ਕੌਮ ਨੂੰ ਕਿਉਂ ਨਹੀਂ ਠੋਕ ਕੇ ਕਿਹਾ ਅਤੇ ਦੱਸਿਆ ਜਾਂਦਾ ਕਿ ਦੀਵਾਲ਼ੀ ਸਿੱਖਾਂ ਦਾ ਤਿਉਹਾਰ ਨਹੀਂ ਹੈ।
ਦੀਵਾਲ਼ੀ ਸਿੱਖਾਂ ਦਾ ਤਿਉਹਾਰ ਕਿਉਂ ਨਹੀਂ ਹੈ ?
ਸਿੱਖ ਮਨੋਬਿਰਤੀ ਆਪਣੇ ਧੁਰ ਅੰਦਰ ਬਿਬੇਕ, ਜੀਵਨ ਆਚਰਨ ਅਤੇ ਵਿਹਾਰ ਵਿਚ ਪੁਸ਼ਤ ਦਰ ਪੁਸ਼ਤ ਜੜ ਜਮਾਈ ਬੈਠੇ ਬ੍ਰਾਹਮਣ ਨੂੰ ‘ਮਾਰ’ ਨਹੀਂ ਸਕੀ ਹੈ। ਇਹੋ ਕਾਰਨ ਹੈ ਕਿ 2015 ਦਾ ਸਰਬੱਤ ਖ਼ਾਲਸਾ ਵੀ, ਖਾੜਕੂ ਸਮਝੀ ਜਾਣ ਵਾਲੀ ਅਤੇ ਹਮੇਸ਼ਾ ਹਿੰਦੁਤਵਾ ਅਤੇ ਆਰ. ਐੱਸ. ਐੱਸ. ਦਾ ਦਖ਼ਲ ਹਰ ਸਿੱਖ ਮਸਲੇ ਵਿਚ ਮੰਨਣ ਵਾਲੀ ਧਿਰ, ਇੰਜ ਸਿੱਖੀ ਅੰਦਰਲੇ ਦੁਸ਼ਮਣਾ ਨੂੰ ਕਲੀਨ ਚਿੱਟ ਦਿੰਦੀ ਆ ਰਹੀ ਹੈ। ਆਪਣੀਆਂ ਗ਼ਲਤੀਆਂ ਦੀ ਪੰਡ ਦੂਜੇ ਸਿਰ ਚੁਕਾ ਕੇ ਆਪ ਦੁੱਧ ਧੋਤੇ ਬਣੇ ਰਹਿਣ ਦੀ ‘ਚਾਣਕਿਆ’ ਚਾਲ ਦੀ ਮੁਹਾਰਤ ਵਿਚ ਅਜਿਹੇ ਲੋਕ ਸਿਖਰ ਤੇ ਹਨ। ਇਹ ਉਹ ਲੋਕ ਹਨ ਜਿਹੜੇ ਓਪਰੀ ਨਜ਼ਰੇ ਰਵਾਇਤੀ ਅਕਾਲੀਆਂ ਅਤੇ ਹਿੰਦੁਤਵਾ ਦੇ ਵਿਰੋਧੀ ਨਜ਼ਰ ਆਉਂਦੇ ਹਨ ਪਰ; ਆਪ ਸਤਾ ਧਾਰੀ ਉਨ੍ਹਾਂ ਹੀ ਅਕਾਲੀਆਂ ਦਾ, ਡੇਰਾਵਾਦ, ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦਾ ਸਾਥ ਵੀ ਦਿੰਦੇ ਹਨ। ਇਨ੍ਹਾਂ ਵਿੱਚੋਂ ਕੋਈ ਵੀ ਧਿਰ ਠੋਕ ਕੇ ਪੂਰੀ ਦ੍ਰਿੜ੍ਹਤਾ ਨਾਲ ਸਿੱਖ ਕੌਮ ਨੂੰ ਸਹੀ “ਗੁਰਮਤਿ” ਸੇਧ ਦੇਣ ਲਈ ਤਿਆਰ ਨਹੀਂ ਹੈ। ਇਹੋ ਕਾਰਨ ਹੈ ਕਿ ਇਹ ਕਦੇ ਦੀਵਾਲੀ ਤੇ ਸਰਬੱਤ ਖ਼ਾਲਸਾ ਸੱਦਦੇ ਹਨ ਤੇ ਦੂਜੀ ਆਪਣੇ ਆਪ ਨੂੰ ਸਿਧਾਂਤਕ ਸਪਸ਼ਟਤਾ ਦੀ ਮੁਹਾਰਤ ਵਿਚ ਨਿਪੁੰਨ ਮੰਨੀ ਜਾਣ ਵਾਲੀ ਧਿਰ ਪ੍ਰਚਾਰਕ, ਕਾਲੀ ਦੀਵਾਲੀ ਮਨਾਉਣ ਦਾ ਸੱਦਾ ਸਿੱਖਾਂ ਨੂੰ ਦੇ ਦਿੰਦੇ ਹਨ। ਆਮ ਸਿੱਖ ਸਮਾਜ ਇੰਜ “ਸਿੱਖ ਤਿਉਹਾਰਾਂ” ਬਾਬਤ ਆਪਣੀ ਸਮਝ ਦਾ ਦਿਵਾਲ਼ਾ ਕੱਢਦੇ ਹੋਏ ਇਨ੍ਹਾਂ ਸਭਨਾਂ ਨਾਲ ਹੀ ਸਹਿਮਤੀ ਪ੍ਰਗਟਾਉਂਦੀ ਤੁਰੀ, ਮੁੜ ਮੁੜ ਭੰਬਲਭੂਸੇ ਦਾ ਸ਼ਿਕਾਰ ਬਣਦੀ ਚਲੀ ਆ ਰਹੀ ਹੈ। ਕੀ ਇੰਜ ਸਿੱਖ ਖ਼ੁਦ ਦੀਵਾਲ਼ੀ ਉੱਪਰ “ਹਿੰਦੁਤਵਾ ਦੀ ਰੌਸ਼ਨੀ ਦੇ ਪ੍ਰਤੀਕ ਦੀਵੇ, ਮੋਮ ਬੱਤੀਆਂ ਤੇ ਰੌਸ਼ਨੀਆਂ ਕਰ ਕੇ; ਪਟਾਕੇ ਚਲਾ ਕੇ” ਖ਼ਾਲਸਾ ਧਰਮ ਨੂੰ ਖੋਖਲਾ ਅਤੇ ਆਮ ਸਿੱਖ ਮਨਾ ਵਿਚ ਹਿੰਦੂ ਰੀਤੀ ਰਿਵਾਜ਼ਾਂ ਨੂੰ ਹੋਰ ਪੱਕਾ ਨਹੀਂ ਕਰ ਰਹੇ ? ਸਿੱਖ ਕੌਮ ਵਿਚਲੇ ਜ਼ਿੰਮੇਵਾਰ ਆਗੂ ਅਤੇ ਵਿਦਵਾਨ ਕਿਉਂ ਨਹੀਂ ਖੁੱਲ ਕੇ ਕਹਿੰਦੇ ਕਿ ਦੀਵਾਲੀ ਸਿੱਖ ਤਿਉਹਾਰ ਨਹੀਂ ਹੈ, ਇਸ ਲਈ ਇਸ ਨੂੰ ਕੋਈ ਸਿੱਖ ਨਾ ਮਨਾਏ ? ਠੋਕ ਕੇ ਕਹੋ ਕਿ ਦੀਵਾਲੀ ਦਾ ਸਿੱਖੀ ਨਾਲ ਅਤੇ ਗੁਰਮਤਿ ਨਾਲ ਕੋਈ ਵਾਸਤਾ ਨਹੀਂ ਤੇ ਅੱਜ ਤੋਂ ਸਿੱਖ ਦੀਵਾਲੀ ਨਹੀਂ ਮਨਾਉਣਗੇ ? ਸਿੱਖੋ ਹੁਣ ਤਾਂ ਸੰਭਲ ਜਾਓ…. ਉਹ ਲੋਕ ਅਤੇ ਧਿਰਾਂ ਖ਼ਾਸ ਤੋਰ ਤੇ ਇਸ ਤੇ ਵਿਚਾਰ ਕਰਨ ਜਿਹੜੀਆਂ ਦੀਵਾਲੀ ਕਾਲੀ ਮਨਾਉਣ ਦੇ ਸੱਦੇ ਦੇ ਚੁੱਕੀਆਂ ਹਨ ਅਤੇ ਦੀਵਾਲੀ ਤੇ ਸਰਬੱਤ ਖ਼ਾਲਸਾ ਨਵੰਬਰ 2015 ਸੱਦ ਚੁੱਕੀਆਂ ਹਨ। ਸੰਸਾਰ ਭਰ ਵਿਚਲੀਆਂ ਸਿੱਖਾਂ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਇਸ ਬਾਰੇ ਆਪੋ ਆਪਣੇ ਸਟੈਂਡ ਸਪਸ਼ਟ ਕਰਨ ਦੀ ਲੋੜ ਹੈ ਕਿ ਉਹ “ਗੁਰਮਤਿ ਸਿਧਾਂਤ ਤੇ ਸੰਕਲਪ ਨਾਲ ਖੜਦੀਆਂ ਹਨ ਜਾਂ ‘ਹਿੰਦੁਤਵਾ ਸੰਕਲਪ’ ਨਾਲ ਖੜਦੀਆਂ ਹਨ ? ਨਿਰੋਲ ਗੁਰਮਤਿ ਪਰਨਾਏ ਸਿੱਖਾਂ ਨੂੰ ਖ਼ਾਲਸਤਾਈ ਸਭਿਅਤਾ ਤੇ ਕੀਤੇ ਜਾ ਰਹੇ ਇਸ ਘਾਤਕ ਅੰਦਰੂਨੀ ਹਮਲੇ ਨੂੰ ਰੋਕਣ ਲਈ ਇਸ ਦਾ ਉਨ੍ਹਾਂ ਤੋਂ ਜਵਾਬ ਮੰਗਣਾ ਚਾਹੀਦਾ ਹੈ। ਸਿੱਖਾਂ ਵਿਚ ਇਹ ਵੀ ਗ਼ਲਤ ਪ੍ਰਚਾਰ ਅਤੇ ਪਿਰਤ ਪਾਈ ਗਈ ਹੈ ਕਿ ‘ਦੀਵਾਲ਼ੀ’ ਸਿੱਖਾਂ ਦਾ ਬੰਦੀ ਛੋੜ ਦਿਵਸ ਹੈ। “ਬੰਦੀ ਛੋੜ” ਦਿਵਸ ਅਤੇ ਦੀਵਾਲ਼ੀ ਦਾ ਕੋਈ ਵੀ ਇਤਿਹਾਸਕ ਜੋੜ ਗੁਰੂ ਕਾਲ ਤੋਂ ਹੀ ਕਦੇ ਵੀ ਨਹੀਂ ਰਿਹਾ ਹੈ। ਇੰਜ ਸਿੱਖਾਂ ਨੂੰ ਗ਼ਲਤ ਇਤਿਹਾਸ, ਸਿਧਾਂਤ ਅਤੇ ਆਚਰਨ ਦੀ ਸਭਿਅਤਾ ਨਾਲ ਜੋੜਿਆ ਜਾ ਰਿਹਾ ਹੈ। ਇਸ ਪਾਪ ਲਈ ਅਜਿਹੀਆਂ ਧਿਰਾਂ, ਇਤਿਹਾਸ ਕਾਰਾਂ, ਪ੍ਰਬੰਧਕਾਂ, ਪ੍ਰਚਾਰਕਾਂ ਅਤੇ ਆਗੂਆਂ ਨੂੰ “ਗੁਰਮਤਿ” ਕਦੇ ਵੀ ਮਾਫ਼ ਨਹੀਂ ਕਰੇਗੀ।
ਭਾਈ ਗੁਰਦਾਸ ਜੀ ਦੇ ਜਿਸ ਸ਼ਬਦ ਨੂੰ ਲੈ ਕੇ ਦੀਵਾਲੀ ਵਾਲੇ ਦਿਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਟੈਲੀਵਿਜ਼ਨ ਮੀਡੀਏ ਵਿਚ ਜਿਹੜਾ ਪ੍ਰਚਾਰ ਰੱਜ ਕੇ ਕੀਤਾ ਗਿਆ ਉਸ ਦੀਵਾਲੀ ਨੂੰ ਭਾਈ ਗੁਰਦਾਸ ਜੀ “ਹਰਿ ਚੰਦਉਰੀ” ਆਖਦੇ ਹਨ। ਵਾਰ 19ਵੀਂ ਦੀ ਪਉੜੀ ਛੇਵੀਂ ਵਿਚ ਭਾਈ ਗੁਰਦਾਸ ਜੀ ਗੁਰਮੁਖ ਦੀ ਜੀਵਨ ਜੁਗਤ ਸੰਬੰਧੀ ਲਿਖਦੇ ਹਨ ਮਹੀਨਾ ਨਹੀਂ ਲਿਖਦੇ। “ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ। ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ। ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ। ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ। ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ। ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ॥” ਅਰਥ ਹੈ ਦੀਵਾਲੀ ਦੀ ਰਾਤ ਨੂੰ ਹਰ ਘਰ ਵਿਚ (ਖ਼ੁਸ਼ੀ ਨਾਲ) ਦੀਵੇ ਬਾਲੇ ਜਾਂਦੇ ਹਨ ਜੋ ਕੁੱਝ ਚਿਰ ਮਗਰੋਂ ਬੁਝ ਜਾਂਦੇ ਹਨ। ਇਸੇ ਤਰ੍ਹਾਂ ਰਾਤ ਵੇਲੇ ਵੱਡੇ ਛੋਟੇ ਤਾਰੇ ਅਸਮਾਨ ਵਿਚ ਨਿਕਲ ਕੇ ਚਮਕਾਂ ਮਾਰਦੇ ਤੇ ਲਿਸ਼ਕਦੇ ਹਨ, ਪਰ ਦਿਨ ਚੜ੍ਹਦੇ ਹੀ ਖ਼ਤਮ ਹੋ ਜਾਂਦੇ ਹਨ। ਬਾਗ਼ਾਂ ਵਿਚ ਤਰ੍ਹਾਂ-ਤਰ੍ਹਾਂ ਦੇ ਫ਼ੁਲ ਖਿੜਦੇ ਹਨ, ਪਰ ਕੁੱਝ ਚਿਰ ਹੀ ਪੂਰੇ ਖਿੜਦੇ ਤੇ ਖ਼ਤਮ ਹੋ ਜਾਂਦੇ ਹਨ। ਹਰਿਚੰਦਉਰੀ ਵਾਂਗ ਸੰਸਾਰ ਵਿਚ ਅਨੇਕਾਂ ਅਜਿਹੀਆਂ ਨਗਰੀਆਂ ਦੀ ਝਾਤੀ, ਦਿਖਾਵੇ ਮਾਤਰ ਦਿਸਦੀ ਹੈ ਤੇ ਖ਼ਤਮ ਹੋ ਜਾਂਦੀ ਹੈ, ਵੱਸਦੀ ਤੇ ਉੱਜੜ ਜਾਂਦੀ ਹੈ। ਪਰ ਅਸਲ ਵਿਚ ਜੋ ਜੀਵਨ ਦਾ ਸੁਖ ਫਲ, ਜੋ ਸ਼ਬਦ ਦੀ ਦਾਤ ਗੁਰਮਤਿ ਹੈ, ਉਹ ਗੁਰੂ ਦੇ ਵਰੋਸਾਏ ਗੁਰਮੁਖ ਹੀ ਸੰਭਾਲਦੇ ਹਨ (ਹਰਿਚੰਦਉਰੀ :- ਅਸਲ ਵਿਚ ਕੋਈ ਵਸਤੂ ਨਹੀਂ ਮ੍ਰਿਗ, ਤ੍ਰਿਸ਼ਨਾ ਵਾਂਗ ਧੁੰਦ ਵਿਚ ਖ਼ਿਆਲੀ ਰਚਨਾ ਹੈ। (ਮਹਾਨ ਕੋਸ਼ ਪੰਨਾ 264)।) ਇਸ ਪਉੜੀ ਵਿਚ ਭਾਈ ਗੁਰਦਾਸ ਜੀ ਮਨੁੱਖ ਨੂੰ ਦੀਵਾਲੀ ਦੇ ਨਾਸ ਹੋ ਜਾਣ ਵਰਗੇ ਸੁਭਾਅ ਦਾ ਉਦਾਹਰਨ ਦੇ ਕੇ ਕਹਿੰਦੇ ਹਨ ਕਿ ਇਹ ਸਭ ਫੋਕਟ ਕਰਮ ਹਨ; ਅਸਲ ਅਤੇ ਮੂਲ ਗੁਰਬਾਣੀ ਰੂਪੀ ਸ਼ਬਦ ਗੁਰੂ ਹੈ ਜੋ ਮਨੁੱਖ ਦੀ ਰੂਹ ਅੰਦਰ ‘ਅਕਾਲ’ ਦਾ ਪਰਕਾਸ਼ ਕਰਦੀ ਹੈ। ਕਿੰਨੀ ਵੱਡੀ ਢੀਠਤਾਈ ਹੈ ਕਿ ਸਿੱਖਾਂ ਦੇ ਗੁਰਧਾਮਾਂ ਵਿਚ ਫੋਕਟ ਕਰਮਾਂ ਨੂੰ ਅਸਲ ਕਰਮ ਬਣਾ ਕੇ, ਗੁਰਦੁਆਰੇ ਸਜਾ ਕੇ, ਤੇ ਉਸੇ ਸਜੇ ਹੋਏ ਗੁਰਦੁਆਰੇ ਵਿਚ ਸ਼ਬਦ ਗੁਰੂ ਦਾ ਪ੍ਰਕਾਸ਼ ਕਰ ਕੇ, ਗੁਰੂ ਨੂੰ ਸਿੱਖ ਚੈਲੰਜ ਕਰਦੇ ਹਨ ਕਿ “ਲੈ ਜਿਸ ਤੋਂ ਤੂੰ ਮਨਾਂ ਕਰਦਾ ਹੈ ਅਸੀਂ ਤਾਂ ਉਹੀ ਕਰਾਂਗੇ, ਸਾਡੀ ਲੱਤ ਭੰਨ ਸਕਦੈ ਤਾਂ ਭੰਨ ਕੇ ਦਿਖਾ”। ਇਹ ਉਹੀ ਕਰਮ ਹੈ ਜਿਵੇਂ ਥਾਲ਼ ਵਿਚ ਦੀਵੇ ਬਾਲ ਕੇ ਸਿੱਖ ਗੁਰਦੁਆਰਿਆਂ ਵਿਚ ਆਰਤੀ ਕਰਦੇ ਹਨ ਜਾਂ ਹਾਰਮੋਨੀਅਮ ਅਤੇ ਤਬਲੇ ਤੇ “ਗੁਰੂ ਦੇ ਸਿਧਾਂਤ ਨੂੰ ਕੁੱਟ ਕੁੱਟ ਕੇ ਇਹ ਦਰਸਾਉਂਦੇ ਹਨ ਕਿ ਗੁਰੂ ਨਾਨਕ, ਤੂੰ ਤਾਂ ਆਰਤੀ ਦਾ ਖੰਡਨ ਕੀਤਾ ਪਰ ਲੈ ਅਸੀਂ ਤੇਰੇ ਹੀ ਦਰਬਾਰ ਵਿਚ ਆਰਤੀ ਗਾਉਂਦੇ ਹਾਂ। ਸਾਡਾ ਸੰਘ ਬੰਦ ਕਰ ਕੇ ਦਿਖਾ”। ਤਰਾਸਦੀ ਅਤੇ ਅਫ਼ਸੋਸਨਾਕ ਗੱਲ ਇਹ ਹੈ ਕਿ ਸਾਡੇ ਜਥੇਦਾਰਾਂ ਤੋਂ ਲੈ ਕੇ ਪ੍ਰਧਾਨਾਂ ਤੱਕ ਧਰਮ ਉੱਤੇ ਕਾਬਜ਼ ਹਰ ਇੱਕ ਸ਼ਖ਼ਸ ਗੁਰੂ ਦੀ ਕਹੀ ਗੱਲ ਨੂੰ ਨਾ-ਮੰਨਣ ਵਾਸਤੇ ਹੀ ਬਿਰਾਜਮਾਨ ਹੈ। “ਸਿਰੀ ਰਾਗ ਮਹਲਾ 1 ਘਰੁ 4।। ਏਕੁ ਸੁਆਨੁ ਦੁਇ ਸੁਆਨੀ ਨਾਲਿ।। ਭਲਕੇ ਭਉਕਹਿ ਸਦਾ ਬਇਆਲਿ।। ਕੂੜੁ ਛੁਰਾ ਮੁਠਾ ਮੁਰਦਾਰੁ।। ਧਾਣਕ ਰੂਪਿ ਰਹਾ ਕਰਤਾਰ।।1।।” ਹੇ ਕਰਤਾਰ ! ਮੈਂ ਸਾਂਸੀਆਂ ਵਾਲੇ ਰੂਪ ਵਿਚ ਤੇਰੀ ਨਸੀਹਤ ਤੋਂ ਬਾਗ਼ੀ ਹਮੇਸ਼ਾ ਡਰਾਉਣੇ ਵਿਗੜੇ ਰੂਪ ਵਾਲਾ ਹਰਾਮਖ਼ੋਰ ਬਣਿਆ ਰਹਿੰਦਾ ਹਾਂ। ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਫਸਾ ਕੇ ਕਿਵੇਂ ਠਗਾਂ? ਇਸੇ ਲਈ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੈ। ਮੈਂ ਪਰਾਇਆ ਹੱਕ ਖਾਂਦਾ ਹਾਂ। ਮੈਂ ਵਿਕਾਰੀ ਹਾਂ। ਮੈਂ ਰੱਬ ਦਾ ਚੋਰ ਹਾਂ ਤੇ ਆਪਣੇ ਨਾਲ ਧਰਮ ਦੇ ਪਾਖੰਡ ਰਾਹੀਂ ਲੋਕਾਂ ਨੂੰ ਠੱਗਣ ਵਾਸਤੇ ਕੁੱਤਾ ਅਤੇ ਕੁੱਤੀਆਂ ਨਾਲ ਰੱਖ, ਛੁਰਾ ਹੱਥ ਵਿਚ ਲਈ ਫਿਰਦਾ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 24 ਤੇ ਦਰਜ ਇਹ ਆਚਰਨ ਹਰ ਪੱਧਰ ਦੇ ਸਿੱਖ ਆਗੂਆਂ ਦਾ ਧਰਮ ਬਣ ਚੁੱਕਾ ਹੈ। ਇਸੇ ਲਈ ਜੋ ਝੂਠ ਹੈ ਉਸ ਨੂੰ ਸੱਚ ਬਣਾ ਦਿੱਤਾ ਗਿਆ ਹੈ ਅਤੇ ਜੋ ਸੱਚ ਹੈ, ਉਸ ਨੂੰ ਗ਼ਲਤ ਅਤੇ ਤ੍ਰਿਸਕਾਰ ਯੋਗ ਬਣਾ ਕੇ ਤਿਆਗ ਦਿੱਤਾ ਗਿਆ ਹੈ।
ਤਿਉਹਾਰਾਂ ਦੇ ਸਬੰਧ ਵਿੱਚ ਸਿੱਖ ਸਮਾਜ ਵਿੱਚ ਹਾਲੇ ਤਕ “ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ” ਇੱਕ ਕੌਮੀਅਤਾ ਵਾਲੀ ਸੂਝ ਅਤੇ ਸੋਚ ਪੈਦਾ ਨਹੀਂ ਹੋ ਸਕੀ ਹੈ। ਸਭਿਆਚਾਰ ਦੇ ਇਸ ਅਤਿ ਲੋੜੀਂਦੇ ਪੱਖ ਵਿਚ ਹਾਲੇ ਤਕ ਕਿਸੇ ਨੇ ਕੋਈ ਕੰਮ ਨਹੀਂ ਕੀਤਾ, ਜਿਸ ਕਰ ਕੇ ਸਿੱਖ ਸਭਿਆਚਾਰ ਸਾਹਮਣੇ ਹੀ ਨਹੀਂ ਸਕਿਆ ਹੈ। ਸਭਿਆਚਾਰ ਅਤੇ ਸਭਿਅਤਾ ਦੇ ਇਸ ਪੱਖੋਂ ਸਿੱਖ ਹਾਲੇ ਤਕ ਜਾਂ ਤਾਂ ‘ਪੰਜਾਬੀ ਹਿੰਦੂ/ਮੁਸਲਿਮ’ ਸਭਿਅਤਾ ਨਾਲ ਹੀ ਜੁੜੇ ਤੇ ਜੋੜੇ ਜਾ ਰਹੇ ਹਨ ਜਾਂ ਸ਼ੁੱਧ ‘ਹਿੰਦੁਸਤਾਨੀ ਸੰਕਲਪ ਵਿਚੋਂ ਨਿਕਲਦੇ ਹਿੰਦੁਤਵਾ ਸਭਿਅਤਾ’ ਨਾਲ ਜੋੜ ਦਿੱਤੇ ਗਏ ਹਨ। ਸਿੱਖ ਕੌਮੀਅਤਾ ਦੇ ਆਰੰਭ ਨਾਲ ਹੀ ਜੋ ਸਿਧਾਂਤ ਅਤੇ ਜੀਵਨ ਜਾਂਚ ਦਾ ਆਚਰਨ ਫ਼ਲਸਫ਼ਾ; ਸ੍ਰੀ ਗੁਰੂ ਨਾਨਕ ਜੀ ਨੇ ਸਿੱਖੀ ਦੀ ਪ੍ਰਭੂ ਸੱਤਾ ਸੰਪੰਨ ਬੁਨਿਆਦੀ ਲੋੜ ਮੁਤਾਬਿਕ ਘੜਿਆ ਅਤੇ ਨਿਰਧਾਰਿਤ ਕੀਤਾ ਹੈ; ਉਸ ਦਾ ਸਿੱਖ ਸਮਾਜ ਅੰਦਰ ਕਿਣਕਾ ਮਾਤਰ ਵੀ “ਸਿੱਖ ਕਿਰਦਾਰੀ” ਦੇ ਅੰਗ ਸੰਗ ਕਿਸੇ ਨੂੰ ਵੀ ਨਹੀਂ ਦਿੱਖ ਦਾ । “ਅੰਧੇਰੁ ਅੰਧੀ ਵਾਪਰੈ ਸਗਲ ਲੀਜੈ ਖੋਇ ॥” ਅੰਕ 1327 ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਂਪਿਤ ਸਿੱਖ ਰਾਜ ਰਾਹੀਂ ਵਿਕਸਿਤ, ਪ੍ਰਫੁਲੱਤ, ਪ੍ਰਗਟ ਅਤੇ ਲਾਗੂ ਹੋਈ “ਸਿੱਖ ਕਿਰਦਾਰੀ” ਦੇ ਅਮਲ ਨੂੰ ਰੋਕਣ ਅਤੇ ਗੁਰਮਤਿ ਵਿਰੁੱਧ ਰੀਤਾਂ ਦੇ ਪ੍ਰਚਲਨ ਦੀ ਕਾਰਵਾਈ ਵੀ “ਸ੍ਰੀ ਦਰਬਾਰ ਸਾਹਿਬ ਦੇ ਡੇਰਾਵਾਦੀ ਪ੍ਰਬੰਧਕਾਂ ਦੀ ਨਿਯੁਕਤੀ ਨਾਲ ਹੀ ਮਾਤਾ ਸੁੰਦਰੀ ਜੀ ਦੇ ਰਾਹੀਂ” ਲਗਾਤਾਰ ਹੁੰਦਾ ਗਿਆ ਹੈ। ਜਿਸ ਅਮਲ ਨੂੰ ਹੀ ਸਿੱਖਾਂ ਨੇ “ਦੂਜੀ ਦੁਰਮਤਿ ਅੰਨੀ ਬੋਲੀ” ਅੰਕ1022 ਅਤੇ “ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ ॥” ਅੰਕ 1287 ਵਿਚ ਬਦਲ ਕੇ ਆਪਣਾ ਜੀਵਨ ਅਮਲ ਅਤੇ ਜੀਵਨ ਜਾਂਚ “ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥” ਅੰਕ 469 ਬਣਾ ਲਈ ਹੈ।
“ਸਿੱਖ ਕਿਰਦਾਰੀ” ਦੇ ਅੰਗ ਸੰਗ “ਪੰਦ੍ਰਹ ਥਿਂਤੀ ਤੈ ਸਤ ਵਾਰ ॥ ਮਾਹਾ ਰੁਤੀ ਆਵਹਿ ਵਾਰ ਵਾਰ ॥ ਦਿਨਸੁ ਰੈਣਿ ਤਿਵੈ ਸੰਸਾਰੁ ॥ ਆਵਾ ਗਉਣੁ ਕੀਆ ਕਰਤਾਰਿ ॥ ਨਿਹਚਲੁ ਸਾਚੁ ਰਹਿਆ ਕਲ ਧਾਰਿ ॥ ਨਾਨਕ ਗੁਰਮੁਖਿ ਬੂਝੈ ਕੋ ਸਬਦੁ ਵੀਚਾਰਿ ॥” ਅੰਕ 842 ਰਾਹੀਂ “ਸਲੋਕੁ ॥ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥”” ਅੰਕ 258 ਦੇ ਸਪਸ਼ਟ ਨਿਰਦੇਸ਼ ਅਤੇ ਉਪਦੇਸ਼ ਰਾਹੀਂ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਗੁਰੂ ਪਦਵੀ ਵਿਚ ਸਿੱਖੀ ਲਈ ਨਿਰਧਾਰਿਤ ਅਮਲੀ ਜੀਵਨ ਦਾ ਰੋਲ ਮਾਡਲ ਪ੍ਰਗਟ ਕਰਦੇ ਹਨ। ਇਸ ਵਿਚ ਖ਼ੁਸ਼ੀ ਅਤੇ ਗ਼ਮੀ, ਪ੍ਰਾਪਤੀਆਂ ਅਤੇ ਹਾਰਾਂ ਅਕਾਲ ਸਿੱਖਿਆ “ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ॥ ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ॥ ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥” ਅੰਕ 57 ਪਰਥਾਏ ਨਿਸ਼ਚਤ ਕੀਤਾ ਗਿਆ ਹੈ। ਜਿਸ ਵਿੱਚ ਕੋਈ ਤਿਉਹਾਰ ਨਹੀਂ, ਥਿੱਤ ਨਹੀਂ, ਕਿਸੇ ਮਹੀਨੇ ਨੂੰ ਕੋਈ ਖ਼ਾਸ ਮਹੱਤਤਾ ਨਹੀਂ ਹੈ ਅਤੇ ਕਿਸੇ ਵਾਰ ਨੂੰ ਕੋਈ ਖ਼ਾਸ ਅਹਿਮੀਅਤ ਨਹੀਂ ਦਿੱਤੀ ਗਈ ਹੈ। ਇਸ ਬੁਨਿਆਦੀ ਸਿਧਾਂਤ ਦੇ ਨਿਰਧਾਰਨ ਕਰਕੇ ਹੀ ਸਿੱਖ ਰਹਿਤ ਮਰਿਆਦਾ ਵਿੱਚ ਇਹ ਅਨੁਸ਼ਾਸਨੀ ਪ੍ਰਬੰਧਕੀ ਨਿਜ਼ਾਮ ਕੌਮ ਦੇ ਨਾਗਰਿਕਾਂ ਲਈ ਘੜਿਆ ਗਿਆ ਹੈ । ਰਹਿਤ ਮਰਿਆਦਾ ਦੇ ਹੈਡਿੰਗ ‘ਗੁਰਦੁਆਰੇ’ ਦੇ ਵਿੱਚ ਲਿਖਤ ਕਰਕੇ ਆਦੇਸ਼ ਦਿੱਤਾ ਗਿਆ ਹੈ ਕਿ “(ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨ ਮੱਤ ਦਾ ਤਿਉਹਾਰ ਮਨਾਇਆ ਜਾਵੇ। ਹਾਂ, ਕਿਸੇ ਮੌਕੇ ਜਾਂ ਇਕੱਤਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।”
ਸਿੱਖ ਆਮ ਕਰਕੇ ਗੁਰੂ ਸਾਹਿਬਾਨਾਂ ਦੇ ਇਤਿਹਾਸਕ ਪਿਛੋਕੜ ਦੀਆਂ ਸਾਖੀਆਂ ਇਸ ਪਰਥਾਏ ਜਨਮ ਤੋਂ ਹੀ ਸੁਣਦੇ ਚਲੇ ਆ ਰਹੇ ਹਨ। ਜਿਸ ਅਨੁਸਾਰ ਕਿਸੇ ਵੀ ਮੌਕਿਆਂ, ਇਕੱਤਰਤਾਵਾਂ, ਇਕੱਠਾ, ਜੋੜ ਮੇਲਿਆਂ, ਧਾਰਮਿਕ ਪਾਖੰਡ ਰੂਪੀ ਮੇਲਿਆਂ ਜਿਵੇਂ ਕੁੰਭ, ਸਰਾਧ, ਦੀਵਾਲ਼ੀ, ਬਨਾਰਸ, ਹਰਿਦੁਆਰ, ਕੁਰਛੇਤਰ, ਪੁਰੀ ਆਦਿ ਦੇ ਧਾਰਮਿਕ ਇਕੱਠਾ ਨੂੰ ਪਾਖੰਡ ਸਾਬਤ ਕਰਨ ਲਈ ਤੇ ਮਨੁੱਖ ਨੂੰ ਇਨ੍ਹਾਂ ਪਾਖੰਡਾਂ ਨੂੰ ਛੱਡਣ ਲਈ ਗੁਰੂ ਸਾਹਿਬ ਨੇ ਇਸਤੇਮਾਲ ਕੀਤਾ ਹੈ। ਜਿੱਥੇ ਵੀ ਇਹ ਤਿਉਹਾਰ ਮਨਾਏ ਜਾਂਦੇ ਹਨ ਉੱਥੇ ਤਿਉਹਾਰ ਮਨਾਉਣ ਵਾਲੇ ਲੋਕਾਂ ਵਿੱਚ ‘ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਉਸ ਮੌਕੇ ਨੂੰ ਵਰਤਣ ਦੀ ਜਾਇਜ਼ ਪ੍ਰਣਾਲੀ ਦਾ ਆਗਾਜ਼ ਖੁਦ ਗੁਰੂ ਸਾਹਿਬਾਨਾਂ ਨੇ ਕੀਤਾ ਹੈ। ਪਰ ਉਸ ਤਿਉਹਾਰ ਜਾਂ ਕਰਮਕਾਂਡ ਜਾਂ ਦਿਨ ਵਿਹਾਰ ਨੂੰ ਖ਼ੁਦ ਹੀ ਆਪਣਾ ਜਾਣ ਕੇ ਮਨਾਏ ਜਾਣਾ “ਗੁਰੂ ਸਾਹਿਬਾਨਾਂ ਨੇ ਖ਼ੁਦ ਹੀ ਸਿੱਖਾਂ ਲਈ ਵਰਜਿਤ” ਵੀ ਕੀਤਾ ਹੈ। ਇਤਿਹਾਸ ਇਸ ਦੀ ਗਵਾਹੀ ਭਰਦਾ ਹੈ ।
ਸਮੇਂ ਨੇ ਵੀ ਖ਼ਾਲਸੇ ਨੂੰ ਅਜਿਹਾ ਮਜਬੂਰ ਕੀਤਾ ਕਿ ਜਦੋਂ ਪੁਰਾਤਨ ਸਮਿਆਂ ਵਿੱਚ ਆਪਣੇ ਸਿਰਾਂ ਦੇ ਮੁੱਲ ਪਵਾਏ ਜਾਣ ਤੋਂ ਬਾਅਦ ਅਤੇ ਜਿਊਂਦਾ ਜਾਂ ਮੁਰਦਾ ਸਿੱਖ ਨੂੰ ਸਰਕਾਰ ਪਾਸ ਲੈ ਕੇ ਜਾਏ ਜਾਣ ਤੇ ਮਿਲਦੇ 80-80 ਸੋਨੇ ਦੀਆਂ ਮੋਹਰਾਂ ਦੇ ਇਨਾਮਾਂ ਦੀ ਵਿਵਸਥਾ ਵਿੱਚ ਜੰਗਲਾ ਵਿੱਚ ਵਿਚਰ ਰਹੇ ਖ਼ਾਲਸੇ ਦੇ ਸਾਹਮਣੇ ਇਹੋ ਇੱਕੋ ਇੱਕ ਰਾਹ ਸੀ ਕਿ ਉਹ ਹੋਰ ਧਰਮਾਂ ਵੱਲੋਂ ਹੋ ਰਹੇ ਇਕੱਠਾਂ, ਮੇਲਿਆਂ, ਤਿਉਹਾਰਾਂ ਦਾ ਇਸਤੇਮਾਲ ਆਪਣੇ ਆਪ ਨੂੰ ਸੰਗਠਿਤ ਕਰਨ ਲਈ ਕਰਦਾ ਰਹੇ। ਖ਼ਾਲਸਾ ਪੰਥ ਵੱਲੋਂ ਇਤਿਹਾਸਕ ਵਿਰਸੇ ਵਿੱਚ ਇੰਝ ਦੀ ਸਿਆਣਪ ਦਾ ਵਰਤਾਰਾ ਕੀਤਾ ਜਾਂਦਾ ਰਿਹਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਨਿਕਲਦਾ ਕਿ ਉਹ ਤਿਉਹਾਰ ਸਿੱਖਾਂ ਦੇ ਸਾਂਝੇ ਤਿਉਹਾਰ ਹੋ ਗਏ ਹਨ।
