ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਵਿਵਾਦ ਦਾ ਅੰਤ -ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ (1 ਵੈਸਾਖ) ਅਪ੍ਰੈਲ 1469, ਨਨਕਾਣਾ ਸਾਹਿਬ, ਵਰਤਮਾਨ ਪਾਕਿਸਤਾਨ ਵਿਚ ਹੋਇਆ। ਪਿਤਾ ਪਿੰਡ ਦੇ ਲੇਖਾਕਾਰ ਜਾਂ ਪਟਵਾਰੀ ਸ੍ਰੀ ਕਲਿਆਣ ਦਾਸ (ਮਹਿਤਾ ਕਾਲੂ) ਜੀ, ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਹੋਇਆ। ਜਿਵੇਂ ਨਾਮਕਰਨ ਸਬੰਧੀ ਭੁਲੇਖੇ ਦੂਰ ਕਰਨੇ ਬਹੁਤ ਜ਼ਰੂਰੀ ਹਨ ਓਵੇਂ ਹੀ ਪ੍ਰਕਾਸ਼ ਮਿਤੀ ਸਬੰਧੀ ਭੁਲੇਖੇ ਦੂਰ ਹੋਣੇ ਬਹੁਤ ਜ਼ਰੂਰੀ ਹਨ।
1. ਕੁਝ ਇਤਿਹਾਸਕਾਰ ਜਾਂ ਵਿਦਵਾਨ ਮੰਨਦੇ ਹਨ ਕਿ ਗੁਰੂ ਅਰਜਨ ਸਾਹਿਬ ਜੀ ਨੇ ਕਰਤਾਰ ਪੁਰੀ ਬੀੜ “ਪੋਥੀ ਸਾਹਿਬ ਵਿਚ ਆਪਣੇ” ਹੱਥੀ ਪ੍ਰਕਾਸ਼ ਦਿਹਾੜਾ ਵੈਸਾਖ ਲਿਖਿਆ ਹੈ। ਮੈਂ ਇਸ ਦੇ ਦਰਸ਼ਨ ਨਹੀਂ ਕਰ ਪਾਇਆ ਹਾਂ। ਪ੍ਰੋ ਜੋਧ ਸਿੰਘ ਜੀ ਵਾਲੀ ਪੁਸਤਕ ‘ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ’ ਵਿਚ ਪੰਨਾ 45 ਤੇ ਜ਼ਿਕਰ ਇੰਜ ਮਿਲਦਾ ਹੈ
“ਚਲਿਤ੍ਰ ਜੋਤੀ ਜੋਤਿ ਸਮਾਵਨ ਕਾ ੴ ਸਤਿਗੁਰ ਪ੍ਰਸਾਦਿ
ਸੰਮਤੁ 1596 ਅਸੂੰ ਵਦੀ 10 ਸ੍ਰੀ ਬਾਬਾ ਨਾਨਕ ਦੇਵ ਜੀ ਸਮਾਣੇ।”
ਇਸ ਲਈ ਜੋਤੀ ਜੋਤਿ ਸਮਾਉਣ ਦੀ ਮਿਤੀ ਤੇ ਕੋਈ ਵਿਵਾਦ ਨਹੀਂ ਹੈ ।
ਇਸ ਤੇ ਵੀ ਕੋਈ ਵਿਵਾਦ ਨਹੀਂ ਹੈ ਕਿ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਕੁਲ ਆਯੂ “ਕੁਲ ਉਮਰ- ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ” ਲਿਖੀ ਮਿਲਦੀ ਹੈ। ਜਿੱਥੇ ਇਹ ਲਿਖਿਆ ਮਿਲਦਾ ਹੈ ਉਥੈ ਹੀ ਇਹ ਵੀ ਲਿਖਿਆ ਮਿਲਦਾ ਹੈ ਕਿ “ਇਸੇ ਪੰਨੇ ਤੇ ਇਕ ਨੋਟ ਲਿਖਿਆ ਹੋਇਆ ਹੈ, “ ਇਤਨੀ ਉਮਰ ਕੱਤਿਕ ਪੱਨਿਆ ਤੋਂ ਨਹੀ, ਵੈਸਾਖ ਸੁਦੀ ਤੀਜ (19 ਵੈਸਾਖ) ਤੋਂ ਪੂਰੀ ਹੁੰਦੀ ਹੈ।” -ਪਹਿਲੀ ਗੁਰ ਪ੍ਰਣਾਲੀ ਭਾਈ ਕੇਸਰ ਸਿੰਘ ਜੀ ਅਤੇ ਅਨਾਮ ਪੁਰਾਤਨ ਗੁਰ ਪ੍ਰਣਾਲੀ।
ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅਸੂ ਸੁਦੀ 10 ਸੰਮਤ 1596 ਬਿਕ੍ਰਮੀ, 23 ਅੱਸੂ, 22 ਸਤੰਬਰ ਸੰਨ 1539 ਦਿਨ ਸੋਮਵਾਰ ਨੂੰ ਮੁਖ ਰੱਖਕੇ ਜੇ ਆਪਾ ਇਸ ਵਿਚੋਂ ਗੁਰੂ ਜੀ ਦੀ ਕੁਲ ਉਮਰ ਨੂੰ ਮਨਫੀ ਕਰ ਦਈਏ ਤਾਂ ਗੁਰੂ ਜੀ ਦੇ ਜਨਮ ਦੀ ਤਾਰੀਖ ਵੈਸਾਖ 1526 ਬਿਕ੍ਰਮੀ ਹੀ ਬਣਦੀ ਹੈ।
2. ਭਾਈ ਗੁਰਦਾਸ ਜੀ ਦੀ ਵਾਰ ਪਹਿਲੀ, ਵਿਚ ਕਰਤਾਪੁਰੀ ਬੀੜ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਜੀ ਵੈਸਾਖ ਹੀ ਲਿਖਦੇ ਹਨ ।
3. ‘ਮਹਿਮਾ ਪ੍ਰਕਾਸ਼’ ਦੇ ਪੰਨਾ 72,
4. ਵਲਾਇਤ ਵਾਲੀ ਪੁਰਾਤਨ ਜਨਮ ਸਾਖੀ,
5. ਬੀ-40 ਜਨਮ ਸਾਖੀ, ਇਹ ਦੋਵੇਂ ਜਨਮ ਸਾਖੀਆਂ ਛੇਵੀਂ ਪਾਤਸ਼ਾਹੀ ਦੇ ਸਮੇਂ ਕਾਲ ਦੀਆਂ ਇਤਿਹਾਸਕਾਰ ਮੰਨਦੇ ਹਨ।
6. ਭਾਈ ਮਨੀ ਸਿੰਘ ਜੀ ਰਚਿਤ ‘ਗਿਆਨ ਰਤਨਾਵਲੀ’
7. ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਇਤਿਹਾਸਕਾਰ ਕਿਰਪਾਲ ਸਿੰਘ ਜੀ ਦੀ ਪੁਸਤਕ “ਸਿੱਖ ਇਤਿਹਾਸ ਦੇ ਵਿਸ਼ੇਸ਼ ਪੱਖ”;
89 ਡਾ. ਗੰਡਾ ਸਿੰਘ ਜੀ ਤੇ ਪ੍ਰਿ. ਤੇਜਾ ਸਿੰਘ ਜੀ ਲਿਖਤ ‘ਸਿੱਖ ਇਤਿਹਾਸ’ ਮੁਤਾਬਿਕ ਸਤਿਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ ਵੈਸਾਖ ਦਾ ਹੀ ਸਾਬਤ ਹੁੰਦਾ ਹੈ।
8. ਗੁਰ ਪ੍ਰਯਾਲੀਆਂ ਅਤੇ ਜਨਮ ਸਾਖੀਆਂ ਅਨੁਸਾਰ ਸਾਰੀਆਂ ਪ੍ਰਚਲਤ ਲਿਖਤਾਂ ਵਿਚ ਪਾਤਸ਼ਾਹ ਜੀ ਦਾ ਜੋਤੀ ਜੋਤਿ ਸਮਾਉਣ ਦੀ ਮਿਤੀ ਇੱਕੋ ਹੈ ਅਤੇ ਕੋਈ ਵਿਵਾਦ ਨਹੀਂ ਹੈ । ਕੱਤਕ ਵਿਚ ਪ੍ਰਕਾਸ਼ ਦਿਹਾੜਾ ਮੰਨਣ ਵਾਲੇ ਵੀ ਲਿਖਦੇ ਹਨ :
(੧) ਜਨਮ ਤਾਰੀਖ- ‘ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਸੁਦੀ ਪੁਰਨਮਾਸੀ’
(੨) ਕੁਲ ਉਮਰ- 69 ਵਰ੍ਹੇ ਤੇ 10 ਮਹੀਨੇ 10 ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
