ ਸਪੁੱਤਰੀ ਸਨ। ਇਸ ਸਥਾਨ ਤੇ ਗੁਰਦੁਆਰਾ ਕੰਧ ਸਾਹਿਬ ਹਾਲੇ ਵੀ ਸੁਸ਼ੋਭਿਤ ਹੈ । ਆਪ ਜੀ ਦੇ 2 ਪੁੱਤਰ, ਬਾਬਾ ਸ੍ਰੀ ਚੰਦ ਜੀ ਜਨਮ ਵਰ੍ਹਾ 1494 ਤੇ ਬਾਬਾ ਲਖਮੀ ਚੰਦ ਜੀ ਜਨਮ ਵਰ੍ਹਾ 1497 ਸਨ।
70 ਸਾਲ, 5 ਮਹੀਨੇ 10 ਦਿਨ ਦੀ ਅਵਸਥਾ ਵਿਚ ਆਪ ਜੀ 5 ਸਤੰਬਰ 1539, ਕਰਤਾਰਪੁਰ, ਪਾਕਿਸਤਾਨ ਵਿਚ ਜੋਤੀ-ਜੋਤ ਸਮਾਏ ।
6 ਸਾਲ ਦੀ ਉਮਰ ਤੋਂ ਲੈ ਕੇ 12 ਸਾਲ ਦੀ ਉਮਰ ਤਕ ਆਪ ਨੇ ਦੁਨਿਆਵੀ ਪੜ੍ਹਾਈ ਹਿੰਦੂ ਤੇ ਬ੍ਰਾਹਮਣ, ਇਸਲਾਮੀ, ਸਾਹਿਤ, ਭਾਸ਼ਾ, ਗਣਿਤ, ਵਹੀ-ਖਾਤੇ ਬਾਰੇ ਜਲਦ ਹੀ ਸਾਰਾ ਕੁੱਝ ਸਿੱਖ ਲਿਆ। ਇੰਜ ਉਨ੍ਹਾਂ ਆਪਣੇ ਅਧਿਆਪਕਾਂ ਪੰਡਿਤ ਗੋਪਾਲ, ਸੰਸਕ੍ਰਿਤ ਗਿਆਤਾ ਪੰਡਿਤ ਬ੍ਰਿਜ ਲਾਲ, ਫ਼ਾਰਸੀ ਗਿਆਤਾ ਮੌਲਵੀ ਕੁਤਬੁੱਦੀਨ ਵਰਗੇ ਉਸਤਾਦਾਂ ਅਤੇ ਆਪਣੇ ਪਿੰਡ ਦੇ ਜਗੀਰਦਾਰ ਰਾਇ ਬੁਲਾਰ ਭੱਟੀ ਨੂੰ ਆਪਣੇ ਆਤਮਿਕ ਬਲ ਅਤੇ ਗਿਆਨ ਨਾਲ ਆਪਣਾ ਸ਼ਾਗਿਰਦ ਬਣਾ ਲਿਆ ਅਤੇ ਇਨ੍ਹਾਂ ਨੂੰ ਸਮਝਾਇਆ ਕਿ ਵਿੱਦਿਆ ਦੇ ਮੂਲ ਤੱਤ ਜਾਣੇ ਬਿਨਾ ਪੜ੍ਹਿਆ ਹੋਇਆ ਮਨੁੱਖ ਵੀ ਮੂਰਖ ਹੀ ਹੁੰਦਾ ਹੈ “ਵਿਦਿਆ ਵੀਚਾਰੀ ਤਾਂ ਪਰਉਪਕਾਰੀ” (ਗੁ.ਗ੍ਰੰ.ਸਾ. ਅੰਕ 356)। 12 ਸਾਲ ਦੀ ਆਯੂ ਵਿਚ ਜਦ ਪਰੋਹਤ ਹਰਦਿਆਲ ਨੇ ਜਨੇਊ ਪਹਿਨਾਉਣਾ ਚਾਹਿਆ ਤਾਂ ਆਪ ਨੇ ਇਸ ਪ੍ਰਥਾ ਦਾ ‘ਜਾਤਿ ਬੰਧਨ’ ਰੂਪੀ ਮਨੁੱਖਤਾ ਨੂੰ ਕੈਦ ਕਰਨ ਤੁਲ਼ ਦਸ ਕੇ ਇਸ ਨੂੰ ਪਹਿਨਣ ਅਤੇ ਪ੍ਰਥਾ ਨੂੰ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ। ਸਤਿਗੁਰੂ ਨਾਨਕ ਜੀ ਨੇ ਆਸਾ ਦੀ ਵਾਰ ਵਿਚ ਅੰਕ 471 ਤੇ ਸਮਝਾਇਆ ਹੈ ਕਿ “ਦਇਆ ਕਪਾਹ ਸੰਤੋਖ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥” ਆਪਣੀ ਪੂਰੀ ਜ਼ਿੰਦਗੀ ਹੱਥੀ ਮਿਹਨਤ ਅਤੇ ਕਿਰਤ ਕੀਤੀ । ਬਚਪਨ’ਚ ਘਰੇਲੂ ਮੱਝਾਂ ਚਾਰੀਆਂ। ਸੁਲਤਾਨਪੁਰ ਲੋਧੀ ਵਿਖੇ 15 ਸਾਲ ਦੀ ਉਮਰ ਤੋਂ ਹੀ ਲਗਾਤਾਰ 12 ਸਾਲ ਸੁਲਤਾਨਪੁਰ ਲੋਧੀ ਵਿਖੇ ਦੌਲਤ ਖਾਂ ਦੇ ਮੋਦੀਖ਼ਾਨੇ ਦੇ ਬਤੌਰ ਮੁੱਖ ਅਧਿਕਾਰੀ ‘ਮੋਦੀ’ ਰਹਿ ਕੇ ਕਾਰ ਕਰਦੇ ਰਹੇ। ਰਾਜਨ ਕੇ ਰਾਜਾ ਗੁਰੂ ਨਾਨਕ ਲੋਧੀ ਰਹਿੰਦੇ ਹੋਏ ਹੀ, ਸਿੱਖ ਧਰਮ ਸਭਿਅਤਾ ਦੇ ਆਦਿ ਨਿਯਮ “ਕ੍ਰਿਤ ਕਰੋ, ਨਾਮ ਜਪੋ, ਵੰਡ ਛਕੋ” ਨਿਰਧਾਰਿਤ ਕਰ ਦਿੱਤੇ। “ਛੋਡੀਲੇ ਪਾਖੰਡਾ॥” ਦੀ ਸਭਿਅਤਾ ਧਾਰੀ ਮਨੁੱਖਤਾ ਦਾ ਬਦਲ “ਗੁਰਮੁਖ” ਸ਼ਹਿਰੀ ਜਾਂ ਨਾਗਰਿਕ ਦੇ ਤੋਰ ਤੇ ਆਰੰਭ ਕਰਨ ਵਾਲੇ ਸਤਿਗੁਰੂ ਨਾਨਕ ਜੀ ਨੇ (ਅੰਕ 1035) ਐਲਾਨ ਕੀਤਾ “ਨ ਸੁਚਿ ਸੰਜਮੁ ਤੁਲਸੀ ਮਾਲਾ॥ ਗੋਪੀ ਕਾਨੁ ਨ ਗਊ ਗੋੁਆਲਾ॥ ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸ ਵਜਾਇਦਾ॥7॥” ਰਾਹੀਂ ਦੇਵੀ ਭਗਤੀ, ਦੇਵ ਭਗਤੀ, ਗਾਂ ਜਾਂ ਗਊ ਭਗਤੀ, ਅਤੇ ਇਨ੍ਹਾਂ ਪ੍ਰਤੀ ਸ਼ਰਧਾ ਜਾਂ ਸਤਿਕਾਰ ਰੱਖਣ ਦੀ “ਸਿੱਖ ਧਰਮ ਦੇ ਕਰਮ ਵਿਚ”ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ। ਇੰਜ ਹਿੰਦੂ ਮਤ ਦਾ ਪੂਰਨ ਖੰਡਨ ਕਰ ਕੇ ਇਸ ਨੂੰ ਰੱਦ ਕਰ ਦਿੱਤਾ । ਆਸਾ ਦੀ ਵਾਰ (ਅੰਕ 471) ਤੇ ਸਪਸ਼ਟ ਕਰ ਦਿੱਤਾ “ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥ ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥ ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥ ਛੋਡੀਲੇ ਪਾਖੰਡਾ ॥ ਨਾਮਿ ਲਈਐ ਜਾਹਿ ਤਰੰਦਾ॥1॥” ਬੜੇ ਹੀ ਸਪਸ਼ਟ ਸ਼ਬਦਾਂ ਵਿਚ ਗੁਰੂ ਨਾਨਕ ਜੀ ਫਿਰ ਮਨੁੱਖ ਦੇ ਧੁਰ ਅੰਦਰ ਵਸੇ ‘ਬ੍ਰਾਹਮਣ’ ਪੂਰੀ ਤਰ੍ਹਾਂ ਰੱਦ ਕਰ ਕੇ ਬ੍ਰਾਹਮਣ ਦੇ ਧਰਮ-ਕਰਮ ਅਤੇ ਮਤ, ਜਿਸ ਨੂੰ ਕਿ ਹਿੰਦੂ ਜਾਂ ਆਰੀਆ ਸਮਾਜੀ ਜਾਂ ਵੈਦਿਕ ਧਰਮ ਕਿਹਾ-ਮੰਨਿਆਂ ਜਾਂਦਾ ਹੈ ਨੂੰ ਸਿੱਖਾਂ ਲਈ ਤੇ ਸਿੱਖੀ ਲਈ ਰੱਦ ਕਰਦੇ ਹੋਏ ਇਸ ਨੂੰ ਜਾਂ ਇਸ ਦੀਆਂ ਗੱਲਾਂ ਨੂੰ ਮੰਨਣ ਤੇ ਮੁਕੰਮਲ ਰੋਕ ਲਗਾਉਂਦੇ ਹਨ। ਜਿਵੇਂ ਗਊ ਜਾਂ ਗਾਂ ਪੂਜਣ ਯੋਗ ਨਹੀਂ ਮਹਿਜ਼ ਇੱਕ ਜਾਨਵਰ ਹੈ ਜਿਵੇਂ ਬਲਦ ਜਾਂ ਮੱਝ। ਉਸ ਦੇ ਮੱਲ-ਮੂਤਰ ਦੀ ਕੋਈ ਧਾਰਮਿਕ ਮਹੱਤਾ ਨਹੀਂ। ਧੋਤੀ, ਟਿੱਕਾ, ਮਾਲਾ ਜਾਂ ਤੁਲਸੀ ਮਾਲਾ ਮਨੁੱਖ ਦਾ ਕੱਖ ਨਹੀਂ ਸਵਾਰ ਸਕਦੀ । ਦੂਜੇ ਪਾਸੇ ਜੇ ਸਭਿਅਤਾ, ਆਚਰਨ ਅਤੇ ਚਾਲ ਚੱਲਣ, ਧਰਮ ਅਤੇ ਖ਼ਾਨ-ਪੀਣ ਤੇ ਪ੍ਰਭਾਵ ਕਿਸੇ ਦੂਜੇ ਧਰਮ ਦਾ ਹੀ ਗ੍ਰਹਿਣ ਕਰਨਾ ਹੈ । ਆਪਣੇ ਧਰਮ-ਕਰਮ ਨੂੰ ਛੱਡ ਦੇਣਾ ਹੈ ਤਾਂ ਫਿਰ ਅਜਿਹੀ ਸੋਚ ਅਤੇ ਪ੍ਰਣਾਲੀ ਦੀ ਵਿਹਾਰਿਕਤਾ ਨਾਲ ਮਨੁੱਖ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਸਿੱਖ ਸਮਾਜ ਅਤੇ ਸਿੱਖਾਂ ਨੂੰ ਇਸ ਨੂੰ ਵਰਤਮਾਨ ਤੇ ਆਪਣੇ ਤੇ ਢੁਕਾ ਕੇ ਵੇਖਣਾ ਚਾਹੀਦਾ ਹੈ। ਆਮ ਸਿੱਖ ਮਨੁੱਖ ਅਤੇ ਪਰਿਵਾਰ ਕਿ ਆਸਾ ਦੀ ਵਾਰ ਦੇ ਇਸ ਸੰਦੇਸ਼ ਮੁਤਾਬਿਕ ‘ਹਿੰਦੂ’ ਰੀਤੀ ਰਿਵਾਜ਼ਾਂ, ਅਮਲ, ਜੀਵਨ ਜਾਂਚ, ਸੋਚ, ਭਾਸ਼ਾ ਅਤੇ ਕਰਮ-ਧਰਮ ਦਾ ਗ਼ੁਲਾਮ ਨਹੀਂ ਹੋ ਗਿਆ ? ਅਜਿਹੇ ਸਿੱਖ ਮਨੁੱਖ ਨੂੰ ਵੀ ਗੁਰੂ ਨਾਨਕ, ਬਾਕੀ ਦੇ ਮਨੁੱਖਾਂ ਨਾਲ ਹੀ ਇਹੋ ਕਹਿ ਰਿਹਾ ਹੈ “ਛੋਡੀਲੇ ਪਾਖੰਡਾ ॥” ਛੱਡ ਤੇ ਵਗਾਹ ਸੁੱਟ ਅਜਿਹੇ ਪਾਖੰਡ, ਕਰਮ, ਰੀਤ ਅਤੇ ਸਭਿਆਚਾਰ ਨੂੰ । ਜਦ ਤਕ ਇਹ ਛੱਡਦਾ ਨਹੀਂ ਤੂੰ ਗੁਰੂ ਨਾਨਕ ਦਾ ਸਿੱਖ ਬਣ ਹੀ ਨਹੀਂ ਸਕਦਾ। ਇਸੇ ਗੱਲ ਨੂੰ ਹੀ ਦ੍ਰਿੜ੍ਹ ਕਰਵਾਉਣ ਲਈ ਤੇ ਇਸੇ ਅਕਾਲ ਸਭਿਅਤਾ ਦੀ ਰੀਤ ਧਾਰੀ ਮਨੁੱਖਤਾ ਦੀ ਸਭਿਅਤਾ ਅਤੇ ਵਿਵਹਾਰਿਕ ਜਿਊਣ ਜੀਵਨ ਦੀ ਪੱਧਤੀ ਨੂੰ ਸਥਾਪਤ ਕਰਨ ਤੋਂ ਬਾਅਦ; ਇਸ ਨੂੰ ਸੰਸਾਰ ਤੱਕ ਪਹੁੰਚਾਉਣ ਲਈ ਹੀ ਲਗਾਤਾਰ ਕਈ ਸਾਲ ਲੋਕ ਸੁਧਾਈ ਹਿਤ ਯਾਤਰਾਵਾਂ (ਉਦਾਸੀਆਂ) ਦਾ ਗੁਰੂ ਨਾਨਕ ਜੀ ਨੇ ਇੱਥੋਂ ਹੀ ਆਰੰਭ ਕੀਤਾ। ਭਾਈ ਗੁਰਦਾਸ ਜੀ ਆਪਣੀ ਪਹਿਲੀ ਪਉੜੀ ਵਿਚ ਆਖਦੇ ਹਨ “ਬਾਬੇ ਭੇਖ ਬਣਾਇਆ ਉਦਾਸੀ ( ਸਿੱਖ ਧਰਮ ਪ੍ਰਚਾਰ ਹਿਤ ਲੰਮੀਆਂ ਯਾਤਰਾਵਾਂ) ਕੀ ਰੀਤ ਚਲਾਈ ॥ ਚੜ੍ਹਿਆ ਸੋਧਨ ਧਰਤ ਲੁਕਾਈ॥”
4. “ੴ ” ਰੱਬ ਦੀ ਹੋਂਦ ਦਾ ਸਿਧਾਂਤ
“ੴ” ਹਸਤੀ ਵਾਲਾ “ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥”ਅੰਕ350 15ਵੀਂ ਸਦੀ ਵਿਚ ਗੁਰੂ ਨਾਨਕ ਨੇ ਇਹ ਦ੍ਰਿੜ੍ਹਤਾ ਨਾਲ ਸਥਾਪਿਤ ਕਰ ਤਾਂ ਕਿ ਰੱਬ ਇੱਕ ਹੈ। ਜਿਸ ਦੀ “ਸਤਿ” ਹੋਂਦ ਕਰ ਕੇ ਇਹ ਹਮੇਸ਼ਾ ਹੀ ਸੱਚ ਹੈ “ਆਦਿ ਸਚੁ॥ ਜੁਗਾਦਿ ਸਚੁ॥ ਹੈ ਭੀ ਸਚੁ॥ ਨਾਨਕ ਹੋਸੀ ਭੀ ਸਚੁ॥”। ਇਸ ਇੱਕ ਅਕਾਲ ਪੁਰਖ ਦੇ ਹੁਕਮ ਵਿਚ ਹੀ ਸਾਰਾ ਬ੍ਰਹਿਮੰਡ ਹੈ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ”॥ ਉਹ ਆਪ ਅਜੂਨੀ ਹੈ ਅਰਥਾਤ ਜੰਮਣ ਮਰਨ ਤੋਂ ਬਾਹਰ ਹੈ। ਜੋ ਖ਼ੁਦ ਆਪਣੇ ਆਪ ਤੋਂ ਉਪਜਿਆ ਹੈ। ਅਰਥਾਤ “ਜਿਨਿ ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ ॥”ਅੰਕ850
“ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥”ਅੰਕ42 ਇੱਕ ਅਕਾਲ ਤੋਂ ਹੀ ਜੀਵਨ ਦਾ ਆਧਾਰ “ਪਉਨ” ਹੋਈ ਹੈ । ਇਸੇ “ਇੱਕ ਸਚ ਅਕਾਲ” ਰਾਹੀਂ ਹੀ ਪਉਨ ਤੋਂ “ਜਲ” ਹੋਇਆ ਹੈ। “ਇੱਕ ਸਚ ਅਕਾਲ” ਨੇ ਪਉਨ ਤੋਂ ਜਲ ਰਾਹੀਂ ਇਹ ਤ੍ਰਿਭਵਨ ਸਾਜ਼ ਦਿੱਤਾ ਹੈ। ਤੇ ਜੀਵਨ ਦਾ ਆਧਾਰ ਅਗਨੀ “ਜੋਤਿ” ਸਰੂਪ ਵਿਚ ਕਣ ਕਣ ਵਿਚ ਵੱਸ ਗਿਆ ਹੈ । ਗੁਰਮਤਿ ਦੀ ਇਹ ਵਿਗਿਆਨਕਤਾ ਨੇ ਹੀ ਆਧੁਨਿਕ ਸਾਈਂਸ ਨੂੰ ਆਧਾਰ ਦਿੱਤਾ ਹੈ; ਜੋ ਇਸ ਤੋਂ ਬਾਹਰ ਜਾ ਹੀ ਨਹੀਂ ਪਾਈ ਹੈ ।
ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਰੱਬ ਦੀ ਹੋਂਦ ਦਾ ਸਿਧਾਂਤ ਸ੍ਰਿਸ਼ਟੀ ਨੂੰ ਦਿੱਤਾ ਅਤੇ ਸਮਝਾਇਆ ਕਿ ਉਹ ਆਪਣੇ ਆਪ ਤੋਂ ਪੈਦਾ ਹੋਇਆ ਹੈ, ਅਜੂਨੀ ਹੈ, ਕਾਲ ਤੋਂ ਪਰੇ ਹੈ ਅਰਥਾਤ ਮਰਦਾ ਜੰਮਦਾ ਨਹੀਂ। ਉਹ ਮਨੁੱਖੀ ਭੇਸ ਵਿਚ ਕਦੇ ਵੀ ਨਹੀਂ ਆਉਂਦਾ। ਉਹ ਨਿਰਾਕਾਰ ਸਾਕਾਰ ਹੈ। ਜਿਸ ਦੀ ਕੋਈ ਵੀ ਮੂਰਤ ਨਹੀਂ ਕਲਪੀ ਜਾ ਸਕਦੀ। ਇਸ ਸਮੁੱਚੀ ਵਿਚਾਰਧਾਰਾ ਦੀ ਪਰਿਭਾਸ਼ਕ ਸ਼ਬਦਾਵਲੀ ਵਿਚ ਸਮਝਾਇਸ਼ ਇਹ ਦਿੱਤੀ “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥”
ਇਹ ਗੁਰਮਤਿ ਦਾ ਆਰੰਭ ਹੈ ਇਸੇ ਨੂੰ ਹੀ ਨਾਨਕਸ਼ਾਹੀ ਨਜ਼ਰੀਆ ਕਿਹਾ ਜਾਂਦਾ ਹੈ।
5. ਬ੍ਰਹਿਮੰਡ ਦੀ ਉਤਪਤੀ
ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਕ ਬਾਣੀ ‘ਜਪੁ’ ਅਨੁਸਾਰ “ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥” ੴ ਸਤਿ ਹੋਂਦ ਵਾਲੇ ਅਕਾਲ ਨੇ ਇਹ ਸਾਰਾ ਬ੍ਰਹਿਮੰਡ ਆਪਣੇ ਵਿਚੋਂ ਆਪਣੇ ਹੁਕਮ ਨਾਲ ਹੀ ਰਚਿਆ ਹੈ । ਜਪੁ ਬਾਣੀ ਦੀ ਪਉੜੀ 21 ਗੁਰੂ ਗ੍ਰੰਥ ਸਾਹਿਬ ਅੰਕ 5 ਅਨੁਸਾਰ “ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ॥ ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥ ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ॥ ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ॥” ਅਕਾਲ ਪੁਰਖ ਨੇ ਆਪਣੇ ਹੀ ਹੁਕਮ ਨਾਲ, ਆਪਣੀ ਮਰਜ਼ੀ ਵਿਚ, ਆਪਣੇ ਆਪ ਤੋਂ ਇਹ ਸਾਰੀ ਦ੍ਰਿਸ਼ਮਾਨ ਸ੍ਰਿਸ਼ਟੀ ਸਿਰਜੀ ਹੈ । ਜਿਸ ਦੀ ਹੋਂਦ ਦੇ ਪ੍ਰਗਟ ਹੋਣ ਦੀ ਅਸਲ ਸਚਾਈ, ਗਾਥਾ, ਸਮਾਂ, ਕਾਲ ਉਹ ਅਕਾਲ ਪੁਰਖ ਹੀ ਆਪ ਜਾਣਦਾ ਹੈ ਕਿਉਂਕਿ ਉਹ ਇਹ ਕਿਸੇ ਨੂੰ ਦੱਸਣਾ ਨਹੀਂ ਚਾਹੁੰਦਾ । ਇਹ ਸਾਰੀ ਕ੍ਰਿਆ ਕਿਹੜੀਆਂ ਰਸਾਇਣਿਕ, ਭੌਤਿਕੀ, ਜੀਵੀ ਅਤੇ ਖਗੋਲ ਵਿਗਿਆਨੀ ਘਟਨਾਵਾਂ ਕਿਰਿਆਵਾਂ, ਸਮੀਕਰਨਾਂ ਅਤੇ ਫ਼ਾਰਮੂਲਿਆਂ ਤਹਿਤ ਉਸ ਅਕਾਲ ਪੁਰਖ ਨੇ ਸੰਭਵ ਬਣਾਈਆਂ ਹਨ ਉਹ ਇੰਜ ਹਨ “ਮਾਰੂ ਮਹਲਾ 1 ॥ ਸੁੰਨ ਕਲਾ ਅਪਰੰਪਰਿ ਧਾਰੀ ॥ ਆਪਿ ਨਿਰਾਲਮੁ ਅਪਰ ਅਪਾਰੀ ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ॥1॥ ਪਉਣੁ ਪਾਣੀ ਸੁੰਨੈ ਤੇ ਸਾਜੇ ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ॥ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥2॥….
ਜਿਵੇਂ ਉਪਰੋਕਤ 3 ਨੰਬਰ ਵਿਚ ਵੀ ਅਸੀਂ ਵਿਚਾਰਿਆ ਹੈ ਕਿ ਹਵਾ, ਪਾਣੀ, ਸ੍ਰਿਸ਼ਟੀ ਅਕਾਲ ਪੁਰਖ ਨੇ ਆਪਣੀ ਹੋਂਦ ਸਰੂਪ ਜੋਤਿ ਰੂਪੀ ਅੱਗ ਜਾਂ ਜੀਵਨ ਸ਼ਕਤੀ ਨਿਰੋਲ ਆਪਣੇ ਆਪ ਤੋਂ ਆਪ ਹੀ ਪੈਦਾ ਕੀਤੀ ਹੈ। ਇਸ ਸਭ ਕਾਸੇ ਨੂੰ ਉਸ ਨੇ ਸੁੰਨ ਕਾਲ ਵਿਚ ਆਪਣੀ ਹੀ ਮਰਜ਼ੀ ਜਾਂ ਪ੍ਰਣਾਲੀ ਰਾਹੀਂ ਟਿਕਾ ਦਿੱਤਾ ਹੈ।
“ਸੁੰਨਹੁ ਸਪਤ ਪਾਤਾਲ ਉਪਾਏ ॥ ਸੁੰਨਹੁ ਭਵਣ ਰਖੇ ਲਿਵ ਲਾਏ ॥ ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ॥”ਅੰਕ 1036-38 ਇਹ ਸਭ ਸ੍ਰਿਸ਼ਟੀ ਸਦਾ ਥਿਰ ਰਹਿਣ ਵਾਲੇ “ਆਦਿ ਸਚੁ॥ ਜੁਗਾਦਿ ਸਚੁ॥ ਹੈ ਭੀ ਸਚੁ॥ ਨਾਨਕ ਹੋਸੀ ਭੀ ਸਚੁ॥” ਵਿਚ ਹੀ ਟਿਕਿਆ ਰਹਿੰਦਾ ਹੈ ਤੇ ਟਿਕਿਆ ਰਹੇਗਾ । ਇਸ ਦੀ ਵਿਸਥਾਰ ਵਿਆਖਿਆ ਮਾਰੂ ਮਹਲਾ 1॥ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ1037-38 ਤੇ ਸਮਝੀ ਜਾ ਸਕਦੀ ਹੈ।
ਗੁਰਮਤਿ ਵਿਗਿਆਨ ਦਾ ਸਿਧਾਂਤ ਅਤੇ ਦ੍ਰਿਸ਼ਟੀਕੋਣ ਅਟੱਲ, ਸਪਸ਼ਟ ਅਤੇ ਅੰਤਿਮ ਹੈ। ਮਨੁੱਖ ਦੀ ਉਤਪਤੀ ਸਬੰਧੀ ਵੀ ਨਿਰਨਾ ਸਪਸ਼ਟ ਹੈ।
6. ਮਨੁੱਖ ਦੀ ਉਤਪਤੀ
ਗੁਰੂ ਨਾਨਕ ਸਾਹਿਬ ਜੀ ਮਨੁੱਖਤਾ ਦੇ ਵਿਕਾਸ ਦੀ ਡਾਰਵਿਨ ਦੀ ਥਿਊਰੀ ਨੂੰ ਪੂਰੀ ਤਰਾਹ ਰੱਦ ਕਰਦੇ ਹਨ। ਸਰੀਰ ਰਚਨਾ ਦੇ ਜੀਵ ਵਿਗਿਆਨੀ ਅਤੇ ਵੰਸ਼ ਵਾਦੀ ਉਤਪਤੀ ਤੇ ਵਿਕਾਸ ਗਤੀ ਦੇ ਗਿਆਨੀ ਤੇ ਕੁਦਰਤ ਦੇ ਅਕਾਲ ਵਿਗਿਆਨੀ ਸਤਿਗੁਰੂ ਨਾਨਕ ਸਪਸ਼ਟ ਨਿਰਦਿਸ਼ਟ ਕਰਦੇ ਹਨ “ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ ॥ ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ॥ ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ ॥5॥”ਅੰਕ63 ਇਹ ਮਨੁੱਖੀ ਜੀਵਨ ਮਾਂ ਦੇ ਖ਼ੂਨ ਤੇ ਪਿਤਾ ਦੇ ਵੀਰਜ ਤੋਂ ਹੀ ਹੋਂਦ ਵਿਚ ਆਉਂਦਾ ਹੈ । ਜਿਸ ਵਿਚ ਪ੍ਰਾਣ ਅਗਨ ਅਰਥਾਤ ਜੀਵਨ ਹੋਂਦ ਸ਼ਕਤੀ ਦੇ ਰੂਪ ਵਿਚ “ਅਕਾਲ ਪੁਰਖ ਸਰੂਪ ਜੋਤਿ” ਹਨ। ਇਸ ਜੋਤਿ ਦੀ ਖ਼ੁਰਾਕ “ਪਉਨ” ਹੈ, ਉਹ ਪਾਉਣ ਜੋ ਜਲ ਸਰੂਪ ਤੇ ਅਗਨ ਸਰੂਪ ਵੀ ਹੈ (H2O) । ਜਿਸ ਦੀ ਹੋਂਦ ਉਸ “ਸੱਚ” ਅਕਾਲ ਕਰ ਕੇ ਹੀ ਵਿਦਮਾਨ ਹੁੰਦੀ ਹੈ ।
ਇਸ ਜੀਵਨ ਦੀ ਚਲਾਏ ਮਾਨਤਾ ਦਾ ਸਿਧਾਂਤ ਇੰਜ ਸਪਸ਼ਟ ਕਰਦੇ ਹੋਏ ਸਮਝਾਉਂਦੇ ਹਨ “ਜਗਤੁ ਉਪਾਇ ਖੇਲੁ ਰਚਾਇਆ ॥ ਪਵਣੈ ਪਾਣੀ ਅਗਨੀ ਜੀਉ ਪਾਇਆ ॥ ਦੇਹੀ ਨਗਰੀ ਨਉ ਦਰਵਾਜੇ ਸੋ ਦਸਵਾ ਗੁਪਤੁ ਰਹਾਤਾ ਹੇ॥” ਅੰਕ1031 “ਪਵਣੈ ਪਾਣੀ ਅਗਨੀ”(H2O) ਗੁਰਮਤਿ ਵਿਗਿਆਨ ਬਹੁਤ ਹੀ ਸਪਸ਼ਟ ਅਤੇ ਆਦਿ ਸੱਚ ਦੇ ਰੂਪ ਵਿਚ ਸਦੀਵ ਸੱਚ ਇਹ ਹੈ “ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ॥1॥”ਅੰਕ 1036-37
ਗੁਰੂ ਸਾਹਿਬ ਮਨੁੱਖਤਾ ਦੀ ਉਤਪਤੀ ਦਾ ਸਿਧਾਂਤ ਇੰਜ ਕਾਇਮ ਕਰਦੇ ਹਨ “ਏਕੋ ਹੁਕਮੁ ਵਰਤੈ ਸਭ ਲੋਈ ॥ ਏਕਸੁ ਤੇ ਸਭ ਓਪਤਿ ਹੋਈ॥”ਅੰਕ227 ਅਤੇ “ਏਕਾ ਸੁਰਤਿ ਜੇਤੇ ਹੈ ਜੀਅ ॥ ਸੁਰਤਿ ਵਿਹੂਣਾ ਕੋਇ ਨ ਕੀਅ ॥”ਅੰਕ24 ਨਾਨਕਸ਼ਾਹੀ ਨਜ਼ਰੀਏ ਵਿਚ ਕੁਦਰਤ ਵਿਗਿਆਨ ਦੀ ਅਕਾਲ ਸੱਤਾ ਦਾ ਇਹ ਕਦੇ ਨਾਂਹ ਬਦਲਿਆਂ ਜਾਣ ਵਾਲਾ ਸੱਚ ਹੈ ਕਿ ਸਭ ਕੁਝ “ਏਕੇ” ੴ ਤੋਂ ਹੀ ਹੈ ਤੇ ਇਸ ਤੋਂ ਬਾਹਰ ਕੁੱਝ ਵੀ ਨਹੀਂ ਹੈ ।
ਗੁਰੂ ਨਾਨਕ ਸਾਹਿਬ ਸਰੀਰ ਵਿਗਿਆਨੀ ਦੇ ਤੌਰ ਤੇ ਸਰੀਰ ਰਚਨਾ ਦਾ ਆਦਿ ਸੱਚ ਦਾ ਨਾਨਕਸ਼ਾਹੀ ਨਜ਼ਰੀਆ ਆਧੁਨਿਕ ਵਿਗਿਆਨ ਤੋਂ ਬਹੁਤ ਪਹਿਲਾਂ ਪ੍ਰਗਟ ਕਰਦੇ ਹਨ। ਗੁਰੂ ਨਾਨਕ ਸਾਹਿਬ ਗੁਰਬਾਣੀ ਵਿਚ ‘ਜਾਇਗੋਟ ਤੋਂ ਐਮਬਰਾਯੋ’ ਤਕ ਦੀ ਉਸ ਅਵਸਥਾ ਦਾ ਜ਼ਿਕਰ ਕਰਦੇ ਹਨ ਜਿਸ ਨੂੰ ਹਾਲੇ ਤਕ ਸਰੀਰ ਰਚਨਾ ਦੀ ਆਰੰਭਕ ਬਣਤਰ ਵਿਚ ਆਧੁਨਿਕ ਯੰਤਰਾਂ ਨਾਲ ਵੀ ਵਿਗਿਆਨੀ ਵੇਖ ਨਹੀਂ ਸਕੇ ਹਨ। ਮਨੁੱਖ ਦੀ ਉਤਪਤੀ ਦਾ ਸੱਚ ਇਹ ਹੈ ਕਿ ਮਨੁੱਖ ਬਤੌਰ ਮਨੁੱਖ ਹੀ ਅਕਾਲ ਪੁਰਖ ਨੇ ਆਪਣੇ ਸੁਤ ਵੱਜੋ ਪ੍ਰਗਟ ਕੀਤਾ ਹੈ। ਜਿਸ ਹਿਤ ਅਕਾਲ ਨੇ “ਮਾਰੂ ਮਹਲਾ 1॥ ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥ ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ ॥1॥”ਅੰਕ1013 ਦਾ ਕੁਦਰਤ ਵਿਗਿਆਨ ਦਾ ਸਮੀਕਰਨ ਸਮਝਾਇਆ ਹੈ। ਇਸ ਲਈ ਗੁਰੂ ਨਾਨਕ ਜੀ ਪ੍ਰਮਾਣਿਤ ਕਰਦੇ ਹਨ ਕਿ ਅਕਾਲ ਪੁਰਖ ਨੇ ਮਨੁੱਖ ਬਤੌਰ ਮਨੁੱਖ ਹੀ ਪੈਦਾ ਕੀਤਾ ਹੈ । ਇਹ ਕਿਸੇ ਹੋਰ ਪ੍ਰਾਣੀ ਤੋਂ ਵਿਕਸਿਤ ਨਹੀਂ ਹੋਇਆ ਜਿਵੇਂ ਕਿ ਵਿਗਿਆਨੀ ਮੰਨਦੇ ਹਨ।
ਦਰਅਸਲ ਜਦੋਂ ਇਹ ਕਿਹਾ ਜਾਂਦਾ ਹੈ ਕਿ ਗੁਰਬਾਣੀ ਵਿਗਿਆਨਿਕ ਹੈ ਤਾਂ ਗੁਰਬਾਣੀ ਨਾਲ ਬਹੁਤ ਵੱਡਾ ਧੱਕਾ ਕੀਤਾ ਜਾਂਦਾ ਹੈ । ਗੁਰਬਾਣੀ ਕੁਦਰਤ ਹੈ ਤੇ ਕੁਦਰਤ ਗੁਰਬਾਣੀ ਹੈ। ਵਿਗਿਆਨ ਕੁਦਰਤ ਵਿਚੋਂ ਸੌਰ ਮੰਡਲ ਤੇ ਉਸ ਦੀਆਂ ਕਿਰਿਆਵਾਂ ਲੱਭਦਾ ਫਿਰਦਾ ਹੈ; ਨਾਂਹ ਕਿ ਕੁਦਰਤ ਨੂੰ ਬਣਾਉਂਦਾ ਹੈ। ਦਰਅਸਲ ਜਿੱਥੇ ਵਿਗਿਆਨ ਖ਼ਤਮ ਹੋ ਜਾਂਦਾ ਹੈ ਕੁਦਰਤ ਤਾਂ ਉੱਥੇ ਵੀ ਚਲਾਇਮਾਨ ਅਤੇ ਹੋਂਦ ਵਿਚ ਹੈ। ਜਿਸ ਤੱਕ ਵਿਗਿਆਨ ਹਾਲੇ ਪਹੁੰਚਿਆ ਹੀ ਨਹੀਂ ਹੈ । ਇਸ ਲਈ ਇਹ ਕਹਿਣਾ ਗ਼ਲਤ ਹੈ ਕਿ ਗੁਰਬਾਣੀ ਵਿਗਿਆਨਿਕ ਸਿਧਾਂਤਾਂ ਤੇ ਪੂਰੀ ਉੱਤਰਦੀ ਹੈ। ਕਹਿਣਾ ਇਹ ਚਾਹੀਦਾ ਹੈ ਕਿ ਵਿਗਿਆਨ ਗੁਰਬਾਣੀ ਅਤੇ ਕੁਦਰਤੀ ਸਿਧਾਂਤਾਂ ਤੇ ਹੋਲੀ ਹੋਲੀ ਅੱਪੜ ਰਿਹਾ ਹੈ। ਜਿੱਥੇ ਵਿਗਿਆਨ ਖ਼ਤਮ ਹੋ ਜਾਂਦਾ ਹੈ ਉੱਥੋਂ ਗੁਰਬਾਣੀ ਤੇ ਕੁਦਰਤ ਆਰੰਭ ਕਰਦੀ ਹੈ ਤੇ ਚਲਾਇਮਾਨ ਹੁੰਦੀ ਹੈ। ਵਿਗਿਆਨ ਫਿਰ ਉਸ ਦੀ ਪਗਡੰਡੀ ਨੂੰ ਫੜਦਾ ਹੈ । ਅਸਲ ਵਰਤਮਾਨ ਦਾ ਸੱਚ ਇਹੋ ਹੈ ਪਰ ਅਸੀਂ ਮਨੁੱਖ ਆਪਣੀ ਹਉਮੈ ਦੀ ਤਾਣ ਵਿਚ ਇਸ ਤੋਂ ਮੁਨਕਰ ਹੋ ਕੇ ਆਪਣੀ ਤਰਕ ਵਿੱਦਿਆ ਨੂੰ ਹੀ ਅਸਲ ਸੱਚ ਮੰਨੀ ਬੈਠੇ ਹਾਂ ।
7. ਕਾਦਰ ਦੀ ਕੁਦਰਤ ਵਿਚ ਕਿਵੇਂ ਰਹਿਣਾ ਹੈ ?