ਇਸੇ ਲਈ ਸਿੱਖ ਰਹਿਤ ਮਰਿਆਦਾ ਵਿੱਚ “ਗੁਰਮਤਿ” ਦੀ ਰਹਿਣੀ ਵਿੱਚ ਇਹ ਆਦੇਸ਼ ਹੈ ਕਿ :
“ਸਿੱਖ ਦੀ ਆਮ ਰਹਿਣੀ, ਕ੍ਰਿਤ, ਵਿਰਤ, ਗੁਰਮਤਿ ਅਨੁਸਾਰ ਹੋਵੇ। ਗੁਰਮਤਿ ਇਹ ਹੈ :-
(ੳ) ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ।
(ਅ) ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ।
(ੲ) ਦਸ ਗੁਰੂ ਸਾਹਿਬਾਨ ਨੂੰ ਇੱਕੋ ਜੋਤ ਦਾ ਪ੍ਰਕਾਸ਼ ਰੂਪ ਕਰਕੇ ਮੰਨਣਾ।
(ਸ) ਜਾਤ-ਪਾਤ, ਛੂਤ-ਛਾਤ, ਜੰਤਰ-ਮੰਤਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼ੀ, ਸਰਾਧ, ਪਿਤਰ, ਖਿਆਹ, ਪਿੰਡ ਪੱਤਲ, ਦੀਵਾ, ਕਿਰਿਆ ਕਰਮ, ਹੋਮ, ਜੱਗ, ਤਰਪਣ, ਜੰਞੂ, ਤੁਲਸੀ, ਮਾਲਾ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਭਰਮ – ਰੂਪ ਕਰਮਾਂ ਉੱਤੇ ਨਿਸ਼ਚਾ ਨਹੀਂ ਕਰਨਾ। ਗੁਰ ਅਸਥਾਨ ਤੋਂ ਸਿਵਾ ਕਿਸੇ ਅਨ ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ।
ਪੀਰ, ਬ੍ਰਾਹਮਣ, ਪੁੱਛਣਾ, ਸੁੱਖਣਾ, ਸ਼ੀਰਨੀ, ਵੇਦ ਸ਼ਾਸਤਰ, ਗਾਇਤ੍ਰੀ, ਗੀਤਾ, ਕੁਰਾਨ, ਅੰਜੀਲ ਆਦਿ ਉੱਤੇ ਨਿਸ਼ਚਾ ਨਹੀਂ ਕਰਨਾ। ਹਾਂ, ਆਮ ਵਾਕਫ਼ੀ ਲਈ ਅਨ ਮੱਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ।
(ਹ) ਖ਼ਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ, ਪਰ, ਕਿਸੇ ਅਨ ਧਰਮੀ ਦਾ ਦਿਲ ਨਾ ਦੁਖਾਵੇ।
ਇਸ ਤੋਂ ਬਾਅਦ ਰਹਿਤ ਮਰਿਆਦਾ ਵਿੱਚ ਹੀ ਅੰਮ੍ਰਿਤ ਸੰਸਕਾਰ ਤੋਂ ਬਾਅਦ ਦੀ ਸਿੱਖਿਆ ਦੇ ਭਾਗ (ਕ) ਵਿੱਚ ਆਦੇਸ਼ ਹੈ “ਸਿੱਖ ਧਰਮ ਵਿੱਚ ਕਿਰਤਮ ਦੀ ਪੂਜਾ ਤਿਆਗ ਕੇ ਇੱਕ ਕਰਤਾਰ ਦੀ ਪ੍ਰੇਮਾਭਗਤੀ ਤੇ ਉਪਾਸ਼ਨਾ ਦੱਸੀ ਹੈ।” ਇਸ ਤੋਂ ਅੱਗੇ (ਟ) ਵਿੱਚ ਰਹਿਤ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ “ਤੁਸੀਂ ਪਿਛਲੀ ਕੁਲ, ਕਿਰਤ, ਕਰਮ, ਧਰਮ ਦਾ ਤਿਆਗ ਕਰ ਕੇ ਅਰਥਾਤ ਪਿਛਲੀ ਜਾਤ-ਪਾਤ, ਜਨਮ, ਦੇਸ਼, ਮਜ਼੍ਹਬ ਦਾ ਖ਼ਿਆਲ ਤਕ ਛੱਡ ਕੇ ਨਿਰੋਲ ਖ਼ਾਲਸਾ ਬਣ ਗਏ ਹੋ। ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ, ਦੇਵਤੇ, ਅਵਤਾਰ, ਪੈਗ਼ੰਬਰ ਦੀ ਉਪਾਸ਼ਨਾ ਨਹੀਂ ਕਰਨੀ।”
ਸਿੱਖਾਂ ਲਈ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਦੀਵਾਲ਼ੀ ਵਿੱਚ ਕੀਤੇ ਜਾਂਦੇ ਕਰਮ ਕਾਂਡ ਉਪਰੋਕਤ ਰੇਖਾਂ ਕੱਤ ਕੀਤੇ ਗਏ ਵਿਵਰਜਿਤ ਕੰਮਾਂ ਵਿੱਚ ਹੀ ਸਿੱਧੇ ਤੋਰ ਤੇ ਆਉਂਦੇ ਹਨ। ਦੀਵਾਲ਼ੀ “ਗੁਰਮਤਿ” ਅਨੁਸਾਰ ਅਤੇ ਸਿੱਖ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ, ਨਿਯਮਾਂ, ਮਰਿਆਦਾਵਾਂ, ਹੁਕਮਾਂ ਅਤੇ ਆਦੇਸ਼ਾਂ ਰਾਹੀਂ ਇਹ ਸਾਰੇ ਵਿਵਰਜਿਤ ਕੰਮ ਹੀ ਸਿੱਖ ਤੋਂ ਕਰਾਉਂਦੀ ਹੈ। ਇੰਝ ਸਿੱਖ ਨੂੰ ਆਪਣੇ ‘ਗੁਰੂ ਸਾਹਿਬਾਨਾਂ ਤੋਂ ਬਾਗ਼ੀ’ ਬਣਾ ਕੇ ਹਕੀਕਤ ਵਿੱਚ ਲਿਆ ਖੜ੍ਹਾ ਕਰਦੀ ਹੈ। ਇਸ ਲਈ ਇਹ ਤਿਉਹਾਰ ਕਿਸੇ ਵੀ ਪੱਖ ਤੋਂ ਜਾਂ ਕਿਸੇ ਵੀ ਦਲੀਲ ਰਾਹੀਂ ਜਾਂ ਕਿਸੇ ਵੀ ਰੀਤ ਰਾਹੀਂ ਜਾਂ ਕਿਸੇ ਵੀ ਇਤਿਹਾਸਿਕਤਾ ਦੀ ਲੋੜ ਰਾਹੀਂ ਜਾਂ ਕਿਸੇ ਵੀ ਸਿਧਾਂਤਕ ਪੁਸ਼ਟੀ ਦੀ ਤਰਕਵਾਦਿਤਾ ਰਾਹੀਂ ਜਾਂ ਸਮਾਜ ਦੀ ਕਿਸੇ ਵੀ ਘਟਨਾ ਰਾਹੀਂ ਸਿੱਖੀ ਨਾਲ ਉੱਕਾ ਹੀ ਮੇਲ ਨਹੀਂ ਖਾਂਦਾ ਹੈ। ਸਗੋਂ ਇਹ ਦੀਵਾਲ਼ੀ ਤਾਂ ਸਿੱਖੀ ਦੇ ਅਸੂਲਾਂ ਦਾ ਸਿੱਧਾ ਤੇ ਕਰਾਰਾ ਖੰਡਨ ਕਰ ਸਿੱਖ ਨੂੰ ਹੀ ਸਿੱਖੀ ਦੇ ਖ਼ਿਲਾਫ਼ ਵਰਤ ਕੇ ਖੜ੍ਹਾ ਕਰ ਜਾਂਦੀ ਹੈ।
ਇਸ ਦੀਵਾਲ਼ੀ ਤੋਂ ਇੱਕ ਦਿਨ ਬਾਅਦ ਮਨਾਇਆ ਜਾਂਦਾ ਤਿਉਹਾਰ “ਔਜ਼ਾਰਾਂ ਦੀ ਪੂਜਾ” ਨੂੰ ਵੀ ਹੁਣ ਤਾਂ ਧਾਰਮਿਕਤਾ ਵਿੱਚ ਸਥਾਪਿਤ ਕਰ ਦਿੱਤਾ ਗਿਆ ਹੈ। ਆਮ ਤੌਰ ਤੇ ਸਮੁੱਚੀ ਸਿੱਖ ਕੌਮ ਨੂੰ ਅਤੇ ਖ਼ਾਸ ਤੌਰ ਤੇ ਵਿਸ਼ਵਕਰਮਾ ਤਿਉਹਾਰ ਤੇ ਵਿਸ਼ਵਾਸ ਰੱਖਣ ਵਾਲੇ ਸਿੱਖਾਂ ਨੂੰ “ਗੁਰਮਤਿ” ਅਨੁਰੂਪ ਵਿਚਰਨ ਅਤੇ ਵਿਚਾਰਨ ਦੀ ਸਖ਼ਤ ਲੋੜ ਹੈ। ਇਹ ਦੋਵੇਂ ਹੀ ਤਿਉਹਾਰ “ਗੁਰਮਤਿ ਤੋਂ ਵਿਛੋੜਨ” ਵਾਲੀ “ਬੇਦਾਵਾ ਲਿਖਣ ਦੀ ਕੁਰਹਿਤੀ ਜੀਵਨ ਪੱਧਤੀ” ਦੀ ਬੁੱਤ ਪ੍ਰਸਤੀ ਨਾਲ ਸਬੰਧਿਤ ਹਨ। ਔਜ਼ਾਰਾਂ ਦਾ ਦੇਵਤਾ ਇੱਕ ਅਕਾਲ ਪੁਰਖ ਦੀ ਹੋਂਦ ਨੂੰ ਮਿਟਾ ਕੇ ਸ੍ਰਿਸ਼ਟੀ ਦਾ ਕਰਤਾ ਆਪ ਬਣ ਬੈਠਦਾ ਹੈ ਤਾਂ ਫਿਰ ਗੁਰੂ ਨਾਨਕ ਦਾ ਹੇਠਲਾ ਸਿਧਾਂਤ ਅਜਿਹਾ ਕਰਨ ਵਾਲੇ ਸਿੱਖਾਂ ਵੱਲੋਂ ਆਪ ਹੀ ਸਰੇ ਆਮ ਕਤਲ ਕਰ ਦਿੱਤਾ ਜਾਂਦਾ ਹੈ :-
“ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥1॥
ਖਾਣੀ ਨ ਬਾਣੀ ਪਉਣ ਨ ਪਾਣੀ ॥ ਓਪਤਿ ਖਪਤਿ ਨ ਆਵਣ ਜਾਣੀ ॥ ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥2॥