ਹੁਣ ਜੇ ਇਸ ਕੁਲ ਉਮਰ ਮੁਤਾਬਕ ਜੋਤੀ ਜੋਤਿ ਸਮਾਉਣ ਦੀ ਮਿਤੀ ਅਨੁਸਾਰ ਆਯੂ ਕੱਢੀ ਜਾਵੇ ਤਾਂ ਪ੍ਰਕਾਸ਼ ਦਿਹਾੜਾ ਇੱਕ ਵੈਸਾਖ ਦਾ ਹੀ ਬਣਦਾ ਹੈ । ਇਸ ਸਬੰਧੀ ਕਈ ਪ੍ਰਣਾਲੀਆਂ ਵਿਚ ਇੰਜ ਜਿਕਰ ਵੀ ਕੀਤਾ ਗਿਆ ਹੈ । ਇੱਥੇ ਇਹ ਵੀ ਜਿਕਰਯੋਗ ਹੈ ਕਿ ਉਹ ਨਾਮਕਰਨ ਵੀ “ਗੁਰੂ ਨਾਨਕ” ਹੀ ਕਰਦੇ ਹਨ ।
ਭਾਈ ਬਾਲੇ ਨੂੰ ਅੱਜ ਤੱਕ ਕੋਈ ਵੀ ਪ੍ਰਮਾਣਿਤ ਇਤਿਹਾਸਕਾਰੀ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਾਥੀ ਸਾਬਤ ਨ੍ਹੀਂ ਕਰ ਸਕਿਆ, ਜੋ ਵੀ ਕੱਤਕ ਵਾਂਗ ਹੀ ਮੱਥਿਆ ਗਿਆ ਹੈ ।
9. ਕੁਝ ਇਤਿਹਾਸਕਾਰ ਜਾਂ ਵਿਦਵਾਨ ਮੰਨਦੇ ਹਨ ਕਿ ਗੁਰੂ ਅਰਜਨ ਸਾਹਿਬ ਜੀ ਨੇ ਕਰਤਾਰ ਪੁਰੀ ਬੀੜ “ਪੋਥੀ ਸਾਹਿਬ ਵਿਚ ਆਪਣੇ” ਹੱਥੀ ਪ੍ਰਕਾਸ਼ ਦਿਹਾੜਾ ਵੈਸਾਕ ਲਿਖਿਆ ਹੈ। ਮੈਂ ਇਸ ਦੇ ਦਰਸ਼ਨ ਨਹੀਂ ਕਰ ਪਾਇਆ ਹਾਂ। ਪ੍ਰੋ ਜੋਧ ਸਿੰਘ ਜੀ ਵਾਲੀ ਪੁਸਤਕ ਵਿਚ ਅੰਤਲੇ ਸਫ਼ਿਆ ਦਾ ਕੋਈ ਜ਼ਿਕਰ ਨਹੀਂ ਮਿਲਦਾ ਹੈ । ਪਰ ਕਰਤਾਪੁਰੀ ਬੀੜ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਜੀ ਵੈਸਾਖ ਹੀ ਲਿਖਦੇ ਹਨ ।
ਇਸ ਦੇ ਵਿਪਰੀਤ ਜੋ ਪ੍ਰਚਲਿਤ ਤੋਰ ਤੇ ‘ਕੱਤਕ’ ਵਿਚ ਪ੍ਰਕਾਸ਼ ਦਿਹਾੜਾ ਬਣਾਇਆ ਜਾ ਰਿਹਾ ਹੈ ਉਸ ਦਾ ਆਧਾਰ ਕਿਤੇ ਵੀ ਨਹੀਂ ਮਿਲਦਾ। ਜੇ ਕਿਤੇ ਮਿਲਦਾ ਹੈ ਤਾਂ ਉਹ ਗ਼ਲਤ ਸਾਬਤ ਹੁੰਦਾ ਹੈ। ਜਿਵੇਂ ‘ਬਾਲੇ ਵਾਲੀ ਜਨਮ ਸਾਖੀ’ ਜੋ ਆਪਣੇ ਆਪ ਵਿਚ ਹੀ ਝੂਠੀ ਸਾਬਤ ਕੀਤੀ ਜਾ ਚੁੱਕੀ ਹੈ, ਇਸ ਦੇ ਵਿਸਥਾਰ ਲਈ ਦਾਸ ਦੇ ਯੂ ਟਿਊਬ ਚੈਨਲ C5 ਤੇ ਪਲੇਲਿਸਟ ਗੁਰੂ ਨਾਨਕ ਤੇ ਜਾ ਕੇ ਪ੍ਰਮਾਣਾਂ ਸਹਿਤ ਵੀਡੀਓ ਰਾਹੀਂ ਇਤਿਹਾਸ ਸੁਣਿਆਂ ਤੇ ਵੇਖਿਆ ਜਾ ਸਕਦਾ ਹੈ। ਦੂਜਾ ‘ਨਾਨਕ ਪ੍ਰਕਾਸ਼’ ਅਤੇ ਤੀਜਾ ਡਾ. ਤ੍ਰਿਲੋਚਨ ਸਿੰਘ ਰਚਿਤ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਪੁਸਤਕ ‘ਜੀਵਨ ਚਰਿੱਤਰ ਗੁਰੂ ਨਾਨਕ ਦੇਵ ਜੀ’ ਵਰਗੀਆਂ ਪੁਸਤਕਾਂ ਬਿਨਾਂ ਕਿਸੇ ਪ੍ਰਮਾਣ ਤੋਂ ਜਨਮ ਕੱਤਕ ਦਾ ਕਹਿੰਦੀਆਂ ਹਨ। ਇਨ੍ਹਾਂ ਦਾ ਆਪਣਾ ਝੂਠ ਇਨ੍ਹਾਂ ਦੀ ਹੀ ਇਸ ਲਿਖਤ ਵਿਚੋਂ ਹੀ ਇੰਜ ਪ੍ਰਮਾਣਿਤ ਹੋ ਜਾਂਦਾ ਹੈ ਕਿ ਇਹ ਤਿੰਨੋਂ ਹੀ ਗੁਰੂ ਸਾਹਿਬ ਜੀ ਦੀ ਕੁੱਲ ਆਯੂ 70 ਸਾਲ,ਪੰਜ ਮਹੀਨੇ, 7 ਦਿਨ ਮੰਨਦੇ ਅਤੇ ਲਿਖਦੇ ਹਨ। ਜੇ ਇਸ ਹਿਸਾਬ ਨਾਲ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਮਹੀਨਾ ਕੱਢਿਆ ਜਾਵੇ ਤਾਂ ਉਹ ‘ਵੈਸਾਖ’ ਹੀ ਬਣਦਾ ਹੈ। ਇੰਜ ਇਨ੍ਹਾਂ ਦੀ ਆਪਣੀ ਲਿਖਤ ਇਨ੍ਹਾਂ ਨੂੰ ਝੂਠਾ ਸਾਬਤ ਕਰਦੀ ਹੈ। ਇਸ ਤਰ੍ਹਾਂ ਪ੍ਰਮਾਣਿਤ ਹੈ ਕਿ ਸਤਿਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖ 1469 ਵਿਚ ਹੀ ਹੋਇਆ ਹੈ। ਕੱਤਕ ਵਿਚ ਬਣਾਇਆ ਜਾਣਾ ਬੰਦ ਹੋਣਾ ਚਾਹੀਦਾ ਹੈ ।
ਟਿੱਪਣੀਆਂ
1.“ਉਂਞ ਮੈਕਾਲਿਫ਼ ਨੇ ਤਾਂ ਛੇਵੇਂ ਪਾਤਸ਼ਾਹ ਦੇ ਪੁੱਤਰ ਅਟਲ ਰਾਏ ਅਤੇ ਗੁਰਦਿੱਤਾ ਦਾ ਜਨਮ ਵੀ ਕੱਤਕ ਦੀ ਪੂਰਨਮਾਸ਼ੀ ਦਾ ਲਿਖਿਆ ਹੈ। ਉਹ ਤਾਂ ਇਕ ਥਾਂ ਇਹ ਵੀ ਲਿਖ ਬੈਠਾ ਸੀ: “ਸੰਮਤ 1670 ਬੁਧਵਾਰ ਕੱਤਕ ਦੀ ਪੁਰਨਮਾਸ਼ੀ ਦੀ ਰਾਤ ਨੂੰ ਮਾਤਾ ਜੀ ਦੇ ਇਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਂ ਪਿੱਛੋਂ ਗੁਰਦਿੱਤਾ ਰਖਿਆ ਗਿਆ। ਉਸ ਦੀ ਸ਼ਕਲ ਗੁਰੂ ਨਾਨਕ ਨਾਲ ਹੂਬਹੂ ਮਿਲਦੀ ਸੀ।” ਸੰਬਧੀ ਬੇਨਤੀ ਹੈ ਕਿ ਅਜੇਹਾ ‘ਗੁਰ ਬਿਲਾਸ ਪਾਤਸ਼ਾਹੀ ੬’ ਵਿੱਚ ਲਿਖਿਆ ਹੋਇਆ ਹੈ, “ਜਨਮ ਭਯੋ ਸੁਤ ਕੋ ਤਬ ਹੀ ਗੁਰ ਨਾਨਕ ਕੇ ਸਮ ਰੂਪ ਅਪਾਰਾ” (ਪੰਨਾ 329) ਜੋਗਿੰਦਰ ਸਿੰਘ ਵੇਦਾਤੀ ਦੀ ਖੋਜ ਮੁਤਾਬਕ ਇਹ ਕਿਤਾਬ 1718 “ਚ ਲਿਖੀ ਗਈ ਸੀ।
2. ਗੁਰੂ ਕੀਆਂ ਸਾਖੀਆਂ “ਚ ਸਾਖੀ 24 ਅਤੇ 51 ਦਾ ਹਵਾਲਾ ਦਿੱਤਾ ਹੈ। ਇਸ ਸਬੰਧੀ ਬੇਨਤੀ ਹੈ ਕਿ ਕੀ ਇਨ੍ਹਾਂ ਸਾਖੀਆ ਤੇ ਅੱਖਾਂ ਮੀਟ ਕੇ ਯਕੀਨ ਕੀਤਾ ਜਾ ਸਕਦਾ ਹੈ? ਜੇ ਜੁਵਾਬ ਹਾਂ ਵਿਚ ਹੈ ਤਾਂ ਸਾਖੀ ਨੰ: 45 ਬਾਰੇ ਕੀ ਖਿਆਲ ਹੈ?