ਗੁਰੂ ਨਾਨਕ ਮਹਾਰਾਜ ਨੇ ਨਾਨਕਸ਼ਾਹੀ ਸਭਿਅਤਾ ਵਿਚ ਫਿਰ ਇਹ ਵੀ ਨਿਰਧਾਰਿਤ ਕੀਤਾ ਹੈ ਕਿ ਮਨੁੱਖ ਜਿਹੜਾ ਕਿ ਸਰਬ ਸ੍ਰੇਸ਼ਠ ਜੀਵ ਹੈ । ਉਸ ਨੇ ਅਕਾਲ ਪੁਰਖ ਦੀ ਇਸ ਸਾਜੀ ਕਾਇਨਾਤ ਵਿਚ ਕਿਵੇਂ ਵਿਚਰਨਾ ਹੈ “ਹੁਕਮਿ ਰਜਾਇ ਚਲਣਾ ਨਾਨਕਿ ਲਿਖਿਆ ਨਾਲਿ”ਅੰਕ1 ਦੇ ਇਸ ਅਮਲੀ ਜਿਊਣ ਜਾਚ ਵਿਚ ਰਹਿੰਦੇ ਹੋਏ ਮਨੁੱਖ ਨੇ ਸੰਜਮ ਰੱਖਣਾ ਹੈ । ਸੰਜਮ ਤੋਂ ਗੁਰਮਤਿ ਭਾਵ ਇਹ ਹੈ ਕਿ ਉਹ ਅਕਾਲ ਪੁਰਖ ਦੀਆਂ ਸਾਰੀਆਂ ਬਖ਼ਸ਼ਿਸ਼ਾਂ ਨੂੰ ਆਪਣੀ ਆਉਣ ਵਾਲੀ ਨਸਲ ਲਈ; ਜਿਵੇਂ ਉਸ ਨੂੰ ਅਕਾਲ ਪੁਰਖ ਤੋਂ ਮਿਲੀਆਂ ਹਨ ਉਵੇਂ ਹੀ “ਮੂਲ ਰੂਪ ਵਿਚ ਭਰਪੂਰ” ਛੱਡ ਕੇ ਜਾਣੀਆਂ ਹਨ। ਇਹ ਸਾਧਨਾ ਦੇ ਮੂਲ ਰੂਪ ਵਿਚ ਹੀ ਸਦਾ ਕਾਇਮ ਰੱਖਣ ਦਾ ਉਹ ਮੌਲਿਕ ਕੁਦਰਤੀ ਵਿਗਿਆਨ ਦਾ ਸਿਧਾਂਤ ਹੈ ਜੋ ਸਸਟੇਨਿਬਿਲਿਟੀ (Sustainability) ਦਾ ਸਿਧਾਂਤ ਹੈ । ਗੁਰੂ ਨਾਨਕ ਦੇ 15ਵੀਂ ਸਦੀ ਦੇ ਇਸ ਸੰਕਲਪ ਅਤੇ ਸਿਧਾਂਤ ਨੂੰ ਸੰਸਾਰ ਨੇ ਹੁਣ 21ਵੀ ਸਦੀ ਵਿਚ ਅਪਣਾਇਆ ਹੈ। ਮਨੁੱਖ ਦੇ ਸਿਰ ਤੇ ਸਰਬਸ੍ਰੇਸ਼ਟ ਜੀਵ ਹੋਣ ਦਾ ਤਾਜ ਤਾਂ ਹੀ ਬਰਕਰਾਰ ਰਹਿ ਸਕਦਾ ਹੈ ਜਦੋਂ ਉਹ ਗੁਰੂ ਨਾਨਕ ਜੀ ਦੀ ਇਸ ਸਭਿਅਤਾ ਨੂੰ ਆਪਣੇ ਜੀਵਨ ਯਾਪਨ ਦਾ ਨਿੱਤ ਦਾ ਆਧਾਰ ਬਣਾ ਕੇ ਅਮਲੀ ਜੀਵਨ ਜਿਊਣ ਦਾ ਪ੍ਰਗਟਾਵਾ ਸਾਹਮਣੇ ਲਿਆਏਗਾ- “ਕਾਇਆ ਕਿਰਦਾਰ ਅਉਰਤ ਯਕੀਨਾ ॥ ਰੰਗ ਤਮਾਸੇ ਮਾਣਿ ਹਕੀਨਾ ॥ ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥”ਅੰਕ1084
ਕੁਦਰਤੀ ਰਜਾ ਦੀ ਜੀਵ ਵਿਗਿਆਨਕਤਾ ਦੇ ਸ਼੍ਰੋਮਣੀ ਵਿਗਿਆਨੀ ਗੁਰੂ ਨਾਨਕ ਸਾਹਿਬ; ਮਨੁੱਖੀ ਜੀਵ ਹਿਤ ਉਸ ਨੂੰ ਹਮੇਸ਼ਾ ਆਪਣੀ ਨਸਲ ਦਾ ਧਿਆਨ ਰੱਖਣ ਲਈ ਮਨੁੱਖੀ ਫ਼ਰਜ਼ ਕੀ ਹੈ ? ਇਹ ਇੰਜ ਸਮਝਾਉਂਦੇ ਹਨ: “ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ॥ ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ ॥”ਅੰਕ63
ਇਸ ਮਨੋਰਥ ਲਈ ਲੋਕ ਭਟਕਦੇ ਹੋਏ ਇਹੋ ਕਹਿੰਦੇ ਫਿਰਦੇ ਹਨ ਕਿ ਅਸੀਂ ਆਪਣੇ ਬੱਚਿਆਂ ਲਈ ਭਵਿੱਖ ਦਾ ਨਿਰਮਾਣ ਕਰ ਕੇ ਜਾਣਾ ਹੈ । ਪਰ ਜੇ ਆਧੁਨਿਕ ਸੰਸਾਰ ਦੀ ਫੋਸਿਲ ਆਰਥਿਕਤਾ ਅਤੇ ਮੁਹਾਰਤੀ ਵਿਕਾਸ ਨੂੰ ਪਰਖੀਏ ਤਾਂ ਪਤਾ ਇਹ ਚੱਲਦਾ ਹੈ ਕਿ ਉਹ ਆਪਣੀਆਂ ਨਸਲਾਂ ਦੇ ਭਵਿੱਖ ਨੂੰ ਤਬਾਹ ਕਰ ਰਿਹਾ ਹੈ । ਨਾਨਕਸ਼ਾਹੀ ਸਭਿਅਤਾ ਦਾ ਇਹ ਇਲਹਾਮ ਹੈ “ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥ ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ ॥ ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ॥ ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥ ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ ॥ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥”ਅੰਕ955
ਸਭਿਅਤਾ ਦੀ ਬਿਬੇਕਤਾ ਨੂੰ ਗੁਰੂ ਨਾਨਕ ਸਪਸ਼ਟ ਕਰਦੇ ਹਨ “ਗੁਰਿ ਦੀਆ ਸਚੁ ਅੰਮ੍ਰਿਤੁ ਪੀਵਉ ॥ ਸਹਜਿ ਮਰਉ ਜੀਵਤ ਹੀ ਜੀਵਉ॥”ਅੰਕ1189 ਸ਼ਬਦ ਗੁਰੂ ਤੋਂ ਜੋ “ਸੱਚ” ਹੋਂਦ “ਨਾਮ” ਦਾ ਅੰਮ੍ਰਿਤ ਮਿਲਦਾ ਹੈ ਉਸ ਨੂੰ ਜੀਵਨ ਦੇ ਕਿਰਦਾਰ ਵਿਚ ਅਪਣਾ ਕੇ ਮੈਂ ਅਟੁੱਟ ਅਡੋਲਤਾ ਵਿਚ ਭੌਤਿਕਤਾ ਵਾਦੀ ਪਹੁੰਚ ਅਤੇ ਬਿਬੇਕ ਤੋਂ ਮੁਕਤ ਹੋ ਕੇ ਵਿਕਾਰਾਂ ਦੀ ਨਾਂਹ ਵਾਦੀ ਜ਼ਿੰਦਗੀ ਨੂੰ ਮਾਰ ਕੇ ਹਾਂ ਪੱਖੀ ਰੱਬੀ ਵਿਸ਼ਵਾਸ ਅਤੇ ੴ ਦੀ ਹੋਂਦ ਵਿਚ ਜਿਊਣ ਬਿਤਾਉਣ ਦੀ ਜ਼ਿੰਦਗੀ ਦਾ ਅਮਲੀ ਜੀਵਨ ਜਿਊਣ ਦੀ ਵਿਧਾ ਤੇ ਮੁਹਾਰਤ ਹਾਸਿਲ ਕਰਨੀ ਚਾਹੀਦੀ ਹੈ । ਨਾਨਕਸ਼ਾਹੀ ਸਭਿਅਤਾ ਦਾ ਇਹੋ ਹੀ ਆਧਾਰ ਹੈ ।
8. ਕਿਹੋ ਜਿਹਾ ਕਿਰਦਾਰ ਚਾਹੀਦਾ ਹੈ
ਪ੍ਰਿੰਸੀਪਲ ਤੇਜਾ ਸਿੰਘ ਜੀ ਅਤੇ ਡਾ. ਗੰਡਾ ਸਿੰਘ ਜੀ ਆਪਣੇ ਸਿੱਖ ਇਤਿਹਾਸ ਵਿਚ ਲਿਖਦੇ ਹਨ ਕਿ ਜਿਵੇਂ ਗੁਰੂ ਨਾਨਕ ਸਾਹਿਬ ਨੇ ‘ਅਮਲ ਵਿਚੋਂ ਦੀ ਲੰਘ ਕੇ ਡੂੰਘੀ ਸਿਆਣਪ ਪ੍ਰਾਪਤ ਕੀਤੀ ਸੀ। ਉਹ ਸਿਆਣਪ ਮੁੱਖ ਤੌਰ ਤੇ ਜੀਵਨ ਦੇ ਅਸਲ ਤਜਰਬੇ ਵਿਚੋਂ ਮਿਲੀ ਸੀ’ । ਉਵੇਂ ਹੀ ਮਨੁੱਖ ਆਪਣਾ ਕਿਰਦਾਰ ਸੁਤੰਤਰਤਾ ਦੀ ਸੁੱਚੀ ਸੋਚ ਅਨੁਸਾਰ ਘੜੇ ਕਿਉਂਕਿ ਇਹੋ ਮਨੁੱਖੀ ਬਣਤਰ ਹੀ ਹਰ ਮਨੁੱਖ ਨੂੰ ਉਸ ਵੱਲੋਂ ਕੀਤੇ ਜਾਂਦੇ “ਕਰਮ” ਵਲ ਪ੍ਰੇਰਦੀ ਤੇ ਲੈ ਤੁਰਦੀ ਹੈ ।
ਗੁਰੂ ਨਾਨਕ ਦਾ ਮਨੁੱਖੀ ਕਿਰਦਾਰ ਦਾ ਸੰਕਲਪ ਉਪਰੋਕਤ ਅਨੁਸਾਰ ਇਹ ਨਿਰਧਾਰਿਤ ਕਰਦਾ ਹੈ ਕਿ “ਊਂਧੇ ਭਾਂਡੇ ਕਛੁ ਨ ਸਮਾਵੈ ਸੀਧੈ ਅੰਮ੍ਰਿਤ ਪਰੈ ਨਿਹਾਰ”504 ਅਤੇ “ਗੁਰਮੁਖਿ ਮਜਨੁ ਚਜੁ ਅਚਾਰੁ॥”ਅੰਕ930 ਗੁਰੂ ਨਾਨਕ ਦੀ ਸਭਿਅਤਾ ਦਾ ਮੂਲ ਸਿਧਾਂਤਕ ਉਪਦੇਸ਼ ਇਹੋ ਹੈ ।
9. ਮਨੁੱਖੀ ਆਚਰਨ ਕੀ ਹੋਵੇ
ਕੁਦਰਤੀ ਜੀਵਨ ਚੱਕਰ ਦੇ ਸਭ ਕਾਸੇ ਲਈ ਹੀ ਸਤਿਗੁਰੂ ਨਾਨਕ ਸਾਹਿਬ ਨੇ ਅਕਾਲ ਵੰਸ਼ਜ ਅਤੇ ਅਕਾਲ ਸੁਤ ਸਿੱਖ ਸਭਿਅਤਾ ਦਾ ਆਰੰਭ ਕਰ ਕੇ ਉਸ ਲਈ ਇਹ ਨਿਰਨਾਇਕ ਅਤੇ ਅੰਤਿਮ ਤੌਰ ਤੇ ਲਾਗੂ ਕਰ ਦਿੱਤਾ ਕਿ “ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ”ਅੰਕ62। ਗੁਰੂ ਸਾਹਿਬ ਜੀ ਇਹ ਨਿਰਧਾਰਿਤ ਕਰਦੇ ਹਨ ਕਿ ੴ ਸੱਚ ਹੈ, ਉਸ ਤੋਂ ਸਭ ਹੇਠਾਂ ਹੈ ਪਰ ਜੇ ਤੁਹਾਡਾ ਆਪਣਾ ਜੀਵਨ ਆਚਰਨ ਅਤੇ ਕਾਰ-ਵਿਵਹਾਰ ਦੀ ਕਿਰਤ ਵੀ ਸੱਚ ਹੈ ਤਾਂ ਮਨੁੱਖ ੴ ਸੱਚ ਨਾਲ ਜਾ ਮਿਲਦਾ ਹੈ । ਇੰਜ ਜੀਵਨ ਆਚਰਨ ਦੀ ਕਿਰਤ, ਕਿਰਦਾਰ ਅਤੇ ਅਮਲ ਸੁੱਚਾ ਸੱਚਾ ਹੈ ਤਾਂ ਮਨੁੱਖਤਾ ਲਈ ਉਹ ਰੱਬ ਦੀ ਬਖ਼ਸ਼ਿਸ਼ ਬਰਾਬਰ ਸਭਿਅਤਾ ਦਾ ਧਾਰਨੀ ਬਣ ਜਾਂਦਾ ਹੈ। ਅਜਿਹੀ ਸਭਿਅਤਾ ਵਿਚ ਇਸ “ਸਿੱਖ” ਸਭਿਆਚਾਰ ਦਾ ਮੁੱਢ ਬੰਨ੍ਹਣ ਵਾਲੇ ਗੁਰੂ ਨਾਨਕ ਸਾਹਿਬ ਜੀ ਆਪਣੇ ਸਿੱਖ ਲਈ ਸਪਸ਼ਟ ਨੀਅਤ ਕਰਦੇ ਹਨ “ਨਾਨਕੁ ਸਚੁ ਦਾਤਾਰੁ ਸਿਨਾਖਤੁ ਕੁਦਰਤਿ”ਅੰਕ141 ਇੱਕ ਅਕਾਲ ਪੁਰਖ ਦੀ ਪਹਿਚਾਣ ਉਸ ਦੀ ਕੁਦਰਤ ਹੀ ਹੈ । ਮਨੁੱਖ ਦੀ ਪਹਿਚਾਣ ਵੀ ਕੁਦਰਤੀ ਹੀ ਹੋਣੀ ਚਾਹੀਦੀ ਹੈ ਕਿਉਂਕਿ ਮਨੁੱਖੀ ਇੱਛਾਵਾਂ ਅਤੇ ਮਨੁੱਖ ਦੀ ਆਪਣੀ ਸੋਚਣੀ ਤੋਂ ਹੀ ਉਸ ਮਨੁੱਖ ਦੀ ਆਪਣੀ ਸ਼ਖ਼ਸੀਅਤ ਬਣਦੀ ਹੈ। ਪਰਿਵਾਰ, ਸਮਾਜ, ਦੇਸ਼ ਅਤੇ ਬ੍ਰਹਿਮੰਡ ਦੇ ਸਰਬਪੱਖੀ ਕਲਿਆਣ ਲਈ ਇਹ ਆਵੱਸ਼ਕ ਹੈ ਕਿ ਮਨੁੱਖ “ਕਾਰ ਕਮਾਵਹਿ ਸਚ ਕੀ ਲਾਹਾ ਮਿਲੈ ਰਜਾਇ ॥ ਪੂੰਜੀ ਸਾਚੀ ਗੁਰੁ ਮਿਲੈ ਨਾ ਤਿਸੁ ਤਿਲੁ ਨ ਤਮਾਇ॥ ਗੁਰਮੁਖਿ ਤੋਲਿ ਤੋੁਲਾਇਸੀ ਸਚੁ ਤਰਾਜੀ ਤੋਲੁ ॥ ਆਸਾ ਮਨਸਾ ਮੋਹਣੀ ਗੁਰਿ ਠਾਕੀ ਸਚੁ ਬੋਲੁ ॥ ਆਪਿ ਤੁਲਾਏ ਤੋਲਸੀ ਪੂਰੇ ਪੂਰਾ ਤੋਲੁ ॥7॥ ਕਥਨੈ ਕਹਣਿ ਨ ਛੁਟੀਐ ਨਾ ਪੜਿ ਪੁਸਤਕ ਭਾਰ ॥ ਕਾਇਆ ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ ॥”ਅੰਕ62 ਸਪਸ਼ਟ ਅਰਥ ਹਨ ਕਿ ਸਰੀਰ ਦੀ ਪਵਿੱਤਰਤਾ ਜਾਂ ਪੜ੍ਹ ਲਿਖ ਜਾਣ ਜਾਂ ਕਰਮ ਕਾਂਡ ਕਰਨ ਨਾਲ “ਸਿੱਖ ਸਭਿਅਤਾ ਦੀ ਨਾਨਕਸ਼ਾਹੀ ਵਿਵਸਥਾ” ਵਿਚ ਕੁੱਝ ਨਹੀਂ ਹੁੰਦਾ। ਕੁਦਰਤ ਤੁਹਾਡੀ ਜੀਵਨ ਅਮਲ ਦੀ ਜੀਵਨ ਜਾਂਚ ਦੀ ਪਰਖ ਸੱਚ ਦੇ ਤਰਾਜ਼ੂ ਵਿਚ ਸੱਚ ਦੇ ਹੀ ਵੱਟੇ ਪਾ ਕੇ ਕਰਦੀ ਹੈ, ਜਿਸ ਵਿਚ ਸੱਚਾ ਰੱਬ ਆਪ ਵਸਿਆ ਹੋਇਆ ਹੈ । ਉਸ ਦਾ ਨਿਆਉਂ ਸੱਚ ਹੈ। ਸਿੱਖ ਸਭਿਅਤਾ ਵਿਚਲੇ ਸਭਿਆਚਾਰਕ ਗੁਣ ਧਾਰੀ ਮਨੁੱਖ ਲਈ ਇਹ ਅਟੱਲ ਸਚਾਈ ਹੈ ਕਿ “ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥ ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥1॥”ਅੰਕ956 ਸਿੱਖ ਜੀਵਨ ਚਰਿੱਤਰ ਦਾ ਇਹੋ ਹੀ ਸਿੱਖੀ ਆਦਰਸ਼ ਹੈ ।
10. ਸਾਬਤ ਸੂਰਤ ਸਿੱਖ ਕੌਮੀਅਤ ਦਾ ਨਿਰਮਾਣ
ਜੋ ਲਿਖਤਾਂ ਮਿਲਦੀਆਂ ਹਨ ਉਨ੍ਹਾਂ ਮੁਤਾਬਿਕ ਗੁਰੂ ਨਾਨਕ ਸਾਹਿਬ ਨੇ ਕੇਸਾਧਾਰੀ ਹੋਣ ਦਾ ਸਭ ਤੋਂ ਪਹਿਲਾ ਹੁਕਮ ਭਾਈ ਮਰਦਾਨਾ ਜੀ ਨੂੰ ਇਨ੍ਹਾਂ ਸ਼ਬਦਾਂ ਵਿਚ ਦਿੱਤਾ: “ਜਦ ਨਾਲ ਗੁਰੂ ਨਾਨਕ (ਦੇਵ) ਜੀ ਦੇ ਉਦਾਸੀ ਲਈ ਟੁਰਿਆ ਤਾਂ (ਭਾਈ ਮਰਦਾਨਾ ਜੀ) ਕਹਿਣ ਲੱਗਾ ਕਿ ਐਸਾ ਉਪਦੇਸ਼ ਦਿਓ ਕਿ ਨਿਭ ਆਵੇ ਤਾਂ ਬਾਬੇ ਕਹਿਆ : ਇਕ ਕੇਸ ਨਾ ਕਟਾਈ ਦੂਏ ਪਿਛਲ ਰਾਤੀ ਜਾਗ ਸਤਿਨਾਮ ਦਾ ਜਾਪ ਕਰੀ”- ਬੀ-40 ਜਨਮ ਸਾਖੀ । ਭਾਈ ਗੁਰਦਾਸ ਜੀ ਅਨੁਸਾਰ “ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ॥” ਸੁਤੰਤਰ ਸੰਪ੍ਰਭੁਤਾ ਤੇ ਆਧਾਰਤ ਸਿੱਖ ਸਭਿਅਤਾ ਦਾ ਬਤੌਰ ਇੱਕ ਕੌਮ ਸੰਪੂਰਨ ਵਿਕਾਸ ਕਰ ਕੇ ਇਸ ਨੂੰ ਸਥਾਪਿਤ ਕੀਤਾ ਹੈ। ਜਿਸ ਹਿਤ ਵੱਖਰੀ, ਅੱਡਰੀ ਵਿਲੱਖਣ “ਸਾਬਤ ਸੂਰਤ” ਬਣਤਰ ਦਾ ਧਾਰਮਿਕ, ਰਾਜਨੀਤਕ, ਆਰਥਕ, ਸਮਾਜਿਕ ਵਿਹਾਰ ਦੇ ਆਚਰਨ, ਸੁਭਾ ਅਤੇ ਪ੍ਰਗਟਾਓ ਦਾ ਸੰਪੂਰਨ ਨਕਸ਼ ਨੁਹਾਰ ਵਿਵਹਾਰਿਕਤਾ ਵਿਚ ਲਾਗੂ ਕਰ ਕੇ ਦਿੱਤਾ ਹੈ।
ਗੁਰੂ ਨਾਨਕ ਦਾ ਐਲਾਨ ਨਾਮਾ ਹੈ “ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ॥ ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ॥1॥ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥1॥”473 ਨਿਰਣਾਇਕ ਫੈਸਲਾ ਹੈ “ਨਾ ਹਮ ਹਿੰਦੂ ਨ ਮੁਸਲਮਾਨ”1137।
ਵਿਦਵਾਨ ਮੌਲਵੀਆਂ ਵੱਲੋਂ ਮੱਕੇ ਦੀ ਉਦਾਸੀ ਸਮੇਂ ਜਦ ਗੁਰੂ ਸਾਹਿਬ ਤੋਂ ਉਨ੍ਹਾਂ ਦੇ ਕੇਸਾਂ ਸਬੰਧੀ ਪੁੱਛਿਆ ਗਿਆ ਤਾਂ ਗੁਰੂ ਸਾਹਿਬ ਨੇ ਸਪਸ਼ਟ ਕੀਤਾ “ਆਖਿਆ ਨਾਨਕ ਸ਼ਾਹ ਸਚੁ ਸੁਨੋ ਬਹਾਉਦੀਨ ਪੀਰਾ ॥ ਹਿੰਦੂ, ਮੁਸਲਮਾਨ ਦੋਵੇਂ ਸਿਰਗੁੰਮ ਥੀਏ ਜ਼ਹੀਰਾ॥”
ਬਹਾਉਦੀਨ ਪੀਰ ਜੀ ਸੁਣੋ, ਹਿੰਦੂ ਅਤੇ ਮੁਸਲਮਾਨ ਦੋਵੇਂ ਹੀ “ਸਿਰਗੁੰਮ” ਹੋ ਚੁੱਕੇ ਹਨ ਅਰਥਾਤ ਅਜਿਹਾ ਧੜ ਬਣ ਚੁੱਕੇ ਹਨ ਜਿਸ ਦੀ ਸ਼ਨਾਖ਼ਤ ਸਿਰ ਉਨ੍ਹਾਂ ਪਾਸ ਹੈ ਹੀ ਨਹੀਂ। ਇੰਜ ਸਪਸ਼ਟ ਹੈ ਕਿ ਗੁਰੂ ਨਾਨਕ ਨੇ ਆਪਣੀ ਸਿੱਖ ਸਭਿਅਤਾ ਲਈ ਇਹ ਕੇਸਾਧਾਰੀ ਹੋਣਾ ਹੀ “ਜਿਊਂਦਾ ਅਤੇ ਸਿਰ ਵਾਲਾ” ਕੁਦਰਤੀ ਮਨੁੱਖ ਸਵੀਕਾਰ ਕੀਤਾ ਹੈ। ਜੋ ਕੇਸਾਧਾਰੀ ਨਹੀਂ ਹੈ ਗੁਰੂ ਨਾਨਕ ਉਸ ਨੂੰ ਮੋਇਆ ਹੋਇਆ ਧੜ ਮੰਨਦੇ ਹਨ। ਇਸ ਲਈ ਜੋ ਸਿੱਖ ਹੈ ਉਸ ਦਾ ਸਾਬਤ ਸੂਰਤ ਕੇਸਾਧਾਰੀ ਵਜੂਦ ਹੀ ਨਾਨਕ ਨੂੰ ਪਰਵਾਨ ਹੈ।
11. ਗੁਰਮਤਿ ਸਭਿਆਚਾਰ ਦੀ ਸਿਵੀਲਾਈਜੇਸ਼ਨ
ਲੰਮੀਆਂ ਧਾਰਮਿਕ ਯਾਤਰਾਵਾਂ ਜਿਨ੍ਹਾਂ ਦੀ ਪਹਿਚਾਣ ਸਿੱਖ ਮਨਾ ਵਿਚ ਬਤੌਰ ਉਦਾਸੀਆਂ ਉੱਕਰੀ ਗਈ ਹੈ; ਤੇ ਤੁਰਨ ਵੇਲੇ ਗੁਰੂ ਸਾਹਿਬ ਦਾ ਪਹਿਲਾ ਸੰਦੇਸ਼ ਹੀ ਇਹ ਸੀ “ਨਾ ਕੋਈ ਹਿੰਦੂ ਨਾ ਮੁਸਲਮਾਨ”। ਇਸ ਦਾ ਆਧਾਰ ਸਰੋਤ “ੴ ਤੋਂ ਗੁਰਪ੍ਰਸਾਦਿ” ਤਕ ਦੀ ਬਾਣੀ, “ਜਪੁ” ਬਾਣੀ ਅਤੇ “ਆਸਾ ਦੀ ਵਾਰ” ਹੈ । ਇਸ ਦੀ ਨਿਯਮਾਂ ਵਲੀ ਵਜੋਂ ਸਿੱਖ “ਰਹਿਤ ਮਰਿਆਦਾ” ਹੈ । ਸਿੱਖਿਆ ਦਾ ਆਧਾਰ “ਗੁਰਿ ਦੀਆ ਸਚੁ ਅੰਮ੍ਰਿਤ ਪੀਵਉ॥ ਸਹਜਿ ਮਰਉ ਜੀਵਤ ਹੀ ਜੀਵਉ” ਦੀ ਸਥਾਪਨਾ ਅਤੇ ਇਸ ਦੀ ਹਕੀਕੀ ਬਹਾਲੀ ਲਈ ਅੰਮ੍ਰਿਤ ਵੇਲੇ ਦੀ ਸੰਭਾਲ “ਅੰਮ੍ਰਿਤ ਵੇਲਾ ਸਚੁ ਨਾਉ ਵਡੀਆਈ ਵਿਚਾਰੁ” ਨਾਲ ਧਰਮਸ਼ਾਲਾਵਾਂ ਦਾ ਨਿਰਮਾਣ ਅਤੇ ਪ੍ਰਚਾਰ ਪ੍ਰਸਾਰ ਲਈ ਇਨ੍ਹਾਂ ਦਾ ਗੁਰਦੁਆਰੇ ਤਕ ਵਿਕਾਸ ਕਰਨਾ ਹੈ । ਗੁਰਮਤਿ ਸਭਿਆਚਾਰ ਦਾ ਬੀਜ ਸਿਧਾਂਤ ਸਾਬਤ ਸੂਰਤ ਦੇ ਅਰੰਭ ਨਾਲ ਇੱਕ ਅਕਾਲ ਪੁਰਖ ਹੈ: “ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥1॥” ਦੀ ਸਥਾਪਨਾ ਵਿਚ ਹੈ। ਇਸ ਦੀ ਪਹਿਚਾਣ “ਸੰਗਤ” ਵਿਚ” ਥਾਪੀ ਗਈ। ਜਿਸ ਨਿਮਿਤ ਭਾਈ ਗੁਰਦਾਸ ਜੀ ਵਾਰ 1 ਪਉੜੀ 42 ਵਿਚ ਇੰਜ ਸਥਾਪਿਤ ਕਰਦੇ ਹਨ “ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ॥” “ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥ ਜਿਨਿ੍ ਕੀਤੇ ਤਿਸੈ ਨ ਜਾਣਨੀ ਬਿਨੁ ਨਾਵੈ ਸਭਿ ਚੋਰ ॥6॥”
ਲੰਗਰ ਅਤੇ ਪੰਗਤ ਜਿਸ ਦਾ ਆਧਾਰ ਤੱਤ, ਬਰਾਬਰਤਾ ਅਤੇ ਸਮਾਨਤਾ ਨੂੰ ਸਥਾਪਿਤ ਕਰਨਾ ਹੈ। “ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥ ਮੰਦਾ ਕਿਸ ਨੂੰ ਆਖੀਐ ਜਾ ਸਭਨਾ ਸਾਹਿਬੁ ਏਕੁ ॥” ਅਤੇ “ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰ ॥” ਲਿੰਗ ਭੇਦ, ਵਰਨ, ਧਰਮ, ਨਸਲ, ਜਾਤੀ, ਰੰਗ, ਕਰਮ, ਦਿਸ਼ਾ ਭੇਦ ਦੀ ਸਮਾਪਤੀ ਕਰ ਕੇ “ਏਕ ਨੂਰ ਤੇ ਸਭ ਜਗ ਉਪਜਿਆ ਕੋਨ ਭਲੇ ਕੋ ਮੰਦੇ” ਦੇ ਵਿਵਹਾਰਕਤਾ ਵਿਚ ਅਪਣਾਏ ਗਏ ਸੰਕਲਪ ਰਾਹੀਂ ਇਸਤਰੀ ਨੂੰ ਸਮਾਨਤਾ ਦੇਣ ਵਾਲੇ, ਅਮੀਰੀ-ਗ਼ਰੀਬੀ ਦਾ ਵਿਤਕਰਾ ਖ਼ਤਮ ਕਰਨ ਵਾਲੇ ਸਮਾਜ ਦੀ ਸਿਰਜਣਾ ਕਰਨਾ ਹੈ।
ਸਿੱਖ ਸਿਵੀਲਾਈਜੇਸ਼ਨ ਇੱਕ ਜਾਤੀ, ਕੁਲ ਅਤੇ ਗੋਤਰ ਰਹਿਤ ਸਮਾਜ ਦੀ ਸਿਰਜਨਾ ਕਰਦੀ ਹੈ। ਜੋ ਵਰਨ ਆਸ਼ਰਮ ਨੂੰ ਰੱਦ ਕਰਦੀ ਹੈ । ਹਰ ਤਰ੍ਹਾਂ ਦੇ ਵਹਿਮਾਂ-ਭਰਮਾਂ, ਵਰਤਾਂ, ਬੁੱਤ ਪੂਜਾ ਦਾ ਪੂਰੀ ਤਰ੍ਹਾਂ ਖੰਡਨ ਅਤੇ ਮਨੁੱਖੀ ਜ਼ਿੰਦਗੀ ਵਿਚ ਨਾਂਹ ਮੰਨਣ ਦਾ ਹੁਕਮ ਸਥਾਪਿਤ ਕਰਦੀ ਹੈ। ਇਸ ਹੁਕਮ ਨੂੰ ਮੰਨਦੀ ਹੈ “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” । ਗੁਰੂ ਨਾਨਕ ਦੇ ਆਦੇਸ਼ਾਂ ਨੇ ਸਿੱਖ ਸਮਾਜ ਤੇ ਬ੍ਰਾਹਮਣੀ ਕਰਮ, ਕਾਂਡਾਂ, ਕਿਰਿਆਵਾਂ, ਵਿਸ਼ਵਾਸ ਅਤੇ ਇਨ੍ਹਾਂ ਦੇ ਮਨੁੱਖ ਵੱਲੋਂ ਮੰਨੇ ਜਾਣ ਤੇ ਪੂਰੀ ਤਰ੍ਹਾਂ ਸਖ਼ਤ ਰੋਕ ਲਾਈ ਹੈ। ਇਨ੍ਹਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਜਿਹੜਾ ਸਿੱਖ ਇਸ ਨੂੰ ਆਪਣੇ ਜੀਵਨ ਵਿਚ ਧਾਰਦਾ ਹੈ ਉਹ “ਸਾਕਤ” ਅਤੇ “ਬਿਪਰਨ ਕੀ ਰੀਤ” ਤੇ ਚੱਲਣ ਵਾਲਾ ਪਸ਼ੂ “ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ” ਤੋਂ ਵੀ ਮਾੜਾ ਕਿਹਾ ਹੈ। ਇੰਜ ਗੁਰੂ ਦੇ ਹੁਕਮ ਤੋਂ ਮੂੰਹ ਮੋੜ ਕੇ ਬਾਰ ਬਾਰ ਗੁਰੂ ਦੀ ਸਿੱਖਿਆ ਦੇ ਉਲਟ ਚੱਲਣ ਵਾਲਿਆਂ ਨੂੰ ਗੁਰਬਾਣੀ ਵਿਚ ਕਰੜੀ ਧਿੱਕਾਰ ਦਿੰਦੇ ਹੋਏ ਕਿਹਾ ਗਿਆ ਹੈ “ਸੂਕਰ ਸੁਆਨ ਗਰਧਭ ਮੰਜਾਰਾ ॥ ਪਸੂ ਮਲੇਛ ਨੀਚ ਚੰਡਾਲਾ ॥ ਗੁਰ ਤੇ ਮੁਹੁ ਫੇਰੇ ਤਿਨ੍ ਜੋਨਿ ਭਵਾਈਐ ॥ ਬੰਧਨਿ ਬਾਧਿਆ ਆਈਐ ਜਾਈਐ ॥5॥”
ਗ੍ਰਹਿਸਤ ਜੀਵਨ ਰੱਖਣ ਵਾਲੇ ਇਸ ਗੁਰਮਤਿ ਸਮਾਜ ਵਿਚ ਮਨੁੱਖੀ ਵਿਵਹਾਰ ਦੇ ਨਿਮਰਤਾ, ਸਹਿਜ, ਭਾਣਾ ਮੰਨਣ ਅਤੇ ਹੁਕਮੀ ਦੀ ਰਜਾ ਵਿਚ ਅਨੰਦ ਮਾਣਨ ਵਾਲੇ ਬੜੇ ਸਾਦੇ, ਪੂਰੀ ਤਰ੍ਹਾਂ ਕੁਦਰਤੀ ਅਤੇ ਬ੍ਰਹਿਮੰਡੀ ਧੁਰੇ ਦੀ ਚਾਲ ਨਾਲ ਜੁੜੇ ਆਚਰਨ ਨੂੰ ਨਿਰਧਾਰਿਤ ਕੀਤਾ ਗਿਆ ਹੈ। ਬਤੌਰ ‘ਸਿੱਖ ਸਮਾਜ’ ਦੀ ਸਥਾਪਨਾ ਕਰ ਸੰਸਾਰ ਵਿਚ ਕਾਦਰ ਦੀ ਕੁਦਰਤ ਦਾ ਅਕਾਲ ਵੰਸ਼ਜ ਨਾਨਕਸ਼ਾਹੀ ਮਨੁੱਖਤਾ ਵਿਚ ਇੱਕ ਨਾਨਕਸ਼ਾਹੀ ਖ਼ਾਲਸਤਾਈਤਾ ਦਾ ਰੋਲ ਮਾਡਲ ਧਰਤੀ ਤੇ ਸਥਾਪਤ ਕਰ ਕੇ ਦਿਖਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਜਿਸ ਦੀ ਸਭਿਅਤਾ ਦੇ, ਅਮਲ ਦੇ, ਪੰਥ ਦੇ ਰਹਿਬਰ ਹਨ। ਜੋ ਨਾਨਕਸ਼ਾਹੀ ਸਿੱਖੀ ਸਭਿਅਤਾ ਲਈ ਇਹ ਨਿਰਧਾਰਿਤ ਕਰਦੇ ਹਨ:
“ਭੈਰਉ ਮਹਲਾ 5॥ ਵਰਤ ਨ ਰਹਉ ਨਮਹ ਰਮਦਾਨਾ॥ ਤਿਸੁ ਸੇਵੀ ਜੋ ਰਖੈ ਨਿਦਾਨਾ॥1॥ ਏਕੁ ਗੁਸਾਈ ਅਲਹੁ ਮੇਰਾ॥ ਹਿੰਦੂ ਤੁਰਕ ਦੁਹਾਂ ਨੇਬੇਰਾ॥1॥ ਰਹਾਊ॥ ਹਜ ਕਾਬੈ ਜਾਉ ਨ ਤੀਰਥ ਪੂਜਾ॥ ਏਕੋ ਸੇਵੀ ਅਵਰੁ ਨ ਦੂਜਾ॥2॥ ਪੂਜਾ ਕਰਉ ਨ ਨਿਵਾਜ ਗੁਜਾਰਉ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥3॥ ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡ ਪਰਾਨ॥4॥”ਅੰਕ1136 ਸਿੱਖ ਸਭਿਅਤਾ ਦੀ ਨਾਨਕਸ਼ਾਹੀ ਪ੍ਰਣਾਲੀ ਦੀ ਨਾਨਕੀ ਵਿਆਖਿਆ ਇਹੋ ਹੈ।
12. ਗੁਣ ਤੰਤਰੀ ਲੋਕਤੰਤਰ ਦੀ ਸਥਾਪਨਾ ਤੇ ਆਗੂ ਚੁਣਨ ਦਾ ਢੰਗ
ਗੁਰੂ ਨਾਨਕ ਸਾਹਿਬ ਨੇ ਆਪਣੇ ਸਪੁੱਤਰਾਂ ਨੂੰ ਇੱਕ ਪਾਸੇ ਕਰ ਕੇ ਆਪਣੀ ਸਤਾ ਦਾ ਵਾਰਸ ਥਾਪਣ ਲਈ ‘ਸ਼੍ਰੋਮਣੀ ਅਤੇ ਸ੍ਰੇਸ਼ਠ ਗੁਣਵੰਤ’ ਦੀ ਚੋਣ ਪ੍ਰਣਾਲੀ ਦਾ ਆਰੰਭ ਕਰ ਕੇ ਇਸ ਨੂੰ ਲਾਗੂ ਕੀਤਾ। ਜਿਸ ਅਧੀਨ ਗੁਰਗੱਦੀ ‘ਗੁਰੂ ਅੰਗਦ ਸਾਹਿਬ’ ਜੀ ਨੂੰ ਮਿਲੀ।
ਭਾਈ ਬਲਵੰਡ ਜੀ ਦੀ ਗਵਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। ਭਾਈ ਬਲਵੰਡ ਜੀ ਨੇ ਵੇਖਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਦਾ ਇੱਕ ਨਵਾਂ ਰਾਜ ਚਲਾਇਆ। ਸਤਿਗੁਰੂ ਨਾਨਕ ਨੇ ਆਪਣੇ ਸੇਵਕ ਨੂੰ ਆਪਣੇ ਵਰਗਾ ਬਣਾ ਕੇ ਆਪ ਗੁਰੂ ਹੁੰਦਿਆਂ ਆਪਣੇ ਚੇਲੇ ਨੂੰ ਮੱਥਾ ਟੇਕ ਕੇ ਗੁਰੂ ਪਦਵੀ ਤਿਆਗ ਚੇਲੇ ਨੂੰ ਸਤਿਗੁਰੂ ਥਾਪ ਦਿੱਤਾ।
“ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥….. ਗੁਰਿ ਚੇਲੇ ਰਹਿਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥1॥”ਅੰਕ 966
ਗੁਰੂ ਨਾਨਕ ਸਾਹਿਬ ਜੀ ਨੇ ਆਗੂ ਚੁਣਨ ਦਾ ਢੰਗ ਅਤੇ ਤਰੀਕਾ ਗੁਣ ਤੰਤਰੀ ਸਥਾਪਿਤ ਕੀਤਾ ਹੈ। ਗੁਣ ਤੰਤਰੀ ਪ੍ਰਣਾਲੀ ਵਿਚ ਆਗੂ ਦੀ ਨੂੰ ਪਰਚਾ ਪਾਇਆ ਜਾਂਦਾ ਹੈ। ਇਹ ਪਰਚਾ “ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ”ਅੰਕ62 ਦਾ ਹੁੰਦਾ ਹੈ।
ਗੁਰੂ ਸਾਹਿਬ ਜੀ ਇਹ ਨਿਰਧਾਰਿਤ ਕਰਦੇ ਹਨ ਕਿ “ਨਾਨਕੁ ਸਚੁ ਦਾਤਾਰੁ ਸਿਨਾਖਤੁ ਕੁਦਰਤਿ”ਅੰਕ141, ਇੱਕ ਅਕਾਲ ਪੁਰਖ ਦੀ ਪਹਿਚਾਣ ਉਸ ਦੀ ਕੁਦਰਤ ਹੀ ਹੈ । ਇੰਜ ਮਨੁੱਖ ਦੀ ਪਹਿਚਾਣ ਵੀ ਕੁਦਰਤ ਹੀ ਉਸ ਦੀ ਸ਼ਖ਼ਸੀਅਤ ਬਣਦੀ ਹੈ।
ਇਹ ਆਵੱਸ਼ਕ ਹੈ ਕਿ “ਕਾਰ ਕਮਾਵਹਿ ਸਚ ਕੀ ਲਾਹਾ ਮਿਲੈ ਰਜਾਇ ॥ ਪੂੰਜੀ ਸਾਚੀ ਗੁਰੁ ਮਿਲੈ ਨਾ ਤਿਸੁ ਤਿਲੁ ਨ ਤਮਾਇ॥ ਗੁਰਮੁਖਿ ਤੋਲਿ ਤੋੁਲਾਇਸੀ ਸਚੁ ਤਰਾਜੀ ਤੋਲੁ ॥ ਆਸਾ ਮਨਸਾ ਮੋਹਣੀ ਗੁਰਿ ਠਾਕੀ ਸਚੁ ਬੋਲੁ ॥ ਆਪਿ ਤੁਲਾਏ ਤੋਲਸੀ ਪੂਰੇ ਪੂਰਾ ਤੋਲੁ ॥7॥ ਕਥਨੈ ਕਹਣਿ ਨ ਛੁਟੀਐ ਨਾ ਪੜਿ ਪੁਸਤਕ ਭਾਰ ॥ ਕਾਇਆ ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ ॥”ਅੰਕ62 ਇਸ ਘਸਵੱਟੀ ਤੇ ਪੂਰਾ ਉੱਤਰਨ ਵਾਲਾ ਹੀ ਆਗੂ ਬਣਨ ਦੇ ਪਰਚੇ ਵਿਚ ਬੈਠਣ ਯੋਗ “ਗੁਰਮਤਿ” ਦੀ ਨਾਨਕਸ਼ਾਹੀ ਪ੍ਰਣਾਲੀ ਮੰਨਦੀ ਹੈ। ਪਰਚਾ ਸੰਗਤ ਨੇ ਪਾਉਣਾ ਹੈ ਤੇ ਫ਼ੈਸਲਾ ਸਤਿਗੁਰੂ ਸ਼ਬਦ ਗੁਰੂ ਦੀ ਹਜ਼ੂਰੀ ਨਾਨਕੀ ਪੰਥ ਨੇ ਕਰਨਾ ਹੈ।
13. ਮਨੁੱਖੀ ਹੱਕ ਦੇਣ ਵਾਲਾ ਹੈ ਨਾਨਕ
ਗੁਰੂ ਨਾਨਕ ਸਾਹਿਬ ਜੀ ਨੇ ਕਈ ਸ਼ਤਾਬਦੀਆਂ ਤੋਂ ਲੱਗੀਆਂ ਪਾਬੰਦੀਆਂ ਤੋੜ ਕੇ ਲੁਕਾਈ ਨੂੰ ਬਰਾਬਰਤਾ, ਮਨੁੱਖੀ ਹੱਕਾਂ ਦੀ ਗਰੰਟੀ ਵਾਲੀ ਨਾਗਰਿਕਤਾ, ਸਮਾਜਿਕਤਾ ਅਤੇ ਅੰਤਹਿਕਰਨ ਦੀ ਸੁਤੰਤਰਤਾ ਬਖ਼ਸ਼ਿਸ਼ ਕੀਤੀ ਹੈ। ਇਹ ਹੱਕ ਗੁਰੂ ਨਾਨਕ ਜੀ 15ਵੀ ਸ਼ਤਾਬਦੀ ਵਿਚ ਹੀ ਨਾਨਕਪੰਥੀਆਂ ਨੂੰ ਅਤੇ ਸ਼ੂਦਰ ਸਮਾਜ ਨੂੰ ਵਰਨ ਆਸ਼ਰਮ ਤੋਂ ਸੁਤੰਤਰਤਾ ਲੈ ਕੇ ਦਿੰਦੇ ਹਨ। ਆਪਣੇ ਗੁਰਮਤਿ ਸਮਾਜ ਤੇ ਸਭਿਅਤਾ ਵਿਚ ਉਹ ਸਾਰੇ ਭੇਦ ਵਖਰੇਵੇਂ ਵਿਤਕਰੇ ਮੁਕਾ ਦਿੰਦੇ ਹਨ। ਇੱਕ ਨਰੋਏ ਤੇ ਸਿਹਤਮੰਦ ਮਨੁੱਖ ਗੁਰਮੁਖ ਦਾ ਬਦਲ ਸਥਾਪਿਤ ਕਰਦੇ ਹਨ। ਪੂਰੇ ਵਿਸ਼ਵ ਵਿਚ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਿਤੇ ਵੀ ਕਿਸੇ ਨੂੰ ਵੀ ‘ਮਨੁੱਖੀ ਹੱਕਾਂ’ ਬਾਰੇ ਹਾਲੇ ਜਾਗਰੂਕਤਾ ਹਾਸਲ ਨਹੀਂ ਸੀ ਅਤੇ ਨਾਂਹ ਹੀ ਦੁਨੀਆ ਨੇ ਕਦੇ ਇਸ ਸੋਚ ਜਾਂ ਵਿਚਾਰ ਨੂੰ ਕਦੇ ਕਿਸੇ ਤੋਂ ਸੁਣਿਆਂ ਹੀ ਸੀ। ਮਨੁੱਖੀ ਅਤੇ ਲੋਕਤੰਤਰੀ ਅਧਿਕਾਰਾਂ ਦੇ ਚਾਰਟਰ; ਸਿੱਖ ਸਮਾਜ ਵੱਲੋਂ ਗੁਰੂ ਨਾਨਕ ਸਾਹਿਬ ਦੇ ਸਮੇਂ 15ਵੀ ਸਦੀ ਤੋਂ ਹੀ ਇਨ੍ਹਾਂ ਨੂੰ ਅਪਣਾਏ ਜਾਣ ਤੋਂ ਕਈ ਸਾਲਾਂ ਬਾਅਦ ਦੁਨੀਆ ਨੇ ਇਨ੍ਹਾਂ ਨੂੰ ਸਮਝਿਆ ਅਤੇ ਅਪਣਾਇਆ ਹੈ। ਗੁਰੂ ਨਾਨਕ ਸਾਹਿਬ ਨੇ ਇੰਜ “ਗੁਣ ਤੰਤਰੀ ਲੋਕਤੰਤਰ” ਦੀ ਗਣਰਾਜੀ ਪ੍ਰਣਾਲੀ ਦਾ ਗਠਨ ਅਤੇ ਲਾਗੂ ਕਰਨ ਕੀਤਾ ਹੈ।
14. ਗੁਰੂ ਨਾਨਕ ਵੱਲੋਂ ਸਿੱਖ ਨਾਗਰਿਕਾਂ ਨੂੰ ਦਿੱਤੇ ਗਏ ਮੌਲਿਕ ਅਧਿਕਾਰ
ਗੁਰੂ ਨਾਨਕ ਪਾਤਸ਼ਾਹ ਆਪਣੇ ਸਿੱਖ ਅਨੁਆਈਆਂ ਨੂੰ ਬਤੌਰ ਅਕਾਲ ਦੇ ਗੁਣ-ਅਧਿਕਾਰੀ ਮੌਲਿਕ ਅਤੇ ਜਮਾਂਦਰੂ ਉਹ ਅਧਿਕਾਰ ਨਿਸ਼ਚੇ ਨਾਲ ਦਿੰਦੇ ਹਨ ਜਿਹੜੇ ਕਿ 15 ਵੀ ਸਦੀ ਤਕ ਜਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਕੰਮ ਕੀਤਾ ਕਿਸੇ ਨੂੰ ਚਿੱਤ-ਚੇਤੇ ਵਿਚ ਵੀ ਨਹੀਂ ਸਨ। “ਨਾਨਕੁ ਆਖੈ ਏਹੁ ਬੀਚਾਰੁ॥……..” ਅੰਕ143 ਅਧੀਨ ਇਹ ਸਿੱਖ ਸਮਾਜ ਅੰਦਰ ਨਾਗਰਿਕਾਂ ਦੇ ਅਧਿਕਾਰ ਹਨ: ਨਾਨਕਸ਼ਾਹੀ ਮੁਹਰ ਹੇਠ ਇਹ ਗਰੰਟੀ ਹੈ ਕਿ “ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥”ਅੰਕ1245
1. “ਸਾਹਿਬ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥”ਅੰਕ 350 ਰੱਬ ਇੱਕ ਹੈ। ਇੱਕ ਅਕਾਲ ਨੂੰ ਹੀ ਮੰਨਣਾ ।
2. “ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ॥” ਅੰਕ96 ਮਨੁੱਖਤਾ ਇੱਕ ਹੈ।
3. ਸਭ ਮਨੁੱਖ ਇੱਕੋ ਤੱਤਾ ਦੇ ਬਣੇ ਹਨ ਇਸ ਲਈ ਇਨ੍ਹਾਂ ਵਿਚ ਕਿਸੇ ਵੀ ਕਿਸਮ ਦਾ ਕੋਈ ਵੀ ਵਿਭੇਦ ਜਾਂ ਵੰਡ ਅਸੰਭਵ ਹੈ। “ਏਕੋ ਨਾਮੁ ਏਕੁ ਨਾਰਾਇਣੁ ਏਕਾ ਜੋਤੀ॥”ਅੰਕ992
4. ਇਸ ਲਈ ਮਨੁੱਖਤਾ ਵਿਚ ਕੋਈ ਜਾਤ, ਨਸਲ, ਰੰਗ, ਲਿੰਗ, ਧਰਮ, ਕਰਮ (ਵਰਨ ਵੰਡ) ਦਾ ਖ਼ਿਆਲ ਕਰਨਾ ਹੀ ਮਾਹ ਪਾਪ ਹੈ। ਜਿਸ ਦਾ ਕੋਈ ਵੀ ਆਧਾਰ ਸਵੀਕਾਰਨ ਯੋਗ ਨਹੀਂ ਹੈ। “ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ॥”ਅੰਕ731
5. ਇਨ੍ਹਾਂ ਆਧਾਰਾਂ ਤੇ ਕੀਤੀ ਜਾਂਦੀ ਵੰਡ “ਨਾਨਕ ਦੀ ਸਿੱਖੀ” ਵਿਚ ਮੁੱਢੋਂ ਹੀ ਰੱਦ ਹੈ ਜੋ ਇਸ ਵੰਡ ਨੂੰ ਮੰਨਦਾ ਹੈ ਅਤੇ ਜਾਤ-ਗੋਤ ਦਾ ਇਸਤੇਮਾਲ ਕਰਦਾ ਹੈ ਉਹ ਨਾਨਕ ਦਾ ਸਿੱਖ ਹੋ ਹੀ ਨਹੀਂ ਸਕਦਾ।
6. ਸੱਚ ਆਧਾਰ ਦੇ ਤੁਰਨਾ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ ਤੇ ਜੋ ਇਸ ਤੋਂ ਰੋਕਦਾ ਹੈ ਉਹ ਗ਼ਲਤ ਅਤੇ ਅਕਾਲ ਜਾਂ ਰੱਬ ਦਾ ਦੋਸ਼ੀ ਹੈ।
7. ਮਨੁੱਖ ਨੂੰ ਨਿਰਭਉ ਹੋ ਕੇ ਸੱਚ ਦੀ ਜ਼ਿੰਦਗੀ ਨਿਰਬਾਧ ਰੂਪ ਵਿਚ ਇੱਕ ਰਸ ਜੀਊਨੀ ਚਾਹੀਦੀ ਹੈ। ਨਾਨਕ ਦੀ ਸਿੱਖੀ ਇਸ ਦੀ ਗਰੰਟੀ ਦਿੰਦੀ ਹੈ। “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥”ਅੰਕ 1427
8. ਮਨੁੱਖਤਾ ਨਿਰਵੈਰ ਹੋਣੀ ਚਾਹੀਦੀ ਹੈ।”ਭ੍ਰਮ ਭਉ ਕਾਟਿ ਕੀਏ ਨਿਰਵੈਰੇ ਜੀਉ॥”ਅੰਕ217
9. ਮਨੁੱਖਤਾ ਨੂੰ ਨਾਗਰਿਕ ਮਰਿਆਦਾਵਾਂ ਵਿਚ ਵਿਚਰਨ, ਵਧਣ, ਫੁੱਲਣ ਦਾ ਸਮਾਨ ਅਵਸਰ ਤੇ ਸਾਧਨ ਭੁੰਚਣ ਦਾ ਪੂਰਨ ਅਧਿਕਾਰ ਹੈ “ਆਚਾਰਾ ਵੀਚਾਰੁ ਸਰੀਰਿ॥”ਅੰਕ 686 ਅਤੇ “ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ॥”ਅੰਕ1113 ਇਸੇ ਨੂੰ ਹੀ ਨਾਗਰਿਕ ਮਰਿਆਦਾ ਆਖਦੇ ਹਨ।
10. “ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥”ਅੰਕ949 ਨਿਆਂ ਕਾਰੀ ਸ਼ਾਸਨ ਸਥਾਪਿਤ ਕਰਨ ਦਾ ਹੱਕ ਹੈ। “ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ॥”ਅੰਕ1092
11. “ਛੋਡੀਲੇ ਪਾਖੰਡਾ॥” ਦੇ ਐਲਾਨ ਨਾਲ ਹਰ ਤਰ੍ਹਾਂ ਦੇ ਧਾਰਮਿਕ, ਸਮਾਜਿਕ ਪਾਖੰਡਾਂ ਅਤੇ ਕਰਮ ਕਾਂਡਾਂ ਦਾ ਸਦੀਵੀ ਨਾਸ਼ ਕਰ ਕੇ ਇਨ੍ਹਾਂ ਤੋਂ ਮੁਕਤ ਸੁਤੰਤਰ ਜੀਵਨ ਦਾ ਅਧਿਕਾਰ । “ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥”ਅੰਕ747 “ਛੋਡਹਿ ਅੰਨੁ ਕਰਹਿ ਪਾਖੰਡ॥ ਨਾ ਸੋਹਾਗਨਿ ਨਾ ਓਹਿ ਰੰਡ॥”ਅੰਕ873
12. “ਵਿਦਿਆ ਵਿਚਾਰੀ ਤਾਂ ਪਰਉਪਕਾਰੀ॥”ਅੰਕ356 ਦੇ ਸੰਕਲਪ ਵਿਚ 15ਵੀ ਸ਼ਤਾਬਦੀ ਵਿਚ ਸਭ ਨੂੰ ਵਿੱਦਿਆ ਦਾ ਅਧਿਕਾਰ ਦਿੱਤਾ “ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥”ਅੰਕ 1329
13. “ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥”ਅੰਕ591 ਦੇ ਸੰਕਲਪ ਵਿਚ ਇਸਤ੍ਰੀ-ਪੁਰਖ ਵਿਚ ਇੱਕ ਸਾਰ ਬਰਾਬਰਤਾ ਅਤੇ ਸਮਾਨਤਾ ਵਾਲੇ ਸਿੱਖ ਸਮਾਜ ਦਾ ਨਿਰਮਾਣ।
15. ਰਾਜ ਦੇ ਅੰਦਰ ਸੁਤੰਤਰ ਰਾਜ ਸਥਾਪਤੀ ਦਾ ਸੰਕਲਪ
ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸ਼ਹਿਰ 1504 ਵਿਚ ਸੰਸਾਰ ਨੂੰ ਸਥਾਪਤ ਕਰ ਕੇ ਦੱਸਿਆ ਕਿ ਇੱਕ ਰਾਜ ਸ਼ਾਹੀ ਅੰਦਰ ਕਿਵੇਂ ਸ਼ਾਂਤਮਈ ਲੋਕ ਮਤ ਨੂੰ ਬਦਲ ਕੇ ਇੱਕ ਕੌਮੀਅਤ ਆਪਣੀ ਸੁਤੰਤਰਤਾ ਨੂੰ ਬਹਾਲ ਕਰ ਸਕਦੀ ਹੈ । ਇਸੇ ਦਾ ਸੰਕਲਪ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 966 ਦਾ ਇਹ ਸ਼ਬਦ “ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥” ਇਸ ਹਿਤ ਸਿੱਖੀ ਆਪਣੇ ਰੋਲ ਮਾਡਲ ਦੀ ਧਰਤੀ ਨੂੰ ਵਸਾ ਸਕਦੀ ਹੈ। ਸੰਸਾਰ ਦੇ ਕਿਸੇ ਵੀ ਧਾਰਮਿਕ ਮਹਾਂਪੁਰਖ ਨੇ ਕਦੇ ਵੀ ਕੋਈ ਸ਼ਹਿਰ ਨਹੀਂ ਸੀ ਵਸਾਇਆ। ਪਹਿਲੀ ਵਾਰ ਕਿਸੇ ਰਾਜ ਸੱਤਾ ਵਿਚ ਇੱਕ ਧਾਰਮਿਕ ਗੁਰੂ ਨੇ ਪੂਰੀ ਤਰ੍ਹਾਂ ਸੁਤੰਤਰ ਸਮਾਜ ਹਿਤ ਇੱਕ ਸੁਤੰਤਰ ਸ਼ਹਿਰ ਦੀ ਸਥਾਪਨਾ ਕੀਤੀ ਹੋਵੇ ।
16. ਨਾਨਕਸ਼ਾਹੀ ਰਾਜ ਪ੍ਰਣਾਲੀ ਦੇ ਸੰਸਥਾਪਕ
ਗੁਰੂ ਨਾਨਕ ਸਾਹਿਬ ਵਿਸ਼ਵ ਦੇ ਪਹਿਲੇ ਸ਼ਾਂਤਮਈ ਲੋਕਤੰਤਰੀ ਅਤੇ ਮਨੁੱਖੀ ਅਧਿਕਾਰਾਂ ਦੇ ਕ੍ਰਾਂਤੀਕਾਰੀ ਰਾਜਨੀਤੱਗ ਨੀਤੀਵਾਨ ਸਨ। ਉਨ੍ਹਾਂ ਨੇ ਸੰਸਾਰ ਵਿਚ ਪਹਿਲੀ ਵਾਰ 15ਵੀ ਸ਼ਤਾਬਦੀ ਵਿਚ ਨਿਰੰਕੁਸ਼ ਰਾਜ ਸ਼ਾਹੀ ਦਾ ਸ਼ਾਂਤਮਈ ਰਾਜਨੀਤਕ ਵਿਰੋਧ ਕੀਤਾ ਅਤੇ ਇਸ ਰਾਜਨੀਤਕ ਬਗ਼ਾਵਤ ਦੇ ਜੁਰਮ ਵਿਚ ਉਨ੍ਹਾਂ ਨੂੰ ਮੁਗ਼ਲ ਸਮਰਾਟ ਬਾਬਰ ਨੇ ਕੈਦ ਦੀ ਸਜਾ ਵੀ ਸੁਣਾਈ। ਗੁਰੂ ਨਾਨਕ ਸਾਹਿਬ ਮਨੁੱਖੀ ਅਧਿਕਾਰਾਂ ਦੇ ਅਤੇ ਭਾਰਤੀ ਉਪ ਮਹਾਂਦੀਪ ਵਿਚ ਵਿਦੇਸ਼ੀ ਰਾਜ ਸਮਰਾਟ ਦਾ ਵਿਰੋਧ ਕਰਨ ਵਾਲੇ ਅਤੇ ਆਪਣੇ ਲੋਕਾਂ ਦੇ ਸਵੈ ਰਾਜ ਦੀ ਮੰਗ ਕਰਨ ਵਾਲੇ ਪਹਿਲੇ ਸੁਤੰਤਰਤਾ ਘੁਲਾਟੀਏ ਹਨ । ਜਿਨ੍ਹਾਂ ਨੇ ਭਾਰਤ ਦੇ ‘ਗ਼ੁਲਾਮ’ ਲੋਕਾਂ ਨੂੰ ਆਜ਼ਾਦ ਹੋਣ ਲਈ ਸੰਘਰਸ਼ ਅਰੰਭਿਆ ਅਤੇ ਹਕੂਮਤ ਦੀ ਜੇਲ੍ਹ ਵਿਚ ਬਤੌਰ ਬਾ ਮਸ਼ੱਕਤ ਕੈਦੀ, ਐਮਨਾਬਾਦ ਦੀ ਜੇਲ੍ਹ ਵਿਚ ਕੈਦ ਰਹੇ। ਜਿਸ ਨੇ ਸਮਾਜ ਵਿਚ ਸਵੈ ਰਾਜ ਲੈਣ ਲਈ ਆਜ਼ਾਦ ਹੋਣ ਦੀ ਚੇਤਨਾ ਪੈਦਾ ਕੀਤੀ। ਗੁਰੂ ਨਾਨਕ ਨੇ ਮਨੁੱਖੀ ਸੁਤੰਤਰਤਾ ਅਤੇ ਇਸ ਉਪਮਾਹਦੀਪ ਦੀ ਆਜ਼ਾਦੀ ਦਾ ਸੰਘਰਸ਼ 15ਵੀ ਸ਼ਤਾਬਦੀ ਵਿਚ ਹੀ ਆਰੰਭ ਕਰ ਦਿੱਤਾ ਸੀ।
17. ਹਰ ਤਰ੍ਹਾਂ ਦੇ ਲੋਕ ਵਿਰੋਧੀ ਤੇ ਭ੍ਰਿਸ਼ਟ ਸਤਾ ਦੇ ਖ਼ਾਤਮੇ ਦੇ ‘ਤਖ਼ਤ ਪਲਟੇ’ ਦਾ ਆਰੰਭ
ਗੁਰੂ ਨਾਨਕ ਦੀ ਸਿੱਖਿਆ ਬੁਰੇ ਨੂੰ ਬੁਰਾ ਕਹਿਣ ਲਈ ਮਨੁੱਖ ਨੂੰ ਚੁੱਪ ਨਾ ਰਹਿਣ ਦੀ ਪ੍ਰੇਰਨਾ ਹੀ ਨਹੀਂ ਦਿੰਦੀ ਸਗੋਂ ਇਹ “ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍ ਬੈਠੇ ਸੁਤੇ ॥ ਚਾਕਰ ਨਹਦਾ ਪਾਇਨ੍ਰਿ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ ਜਿਥੈ ਜੀਆਂ ਹੋਸੀ ਸਾਰ ॥ ਨਕੀ ਵਢੀ ਲਾਇਤਬਾਰ ॥2॥”
“ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥” ਹਿਤ ਵੰਗਾਰਦੀ ਹੈ ‘ਦੜ ਵੱਟ ਜ਼ਮਾਨਾ ਕੱਟ ਹੱਛੇ ਦਿਨ ਆਉਣਗੇ ਅਤੇ ਇੱਕ ਚੁੱਪ ਸੌ ਸੁੱਖ’ ਦੀ ਮੱਕਾਰੀ ਨੂੰ ਨਿੰਦਦੀ ਹੈ। ਗੁਰੂ ਨਾਨਕ ਸਾਹਿਬ ਜੀ ਆਪਣੇ ਸਿੱਖ ਨੂੰ ‘ਐਕਟਿਵਿਜ਼ਮ’ ਲਈ ਪ੍ਰੇਰਦੇ ਤੇ ਕ੍ਰਾਂਤੀਕਾਰੀ ਵਿਜ਼ਨ ਵਿਚ ਵਿਚਰਨ ਲਈ ਸੰਦੇਸ਼ ਦਿੰਦੇ ਹਨ ਕਿ “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥”ਅੰਕ 1412
18. ਗੁਰਦੁਆਰੇ ਦਾ ਸੰਕਲਪ
15ਵੀ ਸ਼ਤਾਬਦੀ ਵਿਚ ਹੀ, ਇੰਜ ਆਪਣੀ ਸਭ ਬੰਧਨਾਂ ਤੋਂ ਮੁਕਤ ਬੇਖ਼ੌਫ ਸਿੱਖ ਸੰਗਤ ਲਈ ਐਮਨਾਬਾਦ ਵਿਚ ਭਾਈ ਲਾਲੋ ਜੀ ਦੇ ਘਰੇ; ਸੰਸਾਰ ਦਾ ਸਭ ਤੋਂ ਪਹਿਲਾ ਗੁਰਦੁਆਰਾ ਅਤੇ ਗੁਰਦੁਆਰੇ ਦਾ ਸੰਕਲਪ ਇੰਜ ਸਥਾਪਿਤ ਕੀਤਾ ਹੈ : “ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥ ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ ॥ ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥38॥”ਅੰਕ922
ਸਤਿਗੁਰੂ ਨਾਨਕ ਜੀ ਨੇ ਸਿੱਖੀ ਦੇ ਗੁਰਮਤਿ ਸਿਧਾਂਤ ਨੂੰ ਹਕੀਕੀ ਤੌਰ ਤੇ ਲਾਗੂ ਕਰਨ ਵਾਲਾ ਕੇਂਦਰੀ ਸਥਾਨ ਅਤੇ ਕੇਂਦਰੀ ਧੁਰਾ ਖੜ੍ਹਾ ਕਰ ਕੇ, ਧਰਮ ਸਥਾਨ ਦਾ ਸੰਕਲਪ ਹੀ ਬਦਲ ਦਿੱਤਾ। 15ਵੀ ਸ਼ਤਾਬਦੀ ਵਿਚ ਹੀ ‘ਧਰਮ ਸਥਾਨ’ ਗੁਰਦੁਆਰੇ ਨੂੰ ਹਮੇਸ਼ਾ ਲਈ ਨਾਨਕਸ਼ਾਹੀ ਸਭਿਅਤਾ ਦੇ ਰੋਲ ਮਾਡਲ ਨੂੰ ਪ੍ਰਗਟਾਉਣ ਵਾਲੇ ਕ੍ਰਾਂਤੀ ਜਨਕ ਬਣਨ ਦੀ ਭੂਮਿਕਾ ਵਿਚ ਸਥਾਪਿਤ ਕਰ ਦਿੱਤਾ। “ਗੁਰੂ ਦੁਆਰੈ ਆਖਿ ਸੁਣਾਏ॥” ਕੀ ? ਸੱਚ ਤੇ ਕੇਵਲ ਅਤੇ ਕੋਰਾ ਸੱਚ। ਦੇ ਸਿਧਾਂਤ ਅਧੀਨ “ਗੁਰੂ ਦੁਆਰੈ ਹੋਇ ਸੋਝੀ ਪਾਇਸੀ॥” ਕਿਹੜੀ ਸੋਝੀ ? ਗੁਰਮਤਿ ਦੇ ਬਿਬੇਕ ਦੀ । ਨਾਨਕਸ਼ਾਹੀ ਬੌਧਿਕਤਾ ਦੇ ਹੁਕਮ ਨੂੰ ਸਾਕਾਰ ਕਰਨ ਲਈ “ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ॥” ਦੀ ਵਿਵਹਾਰਕਤਾ ਤੇ ਜੀਵਨ ਜਾਂਚ ਅਪਣਾਉਣ ਤੇ ਅਮਲ ਵਿਚ ਲਿਆਉਣ ਦੀ ਵਿੱਦਿਅਕ ਪਰੰਪਰਾ ਦੇ ਅਮਲੀ ਵਿਵਹਾਰ ਵਿਚ ਹਰ ਗੁਰਦੁਆਰੇ ਲਈ ਗੁਰੂ ਨਾਨਕ ਦੇ ਇਸ ਹੁਕਮ ਨੂੰ ਆਪਣੇ ਉੱਪਰ ਫ਼ਰਜ਼ ਜਾਣ ਕੇ ਅਮਲ ਕਰਨਾ ਲਾਜ਼ਮੀ ਹੈ। ਜਿਸ ਗੁਰਦੁਆਰੇ ਵਿਚ ਨਾਨਕ ਦੇ ਸਿੱਖ ਲਈ ਅਜਿਹੀ ਕਿਰਦਾਰੀ ਤੇ ਸਰਦਾਰੀ ਘੜਨ ਲਈ ‘ਵਰਕਸ਼ਾਪ’ ਅਤੇ ਮਾਹਿਰ ਅਧਿਆਪਕ ਨਹੀਂ ਹਨ ਫਿਰ ਉਹ ਗੁਰੂ ਨਾਨਕ ਦੀ ਸੰਗਤ ਦੇਣ ਤੇ ਕਰਨ ਵਾਲਾ ਗੁਰਦੁਆਰਾ ਹੋ ਹੀ ਨਹੀਂ ਸਕਦਾ। ਜਿਹੜਾ ਗੁਰਦੁਆਰਾ ਇੰਜ ਦੇ ਪ੍ਰਬੰਧ ਨਹੀਂ ਕਰਦਾ ਤਾਂ ਫਿਰ ਉਹ ਗੁਰੂ ਨਾਨਕ ਦਾ ਗੁਰਦੁਆਰਾ ਨਾ ਹੋ ਕੇ ਇੱਕ ਧਰਮ ਦਾ ਸ਼ੋਸ਼ਣ ਕਾਰੀ ਪੈਸੇ ਕਮਾਉਣ ਵਾਲਾ ਡੇਰਾ ਜਾਂ ਬਿਜ਼ਨਸ ਬਣ ਕੇ ਰਹਿ ਜਾਂਦਾ ਹੈ। ਲੁਕਾਈ ਨੂੰ “ਅਜਰੁ ਜਰੈ ਤ ਨਉ ਕੁਲ ਬੰਧੁ ॥ ਪੂਜੈ ਪ੍ਰਾਣ ਹੋਵੈ ਥਿਰੁ ਕੰਧੁ ॥ ਕਹਾਂ ਤੇ ਆਇਆ ਕਹਾਂ ਏਹੁ ਜਾਣੁ ॥ ਜੀਵਤ ਮਰਤ ਰਹੈ ਪਰਵਾਣੁ ॥” ਦਾ ਸਬਕ ਦੇ ਕੇ ਸਾਂਝੀਵਾਲਤਾ, ਬਰਾਬਰਤਾ, ਸਰਬੱਤ ਦੇ ਭਲੇ ਦਾ ਅਤੇ ਦਸਾਂ ਨੋਂਹਾਂ ਦੀ ਕ੍ਰਿਤ ਦਾ ਸਿਧਾਂਤ ਲਾਗੂ ਕਰ ਕੇ ਦਿੱਤਾ। ਸਿੱਖ ਗੁਰਦੁਆਰਾ ਸੰਸਾਰ ਭਰ ਵਿਚ ਗੁਰੂ ਨਾਨਕ ਦੇ ਦਿੱਤੇ ਇਸ ਸੰਕਲਪ ਹਿਤ ਨਾਨਕਸ਼ਾਹੀ ਸਭਿਅਤਾ ਨੂੰ ਆਪਣੇ ਦਾਇਰੇ ਅਤੇ ਸੰਗਤ ਵਿਚ ਸਿੱਖ ਸਭਿਆਚਾਰ ਅਧੀਨ ਰਾਜਨੀਤਕ, ਸਮਾਜਿਕ, ਆਰਥਿਕ ਪ੍ਰਣਾਲੀ ਦੀ ਗੁਰਮਤਿ ਸੋਚ ਨੂੰ ਫੈਲਾਉਣ, ਅਪਣਾਉਣ ਅਤੇ ਲਾਗੂ ਕਰਨ ਵਾਲਾ ਕੇਂਦਰ ਬਣਾਇਆ ਹੈ। ‘ਮਲਕ ਭਾਗੋਆਂ ਦੀ ਚੌਧਰ’ ਹੰਢਾਉਣ ਦਾ ਤਖ਼ਤ ਨਹੀਂ। ਗੁਰੂ ਨਾਨਕ ਨੇ ਮਾਲਾ ਦੇ ਮਣਕੇ ਫੇਰਨ ਜਿਹੇ ਸਾਧੂਆਂ ਤੇ ਪਾਖੰਡੀ ਮਨੁੱਖਾਂ ਲਈ ਧਰਮ ਸਥਾਨ ਤੇ ਕਾਬਜ਼ ਹੋਣ ਤੇ ਪਾਬੰਦੀ ਲਗਾਈ ਹੈ । ਉਨ੍ਹਾਂ ਦੀ ਸ਼ਨਾਖ਼ਤ ਵੀ ਕੀਤੀ ਹੈ “ਖਟੁ ਕਰਮਾ ਅਰੁ ਆਸਣੁ ਧੋਤੀ॥ ਭਾਗਠਿ ਗ੍ਰਿਹਿ ਪੜੈ ਨਿਤ ਪੋਥੀ॥ ਮਾਲਾ ਫੇਰੈ ਮੰਗੈ ਬਿਭੂਤ॥ ਇਹ ਬਿਧਿ ਕੋਇ ਨ ਤਰਿਓ ਮੀਤ॥3॥”ਅੰਕ888 ਅਤੇ ਹੋਰ ਧਰਮ ਦੇ ਨਾਮ ਤੇ ਹੋਰ ਕਰਮ ਅਤੇ ਪਾਖੰਡ ਕਰਨ ਨੂੰ ਸਿੱਖ ਧਰਮ ਵਿਚ ਵਿਵਰਜਿਤ ਕਰਮ ਕਿਹਾ ਹੈ “”ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ॥”ਅੰਕ1158 ਅਤੇ “ਗਲਿ ਮਾਲਾ ਤਿਲਕ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥ ਜੇ ਜਾਨਸਿ ਬ੍ਰਹਮੰ ਕਰਮੰ॥ ਸਭ ਫੋਕਟ ਨਿਸਚੈ ਕਰਮੰ॥” ਇੰਜ ਗੁਰਦੁਆਰੇ ਵਿਚ ਅਨਮਤੀਆਂ ਦੇ ਫੋਕਟ ਕਰਮ ਪਾਖੰਡ ਕਰਨ ਦਾ ਵੀ ਨਿਸ਼ੇਧ ਕਰ ਦਿੱਤਾ ਹੈ: “ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥”ਅੰਕ747
ਗੁਰਦੁਆਰੇ ਦਾ ਨਿੱਤਨੇਮ ਸੰਗਤੀ ਨਿੱਤਨੇਮ ਨਿਰਧਾਰਿਤ ਕੀਤਾ ਜੋ ਸ਼ਖ਼ਸੀ ਨਿੱਤਨੇਮ ਤੋਂ ਵੱਖਰਾ ਹੈ। ਇਹ ‘ਸੁਖਮਨੀ’ ਨਾਂਹ ਹੋ ਕੇ ਗੁਰੂ ਪਾਤਸ਼ਾਹ ਜੀ ਵੱਲੋਂ ਸੰਗਤੀ ਨਿੱਤਨੇਮ “ਆਸਾ ਦੀ ਵਾਰ” ਨਿਰਧਾਰਿਤ ਹੈ । “ਸਿੱਖ ਰਹਿਤ ਮਰਿਆਦਾ” ਵਿਚ ਸ਼ਖ਼ਸੀ ਅਤੇ ਪੰਥਕ ਨਿੱਤਨੇਮ ਦੀ ਹੈਡਿੰਗ ‘ਗੁਰਦੁਆਰਾ’ ਅਧੀਨ, ਗੁਰਦੁਆਰੇ ਦਾ ਅਨੁਸ਼ਾਸਨ ਅਤੇ ਮਰਿਆਦਾ ਨੂੰ ਨਿਰਧਾਰਿਤ ਕੀਤਾ ਗਿਆ ਹੈ। ਜਿਸ ਨੂੰ ਸ਼ਾਇਦ ਹੀ ਕਿਸੇ ਪ੍ਰਬੰਧਕ ਜਾਂ ਮੈਂਬਰ ਨੇ ਪੜ੍ਹਿਆ ਹੋਵੇ।
ਗੁਰਦੁਆਰੇ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਆਦੇਸ਼, ਆਪਣੀ ਮਰਜ਼ੀ, ਆਪਣੇ ਹੱਥੀ ਅਤੇ ਆਪ ਖ਼ੁਦ ਇਸ ਦੇ ਕੰਮਾਂ ਨੂੰ ਨਿਰਧਾਰਿਤ ਕਰਦੇ ਹੋਏ, ਨਾਨਕਸ਼ਾਹੀ ਸਭਿਅਤਾ ਦੀ ਧਰਮਸਾਲ ਤੇ ਮਨੁੱਖ ਘੜਨ ਦੀ ਟਕਸਾਲ ਬਣਾਇਆ ਹੈ। ਜਿਸ ਟਕਸਾਲ ਵਿਚ ਪਹੁੰਚ ਕੇ ਮਨੁੱਖਤਾ ਨੇ ਖ਼ਾਲਸਤਾਈਤਾ ਨੂੰ ਹਾਸਲ ਕਰਨ ਲਈ ਆਪਣਾ ਨਿੱਤ ਕਰਮ ਇੰਜ ਸੋਧਣਾ ਹੈ- ਸੂਹੀ ਮਹਲਾ 1 ॥ ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ॥”ਅੰਕ730 ਇਸ ਨੂੰ ਕਿਸੇ ਵੀ ਸੰਸਥਾ ਜਾਂ ਪ੍ਰਧਾਨ ਜਾਂ ਧੜੇ ਨੂੰ ਬਦਲਣ ਦਾ ਜਾਂ ਅੱਡ ਮਰਿਆਦਾ ਘੜਨ ਦਾ ਕੋਈ ਹੱਕ ਗੁਰੂ ਨਾਨਕ ਨੇ ਨਹੀਂ ਦਿੱਤਾ ਹੈ।
19. ਸਿੱਖ ਸਭਿਅਤਾ ਵਿਚ ਗੁਰਤਾ ਦਾ ਸੰਕਲਪ
ਗੁਰੂ ਨਾਨਕ ਸਾਹਿਬ ਜੀ ਆਪ ਮਨੁੱਖਤਾ ਨੂੰ ਸਪਸ਼ਟ ਗੁਰਿਆਈ ਦਾ ਸਿਧਾਂਤ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਅਕਾਲ ਵੰਸ਼ਜ ਮਨੁੱਖਤਾ ਦਾ ਗੁਰੂ “ਸ਼ਬਦ” ਹੈ। ਕੋਈ ਵੀ ਦੇਹ ਧਾਰੀ ਮਨੁੱਖ ਕਿਸੇ ਵੀ ਹੋਰ ਮਨੁੱਖ ਦਾ ਗੁਰੂ ਨਹੀਂ ਹੋ ਸਕਦਾ। ਇੰਜ ਮੂਰਤੀ, ਦੇਵੀ ਪੂਜਾ ਅਤੇ ਅਵਤਾਰ ਵਾਦ ਦਾ ਸਪਸ਼ਟ ਖੰਡਨ ਕਰਦੇ ਹੋਏ ਗੁਰੂ ਨਾਨਕ ਸਾਹਿਬ ਸਪਸ਼ਟ ਕਰਦੇ ਹਨ ਕਿ ਉਨ੍ਹਾਂ ਦਾ ਆਪਣਾ ਗੁਰੂ ਵੀ “ਸ਼ਬਦ” ਹੀ ਹੈ। ਗੁਰੂ ਨਾਨਕ ਸਾਹਿਬ ਦਾ ਸਿਧਾਂਤ ਅਤੇ ਹੁਕਮ ਸਿੱਖ ਧਰਮ ਵਿਚ ‘ਅਵਤਾਰ ਅਤੇ ਦੇਵ’ ਵਾਦ ਦਾ ਸਿਰਫ਼ ਖੰਡਨ ਹੀ ਨਹੀਂ ਕਰਦਾ ਸਗੋਂ ਇਨ੍ਹਾਂ ਦੀ ਜੜ੍ਹ ਪੁੱਟਦਾ ਹੈ। ਸਿੱਖ ਧਰਮ ਵਿਚ ਵੀ ਇਸੇ ਹੀ “ਸ਼ਬਦ ਗੁਰੂ” ਦੇ ਸੰਕਲਪ ਨੂੰ ਧਾਰਿਆ ਗਿਆ ਹੈ। “ਸਬਦੁ ਗੁਰੂ ਸੁਰਤਿ ਧੁਨਿ ਚੇਲਾ॥”ਅੰਕ943 ਇਸ ਲਈ ਕਿਸੇ ਵੀ ਮਨੁੱਖੀ ਜੂਨ ਵਿਚਲੇ ਸੰਤ, ਸਾਧ ਨੂੰ ਪੂਜਣ ਅਤੇ ਗੁਰੂ ਮੰਨਣ ਵਾਲਾ ਵਿਅਕਤੀ ਸਿੱਖ ਨਹੀਂ ਹੋ ਸਕਦਾ। ਗੁਰੂ ਇਸ ਪੱਖ ਤੋਂ ਕੋਈ ਨਰਮਾਈ ਨਹੀਂ ਦਿੰਦਾ ਹੈ। ਇਸ ਲਈ ਗੁਰੂ ਸਾਹਿਬ ਜੀ ਦੀਆਂ ਮਨੋਂ ਕਲਪਿਤ ਫ਼ੋਟੋ ਨੂੰ ਗੁਰੂ ਮੰਨ ਕੇ ਪੂਜਣਾ ਜਾਂ ਮੰਨਣਾ, ਸਿੱਖ ਧਰਮ ਵਿਚ ਪੂਰੀ ਤਰ੍ਹਾਂ “ਕੁਰਹਿਤ” ਮੰਨ ਕੇ ਇਸ ਦਾ ਨਿਸ਼ੇਧ ਕਰਦਾ ਹੈ।
ਗੁਰੂ ਦਾ ਆਦੇਸ਼ ਅਤੇ ਉਸ ਉਪਦੇਸ਼ ਤੇ ਅਮਲ ਦਾ ਢੰਗ ਗੁਰੂ ਆਪ ਬੜਾ ਸਪਸ਼ਟ ਸਮਝਾਉਂਦੇ ਹਨ; “ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ॥”ਅੰਕ27 ਅਤੇ “ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ ॥” ਅੰਕ432 ਇਸੇ ਲਈ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਿਰਧਾਰਿਤ ਕਰ ਦਿੱਤਾ ਗਿਆ ਹੈ ਕਿ: “ਸਬਦਿ ਗੁਰੂ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ ॥ ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ ॥”ਅੰਕ228 ਸ਼ਬਦ ਗੁਰੂ ਸਪਸ਼ਟ ਕਰਦਾ ਹੈ ਕਿ ਗੁਰੂ ਨੂੰ ਵਰਨ ਜਾਂ ਜਾਤ ਜਾਂ ਸ਼ਖ਼ਸੀ ਪਹਿਚਾਣ ਵਿਚ ਪਰਿਭਾਸ਼ਿਤ ਕਰਨਾ “ਸ਼ਬਦ ਗੁਰੂ ਦੇ ਸੰਕਲਪ” ਨਾਲ ਗ਼ੱਦਾਰੀ ਕਰਨਾ ਹੈ । ਭਾਈ ਗੁਰਦਾਸ ਜੀ ਨੇ ਸਪਸ਼ਟ ਕਿਹਾ ਹੈ ਕਿ “ਗੁਰ ਮੂਰਤਿ ਗੁਰ ਸਬਦੁ ਹੈ”ਵਾਰ24 ।
20. ਅਕਾਲ ਵੰਸ਼ਜ ਸਿੱਖ ਸਭਿਅਤਾ ਦਾ ਆਰੰਭ
ਜੀਵ ਅਤੇ ਸਰੀਰ ਵਿਗਿਆਨੀ ਗੁਰੂ ਨਾਨਕ ਸਾਹਿਬ ਦਾ ਸਿਧਾਂਤ-ਸੰਕਲਪ-ਨਿਸ਼ਚਾ ਅਤੇ ਧਰਮ ਇਹ ਹੈ ਕਿ : “ਨਿਰਹਾਰੀ ਕੇਸਵ ਨਿਰਵੈਰਾ ॥”ਅੰਕ99 ਅਕਾਲ ਪੁਰਖ ਖ਼ੁਦ ਕੇਸਾਧਾਰੀ ਹੈ, ਉਸ ਨੇ ਆਪਣੀ ਅੰਸ-ਬੰਸ ਮਨੁੱਖ ਨੂੰ ਆਪਣੀ ਸੂਖਮ ਜਿਊਣ-ਸ਼ਕਤੀ “ਰਕਤ-ਬਿੰਦ” ZYGOTE ਤੋਂ EMBRYO (ਜਾਇਗੋਟ ਤੋਂ ਐਮਬਰਾਯੋ) ਦੀ ਉਹ ਮਰਿਆਦਾ ਜਿਸ ਰਾਹੀਂ ਪਿੰਡ ਅਰਥਾਤ “ਦੇਹ ਰੂਪ ਕਾਇਆ ਸਮੇਤ ਕੇਸ” ਅਕਾਲ ਪੁਰਖ ਗਰਭ ਠਹਿਰਨ ਦੇ ਪਹਿਲੇ 14 ਦਿਨਾਂ ਵਿਚ ਹੀ ਆਪਣੀ ਆਦਿ ਸਵੈਭੂੰ ਮੂਰਤ ਦੇ ਰੂਪ ਵਿਚ ਸਥਾਪਤ ਕਰ ਮਨੁੱਖ ਦੀ ਜਿਊਣ ਰਚਨਾ ਕਰ ਦਿੰਦਾ ਹੈ। ਜਿਸ ਕਰ ਕੇ ਸਿੱਖ ਕੁਦਰਤੀ ਸਰੂਪ ਵਿਚ ਹੀ ਬਤੌਰ ਮਨੁੱਖ ਕੇਸਾਧਾਰੀ ਹੈ। ਜਿਸ ਦਾ ਆਧਾਰ ਨਾਮ ਜਪਣਾ ਮਿਥਿਆ ਗਿਆ। ਇਸ ‘ਨਾਮ’ ਦੇ ਸਰੋਤ ਦਾ ਆਧਾਰ “ਜਪੁ” ਬਾਣੀ ਹੈ ਅਤੇ ਇਸ ਦਾ ਵਿਵਹਾਰਿਕ ਆਚਰਨ “ਆਸਾ ਦੀ ਵਾਰ” ਹੈ । ਗੁਰੂ ਨਾਨਕ ਨੇ ਮਾਲਾ ਦੇ ਮਣਕੇ ਫੇਰਨ ਨੂੰ ਪਾਖੰਡ ਕਿਹਾ ਹੈ। ਕਿਰਤ ਕਰਨੀ, ਜਿਸ ਦਾ ਆਧਾਰ ‘ਹੱਕ ਦੀ ਕਮਾਈ’ ਅਤੇ ਵਿਵਹਾਰ ਦਸਾਂ ਨੁਹਾ ਦੀ ਕਾਰ ਹੈ। ਵੰਡ ਛਕਣਾ, ਜਿਸ ਦਾ ਆਧਾਰ ਸਮਾਜਿਕ ਪੱਧਰ ਤੇ ਆਰਥਕ, ਵਿਵਹਾਰਿਕ ਬਰਾਬਰਤਾ ਪੈਦਾ ਕਰਨ ਨਿਮਿਤ ਸਾਧਨਾਂ ਦਾ ਇਸਤੇਮਾਲ ਕਰਨਾ ਹੈ। ਆਪੇ ਲੰਗਰ ਵਿਚ ਦਾਨ ਦੇ ਕੇ ਆਪਣੇ ਹੀ ਦਿੱਤੇ ਦਾਨ ਨੂੰ ਛੱਕ ਜਾਣਾ ਨਹੀਂ ਹੈ।
ਸਿੱਖ ਸਭਿਅਤਾ ਦੀ ਮਨੁੱਖਤਾ ਦੀ ਸਰਬ ਪੱਖੀ ਮਰਿਆਦਾ ਦਾ ਕੇਂਦਰੀ ਧੁਰਾ “ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥”ਅੰਕ304 ਹੈ। ਇਹੋ ਸਿੱਖ ਮਨੁੱਖ ਦਾ ਜੀਵਨ ਜਿਊਣ ਦਾ ਅਮਲੀ ਆਧਾਰ ਅਤੇ ਮਨੋਰਥ ਨੀਅਤ ਕੀਤਾ ਗਿਆ ਹੈ।
21. ਨਵ ਬਦਲ ਸਰੂਪ ਧਾਰਮਿਕ-ਸਮਾਜਿਕ ਕ੍ਰਾਂਤੀ ਦਾ ਆਰੰਭ
ਇਸ ਦਾ ਆਰੰਭ ਗੁਰੂ ਨਾਨਕ ਜੀ ਨੇ ਅਕਾਲ ਵੰਸ਼ਜ ਨਾਨਕਸ਼ਾਹੀ ਸਭਿਅਤਾ ਦੇ ਅੰਦਰ “ਬਰਾਬਰਤਾ, ਸਮਾਨਤਾ” ਦੀ ਸਥਾਪਨਾ ਕਰਦੇ ਹੋਏ “ਜਾਤਿ, ਧਰਮ, ਨਸਲ, ਕਰਮ ਅਤੇ ਰੰਗ” ਭੇਦ ਭਾਵ ਨੂੰ ਮੁਕਾ ਦਿੱਤਾ “ਮਨੁ ਮੁਗਧੌ ਦਾਦਰੁ ਭਗਤਿਹੀਨੁ ॥ ਦਰਿ ਭ੍ਰਸਟ ਸਰਾਪੀ ਨਾਮ ਬੀਨੁ ॥ ਤਾ ਕੈ ਜਾਤਿ ਨ ਪਾਤੀ ਨਾਮ ਲੀਨ ॥”ਅੰਕ 1188 ਮਨੁੱਖਤਾ ਦੇ ਏਕੇ ਦੇ ਸਿਧਾਂਤ ਦੀ ਕਾਇਮੀ ਲਈ ਪ੍ਰਚਲਿਤ ਸਾਰੀਆਂ ਹੀ ਸਮਾਜਿਕ ਅਤੇ ਰਾਜਸੀ ਨਿਯਮਾਂ-ਵਲੀਆਂ, ਕਾਨੂੰਨਾਂ, ਰੀਤੀਆਂ ਅਤੇ ਮਰਿਆਦਾਵਾਂ ਨੂੰ ਤੋੜ ਕੇ ਇੱਕੋ ਝਟਕੇ ਵਿਚ ਉਨ੍ਹਾਂ ਦੀ ਥਾਂ ਤੇ ਆਪਣੀਆਂ ਨਵੀਆਂ ਮਰਿਆਦਾਵਾਂ ਦੀ ਬਹਾਲੀ ਕਰ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਜੀ ਆਪਣੇ ਅੰਕ 1128 ਸਪਸ਼ਟ ਸਮਝਾਇਸ਼ ਦਿੰਦੇ ਹਨ “ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥” ਜਾਤ ਪਾਤ ਅਤੇ ਛੂਤ ਛਾਤ ਵਿਚ ਵੰਡੇ ਅਤੇ ਇਸੇ ਕਰਮ ਕਾਂਡ ਨੂੰ ਧਰਮ ਸਮਝ ਰਹੇ ਉਸ ਵਕਤ ਦੇ ਸਮਾਜ ਵਿਚ ਇਹ ਬੜੀ ਵੱਡੀ ਕ੍ਰਾਂਤੀਕਾਰੀ ਘਟਨਾ ਸੀ ਕਿ ਇੱਕ ਉੱਚੀ ਜਾਤ ਦਾ ਨਾਨਕ, ਨੀਵੀਂ ਜਾਤ ਦੇ ਮੁਸਲਮਾਨ ਨੂੰ ਆਪਣਾ ਸਾਥੀ ਬਣਾ ਕੇ, ਇੱਕ ਹਿੰਦੂ ਸ਼ੂਦਰ ਤਰਖਾਣ ਦੇ ਘਰ ਸੈਦਪੁਰ; ਹੁਣ ਐਮਨਾਬਾਦ ਵਿਖੇ ਪਹਿਲਾਂ ਪੜਾਓ ਕਰੇ ਅਤੇ ਉੱਥੇ ਹੀ ਰਹੇ ਤੇ ਉਸੇ ਦੇ ਘਰ ਇੱਕ ਪੰਗਤ ਵਿਚ ਬੈਠ ਕੇ ਉਨ੍ਹਾਂ ਨਾਲ ਇਕੱਠੇ ਭੋਜਨ ਕਰੇ। ਉਸੇ ਦੇ ਘਰ ਡੇਰੇ ਲਾ ਲਏ । ਉਸੇ ਦੇ ਘਰ ਇੱਕ ਸੰਗਤ ਵਿਚ ਬੈਠ ਕੇ ਉਪਦੇਸ਼ ਦੇਵੇਂ ਤੇ ਉਸ ਨੂੰ ਆਪਣਾ ਸਿੱਖ ਬਣਾ ਕੇ ਨਾਨਕਸ਼ਾਹੀ ਫ਼ਲਸਫ਼ੇ ਦੇ ਕੇਂਦਰ ਦੇ ਰੂਪ ਵਿਚ ਮੰਜੀ ਸਥਾਪਤ ਕਰ ਕੇ ਉਸ ਦਾ ਤੁਰਤ ਹੀ ਉਸ ਨੂੰ ‘ਮੰਜੀਦਾਰ’ ਥਾਪ ਦੇਵੇ। ਇੰਜ ਹਾਕਮ ਜਮਾਤ ਪਠਾਣਾਂ ਅਤੇ ਉਨ੍ਹਾਂ ਦੇ ਹਿੰਦੂ ਅਮੀਰਾਂ ਦਾ ‘ਸਮਾਜਿਕ, ਆਰਥਿਕ, ਰਾਜਸੀ ਰੁਤਬੇ ਵਾਲਾ ਹੱਕ, ਰੋਹਬ ਅਤੇ ਚੌਧਰ’ ਦੇ ਸ਼ਹਿਨਸ਼ਾਹੀ ਗ਼ਲਬੇ ਦਾ ਇੱਕੋ ਝਟਕੇ ਵਿਚ ਅੰਤ ਕਰ ਦਿੱਤਾ। ਮਨੁੱਖਤਾ ਨੂੰ ਭੈ ਮੁਕਤ, ਵੈਰ ਮੁਕਤ ਅਰਥਾਤ ਅਕਾਲ ਵੰਸ਼ਜ “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥” ਬਣਾ ਦਿੱਤਾ।
ਨਾਨਕਸ਼ਾਹੀ ਸਿੱਖ ਸਭਿਅਤਾ ਵਿਚ ਮਾਂ ਦੇ ਗਰਭ ਤੋਂ ਹੀ ਬੱਚੇ ਨਾਲ ਵਾਰਤਾਲਾਪ ਵਿਚ ਗੁਰੂ ਦੀ ਸਿੱਖਿਆ ਦਾ ਪਾਲਨ ਕਰਨ ਦਾ ਅਨੁਸ਼ਾਸਨ ਦ੍ਰਿੜ੍ਹ ਕਰਵਾਇਆ ਜਾਂਦਾ ਹੈ। “ਗੁਰਬਾਣੀ ਬਣੀਐ” ਦਾ ਇਹੋ ਸੰਕਲਪ ਹੈ । ਜਿਸ ਨਿਮਿਤ ਹੀ ਗੁਰੂ ਨਾਨਕ ਜੀ ਆਖ ਰਹੇ ਹਨ “ਸੁਣਿ ਸੁਣਿ ਸਿਖ ਹਮਾਰੀ”….”ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ॥”ਅੰਕ 154