ਨਾ ਤਦਿ ਸੁਰਗੁ ਮਛੁ ਪਇਆਲਾ ॥ ਦੋਜਕੁ ਭਿਸਤੁ ਨਹੀ ਖੈ ਕਾਲਾ ॥ ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥3॥
ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ ਅਵਰੁ ਨ ਦੀਸੈ ਏਕੋ ਸੋਈ ॥
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥4॥
ਨਾ ਤਦਿ ਜਤੀ ਸਤੀ ਬਨਵਾਸੀ ॥ ਨਾ ਤਦਿ ਸਿਧ ਸਾਧਿਕ ਸੁਖਵਾਸੀ ॥ ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥5॥
ਜਪ ਤਪ ਸੰਜਮ ਨਾ ਬ੍ਰਤ ਪੂਜਾ ॥ ਨਾ ਕੋ ਆਖਿ ਵਖਾਣੈ ਦੂਜਾ ॥
ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥6॥
ਨਾ ਸੁਚਿ ਸੰਜਮੁ ਤੁਲਸੀ ਮਾਲਾ ॥ ਗੋਪੀ ਕਾਨੁ ਨ ਗਊ ਗੁੋਆਲਾ ॥
ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥7॥
ਕਰਮ ਧਰਮ ਨਹੀ ਮਾਇਆ ਮਾਖੀ ॥ ਜਾਤਿ ਜਨਮੁ ਨਹੀ ਦੀਸੈ ਆਖੀ॥ ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥8॥
ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥ ਨਾ ਤਦਿ ਗੋਰਖੁ ਨਾ ਮਾਛਿੰਦੋ ॥
ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥9॥
ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥ ਦੇਉ ਨ ਦੇਹੁਰਾ ਗਊ ਗਾਇਤ੍ਰੀ ॥
ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥10॥
ਨਾ ਕੋ ਮੁਲਾ ਨਾ ਕੋ ਕਾਜੀ ॥ ਨਾ ਕੋ ਸੇਖੁ ਮਸਾਇਕੁ ਹਾਜੀ ॥ ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥11॥
ਭਾਉ ਨ ਭਗਤੀ ਨਾ ਸਿਵ ਸਕਤੀ ॥ ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥ ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥12॥
ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥ ਪਾਠ ਪੁਰਾਣ ਉਦੈ ਨਹੀ ਆਸਤ ॥ ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ॥13॥” ਅੰਕ 1035-6
ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਜਾਂ ਦੇਵੀ ਦੇਵਤਿਆਂ ਨੂੰ; ਮਨੁੱਖ ਨੂੰ ਚਾਹੇ ਫਿਰ ਉਹ ਸਿੱਖ ਹੀ ਕਿਉਂ ਨਾ ਹੋਣ, ਚੋਣ ਇੱਕ ਦੀ ਹੀ ਕਰਨੀ ਪੈਣੀ ਹੈ। ਸਿੱਖ ਲਈ ਤਾਂ ਫਿਰ ਇਹ ਬੱਜਰ ਕੁਰਹਿਤ ਤੁਲ ਅਪਰਾਧ ਹੈ ਕਿਉਂਕਿ ਸਿੱਖ ਦਾ ਗੁਰੂ ਤਾਂ ਸਪਸ਼ਟ ਕਹਿ ਰਿਹਾ ਹੈ-
“ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥
ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ ॥
ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ ॥”509
ਵਿਹਾਰਕ ਪੱਧਰ ਤੇ ਵੇਖਣ ਵਿੱਚ ਇਹ ਆ ਰਿਹਾ ਹੈ ਕਿ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਮਨੁੱਖ ਨੂੰ ਸਿੱਖ ਬਣਾ ਕੇ ਇਸ ਧਰਤੀ ਤੇ ਕਰਮਕਾਂਡ, ਪਾਖੰਡਾਂ, ਬੁੱਤ ਪ੍ਰਸਤੀ, ਜਾਤਾਂ, ਬਰਾਦਰੀਆਂ, ਗੌਤਾਂ ਆਦਿ ਤੋਂ ਸੁਤੰਤਰ ਕਰਕੇ ਇੱਕ ਨਰੋਏ ਸਮਾਜ ਦੀ ਸਿਰਜਨਾ ਕੀਤੀ ਸੀ ਉਹੀ ਸਿੱਖ ਸਮਾਜ ਬੜੀ ਹੀ ਤੀਬਰਤਾ ਨਾਲ ਫਿਰ ਮੁੜ ਪੁੱਠੇ ਗੇੜ ਵਿੱਚ ਪੈ ਚੁਕਾ ਹੈ। ਦੇਹਿ ਧਾਰੀ ਸੰਤ, ਸਾਧ, ਡੇਰਾਵਾਦ ਤਾਂ ਇਨ੍ਹਾਂ ਸਿੱਖਾਂ ਨੂੰ ਮੁੜ ਇਸੇ ਵਿੱਚ ਦੁਬਾਰਾ ਫਸਾਉਣ ਲਈ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਝੂਠਾ ਸਾਬਤ ਕਰਨ ਤੇ ਪ੍ਰਤੱਖ ਹਮਲਾਵਰ ਹੋ ਚੁਕਾ ਹੈ। ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੁੱਤ ਪ੍ਰਸਤੀ ਵਿੱਚ ਬਿਰਾਜਮਾਨ ਕਰਕੇ, ਆਪ ਪੁਜਾਰੀ ਬਣ ਕੇ, ਲੋਕਾਂ ਨੂੰ ਪਾਖੰਡ ਧਰਮ ਦੇ ਗਲੈਮਰਸ ਮਾਇਆ ਜਾਲ ਵਿੱਚ ਫਸਾ ਰਿਹਾ ਹੈ।
ਹਿੰਦੂ ਮਤ ਅਨੁਸਾਰ ਦੀਵਾਲ਼ੀ ਪੰਜ ਦਿਨਾ ਦਾ ਪਰਵ ਹੈ ਜੋ ਦੀਵਾਲ਼ੀ ਤੋਂ ਸ਼ੁਰੂ ਹੋ ਕੇ ਭਾਈ ਦੂਜ (ਟਿੱਕੇ) ਤੇ ਮੁੱਕਦਾ ਹੈ। ਹਿੰਦੂ ਮਤ ਮੁਤਾਬਿਕ ਧੰਨ ਤੇਰਸ ਤੋਂ ਇਕ ਦਿਨ ਪਹਿਲਾਂ ਜਾਂ ਉਸੇ ਦਿਨ ‘ਨਰਕ ਚਤੁਰਦਸ਼ੀ’ ਵਿੱਚ ਇਨਸਾਨ ਪਹੁੰਚਦਾ ਹੈ, ਇਸ ਲਈ ‘ਨਰਕ’ ਤੋਂ ਬਚਨ ਲਈ ‘ਨਰਕ ਚਤੁਰਦਸ਼ੀ’ ਤੇ ‘ਨਰਕ ਇਸ਼ਨਾਨ’ ਹੁੰਦਾ ਹੈ। ਇੰਝ ਧੰਨ ਤੇਰਸ “ਲਕਸ਼ਮੀ ਪੂਜਾ” ਅਰਥਾਤ ‘ਕਰੰਸੀ ਦੀ ਪੂਜਾ’ ਜਾਂ “ਮਾਇਆ ਦੀ ਪੂਜਾ” ਵਾਲਾ ਮਨੁੱਖ ਨੂੰ “ਮਾਇਆਧਾਰੀ” ਬਣਾਉਣ ਨਿਮਿਤ ਮਨਾਇਆ ਜਾਂਦਾ ਅਨਮਤੀਆਂ ਦਾ ਮਨਮਤੀ ਤਿਉਹਾਰ ਹੈ। ਗੁਰਬਾਣੀ ਤਾਂ ਇਸ ਸੰਸਾਰ ਨੂੰ ਮੋਹ ਮਾਇਆ ਨਿਰਧਾਰਿਤ ਕਰਦੀ ਹੈ, ਮੋਹ ਮਾਇਆ ਦੇ ਇਸ ਜੰਜਾਲ ਸਬੰਧੀ ਗੁਰਬਾਣੀ ਦਾ ਹੁਕਮ ਹੈ “ਨਾਨਕ ਲਿਪਤ ਨਹੀ ਤਿਹ ਮਾਇਆ” ਅੰਕ 259 । “ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ॥ ਕਿਆ ਓਹੁ ਖਟੇ ਕਿਆ ਓਹੁ ਖਾਵੈ ਜਿਸੁ ਅੰਦਰਿ ਸਹਸਾ ਦੁਖੁ ਪਇਆ॥ ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ॥ ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ॥ ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ॥ ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ॥” ਅੰਕ 307