ਸਾਖੀ ਪਾਂਵਟਾ ਨਗਰ ਸੇ ਕਪਾਲਮੋਚਨ ਤੀਰਥ ਆਨੇ ਕੀ ਚਾਲੀ:- “ਕਾਰਤਕ ਸੁਦੀ ਤ੍ਰੋਸਦੀ ਸ਼ਨੀਵਾਰ ਕੇ ਦਿੰਹੁ ਪਾਂਵਟਾ ਜੁਧ ਸੇ ਏਕ ਮਹੀਨਾ ਦਸ ਦਿਵਸ ਬਾਦ ਪਾਂਵਟੇ ਠਹਿਰ ਕੇ ਕਪਾਲ ਮੋਚਨ ਤੀਰਥ ਆਇ ਬਿਰਾਜੇ। ਯਹਾਂ ਸਿਤਗੁਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਾਂ ਪਵਾਨ ਗੁਰਪੁਰਬ ਜਾਨ ਕੇ ਪੂਰਨਮਾ ਕੇ ਦਿੰਹੁ ਮੁਖੀ ਸਿੱਖਾਂ ਕੋ ਸਿਰੋਪਾਇ ਦੀਏ। ਅਗਲੇ ਦਿਵਸ ਕਪਾਲ ਮੋਚਨ ਤੀਰਥ ਸੇ ਅਨੰਦਪੁਰ ਕੀ ਤਰਫ ਜਾਨੇ ਕੀ ਤਿਆਰੀ ਹੋਈ”। (ਪੰਨਾ 102) ਇਹ ਸਾਖੀ ਅਖੌਤੀ ਦਸਮ ਗ੍ਰੰਥ ਦੇ ਚਰਿਤਰ 71 ਵੱਲ ਇਸ਼ਾਰਾ ਕਰਦੀ ਹੈ ਜਿਸ ਨੂੰ ਪਿਆਰਾ ਸਿੰਘ ਪਦਮ ਨੇ ਵੀ ਗੁਰੂ ਗੋਬਿੰਦ ਸਿੰਘ ਦੀ ਦੀ ਆਪ ਬੀਤੀ ਲਿਖਿਆ ਹੈ। (ਦਸਮ ਗ੍ਰੰਥ ਦਰਸ਼ਨ ਪੰਨਾ 125)
ਜਿਸ ਵਿਚ ਇੰਜ ਗਪੋੜ ਲਿਖਿਆ ਹੈ:
ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ।
ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ। 2।…
ਪ੍ਰਾਤ ਲੇਤ ਸਭ ਧੋਇ ਮਗਾਈ। ਸਭ ਹੀ ਸਿਖੑਨਯ ਕੋ ਬੰਧਵਾਈ।
ਬਚੀ ਸੂ ਬੇਚਿ ਤਰੁਤ ਤਹ ਲਈ। ਬਾਕੀ ਬਚੀ ਸਿਪਾਹਿਨ ਦਈ। 9।
ਬਟਿ ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ।
ਭੇਦ ਮੂਰਖਨ ਨ ਲਹਿਯੋ ਕਹਾ ਗਯੋ ਕਰਿ ਰਾਇ। 10। (ਚਰਿਤਰ 71)
3. (1) ਸਭ ਤੋਂ ਪਹਿਲੀ ‘ਗੁਰ-ਪ੍ਰਣਾਲੀ’ `ਚ ਭਾਈ ਕੇਸਰ ਸਿੰਘ ਜੀ ਲਿਖਦੇ ਹਨ।
“ਕਲਿਆਣ ਦਾਸ ਕੇ ਘਰ ਮਹਲ ਬੀਬੀ ਜੀ। ਤਿਨ ਕੇ ਘਰ ਸ੍ਰੀ ਸਤਿਗੁਰੂ ਬਾਬਾ ਨਾਨਕ ਦੇਵ ਜੀ ਜਨਮੇ ਰਾਇ ਭੋਏ ਭੱਟੀ ਦੀ ਤਲਵੰਡੀ ਬਾਰ ਵਿੱਚ। ਸੰਮਤ 1526 ਕਤਕ ਦਿਨ ਗਿਆਂ ਅਠਾਰਾਂ 18 ਬੁਧਵਾਰ, ਪੁੰਨਿਯਾ ਸੁਦੀ ਦੁਇਓ ਪਹਿਰ ਅਤੇ ਇਕ ਘੜੀ ਰਾਤ ਗਈ।… ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਕਿਤੀ। ਸੰਮਤ 1596, ਅੱਸੂ ਵਦੀ 10, ਸ੍ਰੀ ਗੁਰੂ ਬਾਬਾ ਨਾਨਕ ਦੇਵ ਜੀ ਸਮਾਏ, ਡੇਹਰੇ ਵਿਚ। (ਗੁਰ ਪ੍ਰਣਾਲੀਆਂ, ਸਿੱਖ ਹਿਸਰਟੀ ਸੋਸਾਇਟੀ, ਪੰਨਾ 3)