ਸਿੱਖ ਸਭਿਅਤਾ ਦੇ ਸਭਿਆਚਾਰਕ ਅਤੇ ਆਚਰਨ ਦੀ ਮੰਜ਼ਿਲ ਸਪਸ਼ਟ ਨਿਰਧਾਰਿਤ ਕੀਤੀ ਗਈ ਹੈ “ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥”ਅੰਕ444 ਗੁਰੂ ਨੇ ਸਿੱਖ ਲਈ ਮੰਜ਼ਿਲ ਦਾ ਨਿਸ਼ਾਨਾਂ ਮਿੱਥ ਦਿੱਤਾ ਹੈ ਕਿ ਸਿੱਖ ਨੇ ਇਨ-ਬਿਨ ਆਪਣੇ ਗੁਰੂ ਵਰਗਾ ਬਣਨਾ ਹੈ । ਮਨੁੱਖਤਾ ਹਿਤ ਗੁਰੂ ਨਾਨਕ ਨੇ ਸਿੱਖ ਧਰਮ ਘੜਿਆ ਹੀ ਇਸੇ ਨਿਸ਼ਾਨੇ ਲਈ ਹੈ। ਜਿਸ ਵਿਚ ‘ਸ਼ਿਸ਼’ ਦਾ ਕੋਈ ਸੰਕਲਪ ਹੀ ਨਹੀਂ ਹੈ। ਇਸੇ ਲਈ ਹੀ ਗੁਰੂ ਨਾਨਕ ਨੇ ਇਹ ਵੀ ਨਿਰਧਾਰਿਤ ਕਰ ਦਿੱਤਾ ਹੈ ਕਿ “ਮਨੈ ਤਰੈ ਤਾਰੇ ਗੁਰੁ ਸਿਖ॥” ਗੁਰੂ ਨਾਨਕ ਦੇ ਪੈਰਾ ਵਿਚ ਮੱਥਾ ਟੇਕਿਆ ਕੁੱਝ ਨਹੀਂ ਦਿੰਦਾ ਗੁਰੂ ਨਾਨਕ ! ਗੁਰੂ ਨਾਨਕ ਕਹਿੰਦਾ ਹੈ ਕਿ ਜੇ ਕੋਈ ਇਸ ਸਿੱਖਿਆ ਨੂੰ ਮੰਨੇਗਾ ਅਤੇ ਜੀਵਨ ਅਮਲ ਵਿਚ ਅਪਣਾ ਕੇ ਆਪਣੇ ਜੀਵਨ ਨੂੰ ਅਮਲੀ ਤੇ ਵਿਹਾਰਕ ਤੋਰ ਤੇ “ਗੁਰਬਾਣੀ ਬਣੀਐ” ਦੇ ਹੁਕਮ ਵਿਚ ਢਾਲੇਗਾ; ਉਸੇ ਤੇ ਹੀ ਨਾਨਕ ਆਪਣੀ ਕਿਰਪਾ ਕਰੇਗਾ। ਇਸੇ ਲਈ ਤਾਂ ਗੁਰੂ ਨਾਨਕ ਬਾਰ -ਬਾਰ ਹੋਕਾ ਦਿੰਦਾ ਹੈ ਕਿ “ਸੁਣਿ ਸੁਣਿ ਸਿਖ ਹਮਾਰੀ॥” ਕੀ ਸਿੱਖਿਆ ਗ੍ਰਹਿਣ ਕਰੇ “ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ॥”ਅੰਕ154-55 ਇਹ “ਸਕ੍ਰਿਤੁ” ਕੀ ਹੈ ? ਆਪਣੇ ਜੀਵਨ ਨੂੰ ਹੀ ਮਨੁੱਖ “ਗੁਰਬਾਣੀ ਬਣੀਐ” ਵਿਚ ਢਾਲ ਲਵੇ। ਕਿਉਂਕਿ “ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ, ਗੁਰਬਾਣੀ ਬਣੀਐ ॥”
ਇਹ ਕਿਵੇਂ ਬਣਿਆ ਜਾ ਸਕਦਾ ਹੈ ਸਬੰਧੀ ਪਾਠਕ ਜਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 14 ਤੇ “ਰਾਗ ਸਿਰੀਰਾਗੁ ਮਹਲਾ 1 ਘਰੁ 1” ਦੇ ਜਿੱਥੋਂ ਸਿਰੀ ਰਾਗ ਤੋਂ ਗੁਰਬਾਣੀ ਰਾਗਾਂ ਵਿਚ ਆਰੰਭ ਹੁੰਦੀ ਹੈ ਦੇ ਕੁੱਲ 33 ਸ਼ਬਦਾਂ ਦਾ ਗੂੜ੍ਹ ਅਧਿਐਨ ਕਰ ਲਵੇ । ਜਿਸ ਵਿਚ “ਗੁਰਬਾਣੀ ਬਣੀਐ” ਦੀ ਸਮੁੱਚੀ ਨਾਨਕਸ਼ਾਹੀ ਗੁਰਮਤਿ ਸਭਿਅਤਾ ਦਾ ਸਭਿਆਚਾਰ ਅਤੇ ਵਿਸਥਾਰ ਵਿਦਮਾਨ ਹੈ। ਇਸ ਸਭਿਅਤਾ ਦੇ ਸਭਿਆਚਾਰ ਅਤੇ ਵਿਸਥਾਰ ਦਾ ਰਹੱਸ ਮਈ ਸੱਚ ਅਤੇ ਪੱਖ ਇਹ ਹੈ ਕਿ “ਸਿਰੀ ਰਾਗੁ” ਸ਼ਾਮ ਨੂੰ ਮੂੰਹ ਹਨੇਰੇ ਦਾ ਰਾਗ ਹੈ, ਜਿੱਥੋਂ ਸਤਿਗੁਰੂ ਗੁਰਬਾਣੀ ਦਾ ਰਾਗਾਂ ਵਿਚ ਆਰੰਭ ਕਰਦੇ ਹਨ ਤੇ ਅੰਤਲਾ ਰਾਗੁ “ਜੈਜਾਵੰਤੀ” ਹੈ । ਇੰਜ ਸ਼ਬਦ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਾਗੁ ਬਾਣੀ ਦਾ ਆਰੰਭ ਹਨੇਰੇ ਦੇ ਰਾਗੁ “ਸਿਰੀ ਰਾਗੁ” ਤੋਂ ਹੈ ਤੇ ਸਮਾਪਤੀ ਚਾਨਣ ਦੇ ਰਾਗੁ “ਜੈਜਾਵੰਤੀ” ਤੋਂ ਜੋ ਪੋਹ ਫੁਟਾਲੇ ਦਾ ਰਾਗੁ ਹੈ। ਸਤਿਗੁਰੂ ਨਾਨਕ ਦੇ ਨਾਨਕਸ਼ਾਹੀ ਸੰਕਲਪ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਹਨੇਰੇ ਤੋਂ ਚਾਨਣ ਵੱਲ ਮਨੁੱਖਤਾ ਨੂੰ ਲੈ ਕੇ ਜਾਣਾ ਹੈ। ਸ਼ਬਦ ਗੁਰੂ ਮਨੁੱਖ ਨੂੰ ਹਨੇਰੇ ਤੋਂ ਚਾਨਣ ਵੱਲ ਲੈ ਕੇ ਜਾਂਦਾ ਹੈ । ਗੁਰਮਤਿ ਦੀ ਇਹੋ ਪ੍ਰਣਾਲੀ ਹੈ ਤੇ ਇਹੋ ਸੰਕਲਪ।
22. ਗੁਰਬਾਣੀ ਦੀ ਪਦਵੀ ਦਾ ਨਿਰਧਾਰਨ ਜਾਂ ਸਿੱਖ ਸਭਿਅਤਾ ਵਿਚ ਗੁਰਬਾਣੀ ਦਾ ਸਥਾਨ
“ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥”ਅੰਕ360 ਅਤੇ “ਨਿਰਮਲ ਬਾਣੀ ਨਾਦੁ ਵਜਾਵੈ ॥4॥”ਅੰਕ411 ਗੁਰੂ ਨਾਨਕ ਸਾਹਿਬ ਜੀ ਗਉੜੀ ਗੁਆਰੇਰੀ ਮ. 1 ਵਿਚ ਫੁਰਮਾਣ ਕਰਦੇ ਹਨ “ਨਿਰਮਲ ਬਾਣੀ ਭਰਮੁ ਚੁਕਾਇਆ ॥” ਅਤੇ “ਗੁਰਮਤੀ ਨਾਮੁ ਰਿਦੈ ਵਸਾਏ॥ ਸਾਚੀ ਬਾਣੀ ਹਰਿ ਗੁਣ ਗਾਏ ॥4॥”ਅੰਕ221 ਗੁਰਬਾਣੀ ਨੂੰ ਸਿੱਖ ਗੁਰੂ ਸਾਹਿਬਾਨ ਨੇ ਆਪਣੀ ਰਚਨਾ ਨਾ ਕਹਿ ਕੇ ਇਸ ਨੂੰ “ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ ਦਇਆਲ ਪੁਰਖ ਮਿਹਰਵਾਨਾ ॥ ਹਰਿ ਨਾਨਕ ਸਾਚੁ ਵਖਾਨਾ ॥2॥”ਅੰਕ728 ਦੇ ਨਾਲ “ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ”ਅੰਕ514 ਰਾਹੀਂ “ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥”ਅੰਕ515 ਦੇ ਸਿਧਾਂਤ ਵਿਚ ਪਰੋਇਆ ਹੈ। ਇਸ ਲਈ ਆਪ ਜੀ ਵੱਲੋਂ ਉਚਾਰੀ ਧੁਰ ਕੀ ਬਾਣੀ, ਗੁਰਬਾਣੀ ਦਾ ਸੂਖਮ ਅਧਿਐਨ ਹੀ ਸਿੱਖ ਧਰਮ ਦੀ ਅਸਲ ਸੋਝੀ ਪ੍ਰਦਾਨ ਕਰਦਾ ਹੈ। ਕਿਉਂਕਿ “ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ”ਅੰਕ723 ਗੁਰੂ ਨਾਨਕ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੁਲ 974 ਸ਼ਬਦ ਹਨ। ਆਪ ਜੀ ਨੇ ਜਪੁ, ਸਿੱਧ ਗੋਸਟਿ, ਸੋਦਰ, ਸੋਹਿਲਾ, ਆਰਤੀ, ਓਅੰਕਾਰ, ਆਸਾ ਦੀ ਵਾਰ, ਮਲਾਰ ਤੇ ਮਾਝ ਦੀ ਵਾਰ, ਪੱਟੀ ਅਤੇ ਬਾਰਾਂ ਮਾਹ ਤੁਖਾਰੀ ਬਾਣੀ ਦੀ ਰਚਨਾ ਵੀ ਕੀਤੀ ਹੈ। ਆਪਣੇ ਗੁਰੂ ਨਾਨਕ ਨੇ ਆਪਣੇ ਸਿੱਖਾਂ ਨੂੰ ਹੁਕਮ ਇਹੋ ਕੀਤਾ ਹੈ “ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ ॥14॥”ਅੰਕ20
ਗੁਰੂ ਨਾਨਕ ਜੀ ਗੁਰਬਾਣੀ ਦਾ ਨਿਰਧਾਰਨ “ਗੁਰੂ ਸਰੂਪ” ਕਰ ਕੇ ਗਏ ਹਨ। ਇਸ ਲਈ ਸ਼ਬਦ ਸਰੂਪ ਗੁਰਬਾਣੀ ਸਿੱਖਾਂ ਦਾ ਗੁਰੂ ਹੈ ਯਥਾ “ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ॥”ਅੰਕ165 ਅਤੇ “ਸਬਦੁ ਗੁਰੂ ਸੁਰਤਿ ਧੁਨਿ ਚੇਲਾ॥”ਅੰਕ945
ਇਸੇ ਲਈ ਸਿੱਖੀ ਵਿਚ ਕਿਸੇ ਵੀ ਗੁਰੂ ਦੀ ਫ਼ੋਟੋ ਜਾ ਮੂਰਤੀ ਜਾਂ ਛਵੀ ਜਾਂ ਸਰੂਪ ਦਾ ਪਰਛਾਵਾਂ ਤੱਕ ਵੀ ਪਰਵਾਨ ਨਹੀਂ ਹੈ ਕਿਉਂਕਿ “ਗੁਰ ਮੂਰਤਿ ਗੁਰ ਸਬਦੁ ਹੈ॥”ਵਾਰ 24 ਪਦ11 ਭਾਈ ਗੁਰਦਾਸ ਜੀ ਰਾਹੀਂ ਗੁਰਮਤਿ ਦਾ ਨਿਰਧਾਰਨ ਕੀਤਾ ਗਿਆ ਹੈ।
ਨਾਨਕਸ਼ਾਹੀ ਪੈਂਡੇ ਦਾ ਸ਼ਾਹ ਸਵਾਰ ਬਣਨ ਲਈ ਹਰ ਨਾਨਕ ਨਾਮ ਲੇਵੀ ਤੋਂ ਇਹ ਪਹਿਲੀ ਆਸ ਹੈ ਕਿ ਉਹ ਆਪਣੇ ਘਰਾਂ ਅਤੇ ਗੁਰਦੁਆਰਿਆਂ ਵਿਚੋਂ ਗੁਰੂਆਂ ਦੀਆਂ ਸਾਰੀਆਂ ਫ਼ੋਟੋਆਂ ਨੂੰ ਉਤਾਰੇ ਤੇ ਉਨ੍ਹਾਂ ਦਾ ਸਸਕਾਰ ਕਰ ਦੇਵੇ।
23. ਕੀਰਤਨ
“ਹਰਿ ਕੀਰਤਨ ਮਹਿ ਏਹੁ ਮਨੁ ਜਾਗੈ॥”ਅੰਕ199
ਪੁਰਾਤਨ ਲਿਖਤਾਂ ਇਹ ਪ੍ਰਮਾਣਿਤ ਕਰਦੀਆਂ ਹਨ ਕਿ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਜੀ ਤੇ ‘ਧੁਰ ਤੋਂ’ ਸਮੁੱਚੀ ਬਾਣੀ ਦਾ ਅਵਤਰਨ ‘ਰਾਗਾਂ ਵਿਚ ਕੀਰਤਨ’ ਰਾਹੀਂ ਹੀ ਹੋਇਆ ਹੈ। ਗੁਰਬਾਣੀ ਕੀਰਤਨ ਸਿੱਖ ਕਰਮ-ਮਰਿਆਦਾ ਦਾ ਨਿਆਂ-ਧਰਮ ਹੈ। ਕਿਉਂਕਿ ਗੁਰਬਾਣੀ ਦਾ ਇਹੋ ਨਿਰਧਾਰਨ ਹੈ ਕਿ “ਜੋ ਜੋ ਕਥੈ ਸੁਨੈ ਹਰਿ ਕੀਤਰਤਨੁ ਤਾ ਕੀ ਦੁਰਮਤਿ ਨਾਸ॥”ਅੰਕ1300 ਸਤਿਗੁਰੂ ਨਾਨਕ ਜੀ ਨੇ ਇਹ ਸਥਾਪਿਤ ਅਤੇ ਨਿਰਧਾਰਿਤ ਕੀਤਾ ਕਿ ਆਤਮਿਕ, ਸਰੀਰਕ, ਮਾਨਸਿਕ ਅਤੇ ਬੋਧਿਕ ਤੋਰ ਤੇ ਅਕਾਲ ਰੂਪੀ ਤੇ ਅਕਾਲ ਵਾਦੀ; ਸੁਤੰਤਰ ਹੋ ਕੇ ਵਿਚਰਨ ਲਈ ਮਨੁੱਖ ਨੂੰ ਕੀਰਤਨ ਨਾਲ ਜੁੜਨਾ ਲਾਜ਼ਮੀ ਹੈ। ‘ਕੀਰਤਨ’ ਜੀਵ ਮਾਤਰ ਦਾ ‘ਕਰਮ’ ‘ਸ਼੍ਰਮ’ ‘ਧਰਮ’ ‘ਫ਼ਰਜ਼’ ਅਤੇ ‘ਹਿੰਮਤ’ ਹੈ “ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਤਰਤਨੁ ਗਾਏ ਜੀਉ॥”ਅੰਕ131 ਇਸੇ ਲਈ ਹੀ ਆਸਾ ਦੀ ਵਾਰ ਦਾ ਸੰਗਤ ਵਿਚ ਕੀਰਤਨ ਸੁਣਨਾ ਸਿੱਖ ਦੀ ਪੰਥਕ ਰਹਿਣੀ ਦੀ ਮਰਿਆਦਾ ਵਿਚ ਸ਼ਾਮਲ ਹੈ।
ਗੁਰੂ ਨਾਨਕ ਸਾਹਿਬ ਵੱਲੋਂ ਰਾਗ ਆਧਾਰਿਤ ਕੀਰਤਨ ਪਰੰਪਰਾ ਰਾਹੀਂ ਰੱਬੀ ਉਸਤਤ ਅਤੇ ਰੱਬ ਨੂੰ ਮਿਲਣ ਦੇ ਰਾਹ ਤੇ ਪੈਣ ਦੇ ਨਵੇਕਲੇ ਹੀ ਢੰਗ ਨੇ ਸੰਸਾਰ ਨੂੰ ਕਈ ਨਵੇਕਲੇ ਰਾਗ, ਰਾਗਣੀਆਂ ਅਤੇ ਇਨ੍ਹਾਂ ਦੇ ਕਬਿੱਤ ਰੂਪੀ ਅਲੰਕ੍ਰਿਤ ਰੂਪਾਂ ਨਾਲ ਮਹਿਕਦੇ ਅਨੇਕਾਂ ਹੀ ‘ਗੁਲਦਸਤੇ’ ਦਿੱਤੇ ਹਨ। ਗੁਰਮਤਿ ਵਿਚ ਤੰਤੀ ਸਾਜ਼ ਪ੍ਰਵਾਨ ਹਨ ਤੇ ਪਖਾਵਜ ਜੋੜੀ। ਗੁਰੂ ਨਾਨਕ ਦਾ ਸਾਜ਼ “ਰਬਾਬ” ਹੈ ਜੋ ਉਨ੍ਹਾਂ ਨੇ ਰਬਾਬ ਦੇ ਮਾਹਿਰ ਉਸਤਾਦ ਫਿਰੰਦੇ ਤੋਂ ਬਣਵਾਈ ਸੀ। ਮਹਾਨ ਕੋਸ਼ ਅਨੁਸਾਰ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਜੀ ਇਨ੍ਹਾਂ ਪਾਸ ਪਿੰਡ ਭੈਰੋਆਨਾ, ਸੁਲਤਾਨਪੁਰ ਲੋਧੀ ਤੋਂ 16 ਕਿੱਲੋਮੀਟਰ ਤੇ ਤਹਿਸੀਲ ਕਪੂਰਥਲਾ ਰਾਗ ਵਿੱਦਿਆ ਤੇ ਰਬਾਬ ਵਿੱਦਿਆ ਦੀ ਮੁਹਾਰਤ ਹਾਸਲ ਕਰਨ ਲਈ ਆਪ ਛੱਡ ਕੇ ਗਏ ਸਨ। ਤੇ ਫੇਰ ਆਪ ਹੀ ਰਬਾਬ ਲੈਣ ਵੀ ਆਏ ਸਨ।
ਸੰਕਲਪ ਸਪਸ਼ਟ ਹੈ “ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ॥ ਤਿਸੁ ਜਨ ਦੂਖੁ ਨਿਕਟਿ ਨਹੀ ਆਵੈ॥”ਅੰਕ190 ਅਤੇ “ਜਹਾਂ ਕੀਰਤਨੁ ਸਾਧ ਸੰਗਤਿ ਰਸੁ ਤਹ ਸਘਨ ਬਾਸ ਫਲਾਂਨਦ॥”ਅੰਕ1204
24. ਮਹਾਨ ਸੰਗੀਤੱਗ, ਗਾਇਕ ਅਤੇ ਆਵਿਸ਼ਕਾਰਕ
ਭਾਈ ਕਾਨ੍ਹ ਸਿੰਘ ਜੀ ਨਾਭਾ ਅਤੇ ਡਾ. ਗੰਡਾ ਸਿੰਘ ਜੀ ਅਨੁਸਾਰ 6 ਤਾਰੀ ਰਬਾਬ ਦੀ ਆਪਣੇ ਨਵੇਕਲੇ ‘ਸਾਜ਼’ ਦੀ ਕਾਢ ਨਾਲ ਕੀਰਤਨ ਦੀ ਮਰਿਆਦਾ “ਧੁਰ ਕੀ ਬਾਣੀ ਆਈ ਹੈ ਮਰਦਾਨਿਆਂ ਛੇੜ ਰਬਾਬ” ਦੇ ਰੂਪ ਵਿਚ ਸਥਾਪਿਤ ਕੀਤੀ ।
ਆਪ ਜੀ ਦੇ ਸੰਗੀਤੱਗ ਕਿਰਦਾਰ ਅਤੇ ਜੀਵਨ ਆਚਰਨ ਤੋਂ ਹੀ ਸੰਗੀਤਮਈ ਸਿੱਖ ਸਭਿਅਤਾ ਅਤੇ ਸਭਿਆਚਾਰ ਨੇ ਆਕਾਰ ਲਿਆ ਹੈ। ਸੰਗੀਤ ਵਿੱਦਿਆ ਨਾਲੇ ਤੰਤੀ ਸਾਜ਼ ਦੀ ਮੁਹਾਰਤ ਤੋਂ ਬਿਨਾਂ ਸਿੱਖ ਆਪਣੇ ਜੀਵਨ ਵਿਚ ਅਧੂਰਾ ਹੈ ਕਿਉਂਕਿ ਉਹ ਆਪਣੇ ਗੁਰੂ ਨਾਲ ਕੀਰਤਨ ਗਾਇਣ ਦੀ ਪਰੰਪਰਾ ਵਿਚ ਸੰਗਤ ਨਹੀਂ ਕਰ ਪਾਉਂਦਾ ਹੈ। ਸ੍ਰਿਸ਼ਟੀ ਦੇ ਹਰ ਖੇਤਰ ਵਿਚ, ਹਰ ਖੇਤਰ ਦੇ ਹਰ ਇੱਕ ਪੱਖ ਲਈ ਅਤੇ ਇਨ੍ਹਾਂ ਅੱਡੋ ਅੱਡ ਪੱਖਾਂ ਵਿਚਲੀਆਂ ਬੇਸ਼ੁਮਾਰ ਤੰਦਾਂ ਦੀ ਮੌਲਿਕ ਪਹਿਚਾਣ ਲਈ ਗੁਰੂ ਨਾਨਕ ਦਰਸ਼ਨ ਆਪਣੀ ਹੀ ਵਿਧਾ ਅਤੇ ਖ਼ਿਆਲ ਪੇਸ਼ ਕਰਦਾ ਹੈ। ਜਿਸ ਵਿਚ ਨਾਨਕਸ਼ਾਹੀ ਮੌਲਿਕਤਾ ਨਾਲ ਸੰਗੀਤੱਗ ਸਿੱਖ ਚਿੰਤਨ ਉੱਭਰ ਕੇ ਸਾਹਮਣੇ ਆਉਂਦਾ ਹੈ। ਜੋ ਧੁੰਨ, ਲੈਅ, ਸੁਰ, ਰਾਗ ਦੇ ਉਲਾਰ ਨਾਲ ਅੱਠੋਂ ਪਹਿਰ ਧੁਣਕਾਰ ਦੀ ੴ ਵਿਚ ਆਪਣੀ ਨਾਨਕੀ ਨਾਦ ਨੂੰ ਸ੍ਰਿਸ਼ਟੀ ਤੇ ਬਿਖੇਰਦਾ ਤੇ ਮੋਹਿਤ ਕਰਦਾ ਰਹਿੰਦਾ ਹੈ।
25. ਗੁਰਮੁਖ ਦੇ ਤੋਰ ਤੇ ਮਨੁੱਖ ਦਾ ਨਾਗਰੀ ਕਰਨ
“ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ॥”ਅੰਕ42
ਸਤਿਗੁਰੂ ਨਾਨਕ ਜੀ ਮਨੁੱਖ ਨੂੰ ਬਤੌਰ ‘ਗੁਰਮੁਖ’ ਸਥਾਪਿਤ ਕਰਦੇ ਹਨ। ਇੰਜ ਸਦੀਆਂ ਤੋਂ ਸ਼ੋਸ਼ਿਤ ਹੁੰਦਾ ਆ ਰਿਹਾ ਮਨੁੱਖ ਆਪਣੀ ਮੌਲਿਕਤਾ ਨਾਲ ਜੁੜ ਕੇ ਅਕਾਲ ਵੰਸ਼ਜ ਗੁਰਮੁਖ ਬਣਦਾ ਹੈ ।
ਗੁਰਮੁਖ ਕੋਣ ਹੁੰਦਾ ਹੈ : “ਨਾਨਕ ਗੁਰਮੁਖਿ ਸਬਦਿ ਪਛਾਣੈ ਅਹਿਨਿਸਿ ਨਾਮੁ ਧਿਆਈਐ॥” 437 ਗੁਰੂ ਨਾਨਕ ਦੀ ਸਿੱਖ ਸਭਿਅਤਾ ਦੇ ਨਾਗਰਿਕ ਗੁਰਮੁਖ ਦੀ ਨਾਗਰਿਕਤਾ ਅਕਾਲਵੰਸੀ ਹੈ। ਇਸੇ ਲਈ ਗੁਰੂ ਨਾਨਕ ਸ੍ਰਿਸ਼ਟੀ ਦੇ ਮਨੁੱਖਾਂ ਨੂੰ ਗੁਰਮੁਖ ਬਣਾ ਕੇ ਉਨ੍ਹਾਂ ਦਾ ਆਪਸੀ ਪਿਆਰ ਤੇ ਭਾਈਚਾਰਾ ਏਕੇ ਦੇ ਆਧਾਰ ਤੇ ਖੜ੍ਹਾ ਕਰਦਾ ਹੈ “ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ॥”ਅੰਕ1421 ਸ੍ਰਿਸ਼ਟੀ ਵਿਚ ਕੁਦਰਤੀ ਤੌਰ ਤੇ ਹੀ “ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ॥ ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ॥”ਅੰਕ301
ਨਾਗਰਿਕਤਾ ਦਾ ਗੁਰਮੁਖ ਸੰਕਲਪ ਸੰਸਾਰ ਵਿਚ 15ਵੀ ਸਦੀ ਵਿਚ ਗੁਰੂ ਨਾਨਕ ਨੇ ਦੇ ਕੇ ਇਸ ਨੂੰ ਨਾਨਕਸ਼ਾਹੀ ਸਭਿਅਤਾ ਦਾ ਆਧਾਰ ਬਣਾਇਆ “ਗੁਰਮੁਖਿ ਬੀਜੇ ਸਚੁ ਜਮੈ ਸਚੁ ਨਾਮੁ ਵਾਪਾਰੁ॥ ਜੋ ਇਤੁ ਲਾਹੈ ਲਾਇਅਨੁ ਭਗਤੀ ਦੇਇ ਭੰਡਾਰ॥”ਅੰਕ428
ਸਤਿਗੁਰੂ ਨਾਨਕ ਜੀ ਦਾ ਇਹ ਗੁਰਮੁਖ ਨਾਗਰਿਕ ਇੱਕ ਅਕਾਲ ੴ ਨੂੰ ਮੰਨਣ ਵਾਲਾ ਹੈ। ਜੋ ਜਾਤ, ਵਰਨ, ਧਰਮ, ਵੰਸ਼, ਰੰਗ, ਲਿੰਗ ਭੇਦ, ਪੁਜਾਰੀ ਵਾਦ, ਦੇਹਧਾਰੀ ਗੁਰੂਡੰਮ, ਮੂਰਤੀ ਪੂਜਾ, ਨੂੰ ਉੱਕਾ ਹੀ ਨਹੀਂ ਮੰਨਦਾ। ਇਸਤਰੀ ਨੂੰ ਬਰਾਬਰਤਾ ਤੇ ਰੱਖਦਾ ਹੈ। ਵਿਤਕਰੇ ਤੇ ਭੇਦ ਭਾਵ ਤੋਂ ਪਰੇ ਹੈ।
ਇੰਜ ਨਾਨਕਸ਼ਾਹੀ ਪ੍ਰਣਾਲੀ ਵਿਚ ਮਨੁੱਖਤਾ ਦਾ ਵਰਗੀ ਕਰਨ ਉਸ ਦੇ ਆਪਣੇ ਅੰਤਰੀਵ ਵਿਸ਼ਵਾਸ ਤੋਂ ਗੁਰਮੁਖ ਅਰਥਾਤ ਜੋ ਸ਼ਬਦ ਗੁਰੂ ਦੀ ਗੱਲ ਤੇ ਹੁਕਮ ਨੂੰ ਮੰਨਦੇ ਹਨ; ਤੇ ਮਨਮੁਖ ਅਰਥਾਤ ਜੋ ਆਪਣੇ ਮਨ ਦੀ ਮਰਜ਼ੀ ਅਨੁਸਾਰ ਹਉਮੈਂ ਵਿਚ ਚੱਲਦੇ ਹਨ।
26. ਮਨੋਵਿਗਿਆਨੀ
ਸਮਾਜਿਕ ਬਣਤਰ ਵਿਚ ਗੁਰਮੁਖ ਅਤੇ ਮਨਮੁਖ ਦੋ ਧਿਰੀਂ ਮਾਨਵੀ ਸੁਭਾ ਦਾ ਸੂਖਮ ਗਿਆਨ ਗੁਰੂ ਨਾਨਕ ਸਾਹਿਬ ਜੀ ਇੰਜ ਸਮਝਾਉਂਦੇ ਹਨ ਕਿ “ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥”ਅੰਕ20 ਗੁਰੂ ਸਾਹਿਬ ਸਮਾਜ ਦੇ ਪ੍ਰਾਣੀਆਂ ਦਾ ਵਰਗੀਕਰਨ ਜਾਤ-ਪਾਤ ਜਾਂ ਧਰਮ, ਨਸਲ, ਰੰਗ ਦੇ ਆਧਾਰ ਤੇ ਨਾ ਕਰਦੇ ਹੋਏ ਗੁਰੂ ਸਾਹਿਬ ਮਨੁੱਖ ਨੂੰ ਗੁਰਮੁਖ ਅਤੇ ਮਨਮੁਖ ਦੇ ਤੌਰ ਤੇ ਲੈਂਦੇ ਹਨ। ਗੁਰਮੁਖ ਉਹ ਹਨ ਜੋ “ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ” ਅਤੇ “ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ”ਅੰਕ17 “ਗੁਰਮੁਖਿ ਹੋਇ ਸੁ ਹੁਕਮੁ ਪਛਾਣੈ ਮਾਨੈ ਹੁਕਮੁ ਸਮਾਇਦਾ”।
ਮਨਮੁਖ ਸਬੰਧੀ ਗੁਰੂ ਸਾਹਿਬ ਇੰਜ ਸੁਚੇਤ ਕਰਦੇ ਹਨ “ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ”ਅੰਕ143 । “ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ”ਅੰਕ414 । “ਮਨਮੁਖ ਕੀ ਮਤਿ ਕੂੜਿ ਵਿਆਪੀ”ਅੰਕ356 ਅਤੇ “ਅਪਤੁ ਪਸੂ ਮਨਮੁਖੁ ਬੇਤਾਲਾ”1029 । ਗੁਰੂ ਸਾਹਿਬ ਇਹ ਨਿਰਨਾ ਕਰਦੇ ਹਨ ਕਿ “ਜਿਨ ਕਉ ਤਖਤਿ ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ”ਅੰਕ1172 ਅਤੇ “ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਂਹੀ”ਅੰਕ142॥