“ਕਿਰਤਮ ਨਾਮ ਕਥੇ ਤੇਰੇ ਜਿਹਬਾ ॥” ਅਮਲ ਉੱਪਰ ਤੁਰਦੇ ਹੋਏ ਸਿੱਖ, ਧੰਨ ਤੇਰਸ ਤੋਂ ਇੱਕ ਦਿਨ ਬਾਅਦ ਇਸ ਕਰੰਸੀ ਜਾਂ ‘ਮਾਇਆ ਰੂਪੀ ਦਮੜੀਆਂ’ ਦੀ ਆਮਦ ਲਈ ਮਨੁੱਖ ਵੱਲੋਂ ਕੀਤੀ ਜਾਂਦੀ ਮਿਹਨਤ ਵਿੱਚ ਵਰਤੇ ਜਾਂਦੇ ਸੰਦਾਂ ਦੀ ਪੂਜਾ ਲਈ ਵਿਸ਼ਵਕਰਮਾ ਪੂਜਾ ਦਾ ਕਰਮ ਕਾਂਡੀ ਤਰਕ-ਸ਼ਾਸਤਰ ਅਸਥਾਪਿਤ ਕੀਤਾ ਗਿਆ ਤੇ ਉਸ ਦੀ ਪੂਜਾ ਦਾ ਸਿਧਾਂਤ ਵਿਕਸਤ ਇਸ ਲਈ ਕੀਤਾ ਗਿਆ ਤਾਂ ਜੋ ਮਨੁੱਖ ਨੂੰ ਆਮ ਕਰਕੇ ਅਤੇ ਸਿੱਖ ਨੂੰ ਵਿਸ਼ੇਸ਼ ਕਰਕੇ “ਕਰਤੇ” ਤੋਂ ਮੁਨਕਰ ਕਰਕੇ “ਕਿਰਤਮ” ਨਾਲ ਜੋੜ ਦਿੱਤਾ ਜਾਵੇ। ਜਦ ਕਿ ਗੁਰਬਾਣੀ ਗੁਰਮਤਿ ਇਹ ਨਿਰਧਾਰਿਤ ਕਰਦੀ ਹੈ : “ਆਪੇ ਕਰਤਾ ਆਪੇ ਦੇਉ॥” ਅੰਕ 343 । ਸਿੱਖ ਸਭਿਅਤਾ ਵਿਚ ਸਿੱਖ ਕਿਰਦਾਰੀ ਦੇ ਸਭਿਆਚਾਰ ਦਾ ਨਿਰੂਪਣ “ਆਪੇ ਕਰਤਾ ਅਵਰੁ ਨ ਕੋਇ” ਅੰਕ 376 ਦੇ ਹੁਕਮ ਦੀ ਪਾਲਨਾ ਕਰਨ ਵਿਚ ਹੈ। ‘ਵਿਸ਼ਵਕਰਮਾ’ ਦੀ ਮਨੌਤ ਦੇ ਆਚਰਨ ਨਾਲ ਜੁੜ ਕੇ ਇੰਝ ਸਿੱਖ “ਕਰਤੇ” ਅਰਥਾਤ “ਕਰਤਾਰ” ਭਾਵ “ਇੱਕ ਅਕਾਲ ਪੁਰਖ” ਦੇ ਅਟੁੱਟ ਨਿਸ਼ਚੇ ਤੋਂ ਮੁਨਕਰ ਹੋ ਕੇ “ਦੇਵੀ ਦੇਵਤਿਆਂ’ ਦੀ ਪ੍ਰਤੱਖ ਹੋਂਦ ਨਾਲ ਜੁੜ ਜਾਂਦਾ ਹੈ ਤੇ ਸਿੱਖੀ ਤੋਂ ਆਪਣੇ ਆਪ ਹੀ ਖ਼ਾਰਜ ਹੋ ਜਾਂਦਾ ਹੈ। ਇਹੋ ਹੀ ਵਿਪਰੀਤ ਮਨਮਤੀ ਅਨਧਰਮੀ ਸਮਾਜ ਚਾਹੁੰਦਾ ਹੈ ਤੇ ਉਸ ਵਿੱਚ ਇੰਝ ਉਹ ਗੁਪਤ ਰਹਿ ਕੇ ਵੀ ਸਫਲਤਾ ਹਾਸਲ ਕਰੀ ਜਾ ਰਿਹਾ ਹੈ। ਇਹ ਮੂਰਤੀ ਪੂਜਾ ਦਾ ਬੀਜਕ ਸਿਧਾਂਤ ਹੈ ਜਿਸ ਦਾ ਧੁਰਾ ਸਿੱਖਾਂ ਦੇ ਇੱਕ ਵਰਗ ਵਿੱਚ “ਵਿਸ਼ਵਕਰਮਾ” ਦੇ ਰੂਪ ਵਿੱਚ ਦੀਵਾਲ਼ੀ ਰਾਹੀਂ ਹੀ ਵਾੜ ਦਿੱਤਾ ਗਿਆ ਹੈ। ਸਿੱਖਾਂ ਵਿੱਚ ਇਹ ਅਤੇ ਇੰਝ ਦੇ ਹੀ ਕਈ ਵਰਗ ਬ੍ਰਾਹਮਣੀਕਲ ਜਾਤੀ ਵਾਦੀ ਮਨੂ ਵਾਦੀ ਵਰਗ ਵਿਵਸਥਾ ਵਿੱਚ ਸਿੱਖੀ ਦੀ ਵੰਡ ਕਰਵਾ ਕੇ ਅਸਥਾਪਿਤ ਕੀਤੇ ਜਾ ਰਹੇ ਹਨ। ਜਿਸ ਨੂੰ ਖ਼ਾਸ ਕਰਕੇ ਅਕਾਲੀ ਦਲ ਦੀ ਪੰਜਾਬ ਸਰਕਾਰ ਅਤੇ ਅਕਾਲੀ ਦਲਾਂ ਨੇ ਵੀ ਇਨ੍ਹਾਂ ਵਰਗ, ਜਾਤੀ ਅਤੇ ਬਿਰਾਦਰੀ ਵਾਦੀ ਆਪਣੇ ਦਲ ਦੇ ਸੰਗਠਨ ਬਣਾ ਕੇ “ਗੁਰਮਤਿ ਆਦੇਸ਼ ਅਤੇ ਗੁਰੂ ਸਾਹਿਬਾ ਦੇ ਪੰਥ” ਨੂੰ ਮੁੜ ਵਰਣ ਵਾਦੀ ਜਾਤੀ ਪ੍ਰਣਾਲੀ ਵਿੱਚ ਵੰਡ ਦਿੱਤਾ ਹੈ I ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਤੇ ਕੋਈ ਕੁੰਡਾ ਨਹੀਂ ਰੱਖਿਆ ਹੈ।
ਗੁਰਮੁਖ ਨੂੰ ਮਨਮੁਖ ਬਣਾਉਣ ਲਈ ਹੀ ਇਹ ਸਭ ਪ੍ਰਬੰਧਕੀ ਪੱਧਰ ਤੇ ਤਿਉਹਾਰ ਬਣਾ ਕੇ, ਨੀਅਤ ਕਰਕੇ ‘ਧਰਮ’ ਵਿੱਚ “ਅਧਰਮੀ” ਕਰਮ ਕਰ ਵਾੜ ਦਿੱਤੇ ਗਏ ਹਨ। ਸਿੱਖ ਰਹਿਤ ਮਰਿਆਦ ਵਿੱਚ ਅੰਤਿਮ ਨਿਰਧਾਰਨ ਇਹ ਕੀਤਾ ਗਿਆ ਹੈ ਕਿ “ਸਿੱਖੀ ਵਿੱਚ ਸਾਰੇ ਸੰਸਕਾਰਾਂ ਦਾ ਜ਼ਰੂਰੀ ਅੰਗ ਬਾਣੀ ਦਾ ਪਾਠ ਤੇ ਅਰਦਾਸ ਹੈ।”
ਦੀਵਾਲ਼ੀ ਨੂੰ ਸਿੱਖਾਂ ਵਿੱਚ ਸਥਾਪਿਤ ਕਰਨ ਲਈ ਅੱਜ ਕਲ ਸਿੱਖ ਰਹਿਤ ਮਰਿਆਦਾ ਤੋਂ ਮੁਨਕਰ ਸਿੱਖਾਂ ਵੱਲੋਂ ਹੀ ਦੋ ਪ੍ਰਮਾਣ ਦਿੱਤੇ ਜਾਂਦੇ ਹਨ। ਪਹਿਲਾ ਪ੍ਰਮਾਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਅਤੇ ਇਸ ਵੱਲੋਂ ਥਾਪੇ ਗਏ ਸਿੱਖ ਕੌਮ ਦੇ ਗ੍ਰੰਥੀਆਂ ਅਤੇ ਜਥੇਦਾਰਾਂ ਵੱਲੋਂ ਸਥਾਪਿਤ ਕੀਤਾ ਗਿਆ ਹੈ। ਇਸ ਦਾ ਆਧਾਰ ਭਾਈ ਗੁਰਦਾਸ ਜੀ ਦੀ ਵਾਰ 19ਵੀ ਦੀ ਪੌੜੀ 6ਵੀ ਦੀ ਇਹ ਪੰਕਤੀ “ਦੀਵਾਲ਼ੀ ਕੀ ਰਾਤ ਦੀਵੇ ਬਾਲੀਐ” ਨੂੰ ਬਣਾਇਆ ਗਿਆ ਹੈ। ਇਸ ਤੁਕ ਰਾਹੀਂ ਜੋ ਲੋਕ ਦੀਵਾਲ਼ੀ ਨੂੰ ਸਿੱਖਾਂ ਵਿੱਚ ਸਥਾਪਤ ਕਰਦੇ ਹਨ ਉਹ ਲੋਕ ਜਿੱਥੇ ਭਾਈ ਗੁਰਦਾਸ ਜੀ ਨਾਲ ਅਤੇ ਸਿੱਖ ਸਿਧਾਂਤਾਂ ਨਾਲ ਸੱਤਾ ਦੀ ਚੌਧਰ ਦੇ ਗਲਿਆਰੇ ਚੜ੍ਹ ਕੇ ਬੇਰਹਿਮੀ ਨਾਲ ਬਲਾਤਕਾਰ, ਉਪਰੰਤ ਉਨ੍ਹਾਂ ਦੀ ਗੁਰਮਤਿ ਸਿਧਾਂਤਕ ਸੁਤੰਤਰ ਆਵਾਜ਼ ਦਾ ਗਲ਼ਾ ਘੋਟ ਕੇ, ਕਤਲ ਕਰ ਦਿੰਦੇ ਹਨ; ਉੱਥੇ ਹੀ ਅਜਿਹੇ ਲੋਕ ਆਪਣੀ ਦਿਮਾਗ਼ੀ ਅਪੰਗਤਾ ਰਾਹੀਂ ਮਾਨਸਿਕ ਬਿਮਾਰ ਹੋਣ ਦਾ ਅਤੇ ਲਾਚਾਰੀ ਦਾ ਸਬੂਤ ਵੀ ਖ਼ੁਦ ਹੀ ਦੇ ਜਾਂਦੇ ਹਨ। ਗ਼ੁਲਾਮ ਮਨੋਬਿਰਤੀ ਵਾਲੇ ਲੋਕ ਇੰਜ ਹੀ ਸਾਬਤ ਕਰਦੇ ਰਹਿੰਦੇ ਹਨ ਕਿ ਉਹ ਚੌਧਰ ਦੇ ਪਾਗਲ ਪਨ ਦੀ ਚਰਮ ਸੀਮਾ ਤੇ ਅੱਪੜ ਕੇ ਕਿਸੇ ਵੀ ਸਭੈਤਾ, ਧਰਮ, ਕੌਮੀਅਤਾ ਦੇ ਸਿਧਾਂਤਾਂ ਅਸੂਲਾਂ ਨਾਲ ਨਿਹਾਇਤ ਵਹਿਸ਼ੀਪੁਣੇ ਦੇ ਭੋਗ ਵਾਦੀ ਜ਼ਬਰ-ਜਨਾਹ ਕਰਨ ਵਾਲੇ ਸੱਤਾ ਦੇ ਸ੍ਰੋਤ ਅਤੇ ਕਪੁੱਤ ਬਣ ਚੁੱਕੇ ਹਨ। ਅਜਿਹੇ ਬਿਪਰਵਾਦੀ ਮਾਨਸਿਕ ਰੋਗੀਆਂ ਦਾ ਚੰਗੇ ਹਸਪਤਾਲਾਂ ਵਿੱਚ ਇਲਾਜ ਹੋਣਾ ਚਾਹੀਦਾ ਹੈ। ਸਿੱਖ ਸੰਸਥਾਨਾਂ, ਜਥੇਬੰਦੀਆਂ, ਧਾਰਮਿਕ ਰਾਜਨੀਤਕ ਜਾਂ ਸਮਾਜਿਕ ਸੱਤਾ ਸਥਾਨਾਂ ਤੇ ਇਨ੍ਹਾਂ ਨੂੰ ਕਿਸੇ ਵੀ ਅਹੁਦੇ ਜਾਂ ਜ਼ਿੰਮੇਵਾਰੀ ਤੇ ਨਹੀਂ ਰੱਖਣਾ ਚਾਹੀਦਾ।