ਇਸ ਗੁਰ ਪ੍ਰਣਾਲੀ `ਚ 3 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਜਨਮ ਤਾਰੀਖ- ‘ਸੰਮਤ 1526 ਕਤਕ ਦਿਨ ਗਿਆਂ ਅਠਾਰਾਂ 18 ਬੁਧਵਾਰ, ਪੁੰਨਿਯਾ ਸੁਦੀ’(ਉਸ ਦਿਨ ਕੱਤਕ 18 ਨਹੀਂ ਸਗੋ 21 ਸੀ ਤੇ ਦਿਨ ਸ਼ੁਕਰਵਾਰ)
(੨) ਕੁਲ ਉਮਰ- ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
ਇਸੇ ਪੰਨੇ ਤੇ ਇਕ ਨੋਟ ਲਿਖਿਆ ਹੋਇਆ ਹੈ, “ ਇਤਨੀ ਉਮਰ ਕੱਤਿਕ ਪੱਨਿਆ ਤੋਂ ਨਹੀ, ਵੈਸਾਖ ਸੁਦੀ ਤੀਜ (19 ਵੈਸਾਖ) ਤੋਂ ਪੂਰੀ ਹੁੰਦੀ ਹੈ।
(2) ਕਵੀ ਸੌਂਧਾ ਜੀ ਲਿਖਦੇ ਹਨ।
ਸੱਤਰ ਬਰਸ ਅਰੁ ਸਾਤ ਦਿਨੁ ਮਾਸ ਪਾਂਚ ਹੈ ਜੋਇ।
ਕੀਯੋ ਰਾਜ ਨਾਨਕ ਗੁਰੁ ਭਗਿਤ ਗਯਾਨ ਜੁਤ ਹੋਇ॥5॥
ਪੰਦ੍ਰਾ ਸੈ ਛਿੱਨਵੈ ਬਰਖ ਸੰਮਤ ਬਿਕ੍ਰਮ ਰਾਇ।
ਦਸਮੀ ਥਿਤਿ ਅੱਸੂ ਵਦੀ ਨਾਨਕ ਗੁਰੂ ਸਮਾਏ॥6॥ (ਪੰਨਾ 13)
ਇਸ ਗੁਰ ਪ੍ਰਣਾਲੀ “ਚ 2 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਕੁਲ ਉਮਰ- ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ
(੨) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
(3) ਗੁਲਾਬ ਸਿੰਘ ਜੀ ਲਿਖਦੇ ਹਨ,
“ਸ੍ਰੀ ਸਤਿਗੁਰੂ ਨਾਨਕ ਦੇਵ (ਪਾਠਕ ਨੋਟ ਕਰਨ, ਇਥੇ ਵੀ ਨਾਨਕ ਦੇਵ ਲਿਖਿਆ
ਹੋਇਆ ਹੈ) ਰਾਇ ਭੋਇ ਕੀ ਤਲਵੰਡੀ ਮਦ੍ਰ ਦੇਸ ਬਾਰ ਕਰਕੈ ਪ੍ਰਸਿਧ ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਸੁਦੀ
ਪੁਰਨਮਾਸੀ ਬਿਰਸਪਤਵਾਰ ਅਰਧ ਰਾਤ੍ਰ ਕਿਰਤਕਾ ਨਛਤ੍ਰ ਪਰਘ ਜੋਹਯ ਬਿਵਾਖਯ ਕਰਨ ਸਿੰਘ ਲਗਣੇ।…ਗੁਰੂ ਨਾਨਕ ਪਾਤਸਾਹ 69 ਉਣਹਤ੍ਰ ਬਰਖ ਦਸ ਮਹੀਨੇ ਦਸ ਦਿਨ ਸੰਸਾਰ ਕਉ ਪ੍ਰਗਟ ਦਰਸਨ ਦੇਤੇ ਭਏ।…ਪਸਚਾਤ ਸੰਮਤ 1596 ਪੰਦ੍ਰਾ ਸਉ ਛਿਆਣਵਾ ਅਸੂ ਵਦੀ 10 ਦਸਮੀ ਐਤਵਾਰੀ ਰਾਵੀ ਬਖਯਾਤ ਕੇ ਤਟ ਪਰ ਕਰਤਾਰਪੁਰ ਜੋ ਨਿਜ ਰਚਤ ਥਾ ਜੋਤੀ ਜੋਤਿ ਸਮਾਵਣ ਭਯਾ”। (ਪੰਨਾ 93)