ਇਹ ਤਾਂ ਸਤਿਗੁਰੂ ਜੀ ਦੀ ਆਪਣੇ ਨਾਗਰਿਕ ਵਰਗੀਕਰਨ ਵਿਚਲੇ ਨਾਗਰਿਕਾਂ ਦੀ ਮਨੋਵਿਗਿਆਨਿਕਤਾ ਅਤੇ ਮਨੋਬਿਰਤੀ ਦਾ ਖ਼ਲਾਸਾ ਹੈ। ਗੁਰੂ ਨਾਨਕ ਸਮਾਜਿਕ, ਰਾਜਨੀਤਕ, ਆਰਥਿਕ, ਵਿੱਦਿਅਕ, ਪਰਿਵਾਰਕ, ਰਾਜ, ਪ੍ਰਸ਼ਾਸਨ ਅਤੇ ਸਤਾ ਸਭ ਕਾਸੇ ਦੇ ਖ਼ਾਸੇ ਦੀ ਮਨੋਦਸ਼ਾ ਦਾ ਬਹੁਤ ਹੀ ਬਰੀਕ ਚਿਤਰਨ ਗੁਰਬਾਣੀ ਰਾਹੀਂ ਪੇਸ਼ ਕਰਦੇ ਹਨ । ਉਦਾਹਰਨ ਦੇ ਤੋਰ ਤੇ ਵੇਖੋ:
“ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥ ਪਰ ਨਿੰਦਾ ਪਰ ਮਲੁ ਮੁਖਿ ਸੁਧੀ ਅਗਨਿ ਕ੍ਰੋਧ ਚੰਡਾਲੁ॥ ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ॥”ਅੰਕ15
ਪ੍ਰੋ. ਸਾਹਿਬ ਸਿੰਘ ਜੀ ਗੁਰੂ ਗ੍ਰੰਥ ਦਰਪਣ ਵਿਚ ਇਸ ਦੇ ਜੋ ਅਰਥ ਦਿੰਦੇ ਹਨ ਇੱਥੇ ਹੂ ਬ ਹੂ ਇੰਜ ਹਨ:
‘ਹੇ ਮੇਰੇ ਕਰਤਾਰ! ਮੇਰੀਆਂ ਤਾਂ ਇਹ ਕਰਤੂਤਾਂ ਹਨ-ਖਾਣ ਦਾ ਲਾਲਚ (ਮੇਰੇ ਅੰਦਰ) ਕੁੱਤਾ ਹੈ (ਜੋ ਹਰ ਵੇਲੇ ਖਾਣ ਨੂੰ ਮੰਗਦਾ ਹੈ ਭੌਂਕਦਾ ਹੈ), ਝੂਠ (ਬੋਲਣ ਦੀ ਵਾਦੀ ਮੇਰੇ ਅੰਦਰ) ਚੂਹੜਾ ਹੈ (ਜਿਸ ਨੇ ਮੈਨੂੰ ਬਹੁਤ ਨੀਵਾਂ ਕਰ ਦਿੱਤਾ ਹੈ), (ਦੂਜਿਆਂ ਨੂੰ) ਠੱਗ ਕੇ ਖਾਣਾ (ਮੇਰੇ ਅੰਦਰ) ਮੁਰਦਾਰ ਹੈ (ਜੋ ਸੁਆਰਥ ਦੀ ਬਦਬੂ ਵਧਾ ਰਿਹਾ ਹੈ), ਪਰਾਈ ਨਿੰਦਿਆ ਮੇਰੇ ਮੂੰਹ ਵਿਚ ਸਮੁੱਚੀ ਪਰਾਈ ਮੈਲ ਹੈ, ਕ੍ਰੋਧ-ਅੱਗ (ਮੇਰੇ ਅੰਦਰ) ਚੰਡਾਲ (ਬਣੀ ਪਈ ਹੈ), ਮੈਨੂੰ ਕਈ ਚਸਕੇ ਹਨ, ਮੈਂ ਆਪਣੇ ਆਪ ਨੂੰ ਵਡਿਆਉਂਦਾ ਹਾਂ ।1।’
ਮਨੁੱਖੀ ਅੰਤਹਿਕਰਨ ਅੰਦਰ ਚੱਲ ਰਹੇ ਮਨੋਵਿਗਿਆਨਿਕ ਦਵੰਦ ਦਾ ਇਹੋ ਸੱਚ ਹੈ।
27.ਵਿਸ਼ਵ ਪ੍ਰਚਾਰਕ ਅਤੇ ਮਹਾਨ ਖ਼ੋਜੀ
ਜਿਵੇਂ ਵਿਸ਼ਵ ਦੇ ਪ੍ਰਸਿੱਧ ਖ਼ੋਜੀ ਮਾਰਕੋ ਪੋਲੋ, ਇਬਨ ਬਤੁਤਾ, ਵਾਸਕੋ ਦਾ ਗਾਮਾ, ਕੋਲੰਬਸ, ਜੇਮਸ ਕੂਕ ਵਗੈਰਾ ਹੋਏ ਹਨ; ਜਿਨ੍ਹਾਂ ਕੁੱਝ ਸੀਮਤ ਖੇਤਰਫਲ ਦਾ ਦੇਸ਼ਾਟਨ ਕਰ ਕੇ ਆਪਣੀ ਖ਼ੋਜੀ ਦ੍ਰਿਸ਼ਟੀ ਨੂੰ ਸਾਂਝਾ ਕੀਤਾ ਹੈ ਤੇ ਵਿਸ਼ਵ ਉਨ੍ਹਾਂ ਨੂੰ ਯਾਦ ਕਰਦਾ ਹੈ। ਇਨ੍ਹਾਂ ਖ਼ੋਜੀਆਂ ਤੋਂ ਬਿਲਕੁਲ ਅੱਡਰੇ ਵੱਖਰੇ ਅਤੇ ਨਵੇਕਲੇ ਢੰਗ, ਇਰਾਦੇ, ਸੰਕਲਪ ਅਤੇ ਪ੍ਰੋਗਰਾਮ ਅਧੀਨ ਗੁਰੂ ਨਾਨਕ ਪਾਤਸ਼ਾਹ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ ‘ਚੜਿਆ ਸੋਧਨ ਧਰਤ ਲੋਕਾਈ’ ਦੇ ਆਦਰਸ਼ ਨੂੰ ਮਿੱਥ ਕੇ ਸੰਸਾਰ ਯਾਤਰਾ ਤੇ ਤੁਰ ਪਏ। ਗੁਰੂ ਨਾਨਕ ਵਿਸ਼ਵ ਦੇ ਅਜਿਹੇ ਮਹਾਨ ਖੋਜ ਕਰਤਾ ਅਤੇ ਫਿਰ ਤੁਰ ਕੇ ਸੰਸਾਰ ਦੀ ਛਾਣਬੀਣ ਰਾਹੀਂ ਸਮਾਜ ਲਈ ਨਵ ਚੇਤਨਾ ਦੇ ਕ੍ਰਾਂਤੀਕਾਰੀ ਤੱਤ ਸਾਰ ਲੱਭਣ ਵਾਲੇ ਮਹਾਨ ਪੁਰਸ਼ ਹੋਏ ਹਨ ਜਿਨ੍ਹਾਂ ਦਾ ਮੁਕਾਬਲਾ ਹੋਰ ਕਿਸੇ ਨਾਲ ਨਹੀਂ ਹੋ ਸਕਦਾ। ਤੇ ਹੋਰ ਕਿਸੇ ਦਾ ਮੁਕਾਬਲਾ ਗੁਰੂ ਨਾਨਕ ਨਾਲ ਨਹੀਂ ਹੋ ਸਕਦਾ।
ਅਕਾਲ ਵੰਸ਼ਜ ਨਵਚੇਤਨਵਾਦ ਦੇ ਖੋਜਾਰਥੀ ਵਜੋਂ ਆਪਣੇ ਅਕਾਲ ਰੂਪੀ ਸਿੱਖ ਮਿਸ਼ਨ ਦੇ ਪ੍ਰਚਾਰ ਨੂੰ ਲੈ ਕੇ ਪ੍ਰਿਥਵੀ ਦੇ ਬਹੁਤ ਵੱਡੇ ਖੇਤਰਫਲ ਤਕ ਦੇਸ਼ਾਟਨ ਕਰ ਜਾਣਾ, ਗੁਰੂ ਨਾਨਕ ਸਾਹਿਬ ਜੀ ਦੀ ਕ੍ਰਾਂਤੀਕਾਰੀ ਸੁਧਾਰਵਾਦੀ ਵਿਸ਼ਵ ਪ੍ਰਚਾਰਕ, ਖੋਜਾਰਥੀ ਵਜੋਂ ਉਨ੍ਹਾਂ ਦੀ ਮਹਾਨ ਪ੍ਰਾਪਤੀ, ਖੋਜ, ਪਹੁੰਚ ਅਤੇ ਦ੍ਰਿਸ਼ਟੀ ਤੇ ਹਾਲੇ ਕੰਮ ਨਹੀਂ ਕੀਤਾ ਗਿਆ ਹੈ। ਇਤਿਹਾਸਕਾਰਾਂ ਵੱਲੋਂ ਸਿਰਫ਼ ‘ਗੁਰੂ ਨਾਨਕ ਦੀਆਂ ਉਦਾਸੀਆਂ’ ਕਹਿ ਕੇ ਕੰਮ ਚਲਾਉਣਾ ਉਨ੍ਹਾਂ ਦੇ ਇਸ ਮਹਾਨ ਲੋਕ ਸੁਧਾਰਵਾਦੀ ਖੋਜ ਅਤੇ ਸੋਧ ਕਾਰੀ ਅਭਿਆਨ ਰਾਹੀਂ ‘ਕ੍ਰਾਂਤੀ ਨਾਇਕ ਦੇ ਕ੍ਰਾਂਤੀ ਜਨਕ’ ਸਿੱਖ ਦਰਸ਼ਨ ਨੂੰ ਛੁਟਿਆਉਣਾ ਹੈ।
ਗੁਰੂ ਨਾਨਕ ਦਾ ਦੇਸ਼ਾਟਨ ਸੰਕਲਪ ਜਿਸ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਹਨ ‘ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ॥ ਚੜ੍ਹਿਆ ਸੋਧਨ ਧਰਤ ਲੁਕਾਈ ॥੨੪॥.. ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੈ ਤਕ ਆਹੀ॥4’ ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਗੁਰੂ ਨਾਨਕ ਵਿਸ਼ਵ ਵਿਚ ਲੁਕਾਈ ਨੂੰ ਅਕਾਲਵੰਸ਼ੀ ਵੱਖਰੀ ਪਹਿਚਾਣ ਅਤੇ ਦ੍ਰਿਸ਼ਟੀ ਪ੍ਰਦਾਨ ਕਰਨ ਲਈ ਹੀ ਦੂਰ ਦੁਰੇਡੇ ਦੀਆਂ ਯਾਤਰਾਵਾਂ ਕਰਦੇ ਹਨ। ਜੋ ਇੱਕ ਰੱਬ ਦੇ ਮਾਨਵੀ ਅਕਾਲਵੰਸ਼ੀ ਇੱਕ ਮਨੁੱਖਤਾ ਦੇ ਠੋਸ ਸੰਕਲਪ ਅਤੇ ਸਿਧਾਂਤ ਨੂੰ ਸੰਸਾਰ ਤਕ ਪਹੁੰਚਾਉਂਦਾ ਹੈ। ਇਸ ਮਹਾਨ ਅਤੇ ਪਵਿੱਤਰ ਮਕਸਦ ਲਈ ਸੰਸਾਰ ਭਰ ਵਿਚ ਯਾਤਰਾਵਾਂ ਕਰ ਕੇ ਉੱਥੋਂ ਦੇ ਲੋਕਲ ਮਨੁੱਖਾਂ ਨੂੰ ਇੱਕ ਅਕਾਲ ਦੀ ਵਿਸ਼ਾਲ ਸਭਿਅਤਾ ਨਾਲ ਜਾਣੂ ਕਰਵਾਉਣ ਦੀ ਕਦੇ ਕਿਸੇ ਹੋਰ ਧਾਰਮਿਕ ਆਗੂ ਨੇ ਵੀ ਕੋਸ਼ਿਸ਼ ਨਹੀਂ ਕੀਤੀ। ਵਿਸ਼ਵ ਮਾਨਵੀ ਕਲਿਆਣਕਾਰੀ ਅਜਿਹੇ ਮਿਸ਼ਨ ਲਈ ਜਿਸ ਨੂੰ ਸਿੱਖ ਇਤਿਹਾਸਕਾਰ ‘ਉਦਾਸੀਆਂ’ ਵਜੋਂ ਲਿਖਦੇ ਹਨ; ਗੁਰੂ ਨਾਨਕ ਸਾਹਿਬ ਨੇ ਆਪਣੀ 27 ਸਾਲ ਦੀ ਭਰ ਜਵਾਨੀ ਤੋਂ ਅਰੰਭ ਕੀਤੇ “ਪ੍ਰਿਥਵੀ ਸੋਧਨ” ਦੇ ਕਾਰਜ ਲਈ ਦੇਸ਼ਾ ਟਨ ਤੇ 27 ਸਾਲ ਲਗਾ ਦਿੱਤੇ। ਜੋ 1496 ਤੋਂ 1516 ਤਕ ਤੇ ਫਿਰ 1518 ਤੋਂ 1523 ਤਕ ਲਗਾਤਾਰ ‘ਲੰਮੀਆਂ ਨਾਨਕਸ਼ਾਹੀ ਨਜ਼ਰੀਏ ਦੀਆਂ ਪ੍ਰਚਾਰ ਯਾਤਰਾਵਾਂ’ ਸਨ। ਸਤਿਗੁਰੂ ਨਾਨਕ ਜੀ ਵੱਲੋਂ ੴ ਦੇ ਰੂਪ ਵਿਚ ਅਕਾਲਵੰਸ਼ੀ ਖ਼ਾਲਸਤਾਈਤਾ ਦੇ ਨਾਨਕਸ਼ਾਹੀ ਦਰਸ਼ਨ ਰਾਹੀਂ ਮਾਨਵੀ ਮਾਨਸਿਕਤਾ ਤੋਂ ਚੇਤਨਾ ਤਕ ਦੀ ਸੁਧਾਈ ਦਾ ਖੋਜ ਪੜਤਾਲ ਅਤੇ ਸਥਾਪਤੀ ਦਾ ਕਾਰਜ ਚੱਲਦਾ ਰਿਹਾ ਹੈ। ਜਿਸ ਨੂੰ ਸਿੱਖ ਇਤਿਹਾਸ ਵਿਚ ਚਾਰ ਉਦਾਸੀਆਂ ਵਿਚ ਵੰਡਿਆ ਜਾਂਦਾ ਹੈ। ਮੇਰੇ ਇੱਕ ਅੰਦਾਜ਼ੇ ਮੁਤਾਬਿਕ ਧਰਤੀ ਦੇ 57,510,000 ਵਰਗ ਮੀਲ ਦੇ ਕੁਲ ਜ਼ਮੀਨੀ ਖੇਤਰਫਲ ਵਿਚ ਸਭ ਤੋਂ ਵੱਧ ਭਾਗਾਂ ਵਿਚ ਪਹੁੰਚਣ ਵਾਲੇ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੇ ਲਗਭਗ ਦੋ ਦਰਜਨ ਦੇਸ਼ਾਂ ਵਿਚ ਆਪਣਾ ਖੋਜ ਅਤੇ ਸਿੱਖੀ ਪ੍ਰਚਾਰ ਦੌਰਾ ਕੀਤਾ ਹੈ।
ਗੁਰੂ ਨਾਨਕ ਸਾਹਿਬ ਨੇ ਅਜਿਹਾ ਬਹੁਤ ਕੁੱਝ ਨਵਾਂ ਅਤੇ ਸੰਸਾਰ ਵਿਚ ਪਹਿਲੀ ਵਾਰ ਈਜਾਦ ਕੀਤਾ ਹੈ। ਜਿਸ ਦੀ ਵਾਕਫ਼ੀਅਤ ਵਿਸ਼ਵ ਮਾਨਵ ਨੂੰ ਗੁਰੂ ਨਾਨਕ ਤੋਂ ਪਹਿਲਾਂ ਨਹੀਂ ਸੀ। ਜਦ ਅਸੀਂ ਇਸ ਮੁੱਖ ਗਲ ਨੂੰ ਸਮਝਦੇ ਹਾਂ ਤਾਂ ਹੀ ਸਾਨੂੰ ਗੁਰੂ ਨਾਨਕ ਦੇ “ਨਾਨਕਸ਼ਾਹੀ ਖ਼ਾਲਸਤਾਈਤਾ ਦੇ ਸੰਕਲਪ ਅਤੇ ਸਿਧਾਂਤ” ਦੀ ਸਮਝ ਪੈ ਸਕਦੀ ਹੈ। ਇਸ ਤੋਂ ਬਾਅਦ ਹੀ “ਨਾਨਕ ਵਾਦ” ਦੀ ਮਹਾਨਤਾ ਦਾ ਗਿਆਨ ਸਾਡੀ ਚੇਤਨਾ ਵਿਚ ਜਾਗਰਿਤ ਹੁੰਦਾ ਹੈ। ਜੋ ਸਾਨੂੰ ਨਾਨਕਸ਼ਾਹੀ ਸਭਿਅਤਾ ਅਤੇ ਪਰੰਪਰਾਵਾਂ ਵੱਲ ਲੈ ਤੁਰਦਾ ਹੈ। ਇਹੋ ਨਾਨਕਸ਼ਾਹੀ ਨਜ਼ਰੀਆ ਹੈ, ਜਿਸ ਦੀ ਆਪਣੀ ਮੌਲਿਕ ਵਿਲੱਖਣਤਾ ਵਾਲੀ ਸੁਤੰਤਰ ਸਭਿਅਤਾ ਅਤੇ ਸਭਿਆਚਾਰ ਨਾਲ ਬੋਲੀ ਅਤੇ ਮਨੁੱਖੀ ਸ਼ਕਤੀ ਹੈ।
28. ਮਹਾਨ ਖੇਤੀ ਬਾੜੀ (ਕ੍ਰਿਸ਼ੀ) ਵਿਗਿਆਨੀ
ਆਪਣੀਆਂ ਧਾਰਮਿਕ ਯਾਤਰਾਵਾਂ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਸਾਰੀਆਂ ਫ਼ਸਲਾਂ ਕੁਦਰਤੀ ਫ਼ਸਲੀ ਚੱਕਰ ਵਿਚ ਸਥਾਨਕ ਇਲਾਕੇ ਦੇ ਲੋਕਾਂ ਨੂੰ ਬਖ਼ਸ਼ਿਸ਼ ਕੀਤੀਆਂ ਹਨ। ਨਾਲ ਦੇ ਨਾਲ ਉਨ੍ਹਾਂ ਲੋਕਾਂ ਨੂੰ ਭੂਮੀ ਦੀ ਸਹੀ ਬਣਤਰ ਅਤੇ ਸਹੀ ਢੰਗ ਨਾਲ ਉਪਯੋਗਤਾ ਵੀ ਸਮਝਾਈ ਹੈ। ਸਿੱਕਮ ਅਤੇ ਭੁਟਾਨ ਵਰਗੇ ਪਹਾੜੀ ਦੇਸ਼ਾਂ ਵਿਚ ਪਹਿਲੀ ਵਾਰ ‘ਧਾਨ’ ਦਾ ਬੀਜ ਬੀਜਣਾ ਅਤੇ ਧਾਨ ਦਾ ਫ਼ਸਲੀ ਚੱਕਰ ਅਰੰਭਣਾ ਗੁਰੂ ਨਾਨਕ ਸਾਹਿਬ ਜੀ ਨੇ ਹੀ ਦਿੱਤਾ ਅਤੇ ਸਮਝਾਇਆ ਹੈ। ਜਿਸ ਦੀ ਇਤਿਹਾਸਿਕਤਾ ਅਤੇ ਪ੍ਰਮਾਣਿਕਤਾ ਸਿੱਕਮ ਦੇ ‘ਲਾਚੁਮ’ ਵਿਖੇ ਸਥਿਤ ਗੁਰਦੁਆਰਾ ਸਾਹਿਬ ਹੈ। ਮਿੱਠਾ ਰੀਠਾ ਦੀ ਗਵਾਹੀ ਭਰਦਾ ਨਾਨਕ ਮਤਾ, ਭਾਈ ਲਾਲੋ ਦਾ ਘਰ ਅਤੇ ਕੌਡੇ ਰਾਖਸ਼ ਦਾ ਡੇਰਾ, ਸਿੱਧਾ ਨੂੰ ਸਿੱਧੇ ਰਾਹ ਪਾਉਣ ਵਰਗੀਆਂ ਅਜੇਹੀਆਂ ਬਹੁਤ ਸਾਰੀਆਂ ਨਵੇਕਲੀਆਂ ਵਿਧਾਵਾਂ ਵਿਚ ਛੁਪੇ ਕੰਮ ਹਨ ਜਿਨ੍ਹਾਂ ਵਿਚ ਬਹੁਤੇਰੇ ਸੂਖਮ ਪ੍ਰਯੋਗਿਕੀ ਤਰੀਕੇ ਰਾਹੀਂ ਹੋਏ ਹਨ; ਜਿੰਨਾ ਤੇ ਹਾਲੇ ਤਕ ਖੋਜ ਨਹੀਂ ਕੀਤੀ ਗਈ ਹੈ। ਬੁਢਾਪੇ ਵਿਚ ਕਿਰਸਾਨ ਵਜੋਂ ਕਰਤਾਰਪੁਰ ਸ਼ਹਿਰ ਵਿਚ ਜਾ ਕੇ ਵੱਸਣਾ ਅਤੇ ਆਪਣੇ ਹੱਥੀ ਖੇਤੀ ਕਰਦੇ ਹੋਏ ਆਪਣੀ ਆਯੂ ਸੰਪੂਰਨ ਕਰਨਾ ਗੁਰੂ ਨਾਨਕ ਸਾਹਿਬ ਜੀ ਦੀ ਹੀ ਮਹਾਨਤਾ ਹੈ। ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਜੀ ਨੇ ਖੇਤੀ ਦੀਆਂ ਜਿਹੜੀਆਂ ਉੱਨਤ ਵਿਧੀਆਂ, ਸਿੰਚਾਈ ਦੇ ਨਵੇਂ ਢੰਗ ਅਤੇ ਮਿੱਟੀ ਦੀ ਸੁਧਾਈ ਲਈ ਵਰਤੇ ਤਰੀਕਿਆਂ ਦੀ ਖੋਜ ਕੀਤੀ ਉਨ੍ਹਾਂ ਉੱਪਰ ਹਾਲੇ ਤਕ ਸਿੱਖ ਸਮਾਜ ਨੇ ਵਿਗਿਆਨਿਕ ਦ੍ਰਿਸ਼ਟੀ ਤੋਂ ਆਪਣੇ ਗੁਰੂ ਦੇ ਅਨੁਭਵ ਨੂੰ ਗ੍ਰਹਿਣ ਨਹੀਂ ਕੀਤਾ ਹੈ।
29. ਕ੍ਰਾਂਤੀਕਾਰੀ ਚਿੰਤਕ ਅਤੇ ਦਾਰਸ਼ਨਿਕ
ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਰਚਨਾ ਰਾਹੀਂ ਅਕਾਲਵੰਸ਼ੀ; ਸੌਰ ਮੰਡਲੀ ਗ੍ਰਹਿ ਪਥ ਦੇ ਨਵ ਕ੍ਰਾਂਤੀ ਚੱਕਰ ਦੇ, ਗੁਰਮਤਿ ਵਿਗਿਆਨ ਰਾਹੀਂ ਸਿੱਖ ਸਭਿਅਤਾ ਦਾ ਆਰੰਭ ਹੋਇਆ ਹੈ। ਸੰਸਾਰ ਦੇ ਮਹਾਨਤਮ ਭੌ-ਬਣਤਰ ਦੇ ਭੌਤਿਕੀ ਵਿਗਿਆਨੀ ਦੇ ਤੌਰ ਤੇ ਭੌਂ-ਚਕਰੀ ਭੁਗੋਲਵੇਤਾ ਜਾਂ ਜੁਗਰਾਫ਼ੀਆ ਦਾਨ ਗੁਰੂ ਨਾਨਕ ਨੇ ਗੁਰਬਾਣੀ ਚਿੰਤਨ ਰਾਹੀਂ ਬ੍ਰਹਿਮੰਡ ਦੇ ਸਰਬੰਗੀ ਪੱਖਾਂ ਤੇ ਨਵੀਂ ਰੌਸ਼ਨੀ ਦੇ ਗਿਆਨ, ਵਿਗਿਆਨ, ਅਨੁਸ਼ਾਸਨ ਜਾਂ ਨਿਯਮਾਂ ਦੀ ਸੋਝੀ ਸੰਸਾਰ ਨੂੰ ਕਰਵਾਈ ਗਈ ਹੈ । ਗੁਰੂ ਨਾਨਕ ਨੇ ਵਿਸ਼ਵ ਨੂੰ ਨਵੀਨ ਦ੍ਰਿਸ਼ਟੀ ਨਾਲ ਰਾਜਨੀਤਕ, ਧਾਰਮਿਕ, ਸਮਾਜਿਕ, ਆਰਥਿਕ, ਵਿਵਹਾਰਿਕ, ਸਭਿਆਚਾਰਕ ਅਤੇ ਸੰਸਥਾਪਰਕ ਪੱਧਰਾਂ ਤੋਂ ਇਲਾਵਾ; ਮਨੁੱਖ ਨਾਲ ਮਨੁੱਖ ਦਾ ਵਿਵਹਾਰ, ਪਰਿਵਾਰਕ ਬਣਤਰ, ਗਰਭ ਕਾਲ ਵਿਚ ਔਰਤ ਦਾ ਆਪਣੇ ਬੱਚੇ ਨਾਲ ਵਾਰਤਾਲਾਪ ਜਿਹੇ ਅਨੇਕ ਪੱਖਾਂ ਤੇ ਨਾਨਕਸ਼ਾਹੀ ਦਰਸ਼ਨ ਦਾ ਇੱਕ ਰੱਬੀ ਸਿਲਸਿਲਾ ਲੁਕਾਈ ਨੂੰ ਪ੍ਰਦਾਨ ਕੀਤਾ ਹੈ। ਜੋ ਬੇਮੇਲ ਅਤੇ ਬੇਮਿਸਾਲ ਹੈ।
30. ਭੂ-ਭੌਤਿਕੀ ਵਿਗਿਆਨੀ
ਗੁਰੂ ਨਾਨਕ ਸਾਹਿਬ ਨੇ ਬ੍ਰਹਿਮੰਡੀ ਰਚਨਾ ਦੀ ਉਤਪਤੀ ਤੇ ਅਪਣਾ ਵਿਗਿਆਨਕ ਪੱਖ ਬੜਾ ਹੀ ਸਪਸ਼ਟ ਰੱਖਿਆ ਹੈ। ਆਪਣੀ ਬਾਣੀ “ਅਰਬਦ ਨਰਬਦ ਧੁੰਧੂਕਾਰਾ” ਰਾਹੀਂ ਬ੍ਰਹਿਮੰਡ ਤੋਂ ਲੈ ਕੇ ਮਨੁੱਖੀ ਜੀਵਨ ਤਕ ਲਈ ਹਰ ਪੱਖ ਵਿਚ ਅਕਾਲ ਪੁਰਖ (ਰੱਬ) ਦੇ ਸਿਧਾਂਤਾਂ ਨੂੰ ਅਕਾਲ ਬਾਣੀ ਦੇ ਸਿਧਾਂਤ ਵਿਚ ਸਥਾਪਿਤ ਕਰ ਕੇ; ਮਨੁੱਖਤਾ ਨੂੰ ਹਰ ਪੱਖ ਤੋਂ ਅਸਲ ਸੱਚ ਦੇ ਮੂਲ ਨਾਲ ਜੋੜਿਆ ਹੈ। ਜੋ ਕੁੱਝ ਅੱਜ ਤਕ ਵਿਗਿਆਨ ਨਹੀਂ ਲੱਭ ਸਕਿਆ ਹੈ ਉਹ ਸਭ ਸਿਧਾਂਤ ਅਤੇ ਸੰਕਲਪ ਗੁਰੂ ਨਾਨਕ ਸਾਹਿਬ ਜੀ ਨੇ “ਗੁਰਬਾਣੀ” ਰਾਹੀਂ ਪ੍ਰਗਟ ਕਰ ਦਿੱਤੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਵਿਗਿਆਨਿਕ ਦਰਸ਼ਨ ਦਾ ਫ਼ਾਰਮੂਲਾ ਹੈ ਕਿ “ਨਾਮ ਤਤੁ ਸਭ ਹੀ ਸਿਰਿ ਜਾਪੈ ॥ ਬਿਨੁ ਨਾਵੈ ਦੁਖੁ ਕਾਲੁ ਸੰਤਾਪੈ ॥ ਤਤੋ ਤਤੁ ਮਿਲੈ ਮਨੁ ਮਾਨੈ ॥ ਦੂਜਾ ਜਾਇ ਇਕਤੁ ਘਰਿ ਆਨੈ ॥ ਬੋਲੈ ਪਵਨਾ ਗਗਨੁ ਗਰਜੈ ॥ ਨਾਨਕ ਨਿਹਚਲੁ ਮਿਲਣੁ ਸਹਜੈ ॥50॥ ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ ॥ ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ ॥ ਘਟਿ ਘਟਿ ਸੁੰਨ ਕਾ ਜਾਣੈ ਭੇਉ ॥ ਆਦਿ ਪੁਰਖੁ ਨਿਰੰਜਨ ਦੇਉ ॥ ਜੋ ਜਨੁ ਨਾਮ ਨਿਰੰਜਨ ਰਾਤਾ ॥ ਨਾਨਕ ਸੋਈ ਪੁਰਖੁ ਬਿਧਾਤਾ ॥51॥ ਸੁੰਨੋ ਸੁੰਨੁ ਕਹੈ ਸਭੁ ਕੋਈ ॥ ਅਨਹਤ ਸੁੰਨੁ ਕਹਾ ਤੇ ਹੋਈ ॥ ਅਨਹਤ ਸੁੰਨਿ ਰਤੇ ਸੇ ਕੈਸੇ ॥ ਜਿਸ ਤੇ ਉਪਜੇ ਤਿਸ ਹੀ ਜੈਸੇ ॥ ਓਇ ਜਨਮਿ ਨ ਮਰਹਿ ਨ ਆਵਹਿ ਜਾਹਿ ॥ ਨਾਨਕ ਗੁਰਮੁਖਿ ਮਨੁ ਸਮਝਾਹਿ ॥52॥”ਅੰਕ943 ਸਿਧ ਗੋਸਟਿ ਬਾਣੀ ਦਾ ਅਧਿਐਨ ਕਰਨਾ ਇਸ ਲਈ ਬਹੁਤ ਜ਼ਰੂਰੀ ਹੈ।
31. ਕੁਦਰਤੀ ਭੌਂ ਇੰਜੀਨੀਅਰ
ਗੁਰੂ ਨਾਨਕ ਸਾਹਿਬ ਅਜਿਹੇ ਧਰਤੀ ਅਤੇ ਧਰਤ ਹੇਠਲੀਆਂ ਕੁਦਰਤੀ ਕਿਰਿਆਵਾਂ ਦੇ ਮਾਹਿਰ ਇੰਜੀਨੀਅਰ ਸਨ ਜੋ ਆਪਣੇ ਅਨੁਭਵ ਪ੍ਰਕਾਸ਼ ਰਾਹੀਂ ਧਰਤੀ ਦੇ ਗਰਭ ਵਿਚਲੀਆਂ ਹਰਕਤਾਂ ਨੂੰ ਮਾਪਦੇ ਸਨ । ਆਪਣੀ ਭੌ-ਇੰਜੀਨੀਅਰਿੰਗ ਰਾਹੀਂ ਲੁਕਾਈ ਦੇ ਭਲੇ ਲਈ ਪੀਣ ਯੋਗ ਸ਼ੁੱਧ ਪਾਣੀ ਦੇ ਝਰਨੇ “ਆਧੁਨਿਕ ਆਰਟਿਜਨ ਵੈਲ” ਦੀ ਪੱਧਤੀ ਤੇ ਸਥਾਪਿਤ ਕਰ ਦਿੰਦੇ ਸਨ। ਗੁਰੂ ਨਾਨਕ ਸਾਹਿਬ ਜੀ ਦੀ ਗੁਰਮਤਿ ਦ੍ਰਿਸ਼ਟੀ ਦੇ ਅਨੁਭਵ ਪ੍ਰਕਾਸ਼ ਦੀ ਭੌ-ਇੰਜੀਨੀਅਰਿੰਗ ਦੀ ਬੇ-ਮਿਸਾਲ ਉਦਾਹਰਨ ਪਾਕਿਸਤਾਨ ਵਿਚ ਪੰਜਾ ਸਾਹਿਬ ਹੈ। ਭਾਰਤ ਅੰਦਰ ਗੁਰਦੁਆਰਾ ਨਾਨਕਝੀਰਾ ਸਾਹਿਬ, ਕਰਨਾਟਕ ਵਿਚ ਵੀ ਅਜਿਹੀ ਵਿਗਿਆਨਕਤਾ ਦਾ ਵਿਵਹਾਰਿਕ ਅਮਲੀ ਰੂਪ ਦ੍ਰਿਸ਼ਟਮਾਨ ਹੁੰਦਾ ਹੈ।
ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਚਮਤਕਾਰ ਨੂੰ ਅਪਰਾਧ ਦਰਸਾਉਂਦੀਆਂ ਹਨ। ਇਸ ਲਈ ਇਹ ਕੋਈ ਚਮਤਕਾਰੀ ਪਰਾਕਰਮ ਨਹੀਂ ਸਨ । ਇਹ ਗੁਰੂ ਨਾਨਕ ਨੂੰ ਕੁਦਰਤੀ ਯੋਗਤਾ ਧਾਰੀ ਵਿਗਿਆਨ ਦੇ ਅਸਧਾਰਨ ਪ੍ਰਤਿਭਾਵਾਨੀ ਭੌ ਇੰਜੀਨੀਅਰਿੰਗ ਦੇ ਲਾਗੂ ਕਰਤਾ ਵਜੋਂ ਸਥਾਪਿਤ ਕਰਦੀ ਹੈ। “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ”ਅੰਕ5 ਅਤੇ “ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ ਸੁ ਏਕਾ ਵਾਰ ॥ ਕਰਿ ਕਰਿ ਵੇਖੈ ਸਿਰਜਣਹਾਰੁ॥ ਨਾਨਕ ਸਚੇ ਕੀ ਸਾਚੀ ਕਾਰ॥”ਅੰਕ7 ਦੀ ਸੋਝੀ ਕਰਵਾਉਣ ਵਾਲਾ ਇੱਕ ਅਜਿਹਾ ਵਿਗਿਆਨੀ ਜਿਹੜਾ ਭੌ-ਕੇਂਦਰ ਵਿਚਲੀਆਂ ਸਾਰੀਆਂ ਹੀ ਚੱਲ ਰਹੀਆਂ ਕਿਰਿਆਵਾਂ, ਲਹਿਰਾਂ, ਪਰਤਾਂ ਅਤੇ ਮੰਡਲਾਂ ਦਾ ਗਿਆਤਾ ਹੈ। ਜਿਸ ਨੂੰ ਪਤਾ ਸੀ ਕਿ ਮਿੱਟੀ ਦੇ ਕਣ ਕਿਨ੍ਹਾਂ ਤੱਤਾਂ ਨਾਲ ਮਿਲ ਕੇ ਬਣੇ ਹਨ ਅਤੇ ਇਨ੍ਹਾਂ ਦਾ ਅੱਡੋ ਅੱਡ ਕੀ ਰੂਪ ਹੈ।
32.ਰਸਾਇਣ ਵਿਗਿਆਨੀ ਗੁਰੂ ਨਾਨਕ
ਭੌਤਿਕ ਸ਼ਾਸਤਰੀ ਹੋਣ ਦੇ ਨਾਲੋਂ ਨਾਲ ਗੁਰੂ ਨਾਨਕ ਸਾਹਿਬ ਜੀ ਰਸਾਇਣ ਵਿਗਿਆਨ ਦੇ ਉਹ ਮੂਲ ਤੱਤ ਅਤੇ ਕਿਰਿਆਵਾਂ ਦਾ ਸਪਸ਼ਟ ਵਰਣਨ ਕਰਦੇ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਤੋਂ ਬਹੁਤ ਚਿਰ ਬਾਅਦ ਰਸਾਇਣ ਸ਼ਾਸਤਰੀਆਂ ਨੇ ‘ਲੱਭਿਆ’ ਕਿਹਾ ਜਾਂਦਾ ਹੈ। ਜਿਵੇਂ ਮਸਲਨ ‘ਐਚ2ਓ'( H2O) ਦਾ ਫ਼ਾਰਮੂਲਾ ਹੀ ਲੈ ਲਓ। ਇਸ ਰਸਾਇਣ ਫ਼ਾਰਮੂਲਾ ਦੇ ਅਨੁਸਾਰ ਜਦੋਂ ਦੋ ਹਿੱਸੇ ਹਾਈਡਰੋਜਨ ਗੈਸ ਦੇ ਇੱਕ ਹਿੱਸਾ ਆਕਸੀਜਨ ਨਾਲ ਮਿਲਦਾ ਹੈ ਤਾਂ ਪਾਣੀ ਬਣ ਜਾਂਦਾ ਹੈ। ਗੁਰਬਾਣੀ ਦਾ ਫ਼ਾਰਮੂਲਾ ਹੈ “ਏਕਸੁ ਤੇ ਸਭਿ ਰੂਪ ਹਹਿ ਰੰਗਾ ॥ ਪਉਣੁ ਪਾਣੀ ਬੈਸੰਤਰੁ ਸਭਿ ਸਹਲੰਗਾ ॥ ਭਿੰਨ ਭਿੰਨ ਵੇਖੈ ਹਰਿ ਪ੍ਰਭੁ ਰੰਗਾ ॥1॥”ਅੰਕ160 ਅਤੇ “ਪਉਣ ਪਾਣੀ ਬੈਸੰਤਰ ਮਾਹਿ ॥ ਚਾਰਿ ਕੁੰਟ ਦਹ ਦਿਸੇ ਸਮਾਹਿ ॥”ਅੰਕ294 “ਪਵਨੈ ਮਹਿ ਪਵਨੁ ਸਮਾਇਆ”ਅੰਕ887 ਦੀ ਵਿਗਿਆਨਕਤਾ ਨੂੰ ਸਮਝਾਉਂਦੇ ਹੋਏ ਗੁਰਬਾਣੀ ਵਿਚ ਗੁਰੂ ਨਾਨਕ ਸਾਹਿਬ ਸਪਸ਼ਟ ਆਖਦੇ ਹਨ “ਪਵਣ ਪਾਣੀ ਅਗਨੀ ਪਾਤਾਲ ॥”ਪਾਤਾਲ ਦੀ ਰਚਨਾ ਵਿਚ ਪਵਨ ਪਾਣੀ ਅਤੇ ਅਗਨੀ ਦਾ ਸੁਮੇਲ ਹੈ। “ਕੇਤੇ ਪਵਣ ਪਾਣੀ ਵੈਸੰਤਰ”ਅੰਕ7 ਅਰਥਾਤ ਕਿਤਨੀਆਂ ਹੀ ਤਰ੍ਹਾਂ ਦੀਆਂ ਗੈਸਾਂ ਹਨ ਅਤੇ ਇਨ੍ਹਾਂ ਦੇ ਕਿਤਨੇ ਹੀ ਰੂਪ ‘ਫਾਰਮੇਸ਼ਨ’ ਹਨ। ਰਸਾਇਣ ਵਿਗਿਆਨੀ ਗੁਰੂ ਨਾਨਕ ਦੇ ਘਰ ਦੀ ਗੁਰੂ ਪਰੰਪਰਾ ਵਿਚ ਇਹ ਸਾਰੇ ਗੁਣ 10 ਜੋਤਾਂ ਵਿਚ ਇੱਕ ਸਮਾਨ ਪਾਏ ਜਾਂਦੇ ਹਨ। ਸਭ ਗੁਰੂ ਸਾਹਿਬਾਨ ਨੇ ਸਿਰਫ਼ ਧਰਤੀ ਦੀ ਬਨਾਵਟ ਅਤੇ ਉਸ ਦੇ ਰਸਾਇਣਿਕ ਤੱਤਾਂ ਦੀ ਪਰਖ ਅਤੇ ਸਵਾਦ ਦੇ ਗੁਣਾਂ ਦੇ ਆਧਾਰ ਨਾਲ ਲੁਕਾਈ ਨੂੰ ਪੀਣ ਯੋਗ ਪਾਣੀ ਲਈ ਬਹੁਤ ਸਾਰੇ ਖੂਹ ਅਤੇ ਬਾਉਲੀਆਂ ਬਣਾ ਕੇ ਦਿੱਤੀਆਂ।
ਪਾਤਸ਼ਾਹ ਗੁਰੂ ਨਾਨਕ ਜੀ ਨੂੰ ਪਤਾ ਸੀ ਕਿ ਪਾਣੀ ਦੀ ਰਸਾਇਣਿਕ ਸੰਰਚਨਾ ਕੀ ਹੈ। ਜੋ ਬਤੌਰ ਮਹਾਨ ਵਿਗਿਆਨੀ ਜਾਣਦਾ ਸੀ ਕਿ ਅੱਗ ਵਿਚ ਕਿਹੜੇ ਕਿਹੜੇ ਤੱਤ ਹਨ ਆਦਿ ….”ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥”ਅੰਕ7 ਜਪੁ ਬਾਣੀ ਦਾ ਸਲੋਕ ਇਤਨਾ ਸਰਲ ਨਹੀਂ ਹੈ ਜਿਤਨਾ ਇਸ ਨੂੰ ਪੜ੍ਹਨ ਵੇਲੇ ਸਮਝ ਲਿਆ ਜਾਂਦਾ ਹੈ। ਇਸ ਦੀ ਵਿਆਖਿਆ ਸਮਝਾਉਂਦੀ ਹੈ ਕਿ ਕਿਵੇਂ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥” ਹੈ ਅਤੇ ਕਿਵੇਂ ਇਨ੍ਹਾਂ ਦੀ ਪ੍ਰਕਿਰਤੀ ਵਿਚ ਰਸਾਇਣਿਕ ਅਤੇ ਜੈਵਿਕ ਪਰਵਰਤਨ ਸੰਭਵ ਬਣਦੇ ਹਨ। “ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ “ਅੰਕ8 ਇਹ ਰਸਾਇਣ ਵਿਗਿਆਨੀਆਂ ਦਾ ਵਿਸ਼ਾ ਵਸਤੂ ਹੈ। ਜਿਸ ਤੇ ਗੁਰੂ ਨਾਨਕ 15ਵੀ ਸ਼ਤਾਬਦੀ ਵਿਚ ਹੀ ਆਪਣਾ ਮੱਤ ਪ੍ਰਗਟਾਉਂਦਾ ਤੇ ਸਥਾਪਿਤ ਕਰਦਾ ਹੈ। ਕਈ ਸੌ ਸਾਲ ਬਾਅਦ ਜਿਸ ਨੂੰ ਆਧੁਨਿਕ ਵਿਗਿਆਨ ਆਪਣੀ ਖੋਜ ਦੇ ਰੂਪ ਵਿਚ ਸੱਚ ਦੱਸਦਾ ਹੈ।
ਪ੍ਰਾਣ ਅਗਨ ਅਰਥਾਤ ਜੀਵਨ ਹੋਂਦ ਸ਼ਕਤੀ ਦੇ ਰੂਪ ਵਿਚ “ਅਕਾਲ ਪੁਰਖ ਸਰੂਪ ਜੋਤਿ” ਹਨ। ਇਸ ਜੋਤਿ ਦੀ ਖ਼ੁਰਾਕ “ਪਉਨ” ਹੈ, ਉਹ ਪਉਨ ਜੋ ਜਲ ਸਰੂਪ ਤੇ ਅਗਨ ਸਰੂਪ ਵੀ ਹੈ (H2O) । ਜਿਸ ਦੀ ਹੋਂਦ ਉਸ “ਸੱਚ” ਅਕਾਲ ਕਰ ਕੇ ਹੀ ਵਿਦਮਾਨ ਹੁੰਦੀ ਹੈ ।
ਇਸ ਜੀਵਨ ਦੀ ਚਲਾਏ ਮਾਨਤਾ ਦਾ ਸਿਧਾਂਤ ਇੰਜ ਸਪਸ਼ਟ ਕਰਦੇ ਹੋਏ ਸਮਝਾਉਂਦੇ ਹਨ “ਜਗਤੁ ਉਪਾਇ ਖੇਲੁ ਰਚਾਇਆ ॥ ਪਵਣੈ ਪਾਣੀ ਅਗਨੀ ਜੀਉ ਪਾਇਆ ॥ ਦੇਹੀ ਨਗਰੀ ਨਉ ਦਰਵਾਜੇ ਸੋ ਦਸਵਾ ਗੁਪਤੁ ਰਹਾਤਾ ਹੇ॥”ਅੰਕ1031 “ਪਵਣੈ ਪਾਣੀ ਅਗਨੀ”(H2O) ਗੁਰਮਤਿ ਵਿਗਿਆਨ ਬਹੁਤ ਹੀ ਸਪਸ਼ਟ ਅਤੇ ਆਦਿ ਸੱਚ ਦੇ ਰੂਪ ਵਿਚ ਸਦੀਵ ਸੱਚ ਇਹ ਹੈ “ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ॥1॥”ਅੰਕ 1036-37
33. ਚੁਗਿਰਦਾ ਅਤੇ ਖਗੋਲ ਵਿਗਿਆਨੀ
“ਨਿਰੰਕਾਰ ਮਹਿ ਆਕਾਰੁ ਸਮਾਵੈ॥ ਅਕਲ ਕਲਾ ਸਚੁ ਸਾਚਿ ਟਿਕਾਵੈ॥”ਅੰਕ414 ਮਾਦੀ ਦੀ ਮਾਦਾ ਇੱਕ ਅਦਿੱਖ ਆਤਮਿਕ ਹਸਤੀ ਵਿਚ ਸਮਾਉਣਾ ਇੱਕ ਵੱਡੇ ਅਚੰਭੇ ਵਾਲੇ ਹੁਨਰ ਦਾ ਹੀ ਕਰਤਬ ਹੈ। ਇਹ ਖਗੋਲ ਵਿਗਿਆਨੀ ਫ਼ਾਰਮੂਲਾ ਉੱਤੇ ਇਕਵੇਸ਼ਨ ਗੁਰੂ ਨਾਨਕ ਸਾਹਿਬ ਹੀ ਸਮਝ ਸਕੇ ਹਨ। ਗੁਰੂ ਨਾਨਕ ਸਾਹਿਬ ਜੀ ਸੂਰਜੀ ਗ੍ਰਹਿ ਪਥ ਦੀ ਗਲ ਸਮਝਾਉਂਦੇ ਹੋਏ “ਲਖ ਆਗਾਸਾ ਆਗਾਸ” ਵਿਚ ਲਿਜਾ ਤੋਰਦੇ ਹਨ ਤਾਂ ਉਹ ਦਿਨਾਂ, ਰੁੱਤਾਂ, ਮਹੀਨਿਆਂ, ਮੌਸਮਾਂ, ਥਿਤਾਂ, ਵਾਰਾਂ ਦੀ ਵੀ ਗਲ ਪੂਰੀ ਵਿਗਿਆਨਕਤਾ ਦੀ ਪ੍ਰਮਾਣਿਕਤਾ ਨਾਲ ਉਸ ਸਮੇਂ ਕਾਲ ਵਿਚ ਕਰਦੇ ਹਨ ਜਦ ਹਾਲੇ ਵਿਗਿਆਨ ਵੀ ਉਸ ਸੂਝ ਤਕ ਨਹੀਂ ਸੀ ਅਪੜਿਆ “ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥”ਅੰਕ7 ਬਨਾਸਪਤੀ ਵਿਚ ਵੀ ਜੀਵਨ ਹੈ ਦੀ ਗੱਲ ਗੁਰੂ ਨਾਨਕ ਕਰਦੇ ਹਨ ਤੇ ਸਮਾਜ ਨੂੰ ਸਮਝਾਉਂਦੇ ਹਨ ਕਿ ਆਪਣੇ ਆਲ਼ੇ ਦੁਆਲੇ ਦੀ ਉਵੇਂ ਹੀ ਸੰਭਾਲ ਆਵੱਸ਼ਕ ਹੈ ਜਿਵੇਂ ਮਨੁੱਖ ਸਰੀਰ ਦੀ ਕਰਦਾ ਹੈ। ਰੁੱਖ ਬੂਟਿਆਂ ਤੋਂ ਬਿਨਾਂ ਜੀਵਨ ਮੁੱਕ ਜਾਵੇਗਾ “ਜਾ ਕੇ ਰੁਖ ਬਿਰਖ ਆਰਾਉ॥ਜੇਹੀ ਧਾਤੁ ਤੇਹਾ ਤਿਨ ਨਾਉ ॥ ਫੁਲੁ ਭਾਉ ਫਲੁ ਲਿਖਿਆ ਪਾਇ॥ ਆਪਿ ਬੀਜਿ ਆਪੇ ਹੀ ਖਾਇ॥”ਅੰਕ25
34.ਗੁਰੂ ਨਾਨਕ ਸੁਧਾਰਵਾਦੀ ਨਹੀਂ ਹੈ
15ਵੀ ਸ਼ਤਾਬਦੀ ਦਾ ਗੁਰੂ ਨਾਨਕ ਨੂੰ ਸੁਧਾਰਵਾਦੀ ਪ੍ਰਚਾਰਿਆ ਜਾਂਦਾ ਹੈ। ਜੋ ਗ਼ਲਤ ਹੈ । ਗੁਰੂ ਨਾਨਕ ਦੀ ਸੋਚ ਅਤੇ ਸੰਦੇਸ਼ ਦੇ ਵਿਪਰੀਤ ਹੈ। ਗੁਰੂ ਨਾਨਕ ਦੇ ਸੰਕਲਪ ਅਤੇ ਸਿਧਾਂਤ ਦੀ ਨਿਸ਼ੇਧਤਾ ਕਰਦਾ ਹੈ। ਗੁਰੂ ਨਾਨਕ ਸੁਧਾਰਵਾਦੀ ਨਹੀਂ ਸਗੋਂ ਜੁੱਗ ਨੂੰ ਪਲਟਾ ਕੇ ਬਦਲ ਦੇਣ ਵਾਲਾ 15ਵੀ ਸ਼ਤਾਬਦੀ ਦਾ ਨਾਇਕ ਹੈ। ਜਿਸ ਨੇ ਪ੍ਰਚਲਿਤ ਸਭ ਕੁੱਝ, ਇੱਥੋਂ ਤਕ ਕਿ ਧਰਮ, ਕਰਮ, ਰੀਤ-ਰਿਵਾਜ, ਭਾਸ਼ਾ, ਸਭਿਆਚਾਰ, ਸਭਿਅਤਾ, ਸਤਾ, ਰਾਜ, ਵਿਸ਼ਵਾਸ, ਆਰਥਿਕਤਾ, ਸਮਾਜਿਕਤਾ, ਵਿੱਦਿਆ, ਅਰਥਾਤ ਹਰ ਖੇਤਰ ਵਿਚ ਹੀ ਚੱਲ ਰਹੇ ਸਭ ਖ਼ਾਸੇ ਨੂੰ ਰੱਦ ਕਰ ਕੇ ਉਸ ਦੀ ਥਾਂ ਤੇ “ਨਾਨਕਸ਼ਾਹੀ ਗੁਰਮਤਿ ਬਦਲ” ਦਿੰਦਾ ਅਤੇ ਖ਼ੁਦ ਸਥਾਪਿਤ ਕਰ ਕੇ ਦਿਖਾਉਂਦਾ ਹੈ । ਇਸ ਲਈ ਗੁਰੂ ਨਾਨਕ ਜੀ ਨੂੰ ਸੁਧਾਰਵਾਦੀ ਕਹਿਣਾ ਗ਼ਲਤ ਹੈ। ਗੁਰੂ ਨਾਨਕ ਨੇ ਨਾਦ ਦੀ ੴ ਦੀ ‘ਕਾਰ’ ਦੀ ਕਿਰਨ ਰਿਸ਼ਮ ਕਿਰਿਆ ਸ਼ੀਲਤਾ (Actinism) ਰਾਹੀਂ 15ਵੀ ਸਦੀ ਵਿਚ ਹੀ ਪ੍ਰਚਲਿਤ ਸਭ ਕੁੱਝ ਰੱਦ ਕਰ ਕੇ ਨਾਨਕਸ਼ਾਹੀ ਬਦਲ ਦਿੱਤਾ ਹੈ। ਇਸੇ ਬਦਲ ਨੂੰ ਹੀ ਭਾਈ ਗੁਰਦਾਸ ਜੀ “ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ॥” ਵਜੋਂ ਸਮਝਾਇਆ ਹੈ। ਜਿਸ ਦੀ ਸੰਪੂਰਨਤਾ ਭਾਈ ਬਲਵੰਡ ਜੀ ਇੰਜ ਕਰਦੇ ਹਨ “ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥”ਅੰਕ966 ਇਸ ਲਈ ਗੁਰੂ ਨਾਨਕ ਇਸ ਸੰਸਾਰ ਵਿਚ ਸੁਧਾਰਵਾਦੀ ਨਹੀਂ ਸਗੋਂ ਸਭ ਗਲੇ ਸੜੇ ਨੂੰ ਖ਼ਤਮ ਕਰ ਕੇ ਇੱਕ ਨਵਾਂ ਬਦਲ ਸਥਾਪਿਤ ਕਰਨ ਵਾਲਾ ਤੇ ਹਰ ਖੇਤਰ ਵਿਚ ਬਦਲਵਾਂ ਪ੍ਰਬੰਧ ਦੇਣ ਵਾਲਾ ਮਾਹ ਨਾਇਕ ਹੈ।
35. 15ਵੀ ਸਦੀ ਵਿਚਲਾ ਪਹਿਲਾ ਐਕਟਿਵਿਸਟ ਹੈ ਗੁਰੂ ਨਾਨਕ
ਗੁਰੂ ਨਾਨਕ ਜੀ 15ਵੀ ਸਦੀ ਦੇ ਪਹਿਲੇ ਐਕਟਿਵਿਸਟ ਸਨ ਜਿਨ੍ਹਾਂ ਨੇ ਅਕਾਲ ਦੀ ੴ ਅਕਾਲ ਸਤਾ ਦੀ ਹੋਂਦ ਦਾ ਐਕਟੀਵੀਜ਼ਮ ਆਰੰਭ ਕੀਤਾ। ਨਾਨਕਸ਼ਾਹੀ ਬਦਲ ਦੇ ਰੂਪ ਵਿਚ ਗੁਰੂ ਨਾਨਕ ਨੇ ਅਕਾਲ ਐਕਟੀਵੀਜ਼ਮ ਨੂੰ ਰਾਜਨੀਤਕ, ਧਾਰਮਿਕ, ਸਮਾਜਿਕ, ਆਰਥਿਕ, ਭਾਸ਼ਾਈ, ਸਭਿਅਕ ਅਤੇ ਰਾਜ ਸਤਾ ਦੇ ਪ੍ਰਚਲਿਤ ਖ਼ਾਸੇ ਵਿਰੁੱਧ ਆਰੰਭ ਕੀਤਾ। ਗੁਰੂ ਨਾਨਕ ਤੋਂ ਪਹਿਲਾਂ ਇੰਜ ਕਦੇ ਵੀ ਸੰਭਵ ਨਹੀਂ ਸੀ ਹੋ ਪਾਇਆ। ਗੁਰੂ ਨਾਨਕ ਸਾਹਿਬ ਜੀ ਦੇ ਗੁਰਬਾਣੀ ਸ਼ਬਦ ਭੰਡਾਰ ਇਸ ਦੀ ਗਵਾਹੀ ਭਰਦੇ ਹਨ। ਇਕੱਲੇ “ਆਸਾ ਦੀ ਵਾਰ” ਦਾ ਹੀ ਅਧਿਐਨ ਇਸ ਮਕਸਦ ਲਈ ਕਾਫ਼ੀ ਹੈ । “ਸਿਧ ਗੋਸਟ” ਸਾਰੇ ਭਰਮ ਤੋੜ ਦਿੰਦੀ ਹੈ। ਸ਼ਰਧਾ ਦੀ ਅੰਧਤਾ ਵਿਚੋਂ ਬਾਹਰ ਨਿਕਲ ਕੇ ਗੁਰੂ ਨਾਨਕ ਨੂੰ ਨਾਨਕਸ਼ਾਹੀ ਨਜ਼ਰੀਏ ਵਿਚ ਸਮਝਣ ਦੀ ਅਤਿਅੰਤ ਤੀਬਰ ਲੋੜ ਹੈ।
36. ਗੁਰੂ ਨਾਨਕ ਜੀ ਦਾ ਮੁੱਖ ਉਦੇਸ਼ ਤੇ ਨਿਸ਼ਾਨਾ
ਖ਼ਾਸ ਕਰ ਕੇ ਆਪਣੇ ਸਿੱਖਾਂ ਨੂੰ, ਸਤਿਗੁਰੂ ਨਾਨਕ ਜੀ ਨੇ ਮਨੁੱਖਤਾ ਲਈ ਮੁੱਖ ਉਦੇਸ਼ ਅਤੇ ਨਿਸ਼ਾਨਾ ਬੜਾ ਹੀ ਸਪਸ਼ਟ ਅਤੇ ਸਿੱਧਾ ਦਿੱਤਾ ਹੈ । ਜਿਸ ਨੂੰ ਗੁਰਬਾਣੀ ਵਿਚ ਉਨ੍ਹਾਂ ਸਪਸ਼ਟ ਇੰਜ ਦਰਜ ਕੀਤਾ ਹੈ:
“ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥”ਅੰਕ304
ਇਸ ਉਦੇਸ਼ ਨੂੰ ਅਮਲ ਵਿਚ ਲਿਆਉਣ ਦਾ ਵਿਵਹਾਰ ਇਹ ਨਿਰਧਾਰਿਤ ਕੀਤਾ ਹੈ:
“ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥”ਅੰਕ444
ਗੁਰੂ ਨਾਨਕ ਸਾਹਿਬ ਜੀ
ਸੰਖੇਪ ਜੀਵਨੀ
ਪ੍ਰਕਾਸ਼ – (1 ਵੈਸਾਖ) ਅਪ੍ਰੈਲ 1469, ਨਨਕਾਣਾ ਸਾਹਿਬ, ਪਾਕਿਸਤਾਨ ।
ਪਿਤਾ – ਸ੍ਰੀ ਕਲਿਆਣ ਦਾਸ ਜੀ , (ਮਹਿਤਾ ਕਾਲੂ ਜੀ ) ।
ਮਾਤਾ – ਮਾਤਾ ਤ੍ਰਿਪਤਾ ਜੀ ।
( ਮਾਤਾ-ਪਿਤਾ ਦਾ ਪਰਲੋਕ ਗਮਨ ਇਤਿਹਾਸਕਾਰ ਸੰਨ 1522 ਦਾ ਮੰਨਦੇ ਹਨ )
ਜੋਤੀ-ਜੋਤ ਸਮਾਏ – 5 ਸਤੰਬਰ 1539, ਕਰਤਾਰਪੁਰ ਹੁਣ ਪਾਕਿਸਤਾਨ ਵਿਚ ।
ਭੈਣ – ਬੇਬੇ ਨਾਨਕੀ ਜੀ ।
ਸੁਪਤਨੀ – ਮਾਤਾ ਸੁਲੱਖਣੀ ਜੀ ਜੋ ਪਿੰਡ ਪੱਖੋਕੇ ਰੰਧਾਵੇ, ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਸ੍ਰੀ ਮੂਲ ਚੰਦ ਜੀ ਦੀ ਸਪੁੱਤਰੀ ਸਨ । ਇਸ ਸਥਾਨ ਤੇ ਗੁਰਦੁਆਰਾ ਕੰਧ ਸਾਹਿਬ ਹਾਲੇ ਵੀ ਸੁਸ਼ੋਭਿਤ ਹੈ ।
ਸੰਤਾਨ – 2 ਪੁੱਤਰ, ਬਾਬਾ ਸ੍ਰੀ ਚੰਦ ਜੀ ਜਨਮ ਵਰ੍ਹਾ 1494 ਤੇ ਬਾਬਾ ਲਖਮੀ ਚੰਦ ਜੀ ਜਨਮ ਵਰ੍ਹਾ 1497 ।
ਗੁਰਿਆਈ ਦਾ ਸਮਾਂ – 70 ਸਾਲ, 5 ਮਹੀਨੇ 10 ਦਿਨ ।
ਵਿੱਦਿਆ – ਅਕਾਲ ਪੁਰਖ ਦੀ ਹਸਤੀ ਵਿਚ ਲੀਨ । ਵੱਖੋ ਵੱਖ ਖੇਤਰਾਂ ਦੀਆਂ ਲੋਕ ਭਾਸ਼ਾਵਾਂ ਦੇ ਗਿਆਤਾ ।
ਕਿਰਤ -ਬਚਪਨ’ਚ ਘਰੇਲੂ ਮੱਝਾਂ ਚਾਰੀਆਂ, ਜਵਾਨੀ ‘ਚ ਸਰਕਾਰੀ ਨੌਕਰੀ ਕੀਤੀ ਅਤੇ ਸੁਲਤਾਨਪੁਰ ਲੋਧੀ ਵਿਖੇ “ਮੋਦੀ” ਰਹੇ, ਕਈ ਸਾਲ ਲੋਕ ਸੁਧਾਈ ਹਿਤ ਯਾਤਰਾਵਾਂ (ਉਦਾਸੀਆਂ) ਕੀਤੀਆਂ, ਬੁਢਾਪੇ ਵਿਚ ਕਿਰਸਾਨ ਵਜੋਂ ਕਰਤਾਰਪੁਰ ਸ਼ਹਿਰ ਵਿਚ ਜਾ ਵਸੇ ਅਤੇ ਖੇਤੀ ਕੀਤੀ ।
ਬਾਣੀ ਰਚਨਾ – ਜਪੁ, ਸਿਧ ਗੋਸਟਿ, ਸੋਦਰ, ਸੋਹਿਲਾ, ਆਰਤੀ, ਓਅੰਕਾਰ, ਆਸਾ ਦੀ ਵਾਰ, ਮਲਾਰ ਤੇ ਮਾਝ ਦੀ ਵਾਰ, ਪੱਟੀ ਅਤੇ ਬਾਰਾਂ ਮਾਹ ਤੁਖਾਰੀ ।
ਸਿਧਾਂਤ – ੴ ਉਹ ਅਕਾਲ ਪੁਰਖ, ਰੱਬ, ਜਾਂ ਕੋਈ ਵੀ ਨਾਮ ਦੇ ਲਵੋ ਹੈ ਉਹ ਇੱਕੋ, ਜੋ ਆਪਣੇ ਆਪ ਤੋਂ ਹੀ ਹੈ ਇਸ ਲਈ ਅਕਾਲ ਹੈ ।
“ਸਾਹਿਬੁ ਮੇਰਾ ਏਕੋ ਹੈ॥ਏਕੋ ਹੈ ਭਾਈ ਏਕੋ ਹੈ॥”ਆ.ਮ.1 ਅੰਕ 350
2- ਮਨੁੱਖ ਦੀ ਉਤਪਤੀ
ਕਿਸੇ ਹੋਰ ਜੀਵ ਤੋਂ ਮਨੁੱਖ ਦਾ ਵਿਕਾਸ ਨਹੀਂ ਹੋਇਆ ਹੈ । ਇੱਕ ਅਕਾਲ ਪੁਰਖ ਨੇ ਆਪਣੇ ਹੁਕਮ ਨਾਲ ਮੂਲ ਰੂਪ ਵਿਚ ਬਤੌਰ ਮਨੁੱਖ ਹੀ ਕੀਤੀ। ਕਦੋਂ, ਕਿਵੇਂ ਅਤੇ ਕਿੱਥੇ ਇਹ ਉਹ ਅਕਾਲ ਪੁਰਖ ਹੀ ਜਾਣਦਾ ਹੈ। ਕੋਈ ਹੋਰ ਨਹੀਂ ਜਾਣ ਸਕਦਾ। ਇਸ ਦੇ ਗੁਰਬਾਣੀ ਵਿਚ ਪ੍ਰਮਾਣ ਇੰਜ ਮਿਲਦੇ ਹਨ:
“ਏਕੋ ਹੁਕਮੁ ਵਰਤੈ ਸਭ ਲੋਈ ॥ ਏਕਸੁ ਤੇ ਸਭ ਓਪਤਿ ਹੋਈ” ਗਉੜੀ ਮਹਲਾ 1 ਅੰਕ 223
“ਏਕਾ ਸੁਰਤਿ ਜੇਤੇ ਹੈ ਜੀਅ ॥ ਸੁਰਤਿ ਵਿਹੂਣਾ ਕੋਇ ਨ ਕੀਅ ॥” ਸਿਰੀਰਾਗੁ ਮਹਲਾ 1 ਅੰਕ 24
3. ਬ੍ਰਹਿਮੰਡ ਦੀ ਉਤਪਤੀ-
ਸਮੁੱਚੇ ਬ੍ਰਹਿਮੰਡ ਨੂੰ ਸਿਰਜਣ ਵਾਲਾ ਵੀ ਇੱਕ ਅਕਾਲ ਪੁਰਖ ਹੀ ਹੈ । ਜਿਸ ਨੇ ਆਪਣੇ ਹੁਕਮ ਵਿਚ ਇਹ ਸਿਰਜਿਆ ਹੈ । ਕਦੋਂ ਕਿਵੇਂ ਇਹ ਸਿਰਜਣ ਵਾਲਾ ਹੀ ਜਾਣਦਾ ਹੈ । ਜਿਸ ਦੇ ਗੁਰਬਾਣੀ ਵਿਚ ਪ੍ਰਮਾਣ ਇੰਜ ਹਨ:
1- “ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ”॥
2- “ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥ ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥
3- “ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥ ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥21॥ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥22॥”
4- ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥
ਓਅੰਕਾਰਿ ਬ੍ਰਹਮਾ ਉਤਪਤਿ ॥ (929-18, ਰਾਮਕਲੀ ਦਖਣੀ, ਮ: 1)
5- ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥ (930-3, ਰਾਮਕਲੀ ਦਖਣੀ, ਮ: 1)