ਇਸ ਦੀ ਵਜ੍ਹਾ ਬੜੀ ਹੀ ਮਜ਼ਬੂਤ ਗੁਰਮਤਿ ਆਧਾਰੀ ਹੈ। ਦਰਅਸਲ ਸਿੱਖ ਕੌਮ ਦਾ ਜਿਹੜਾ ਆਮ ਕਰਕੇ ਖ਼ਾਕਾ ਵਿਕਸਤ ਹੋ ਰਿਹਾ ਹੈ ਉਸ ਵਿੱਚ ਜਾਲ ਸਾਜੀ ਕਮਾਉਣ ਵਾਲੇ ਧਰਮੀ, ਸਿਆਸੀ, ਵਿੱਦਿਅਕ, ਸਮਾਜੀ ਪੱਧਰ ਤੇ ਨਿਹਾਇਤ ਹੀ ਭ੍ਰਿਸ਼ਟਾਚਾਰੀ ਅਮਲੀ ਵਿਵਹਾਰ ਵਿੱਚ ਗੁਰਮਤਿ ਵਿਹੂਣੇ ਲੋਕ ਕਾਬਜ਼ ਕੀਤੇ ਜਾ ਚੁੱਕੇ ਹਨ। ‘ਮੈਂ’ ਅਤੇ ‘ਚੌਧਰ’ ਵਿੱਚ ਲਬਰੇਜ਼ ‘ਨਿਜ ਪੱਖੀ ਪ੍ਰਬੰਧਕਾਂ’ ਦਾ, ਡੇਰੇਦਾਰਾਂ ਦਾ ਅਤੇ ਮਨਮਤੀ ਪੇਸ਼ੇਵਰ ਕਾਗ਼ਜ਼ੀ ਤੇ ਸਿਫ਼ਾਰਸ਼ੀ ਗੁੰਡਾ ਤੰਤਰੀ ਨਿਰੰਕੁਸ਼ ਅਰਾਜ਼ੀ, ਅਪਰਾਧੀ ਅਤੇ ਮਰਿਆਦਾ ਹੀਣੇ ਹੁਨਰਮੰਦਾਂ ਦਾ ਕਬਜ਼ਾ ਹੋ ਚੁਕਾ ਹੈ। ਜਿਸ ਦੀ ਖ਼ਾਸ ਵਜ੍ਹਾ “ਗੁਰਮਤਿ” ਵਿਹੂਣਾ ਧਾਰਮਿਕ, ਸਮਾਜਿਕ, ਵਿੱਦਿਅਕ, ਆਰਥਿਕ, ਰਾਜਸੀ, ਪ੍ਰਬੰਧਕੀ ਨਿਜ਼ਾਮ ਨੂੰ “100 ਮੂਰਖ 99 ਗਿਆਨਵਾਨਾਂ ਦੇ ਆਗੂ” ਬਣਾਉਣ ਵਾਲੀ ਬਹੁਮਤ ਆਧਾਰਤ ਚੋਣ ਪ੍ਰਣਾਲੀ ਦੇ ਵੋਟ ਤੰਤਰ ਨੂੰ; ਗੁਰਮਤਿ ਸੰਕਲਪ “ਗੁਣ ਤੰਤਰ ਰਾਹੀਂ ਆਗੂ ਚੁਣਨ” ਦੀ ਪ੍ਰਣਾਲੀ ਦੀ ਥਾਂ ਤੇ ਅਪਣਾਉਣਾ ਹੈ। ਜਿਸ ਨੇ ਸਿੱਖ ਕੌਮ ਦੀ ਕੌਮੀ ਸੋਚ ਸ਼ਕਤੀ ਨੂੰ ਗੁਰਮਤਿ ਵਿਹੂਣਾ ਕਰ ਕੇ ਹਰ ਖੇਤਰ ਵਿੱਚ ਦਿਮਾਗ਼ ਵਿੱਚ ਖ਼ਾਲਸਤਾਈ ਚੇਤਨਾ ਨੂੰ ਪੁੰਗਰਨ ਦੀ ਬਜਾਏ, ਬਾਂਝਪਣ ਵਾਲੇ ਪਾਸੇ ਮੋੜਾ ਦੇ ਦਿੱਤਾ ਹੈ। ਅਜਿਹੇ ਹੀ ਲੋਕ ਖ਼ਾਲਸਾਈ ਚੇਤਨਾ ਨੂੰ “ਨਵੇਂ ਨਾਅਰਿਆਂ ਦੇ ਗਲੈਮਰ ਅਤੇ ਵਿਕਾਊ ਮਾਲ ਰਾਹੀਂ” ਬਿਪਰਵਾਦੀ ਬਣਾ ਰਹੇ ਹਨ ਅਤੇ ਹਰ ਗੁਰਮਤਿ ਦੀ ਪੱਕੀ ਲੀਹ ਤੇ ਕਿੰਤੂ ਪਰੰਤੂ ਖੜੇ ਕਰ ਰਹੇ ਹਨ। ਜਿਸ ਨਾਲ ਕੌਮੀ ਮਸਲਾ ਵਿਸ਼ਵਾਸ ਯੋਗਤਾ ਅਤੇ ਬੇਭਰੋਸਗੀ ਦਾ ਬਣ ਗਿਆ ਹੈ। ਆਲ਼ੇ ਦੁਆਲੇ ਵਿੱਚ ਬੇਇਤਫ਼ਾਕੀ ਦੀ ਹਵਾ ਚੱਲ ਪਈ ਹੈ। ਜਿਸ ਵਿੱਚ ਗੁਰਮਤਿ ਦਾ ਭਰਮ ਪੈਦਾ ਕਰ ਸਿੱਖ ਤੇ ਸਿੱਖੀ ਨੂੰ ਧੋਖਾ ਦੇਣ ਲਈ ਸਿਰਫ਼ ਤੇ ਸਿਰਫ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੋਹਣੇ ਬਸਤਰਾਂ, ਵਾਤਾਅਨੁਕੂਲਿਤ ਕਮਰਿਆਂ ਅਤੇ ਲਿਸ਼ਕਦੇ ਗੁਰਦੁਆਰਿਆਂ ਵਿੱਚ “ਖ਼ਾਸ ਕਿਸਮ ਦੀ ਗੁਰਮਤਿ ਵਿਰੋਧੀ ਸਿੱਖ ਮੰਡਲੀ” ਵੱਲੋਂ “ਆਮ ਅਣਜਾਣ ਸਿੱਖ ਦੇ ਧਾਰਮਿਕ ਜਜ਼ਬਾਤਾਂ ਦਾ ਸ਼ੋਸ਼ਣ ਕਰਕੇ” ਆਪਣੀਆਂ ਗ਼ਰਜ਼ਾਂ ਲਈ ਵਰਤਿਆ ਜਾ ਰਿਹਾ ਹੈ। ਸਿੱਖੀ ਨੂੰ ਇਸੇ ਭਰਮੀ ਕੁਰਾਹੇ ਦੇ ਕਰਾਹੇ ਵਿੱਚ ਆਪਣੀ ਖ਼ੁਦ ਦੀ ਤਬਾਹੀ ਦਾ ਵਾਵਰੋਲਾ ਬਣਾ ਦਿੱਤਾ ਗਿਆ ਹੈ।
ਇੰਜ ਗੁਰੂ ਦੇ ਸ਼ਬਦ ਦੀ ਗੁਰੂ ਦੀ ਸਿੱਖਿਆ ਅਤੇ ਸਿਧਾਂਤ ਅਨੁਰੂਪ ਵਿਆਖਿਆ ਕਰਨ ਤੇ “ਗੁਰੂ ਦੇ ਹੁਕਮ ਦੀ ਜ਼ੁਬਾਨ” ਨੂੰ ਵੀ ਤਾਲਾ ਲਾ ਕੇ ਆਪਣੀ ਮਨਮਰਜ਼ੀ ਪੁਗਾਈ ਜਾ ਰਹੀ ਹੈ। ਕੀਰਤਨ ਅਤੇ ਕੀਰਤਨ ਵਿੱਚ ਸ਼ਬਦ ਪ੍ਰਮਾਣ ਦੀ ਪਰੰਪਰਾ ਗੁਰੂ ਦੇ ਸ਼ਬਦ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਗੁਰਮਤਿ ਸਿੱਖਿਆ ਅਤੇ ਸਿਧਾਂਤ ਰਾਹੀਂ ਗੁਰੂ ਦੀ ਜ਼ੁਬਾਨ ਅਤੇ ਅਵਾਜ਼ ਰਾਹੀਂ ਗੁਰੂ ਹੁਕਮ ਦੀ ਵਿਆਖਿਆ ਹੈ। ਇਹ ਕੰਨ ਰਸ ਲਈ ਜਾਂ ਸੰਗੀਤਕ ਉਪਲਬਧੀ ਵਾਸਤੇ ਗੀਤ ਗਾਇਣ ਪਰੰਪਰਾ ਨਹੀਂ ਹੈ ਜਿਵੇਂ ਕਿ ਹੁਣ ਬਣਾਂ ਲਈ ਗਈ ਹੈ। ਇਸੇ ਪਰੰਪਰਾ ਦੇ ਹੀ ਬੁਰੇ ਸਿੱਟਿਆਂ ਕਰਕੇ ਹੀ “ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥” ਤੁਕ ਰਾਹੀਂ ਅਰਥ ਦਾ ਠੀਕ ਉਵੇਂ ਹੀ ਅਨਰਥ ਕਰ ਦਿੱਤਾ ਗਿਆ ਹੈ ਜਿਵੇਂ ਸਤਿਗੁਰੂ ਨਾਨਕ ਜੀ ਨੇ ਬਿਪਰਨ ਨੂੰ ਆਰਤੀ ਤੋਂ ਹਟਾਉਣ ਲਈ ਆਰਤੀ ਦੇ ਖੰਡਨ ਹਿਤ ਸ਼ਬਦ “ਤੇਰੀ ਆਰਤੀ ਹੋਇ…” ਦਾ ਉਚਾਰਨ ਕੀਤਾ ਪਰ ਗੁਰੂ ਦੇ ਸਿੱਖ ਨੇ ਖ਼ੁਦ ਗੁਰੂ ਦਾ ਵੀ ਗੁਰੂ ਬਣਨ ਦੀ ਹਮਾਕਤ ਕਰਦੇ ਹੋਏ; ਗੁਰੂ ਦੇ ਗੁਰਦੁਆਰੇ ਵਿੱਚ ਹੀ ਗੁਰੂ ਨੂੰ ਖ਼ੁਦ ਚੈਲੰਜ ਕਰਦੇ ਹੋਏ ਇਸੇ ਸ਼ਬਦ ਨਾਲ ਹੋਰ ਕਈ ਸ਼ਬਦ ਜੋੜ ਕੇ ਗੁਰੂ ਦੀ ਆਰਤੀ ਦੇ ਸਿਧਾਂਤ ਨੂੰ ਵੰਗਾਰਦੇ ਹੋਏ ਗੁਰਦੁਆਰੇ ਅੰਦਰ ਹੀ ਆਰਤੀ ਨੂੰ ਲੈ ਵਾੜਿਆ ਹੈ! ਇਹ ਉਹ ਦੁਸ਼ਮਣੀ ਭਰਪੂਰ ਸਿੱਖ ਵੱਲੋਂ ਹੀ ਗੁਰੂ ਉੱਪਰ ਹਮਲਾ ਹੈ ਕਿ ਲੈ ਤੇਰੇ ਸਾਹਮਣੇ ਤੇਰਾ ਹੀ ਸਿੱਖ ਤੇਰੇ ਹੀ ਸਿਧਾਂਤ ਤੋਂ ਮੁਨਕਰ ਕਰ ਕੇ ਤੇਰੇ ਹੀ ਵਿਰੋਧ ਵਿੱਚ ਖੜ੍ਹਾ ਕਰ ਦਿੱਤਾ ਗਿਆ ਹੈ; ਕਰ ਲੈ ਜੋ ਤੂੰ ਕਰ ਸਕਦਾ ਹੈ !!
ਸਿੱਖ ਸਮਾਜ ਦੀ ਇਹ ਬਿਪਰਵਾਦੀ, ਮਨਮਤੀ, ਗੁਰੂ ਤੋਂ ਆਕੀ, ਗੁਰੂ ਨਾਲ ਮਨਮਤੀ ਸ਼ਰਧਾ ਦੀ ਅੰਨ੍ਹੀ ਲਾਈਲੱਗ ਸਾਧ ਵਾਦੀ ਉਹ ਦੁਸ਼ਮਣੀ ਹੈ ਜੋ ਆਮ ਕਰਕੇ ਜ਼ਿਆਦਾਤਰ ਸਿੱਖਾਂ ਦੇ ਦਿਮਾਗ਼ਾਂ ਤੇ ‘ਨਸ਼ਾ’ ਬਣ ਅਜਿਹੀ ਚੜ੍ਹੀ ਹੋਈ ਹੈ ਕਿ ਉਹ ਇਸੇ ਨੂੰ ਹੀ ਧਰਮ ਸਮਝੀ ਬੈਠਾ ਹੈ। ਇੱਥੋਂ ਤਕ ਕਿ ਅਜਿਹੀ ਗੁਰਮਤਿ ਤੋਂ ਉਲਟ ਯਥਾ ਸਥਿਤੀ ਨੂੰ ਬਣਾਈ ਰੱਖਣ ਲਈ ਹਠਧਰਮੀ ਬਣ ਚੁੱਕੇ ਹਨ ਤੇ ਖ਼ੂਨੀ ਮਾਰ ਕੁਟਾਈ ਤਕ ਜਾਣ ਨੂੰ ਤਿਆਰ ਰਹਿੰਦੇ ਹਨ।