ਇਸ ਗੁਰ ਪ੍ਰਣਾਲੀ `ਚ 3 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਜਨਮ ਤਾਰੀਖ- ‘ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਸੁਦੀ ਪੁਰਨਮਾਸੀ’
(੨) ਕੁਲ ਉਮਰ- 69 ਵਰ੍ਹੇ ਤੇ 10 ਮਹੀਨੇ 10 ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
(4) ਇਸੇ ਕਿਤਾਬ ਵਿਚ ‘ਦਸਾਂ ਸਤਿਗੁਰਾਂ ਦੀ ਗੁਰਪ੍ਰਣਾਲੀ’ ਦਰਜ ਹੈ ਜਿਸ ਦੇ ਲੇਖਕ ਦਾ ਨਾਮ ਨਹੀ ਹੈ।
ਸੰਮਤ ਪੰਦ੍ਰਾ ਸੌ ਅਰੁ ਛੱਬੀ। ਕਾਤਿਕ ਪੁੰਨਯਾ ਸੋਹਣੀ ਫੱਬੀ।…
ਸੱਤ੍ਰ ਵਰ੍ਹੇ ਮਹੀਨੇ ਪੰਜ। ਸੱਤ ਦਿਹਾੜੇ ਉਤੇ ਮੰਜ।
ਕੀਤੀ ਗੁਰਿਆਈ ਗੁਰੁ ਆਪ। ਫਿਰ ਅੰਗਦ ਅਪਣੀ ਥਾਂ ਥਾਪ।
ਪੰਦ੍ਰਾਂ ਸੌ ਛਿਆਨਚੇਂ ਜਾਨੋ। ਦੱਸਵੀ ਅੱਸੂ ਵਦੀ ਪਛਾਨੋ॥9॥ (ਪੰਨਾ 125)
ਇਸ ਗੁਰ ਪ੍ਰਣਾਲੀ `ਚ ਵੀ 3 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਜਨਮ ਤਾਰੀਖ- ‘ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਪੁਰਨਮਾਸੀ’
(੨) ਕੁਲ ਉਮਰ- 70 ਵਰ੍ਹੇ ਤੇ 5 ਮਹੀਨੇ 7 ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
ਇਸੇ ਪੰਨੇ ਤੇ ਵੀ ਇਕ ਨੋਟ ਲਿਖਿਆ ਹੋਇਆ ਹੈ, “ ਸੱਤਰ ਵਰਹੇ ਪੰਜ ਮਹੀਨੇ ਸੱਤ ਦਿਨਾਂ ਦੀ ਉਮਰ ਕੱਤਿਕ ਪੱਨਿਆ ਸੰਮਤ 1526 ਤੋਂ ਗਿਣਕੇ ਪੂਰੀ ਨਹੀਂ ਹੁੰਦੀ। ਹਾਂ , 19 ਵਾਸਖ ਸੁਦੀ ਤੀਜ 1526 ਤੋਂ ਗਿਣੀਏ ਤਦ ਠੀਕ ਬਹਿੰਦੀ ਹੈ। ਇਸ ਲਈ ਪੁਰਾਨਤ ਜਨਮਸਾਖੀ ਦੀ ਥਿੱਤ ਹੀ ਠੀਕ ਹੈ।
ਗੁਰਪ੍ਰਣਾਲੀਆਂ `ਚ ਲਏ ਗਏ ਉਪਰੋਕਤ ਹਵਾਲਿਆ ਵਿਚ ਹੇਠ ਲਿਖੀ ਜਾਣਕਾਰੀ ਮਿਲਦੀ ਹੈ।
(ੳ) ਜਨਮ ਤਾਰੀਖ – ਸੰਮਤ 1526 ਬਿਕ੍ਰਮੀ ਕੱਤਕ ਦੀ ਪੁਰਨਮਾਸੀ’
(ਅ) ਕੁਲ ਉਮਰ- 70 ਵਰ੍ਹੇ ਤੇ 5 ਮਹੀਨੇ 7 ਦਿਨ
(ੲ) ਕੁਲ ਉਮਰ- 69 ਵਰ੍ਹੇ ਤੇ 10 ਮਹੀਨੇ 10 ਦਿਨ
(ਸ) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ (ਸ) ਬਾਰੇ ਕੋਈ ਮੱਤ-ਭੇਦ ਨਹੀ ਹੈ ।