6- ਸੁੰਨ ਸਮਾਧਿ ਲਗਾਇਦਾ ॥1॥ ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥ ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥2॥ ਨਾ ਤਦਿ ਸੁਰਗੁ ਮਛੁ ਪਇਆਲਾ ॥ ਦੋਜਕੁ ਭਿਸਤੁ ਨਹੀ ਖੈ ਕਾਲਾ ॥ ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥3॥ ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ ਅਵਰੁ ਨ ਦੀਸੈ ਏਕੋ ਸੋਈ ॥ ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥4॥…. ਵਿਰਲੇ ਕਉ ਗੁਰਿ ਸਬਦੁ ਸੁਣਾਇਆ ॥ ਕਰਿ ਕਰਿ ਦੇਖੈ ਹੁਕਮੁ ਸਬਾਇਆ ॥ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥15॥
7- ਮਾਰੂ ਮਹਲਾ 1 ॥ ਸੁੰਨ ਕਲਾ ਅਪਰੰਪਰਿ ਧਾਰੀ ॥ ਆਪਿ ਨਿਰਾਲਮੁ ਅਪਰ ਅਪਾਰੀ ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥1॥ ਪਉਣੁ ਪਾਣੀ ਸੁੰਨੈ ਤੇ ਸਾਜੇ ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ॥ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥2॥ ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ ॥ ਸੁੰਨੇ ਵਰਤੇ ਜੁਗ ਸਬਾਏ ॥ ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ ॥3॥ ਸੁੰਨਹੁ ਸਪਤ ਸਰੋਵਰ ਥਾਪੇ ॥ ਜਿਨਿ ਸਾਜੇ ਵੀਚਾਰੇ ਆਪੇ ॥ ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ ॥4॥ ਸੁੰਨਹੁ ਚੰਦੁ ਸੂਰਜੁ ਗੈਣਾਰੇ ॥ ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥ ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ ॥5॥ ਸੁੰਨਹੁ ਧਰਤਿ ਅਕਾਸੁ ਉਪਾਏ ॥ ਬਿਨੁ ਥੰਮਾ ਰਾਖੇ ਸਚੁ ਕਲ ਪਾਏ ॥ ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ ॥6॥ ਸੁੰਨਹੁ ਖਾਣੀ ਸੁੰਨਹੁ ਬਾਣੀ ॥ ਸੁੰਨਹੁ ਉਪਜੀ ਸੁੰਨਿ ਸਮਾਣੀ ॥ ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ ॥7॥ ਸੁੰਨਹੁ ਰਾਤਿ ਦਿਨਸੁ ਦੁਇ ਕੀਏ ॥ ਓਪਤਿ ਖਪਤਿ ਸੁਖਾ ਦੁਖ ਦੀਏ ॥ ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ ॥8॥ ਸਾਮ ਵੇਦੁ ਰਿਗੁ ਜੁਜਰੁ ਅਥਰਬਣੁ ॥ ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ ॥ ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ ॥9॥ ਸੁੰਨਹੁ ਸਪਤ ਪਾਤਾਲ ਉਪਾਏ ॥ ਸੁੰਨਹੁ ਭਵਣ ਰਖੇ ਲਿਵ ਲਾਏ ॥ ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ॥
ਮੁੱਖ ਨਿਰਦੇਸ਼ ਜੀਵਨ ਜਿਊਣ ਨਿਮਿਤ ਜਿਹੜੇ ਮੂਲ ਪ੍ਰਾਕ੍ਰਿਤਕ ਨੇਮ ਅਤੇ ਕਿਰਦਾਰ ਨਿਰਮਾਣਕਾਰ ਹਿਤ ਸਲੀਕਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਿਰਧਾਰਿਤ ਕੀਤਾ ਉਹ ਇੰਜ ਹੈ :
ਭਾਈ ਮਰਦਾਨਾ ਜੀ ਨੂੰ ਆਪਣਾ ਸੰਗੀ ਬਣਾਉਣ ਵੇਲੇ ਪਹਿਲਾ ਹੁਕਮ ਕੀਤਾ ਕਿ “ਇੱਕ ਕੇਸ ਨਾਂਹ ਕਟਾਈ ਦੂਜਾ ਅੰਮ੍ਰਿਤ-ਵੇਲਾ ਨਾਂਹ ਖੁੰਝਾਈ।”
2- “ਹੁਕਮਿ ਰਜਾਇ ਚਲਣਾ ਨਾਨਕਿ ਲਿਖਿਆ ਨਾਲਿ” ਜਪੁ ਪ.1
3- ਗੁਰਿ ਦੀਆ ਸਚੁ ਅੰਮ੍ਰਿਤ ਪੀਵਉ ॥ ਸਹਿਜ ਮਰਉ ਜੀਵਤ ਹੀ ਜੀਵਉ ॥(ਬਸੰਤ ਮ. 1 ਅੰਕ 1189)
4- “ਊਂਧੇ ਭਾਂਡੇ ਕਛੁ ਨ ਸਮਾਵੈ ਸੀਧੈ ਅੰਮ੍ਰਿਤ ਪਰੈ ਨਿਹਾਰ”॥ ਗੂਜਰੀ ਮ. 1
5- “ਕਰਣੀ ਉਪਰਿ ਹੋਇ ਤਪਾਵਸੁ ਜੇ ਕੋ ਕਰੈ ਕਰਾਏ॥” ਸਾਰੰਗ ਕੀ ਵਾਰ ਮਹਲਾ 1 ਅੰਕ 1238
6- “ਗੁਰਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਨ ਪਾਇ॥” ਮਾਰੂ ਮ. 1 ਅੰਕ 1028
7- ਨਾਮ ਜਪਣਾ, ਇਸ ‘ਨਾਮ’ ਦੇ ਸਰੋਤ ਦਾ ਅਧਾਰ “ਜਪੁ” ਬਾਣੀ ਹੈ ਅਤੇ ਇਸ ਦਾ ਵਿਵਹਾਰਿਕ ਆਚਰਨ “ਆਸਾ ਦੀ ਵਾਰ” ਹੈ ।
8- ਕਿਰਤ ਕਰਨੀ, ਜਿਸ ਦਾ ਅਧਾਰ ‘ਹੱਕ ਦੀ ਕਮਾਈ’ ਅਤੇ ਵਿਵਹਾਰ ਦਸਾਂ ਨੁਹਾ ਦੀ ਕਾਰ ਹੈ ।
9- ਵੰਡ ਛਕਣਾ, ਜਿਸ ਦਾ ਅਧਾਰ ਸਮਾਜਕ ਪੱਧਰ ਤੇ ਆਰਥਕ, ਵਿਵਹਾਰਿਕ ਬਰਾਬਰਤਾ ਪੈਦਾ ਕਰਨ ਨਿਮਿਤ ਸਾਧਨਾਂ ਦਾ ਇਸਤੇਮਾਲ (ਪਹਿਲਾਂ ਆਪਣੇ ਗੁਰੂ ਨਾਨਕ ਦੇ ਸਿੱਖਾਂ ਵਿਚ ਬਰਾਬਰਤਾ ਲਈ ਕਰਨਾ ਹੈ ਜਦੋਂ ਇਹ ਸਥਾਪਤੀ ਹੋ ਜਾਵੇ ਤਾਂ ਉਸ ਤੋਂ ਬਾਅਦ ਬਾਕੀ ਲੋਕਾਂ ਵਿਚ) ਕਰਨਾ ਹੈ । ਆਪੇ ਲੰਗਰ ਵਿਚ ਦਾਨ ਦੇ ਕੇ ਆਪੇ ਹੀ ਛੱਕ ਜਾਣਾ ਨਹੀਂ ਹੈ।
ਮੁੱਖ ਦੇਣ – ਸੰਸਾਰ ਨੂੰ ਪਹਿਲੀ ਵਾਰ ਉਪਰੋਕਤ ਨਵੇਕਲੇ ਗੁਰਮਤਿ ਵਿਗਿਆਨ ਦੇ ਗਿਆਨ ਤੋਂ ਜਾਣੂ ਕਰਵਾ ਕੇ ਹੇਠਲੀਆਂ ਕੁੱਝ ਮੁੱਖ Doctrine ਸਥਾਪਿਤ ਕੀਤੇ:
1- ਸੁਤੰਤਰ-ਸੰਪ੍ਰਭੁਤ-ਸੰਪਨ (sovereign) ਸਰਬ ਸ਼ਕਤੀਮਾਨ, ਪ੍ਰਭੁਤਾ ਸੰਪੰਨ; ਪਾਤਸ਼ਾਹੀ ਅਧਾਰਿਤ ਸਿੱਖ ਧਰਮ ਦਾ ਧਾਰਮਿਕ, ਰਾਜਨੀਤਕ, ਆਰਥਕ, ਸਮਾਜਕ ਵਿਹਾਰ ਦੇ ਆਚਰਨ, ਸੁਭਾ ਅਤੇ ਪ੍ਰਗਟਾ ਦਾ ਸੰਪੂਰਨ ਨਕਸ਼ ਨੁਹਾਰ ਪ੍ਰਗਟ ਕੀਤਾ।
2- ਗੁਰਮਤਿ ਸਭਿਆਚਾਰ ਦੀ ਸਥਾਪਨਾ ਕੀਤੀ।
3- ਨਾਨਕਸ਼ਾਹੀ (ਸਿਵੀਲਾਈਜੇਸ਼ਨ) ਸਭਿਅਤਾ ਆਰੰਭ ਕੀਤੀ।
4- ਇਸ Culture & Civilisation ਦੀ ਹਕੀਕੀ ਬਹਾਲੀ ਦਾ ਨਿਰਮਾਣ ਅਤੇ ਪ੍ਰਚਾਰ ਪ੍ਰਸਾਰ ਲਈ ਇਨ੍ਹਾਂ ਦੇ ਪ੍ਰਚਾਰਕ ਮੁਖੀ ਥਾਪੇ ।
5- ਅਵਤਾਰ ਵਾਦ ਦੀ ਸਮਾਪਤੀ ਕਰ ਕੇ ਰੱਬ ਇਕ ਹੈ ਅਰਥਾਤ 1 (ਇੱਕ) ਈਸ਼ਵਰਵਾਦ ਦੀ ਸਥਾਪਨਾ ਕਰ ਦਿੱਤੀ।
6- ਗੁਰਦੁਆਰਾ, ਜਿਸ ਦਾ ਪਹਿਲਾ ਰੂਪ ਧਰਮਸ਼ਾਲਾ (ਉਹ ਕੇਂਦਰ ਜਿੱਥੇ ਧਰਮ ਦੀ ਸਿੱਖਿਆ ਅਤੇ ਦੀਖਿਆ ਦਿੱਤੀ ਜਾਵੇ) ਸੀ ।
7- ਸੰਗਤ, ਪੰਗਤ, ਲੰਗਰ ਦਾ ਆਰੰਭ ਕਰਨਾ
8- ਅੰਮ੍ਰਿਤ ਵੇਲੇ ਦਾ ਸੰਕਲਪ ਦੇਣਾ
9- ਸਾਬਤ ਸੂਰਤ ਰੱਖਣੀ ਅਤੇ ਕੇਸ ਕਤਲ ਨਹੀਂ ਕਰਵਾਉਣੇ ਦਾ ਅਰੰਭ ਕਰਨਾ,
10- ਇਸਤਰੀ ਨੂੰ ਸਮਾਨਤਾ ਅਤੇ ਬਰਾਬਰਤਾ ਦੇ ਅਧਿਕਾਰੀ ਬਣਾਉਣਾ,
11- ਨਸਲ, ਜਾਤੀ, ਲਿੰਗ ਭੇਦ, ਧਰਮ ਭੇਦ ਦੀ ਸਮਾਪਤੀ ਕਰ, ਅਭੇਦਤਾ ਲਿਆ ਸਿੱਖ ਬਣਾਏ ।
12- ਆਪਣੀ ਕਾਢ ਨਾਲ ‘ਰਬਾਬ’ ਬਣਵਾਉਣੀ
13- ਰਾਗਾਂ ਵਿਚ ਕੀਰਤਨ ਦੀ ਮਰਿਆਦਾਦਾ ਆਰੰਭ ਕਰਨਾ।
14- ਇਕ ਨੀਵੀਂ ਜਾਤੀ ਦੇ ਮੁਸਲਮਾਨ ਭੱਟ ਨਾਲ ਉਦਾਸੀ ਕਰਨੀ ਅਤੇ ਸਭ ਤੋਂ ਪਹਿਲਾ ਇਕ ਸ਼ੂਦਰ ਭਾਈ ਲਾਲੋ ਜੀ ਪਾਸ ਜਾਣਾ ਤੇ ਰਹਿਣਾ ਅਤੇ ਉਸ ਦੀ ਹੱਕ ਦੀ ਕਮਾਈ ਦਾ ਭੋਜਨ ਛਕਣਾ । ਸੈਦਪੁਰ(ਐਮਨਾਬਾਦ) ਦੇ ਮੁਸਲਿਮ ਪਠਾਣ ਫ਼ੌਜਦਾਰ ਅਤੇ ਉਸ ਦੇ ਹਿੰਦੂ ਮੁਲਾਜ਼ਮ ਮਲਕ ਭਾਗੋਂ ਦਾ ਹੰਕਾਰ ਤੋੜਨਾਂ; ਇਸ ਤੱਥ ਨੂੰ ਸਥਾਪਤ ਕਰਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖੀ ਦੀ ਨਵੀਂ ਨਾਨਕਸ਼ਾਹੀ ਸਭਿਅਤਾ ੳਤੇ ਸਭਿਆਚਾਰ ਦੀ ਨੀਂਹ ਰੱਖ ਹੀ ਨਹੀਂ ਦਿੱਤੀ ਸਗੋਂ ਆਪਣੇ ਸਿੱਖਾ ਵਿਚ ਉਹ ਲਾਗੂ ਕਰ ਦਿੱਤੀ ਹੈ।
ਮੁੱਖ ਉਪਦੇਸ਼ – 1. ਕਾਦਰ ਦੀ ਕੁਦਰਤ ਵਿਚ “ਹੁਕਮ ਰਜਾਈ ਚਲਣਾ” ।
2. ਆਤਮਿਕ, ਸਰੀਰਕ, ਮਾਨਸਿਕ ਅਤੇ ਬੋਧਿਕ ਤੋਰ ਤੇ ਸੁਤੰਤਰ ਹੋ ਵਿਚਰਨਾ ਹੀ ਜੀਵ ਮਾਤਰ ਦਾ ‘ਧਰਮ’ ਹੈ ।
3. ‘ਦਸਾਂ ਨੋਂਹਾਂ ਦੀ ਕ੍ਰਿਤ’ ਕਰ ਹੱਕ ਦੀ ਕਮਾਈ ਨੂੰ ਵੰਡ ਕੇ ਛਕਣਾ,
4. ਨਾਮ ਜਪਣਾ,
5. ਅਮੀਰੀ-ਗ਼ਰੀਬੀ ਦਾ ਵਿਤਕਰਾ ਖ਼ਤਮ ਕਰ, ਸਮਾਨਤਾ ਅਤੇ ਬਰਾਬਰਤਾ ਦਾ ਵਿਵਹਾਰ ਕਰਨ ਵਾਲੇ ਸਮਾਜ ਦੀ ਸਥਾਪਨਾ ਕਰਨਾ,
6. ਜਾਤੀ, ਕੁਲ ਅਤੇ ਗੋਤਰ ਰਹਿਤ ਸਮਾਜ ਦੀ ਸਿਰਜਨਾ ਕਰਨਾ ਅਤੇ ਇਸ ਨੂੰ ਆਪਣੇ ਜੀਵਨ ਵਿਚ ਅਪਣਾਉਣਾ,
7. ਹਰ ਤਰ੍ਹਾਂ ਦੇ ਵਹਿਮਾਂ-ਭਰਮਾਂ, ਵਰਤਾਂ, ਬੁੱਤ ਪੂਜਾ ਦਾ ਪੂਰੀ ਤਰ੍ਹਾਂ ਖੰਡਨ ਅਤੇ ਮਨੁੱਖੀ ਜ਼ਿੰਦਗੀ ਵਿਚ ਨਾਂਹ ਮੰਨਣ ਦਾ ਹੁਕਮ,
8. ਬ੍ਰਾਹਮਣੀ ਕਰਮ, ਕਾਂਡਾਂ, ਕਿਰਿਆਵਾਂ, ਵਿਸ਼ਵਾਸ ਅਤੇ ਇਨ੍ਹਾਂ ਦੇ ਮਨੁੱਖ ਵੱਲੋਂ ਮੰਨੇ ਜਾਣ ਤੇ ਪੂਰੀ ਤਰ੍ਹਾਂ ਸਖ਼ਤ ਰੋਕ ਹੀ ਨਹੀਂ ਲਾਈ ਸਗੋਂ ਇਨ੍ਹਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਜਿਹੜਾ ਸਿੱਖ ਇਸ ਨੂੰ ਆਪਣੇ ਜੀਵਨ ਵਿਚ ਧਾਰਦਾ ਹੈ ਉਹ “ਸਾਕਤ” ਅਤੇ “ਬਿਪਰਨ ਕੀ ਰੀਤ” ਤੇ ਚੱਲਣ ਵਾਲਾ ਪਸ਼ੂ ਤੋਂ ਵੀ ਮਾੜਾ ਹੈ,
9. ਗ੍ਰਹਿਸਤ ਜੀਵਨ ਰੱਖਣਾ,
10. ਮਨੁੱਖੀ ਵਿਵਹਾਰ ਦੇ ਨਿਮਰਤਾ, ਸਹਿਜ, ਭਾਣਾ ਮੰਨਣ ਅਤੇ ਹੁਕਮੀ ਦੀ ਰਜਾ ਵਿਚ ਅਨੰਦ ਮਾਣਨ ਵਾਲੇ ਬੜੇ ਸਾਦੇ, ਪੂਰੀ ਤਰ੍ਹਾਂ ਕੁਦਰਤੀ ਅਤੇ ਬ੍ਰਹਿਮੰਡੀ ਧੁਰੇ ਦੀ ਚਾਲ ਨਾਲ ਜੁੜੇ ਆਚਰਨ ਨੂੰ ਨਿਰਧਾਰਿਤ ਹੀ ਨਹੀਂ ਕੀਤਾ ਸਗੋਂ ਬਤੌਰ ‘ਸਿੱਖ ਸਮਾਜ’ ਦੀ ਸਥਾਪਨਾ ਕਰ ਸੰਸਾਰ ਵਿਚ ਕਾਦਰ ਦੀ ਕੁਦਰਤ ਦਾ ਮਨੁੱਖਤਾ ਵਿਚ ਇਕ ਰੋਲ ਮਾਡਲ ਧਰਤੀ ਤੇ ਸਥਾਪਤ ਕਰ ਕੇ ਦਿਖਾਇਆ ।
11. ਕਈ ਸ਼ਤਾਬਦੀਆਂ ਤੋਂ ਲੱਗੀਆਂ ਪਾਬੰਦੀਆਂ ਤੋੜ ਕੇ ਲੁਕਾਈ ਨੂੰ ਮਨੁੱਖੀ, ਸਮਾਜਕ ਅਤੇ ਆਤਮਿਕ ਸੁਤੰਤਰਤਾ ਬਖ਼ਸ਼ੀਸ਼ ਕੀਤੀ । (ਰਾਗ ਵਡਹੰਸ ਦੇ ਸ਼ਬਦ ਬਾਬਾ )
12. ਵੇਈਂ ਨਦੀ ਤੋਂ ਬਾਹਰ ਆ ਕੇ ਪਹਿਲਾ ਸੰਦੇਸ਼ ਅਤੇ ਉਪਦੇਸ਼ ਦੇਣਾ ਕਿ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ ਹੈ; ਸਭ ਅਕਾਲ ਪੁਰਖ ਦੇ ਮਨੁੱਖ ਹਨ।
13. ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ।
ਸ਼ਹਿਰ ਵਸਾਏ – ਕਰਤਾਰਪੁਰ ਸਾਹਿਬ ਸ਼ਹਿਰ 1504 ਵਿਚ ਵਸਾਇਆ ਜੋ ਹੁਣ ਪਾਕਿਸਤਾਨ ਵਿਚ ਹੈ ।
ਯਾਤਰਾਵਾਂ
ਗੁਰੂ ਨਾਨਕ ਸਾਹਿਬ ਜੀ ਵੱਲੋਂ ਪੈਦਲ ਕੀਤੀਆਂ ਗਈਆਂ ਲੰਮੀਆਂ ਯਾਤਰਾਵਾਂ ਨੂੰ ਇਤਿਹਾਸ ਕਾਰ “ਉਦਾਸੀਆਂ” ਵਜੋਂ ਸਿਰਲੇਖ ਦੇ ਕੇ ਲਿਖਦੇ ਹਨ । ਜਿਨ੍ਹਾਂ ਤੋ ਅਰਥ ਪੈਦਲ ਕੀਤੀਆਂ ਗਈਆਂ ਲੰਮੀਆਂ ਯਾਤਰਾਵਾਂ ਹੀ ਹੈ । ਇਹ ਪ੍ਰਚਾਰਨਾ ਕਿ ਗੁਰੂ ਨਾਨਕ ਸਾਹਿਬ ਆਪਣੀ “ਅਕਾਲ ਰੂਪ” ਸ਼ਕਤੀ ਦੀ ਵਰਤੋਂ ਕਰ ਪਲਾਂ ਵਿਚ ਹੀ ਜਿੱਥੇ ਚਾਹੁਣ ਉੱਥੇ ਅੱਪੜ ਜਾਂਦੇ ਸਨ, ਗੁਰੂ ਨਾਨਕ ਸਾਹਿਬ ਨੂੰ ਛੁਠਲਾਉਣ ਅਤੇ ਗ਼ਲਤ ਸਾਬਤ ਕਰਨ ਦੀ ਇਕ ‘ਦੁਸ਼ਮਣੀ’, ‘ਸਾਕਤੀ’ ਸੋਚ ਹੈ । ਇਹ ਸੋਚ ਗੁਰੂ ਨਾਨਕ ਨੂੰ ਕਰਤਬੀ, ਰਿੱਧੀ-ਸਿੱਧੀ ਦੇ ਇਸਤੇਮਾਲ ਕਰਨ ਵਾਲਾ ਇਕ ਸਾਧ ਮਾਤਰ ਅਸਥਾਪਿਤ ਕਰਨਾ ਚਾਹੁੰਦੀ ਹੈ ਤਾਂ ਜੋ ਗੁਰੂ ਨਾਨਕ ਦੇ ਪੂਰਨ ਸਿਧਾਂਤ ਦਾ ਇੰਜ ਅੰਤਿਮ ਤੋਰ ਤੇ ਆਪਣੇ ਆਪ ਹੀ ਭੋਗ ਪੈ ਜਾਵੇ । ਜਦ ਕਿ ਗੁਰੂ ਨਾਨਕ ਸਾਹਿਬ ਅਤੇ ਦਸ ਗੁਰ ਜੋਤਿ ਸਰੂਪ ਇਨ੍ਹਾਂ ਕਰਤਬੀ, ਰਿੱਧੀ-ਸਿੱਧੀ ਵਾਲੇ ਜਿਊਣ ਜਾਚ ਦਾ ਪੁਰੀ ਤਰ੍ਹਾਂ ਖੰਡਨ ਕਰਦੇ ਆਏ ਹਨ ਅਤੇ ਧਰਤੀ ਤੇ ਹੁਕਮੀ ਦੀ ਰਜਾ ਵਿਚ ਰਹਿਣ ਅਤੇ ਇਸ ਨੂੰ ਖਿੜੇ ਮੱਥੇ ਪਰਵਾਨ ਕਰਨ ਦਾ ਸਿਧਾਂਤ ਸਥਾਪਤ ਅਤੇ ਵਿਹਾਰਕ ਪੱਧਰ ਤੇ ਧਾਰਨ ਕਰਵਾਉਣ ਵਾਲੇ ਇਕ ਮਾਤਰ ਆਗੂ ਹੋਏ ਹਨ । ਜਿਨ੍ਹਾਂ ਨੇ ਬਤੌਰ ਸਿੱਖ ਇਸ ਧਰਤੀ ਅਤੇ ਬ੍ਰਹਿਮੰਡ ਵਿਚ ਅਕਾਲ ਦੇ ਮਨੁੱਖੀ ਧਰਮ ਦਾ ਅਧਾਰ ਧਰ ਕੇ ਇਸ ਨੂੰ ਰੱਬੀ ਰਜਾ ਅਤੇ ਹੁਕਮ ਵਿਚ ਅਕਾਲ ਨਿਮਿਤ ਹੀ ਪੁਨਰ ਸਥਾਪਤ ਕੀਤਾ ਹੈ । ਜੋ ਕਿ ਗੈਰ ਮਨੁੱਖੀ ਤਾਕਤਾਂ ਨੂੰ ਹਮੇਸ਼ਾ ਚੁੱਭਦਾ ਆਇਆ ਹੈ ।
ਪਹਿਲੀ ਉਦਾਸੀ – 1507 ਤੋਂ 1515 ਤਕ । ਇਹ ਯਾਤਰਾ ਪ੍ਰਮੁੱਖ ਹਿੰਦੂ ਤੀਰਥਾਂ ਤੇ ਹੋਰ ਕਈ ਪ੍ਰਮੁੱਖ ਨਗਰਾਂ ਦੀ ਸੀ ਅਤੇ ਸਭ ਤੋਂ ਲੰਮੀ ਸੀ । ਹਿੰਦੂ ਧਰਮ ਦੇ ਮੂਲ ਕਰਮ-ਕਾਂਡਾਂ, ਵਹਿਮਾਂ, ਭਰਮਾਂ, ਪੁਰੋਹਤਾਈ, ਬ੍ਰਾਹਮਣਾਂ ਅਤੇ ਬ੍ਰਾਹਮਣਵਾਦ ਦਾ ਉਨ੍ਹਾਂ ਦੀ ਮੌਜੂਦਗੀ ਵਿਚ ਹੀ ਵਿਵਹਾਰਿਕ ਤੋਰ ਤੇ ਉਨ੍ਹਾਂ ਨੂੰ ਗ਼ਲਤ ਸਿੱਧ ਕਰ ਖੰਡਨ ਕੀਤਾ । ਲੋਕਾਂ ਨੂੰ ਇਹ ਸਭ ‘ਝੂਠ’ ਅਤੇ ‘ਮਿਥਿਆ’ ਛੱਡ ਕੇ ਇਕ ਅਕਾਲ ਨਾਲ ਸਿੱਧੇ ਜੁੜਨ ਨੂੰ ਪ੍ਰੇਰਿਤ ਕੀਤਾ ।
2. ਤੀਰਥ, ਜੰਤਰਾਂ-ਮੰਤਰਾਂ ਦੇ ਰੂਪ ਵਿਚ ‘ਜਾਪ’, “ਅਖੰਡ-ਜੋਤਿ” ਦੇ ਰੂਪ ਵਿਚ ਆਰਤੀ ਜਾਂ ਜਾਪ, ਰੂਪੀ ਧਾਰਮਿਕ ਕਰਮਾਂ ਨੂੰ ਮਿਥਿਆ ਸਾਬਤ ਕਰ ਭੰਡਿਆਂ ਅਤੇ ਇਸ ਨੂੰ ਨਿਰਾ ਪਾਖੰਡ ਦੱਸਦੇ ਹੋਏ ਆਮ ਤੋਰ ਤੇ ਸਮੂਹ ਲੁਕਾਈ ਨੂੰ ਅਤੇ ਵਿਸ਼ੇਸ਼ ਤੋਰ ਤੇ ਸਿੱਖ-ਸਮਾਜ ਨੂੰ ਆਪਣੇ ਜੀਵਨ ਵਿਚ ਇਸ ਨੂੰ ਨਾਂਹ ਅਪਣਾਉਣ ਦਾ ਹੁਕਮ ਕੀਤਾ । ਇਨ੍ਹਾਂ ਸਥਾਨਾਂ ਤੇ ਗੁਰੂ ਨਾਨਕ ਸਾਹਿਬ ਵੱਲੋਂ ਉਚਾਰਨ ਕੀਤੀ ਗਈ ਬਾਣੀ ਇਸ ਤੱਥ ਨੂੰ ਹੀ ਸਾਬਤ ਕਰਦੀ ਹੈ । ਇੰਜ ਇਹ ਸਿੱਖ ਧਰਮ ਦੇ ਅੰਤਿਮ ਨਿਰਨੇ ਹਨ ।
3. ਇਸ ਯਾਤਰਾ ਦੌਰਾਨ ਆਪ ਭਗਤ ਰਵਿਦਾਸ, ਧੰਨਾ, ਕਬੀਰ ਜੀ ਨਾਲ ਮਿਲੇ ਤੇ ਭਗਤ ਨਾਮ ਦੇਵ ਤੇ ਤਿਰਲੋਚਣ ਜੀ ਦੇ ਸਥਾਨਾਂ ਤੇ ਭੀ ਗਏ । ਇਨ੍ਹਾਂ ਭਗਤਾਂ ਦੀਆਂ ਮੂਲ ਰਚਨਾਵਾਂ ਵੀ ਇਨ੍ਹਾਂ ਪਾਸੋਂ ਪ੍ਰਾਪਤ ਕਰ, ਪੋਥੀ ਦੇ ਰੂਪ ਵਿਚ ਲਿਖਤ ਬੱਧ ਕੀਤੀਆਂ ।
ਦੂਜੀ ਉਦਾਸੀ 1517 ਤੋਂ 1518 । ਇਸ ਉਦਾਸੀ ਵਿਚ ਗੁਰੂ ਸਾਹਿਬ ‘ਫਿਰ ਜਾ ਚੜ੍ਹੇ ਸੁਮੇਰ ਪੁਰ ਸਿੱਧ ਮੰਡਲੀ ਦ੍ਰਿਸ਼ਟੀ ਆਈ’।
ਤੀਜੀ ਉਦਾਸੀ -1518 ਤੋਂ 1521 । “ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ” ।
ਭਾਈ ਮਰਦਾਨਾ ਜੀ ਯਾਤਰਾਵਾਂ ਦੇ ਸਹਿਯੋਗੀ ਰਹੇ । ਇਹ ਬਦਰੇ ਮਿਰਾਸੀ ਦਾ ਪੁੱਤ, ਗੁਰੂ ਨਾਨਕ ਸਾਹਿਬ ਦੇ ਹੀ ਨਗਰ ਦਾ ਵਾਸੀ, ਤਲਵੰਡੀ ਵਿਚ ਸੰਨ 1459 ਵਿਚ ਜੰਮਿਆ ਅਤੇ ਗੁਰੂ ਨਾਨਕ ਸਾਹਿਬ ਦੇ ਵਸਾਏ ਸ਼ਹਿਰ ਕਰਤਾਰਪੁਰ ਵਿਚ 1534 ਨੂੰ ਆਪਣਾ ਸਰੀਰ ਤਿਆਗ ਗਿਆ । ਜਿਸ ਦੇ ਸਰੀਰ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪ ਅਗਨੀ ਦਿੱਤੀ ।
ਲੇਖਕ: ਅਤਿੰਦਰ ਪਾਲ ਸਿੰਘ ਖ਼ਾਲਸਤਾਨੀ
ਸਾਬਕਾ ਐਮ.ਪੀ.
ਸੰਪਰਕ:+91 8847217312
ਯੂ ਟਿਊਬ ਤੇ ਚੈਨਲ: C5 Channel
ਫੇਸਬੁੱਕ ਤੇ: Atinder Pal Singh ਜਾਂ ਸਿਰਫ਼ ਲਿਖੋ ਤੇ ਫਾਲੋ ਕਰੋ: Khalastani