“ਇੰਞ ਹੀ ਮਿਹਰਬਾਨ ਪ੍ਰਣਾਲੀ ਵਾਲੇ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਦਾ ਜੋਤੀ-ਜੋਤਿ ਦਿਨ ਵੀ ਗ਼ਲਤ ਲਿਖਿਆ ਹੈ, ਜੋ ਅਸਲ ਵਿਚ ਅਸੂ ਵਦੀ 10 ਸੰਮਤ 1596 (7 ਸਤੰਬਰ 1539) ਹੈ, ਪਰ ਮਿਹਰਬਾਨ ਨੇ ਇਸ ਨੂੰ ਅੱਸੂ ਸੁਦੀ 10, ਯਾਨਿ 22 ਸਤੰਬਰ 1539 ਲਿਖ ਦਿੱਤਾ ਸੀ, ਜੋ ਦਰਅਸਲ ਮਾਤਾ ਸੁਲੱਖਣੀ ਦੇ ਚੜ੍ਹਾਈ ਕਰਨ ਦਾ ਦਿਨ ਹੈ”।
ਭਾਵੇਂ ਕਈ ਇਤਿਹਾਸਕਾਰ ਆਪਣੀਆਂ ਲਿਖਤਾਂ `ਚ, ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 22 ਸਤੰਬਰ (ਅੱਸੂ ਸੁਦੀ 10) ਲਿਖ ਚੁੱਕੇ ਹਨ ਪਰ ਮੈ ਇਸ ਪਾਸੇ ਨਹੀ ਜਾਣਾ। ਸਾਡਾ ਮੁਖ ਮੁੱਦਾ ਹੈ ਕੱਤਕ ਕਿ ਵੈਸਾਖ। ਸੋ ਸਪੱਸ਼ਟ ਹੈ ਕਿ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਤੇ ਉਪ੍ਰੋਕਤ ਸਾਰੇ ਵਿਦਿਵਾਨ ਇਕ ਮੱਤ ਹਨ।
ਸੰਮਤ ਸੱਤ੍ਰ ਪਛਾਨ, ਪੰਚ ਮਾਸ ਬੀਤੇ ਬਹੁਰ। ਸਪਤ ਦਿਨ ਪਰਵਾਨ, ਪਤਿਸ਼ਾਹੀ ਸ਼੍ਰੀ ਪ੍ਰਭੁ ਕਰੀ॥90॥
ਕਵੀ ਸਤੋਖ ਸਿੰਘ ਜੀ ਦੀ ਉਪ੍ਰੋਤਕ ਪੰਗਤੀ ਦੀ ਮੁਤਾਬਕ ਗੁਰੂ ਜੀ ਦੀ ਕੁਲ ਉਮਰ 70 ਸਾਲ 5 ਮਹੀਨੇ ਅਤੇ 7 ਦਿਨ ਬਣਦੀ ਹੈ।
ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅਸੂ ਵਦੀ 10 ਸੰਮਤ 1596 ਬਿਕ੍ਰਮੀ, 8 ਅੱਸੂ, 7 ਸਤੰਬਰ ਸੰਨ 1539 ਦਿਨ ਐਤਵਾਰ ਨੂੰ ਮੁਖ ਰੱਖਕੇ ਜੇ ਆਪਾ ਇਸ ਵਿਚੋਂ ਗੁਰੂ ਜੀ ਦੀ ਕੁਲ ਉਮਰ (70 ਸਾਲ 5 ਮਹੀਨੇ 7 ਦਿਨ) ਨੂੰ ਮਨਫੀ ਕਰ ਦਈਏ ਤਾਂ ਗੁਰੂ ਜੀ ਦੇ ਜਨਮ ਦੀ ਤਾਰੀਖ ਬਣਦੀ ਹੈ। 31 ਮਾਰਚ 1469 ਭਾਵ ਵੈਸਾਖ ਵਦੀ ਚੌਥ, 5 ਵੈਸਾਖ 1526 ਬਿਕ੍ਰਮੀ।
ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅਸੂ ਸੁਦੀ 10 ਸੰਮਤ 1596 ਬਿਕ੍ਰਮੀ, 23 ਅੱਸੂ, 22 ਸਤੰਬਰ ਸੰਨ 1539 ਦਿਨ ਸੋਮਵਾਰ ਨੂੰ ਮੁਖ ਰੱਖਕੇ ਜੇ ਆਪਾ ਇਸ ਵਿਚੋਂ ਗੁਰੂ ਜੀ ਦੀ ਕੁਲ ਉਮਰ ਨੂੰ ਮਨਫੀ ਕਰ ਦਈਏ ਤਾਂ ਗੁਰੂ ਜੀ ਦੇ ਜਨਮ ਦੀ ਤਾਰੀਖ ਬਣਦੀ ਹੈ। ਵੈਸਾਖ ਸੁਦੀ ਤੀਜ, 20 ਵੈਸਾਖ 1526 ਬਿਕ੍ਰਮੀ।