ਹੁਣ “ਸ਼ਬਦ ਗੁਰੂ” ਪਾਸ ਆਪਣੀ ਸਰੀਰਕ ਸ਼ਕਤੀ ਅਤੇ ਬਾਂਹ ਤਾਂ “ਪੰਥ ਗੁਰੂ” ਹੀ ਸੀ, ਉਸ ਨੂੰ ਉਪਰੋਕਤ ਅਨੁਸਾਰ ਮਾਨਸਿਕ ਰੋਗੀ ਬਣਾਂ ਕੇ ਬਿਪਰਵਾਦੀ ਸਿੱਖਿਆ ਦੇ ਅਰਥਾਂ ਵਿੱਚ ਮਨੋਬਿਰਤੀ ਤੋਂ ਮੰਦ ਬੁੱਧੀ ਪਿਤਾ ਪੁਰਖੀ ਇੰਜ ਬਣਾ ਲਿਆ ਗਿਆ ਹੈ ਕਿ “ਸਿੱਖ” ਦੇ ਅਰਥ ਹਨ “ਸ਼ਿਸ਼” ਅਰਥਾਤ ਜੋ ਪੂਰੀ ਉਮਰ ਸਿੱਖਦਾ ਹੀ ਰਹੇ। ਕਦੇ ਪੂਰਨ “ਸਿੱਖ” ਬਣ ਹੀ ਨਾ ਸਕੇ। ਸਿੱਖੀ ਦਾ ਵਿਹੜਾ ਜ਼ਿਆਦਾਤਰ ਅਜਿਹੀ ਹੀ ਸਿਆਹ ਸਿਆਸਤੀ ਧੱਕੇ ਜ਼ੋਰੀ ਦੇ ਪ੍ਰਬੰਧਕੀ ਅਮਲ ਰਾਹੀਂ ਸਿਆਹ ਧਰਮੀ ਕਾਲ ਕੋਠੜੀ ਵਿੱਚ ਬੜੀ ਹੀ ਤੇਜ਼ੀ ਨਾਲ ਬਦਲਿਆ ਜਾ ਰਿਹਾ ਹੈ। ਇਹ ਮੇਰੇ ਵੱਲੋਂ ਬਿਆਨੀਆ ਉਹ ਚੰਦ ਕੁ ਆਮ ਵਿਵਹਾਰ ਵਿੱਚ ਅਪਣਾਈਆਂ ਜਾ ਚੁੱਕੀਆਂ ਉਹ ਗੱਲਾਂ ਹਨ ਜੋ ਸਿੱਖ ਨੂੰ ਸ਼ਿਸ਼ ਬਣਾ ਕੇ ਲਾਈਲੱਗ ਅਤੇ ਮਨਮਤ ਬਣਾ ਦੇਣ ਦੇ ਕੀ ਨੁਕਸਾਨ ਹੋਏ ਅਤੇ ਹੋ ਰਹੇ ਹਨ ਉਸ ਦਾ ਪ੍ਰਤੱਖ ਪ੍ਰਮਾਣ ਹੈ।
ਬੜੀ ਹੀ ਸ਼ਰਮਸਾਰ ਕਰ ਦੇਣ ਵਾਲੀ ਸਥਿਤੀ ਵਿੱਚ ਸਿੱਖਾਂ ਨੂੰ ਪਹੁੰਚਾਇਆ ਜਾ ਚੁਕਾ ਹੈ । ਇੱਕ ਐਸੀ ਹਕੀਕੀ ਅਵਸਥਾ ਦਾ ਸਿੱਖ ਸਾਹਮਣਾ ਕਰ ਰਹੇ ਹਨ ਜਿੱਥੇ ਸਿੱਖੀ ਦੇ ਧੁਰੇ ਸ੍ਰੀ ਦਰਬਾਰ ਸਾਹਿਬ ਨੂੰ ਹੀ ਸਿੱਖ ਪਰੰਪਰਾਵਾਂ, ਸਿਧਾਂਤਾਂ, ਮਰਿਆਦਾਵਾਂ ਅਤੇ ਅਮਲਾਂ ਤੋਂ ਉਲਟ ਵਰਤਿਆ ਜਾ ਰਿਹਾ ਹੈ।
“ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥” ਇਸ ਤੁਕ ਦੀ ਟੇਕ ਲਾ ਕੇ ਜਦੋਂ ਕੋਈ ਵੀ ਰਾਗੀ ਜੱਥਾ ਕੀਰਤਨ ਕਰਦਾ ਹੈ ਤਾਂ ਉਹ ਇਸੇ ਦੋਸ਼ ਦਾ ਧਾਰਨੀ ਬਣ ਜਾਂਦਾ ਹੈ ਕਿਉਂਕਿ ਇੰਝ ਉਹ ਇਸ ਦੀ ਪ੍ਰਮਾਣਿਕਤਾ ਕਾਇਮ ਕਰਦਾ ਹੈ । ਜਦ ਕਿ ਉਸ ਨੂੰ ਕੀਰਤਨ ਰਾਹੀਂ ਇਹ ਸਮਝਾਉਣ ਦਾ ਨਿਰਦੇਸ਼ ਗੁਰਮਤਿ ਕਰ ਰਹੀ ਹੈ, ਜਿਸ ਲਈ ਹੀ ਭਾਈ ਗੁਰਦਾਸ ਜੀ ਨੇ ਇਹ ਪ੍ਰਮਾਣ ਆਪਣੀ ਵਾਰ ਵਿੱਚ ਦਿੱਤਾ ਹੈ ਕਿ ਅਜਿਹੇ ਫੋਕਟ ਕਰਮ ਤੇ ਪਾਖੰਡ ਕਰਨ ਨਾਲ ਤੁਸੀਂ ਧਰਮੀ ਨਹੀਂ ਬਣਦੇ ਤੇ ਨਾ ਹੀ ਰੱਬ ਨੂੰ ਖ਼ੁਸ਼ ਕਰ ਸਕਦੇ ਹੋ। ਇਹ ਤਾਂ ਵਿਅਰਥ ਦਾ ਹੀ ਕਰਮ ਅਤੇ ਪਾਖੰਡ ਹੈ। ਇਹ ਗੱਲ ਸਮਝਾਉਣ ਦਾ ਕੋਈ ਵੀ ਰਾਗੀ, ਪ੍ਰਚਾਰਕ ਅਤੇ ਕਥਾ ਵਾਚਕ ਜਤਨ ਹੀ ਨਹੀਂ ਕਰਦਾ ਹੈ। ਸਭ ਇਸ ਤੁਕ ਰਾਹੀਂ ਦੀਵਾਲ਼ੀ ਮਨਾਉਣ ਦੀ ਪਾਖੰਡੀ ਪ੍ਰਕਿਰਿਆ ਨੂੰ ਹੀ ਵਾਜਬ ਠਹਿਰਾਉਣ ਹਿਤ ਭਾਈ ਗੁਰਦਾਸ ਜੀ ਨੂੰ “ਵਰਤਣ ਤੋਂ ਗੁਰੇਜ਼ ਨਹੀਂ ਕਰਦੇ” ਤੇ ਭਾਈ ਸਾਹਿਬ ਨੂੰ ਜਿਵੇਂ ‘ਟਿੱਚ’ ਕਰਦੇ ਹਨ।
ਹੱਦ ਤਾਂ ਇੱਥੋਂ ਤਕ ਹੋ ਚੁੱਕੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਜਦੋਂ ਇਸੇ ਤੁਕ ਅਤੇ ਅਜਿਹੀਆਂ ਹੀ ਭਾਵਨਾਵਾਂ ਨਾਲ “ਦੀਵਾਲ਼ੀ” ਨੂੰ ਮਾਨਤਾ ਦਿੰਦੇ ਹੋਏ ਸ਼ੁੱਭ ਸੰਦੇਸ਼, ਵਧਾਈ ਕਾਰਡ ਅਤੇ ਸ੍ਰੀ ਦਰਬਾਰ ਸਾਹਿਬ ਦਾ ‘ਨੌਕਰ’ ਮੈਨੇਜਰ “ਗੁਰਮਤਿ ਦਾ ਖੰਡਨ ਕਰਨ ਲਈ” ਵਧਾਈ ਇਸ਼ਤਿਹਾਰ ਗੁਰੂ ਕੀ ਗੋਲਕ ਵਿੱਚੋਂ ਲੱਖਾਂ ਰੁਪਏ ਖ਼ਰਚ ਕੇ ਛਪਵਾਉਂਦੇ ਅਤੇ ਪੋਸਟ ਕਰਦੇ ਹਨ ਓਦੋਂ ਕੋਈ ਵੀ ਇਨ੍ਹਾਂ ਦੀ ਬਾਂਹ ਫੜਨ ਵਾਲਾ, ਇਨ੍ਹਾਂ ਨੂੰ ਰੋਕਣ ਵਾਲਾ ਨਹੀਂ ਹੁੰਦਾ। ਆਮ ਪੜ੍ਹੇ ਲਿਖੇ ਤੇ ਸਮਝਦਾਰ ਸਿੱਖ ਦਾ ਅਜਿਹਾ ਵਤੀਰਾ ਬਣ ਗਿਆ ਹੈ ਕਿ “ਛੱਡੋ ਅਸਾਂ ਕੀ ਲੈਣਾ” ! ਇਹ ਸੋਚ ਜਿਸ ਇਨਸਾਨ ਵਿੱਚ ਵੀ ਹੁੰਦੀ ਹੈ ਉਹ ਉਸ ਇਨਸਾਨ ਦੀ ਨਪੁੰਸਕਤਾ ਨੂੰ ਪ੍ਰਮਾਣਿਤ ਕਰਦੀ ਹੈ। ਇਹ ਅਸੀਂ ਮਨੁੱਖ ਭੁੱਲ ਜਾਂਦੇ ਹਾਂ ਤੇ ਜਾਤੀ ਗ਼ਰਜ਼ਾਂ ਵਿੱਚ ਲਿੱਬੜੇ ਪੱਲਾ ਝਾੜ ਜਾਂਦੇ ਹਾਂ ਪਰ ਬਾਅਦ ਵਿੱਚ ਨੁਕਤਾਚੀਨੀ ਵੀ ਅਵੱਸ਼ ਕਰਦੇ ਹਾਂ।
“ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥” ਭਾਈ ਗੁਰਦਾਸ ਜੀ ਰਚਿਤ ਅਗਰ ਇਸ ਪਉੜੀ ਦੀ ਇਹੋ ਸੱਜਣ ਖ਼ੁਦ ਪੂਰੀ ਵਿਆਖਿਆ ਕਰਨ ਜਾਂ ਅਰਥ ਸਮਝਾਉਣ ਤਾਂ ਇਹ ਤੁਕ ਅਤੇ ਪੂਰੀ ਪਉੜੀ ‘ਦੀਵਾਲ਼ੀ’ ਮਨਾਉਣ ਦੇ ਉਲਟ ਸੰਦੇਸ਼ ਹੀ ਨਹੀਂ ਦਿੰਦੀ ਸਗੋਂ ਗੁਰਮਤਿ ਦਰਸ਼ਨ ਨੂੰ ਸਥਾਪਿਤ ਕਰਦੀ ਹੈ। ਪਰ ਇਨ੍ਹਾਂ ਲੋਕਾਂ ਵਿੱਚ ਇਤਨੀ ਇਮਾਨਦਾਰੀ ਤੇ ਦਿਆਨਤਦਾਰੀ ਕਿੱਥੇ ਕਿ ਇਹ ਲੋਕ ਇਸ ਪਉੜੀ ਦੀ ਵਿਆਖਿਆ ਕਰਨ। ਇਹ ਲੋਕ ਤਾਂ ਸਿੱਖ ਨੂੰ ਧਰਮ ਤੋਂ ਕੁਕਰਮ ਵੱਲ ਲਿਜਾਉਣ ਲਈ ਹੀ ਵਚਨਬੱਧਤਾ ਨਿਬਾਹੁਣ ਵਾਸਤੇ ਇਸ ਦਾ ਇਸਤੇਮਾਲ ਸ੍ਰੀ ਦਰਬਾਰ ਸਾਹਿਬ ਤੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਤੋਂ ਕਰਦੇ ਹਨ।ਮੇਰੀ ਭਾਸ਼ਾ ਤੁਹਾਨੂੰ ਸਖ਼ਤ ਜਾਂ ਕੌੜੀ ਲੱਗ ਸਕਦੀ ਹੈ ਤੇ ਲੱਗਣੀ ਵੀ ਚਾਹੀਦੀ ਹੈ ਕਿਉਂਕਿ ਜਦ ਤਕ ਹੁਣ ਸੂਲ਼ ਸਿੱਖੋ ਤੁਹਾਡੇ ਦਿਮਾਗ਼ਾਂ ਨੂੰ ਵਿੰਨ੍ਹੇਗੀ ਨਹੀਂ ਓਦੋਂ ਤਕ ਤੁਸੀਂ ਜਾਗੋਗੇ ਵੀ ਨਹੀਂ । ਸਿੱਖ ਸਮਾਜ ਨੂੰ ਜਗਾਉਣ ਲਈ ਹੁਣ ਇਹ ਅਤਿ ਲੋੜੀਂਦੀ ਸਰਜਰੀ ਦੀ ਲੋੜ ਬਣ ਚੁੱਕੀ ਹੈ। ਅਜਿਹੀ ਤਿੱਖੀ, ਸਖ਼ਤ, ਅਤੇ ਚੁੱਭਦੀ ਸ਼ਬਦਾਵਲੀ ਇਸਤੇਮਾਲ ਕਰਨ ਹਿਤ ਸਮਾਜ ਨੇ ਹੀ ਕਲਮ ਨੂੰ ਮਜਬੂਰ ਕੀਤਾ ਹੈ। ‘ਦੀਵਾਲ਼ੀ ਮਨਾਉਣ ਲਈ’ ਅਤੇ ਇਸ ਨੂੰ ਸਿੱਖ ਤਿਉਹਾਰ ਸਾਬਤ ਕਰਨ ਲਈ ਸ੍ਰੀ ਦਰਬਾਰ ਸਾਹਿਬ ਤੋਂ ਕੂੜ ਦਾ ਪਰਚਮ ਲਹਿਰਾਉਣ ਲਈ ਚੌਧਰੀ ਬਣੇ ਇਹ ਲੋਕ ਅਤੇ ਪ੍ਰਬੰਧਕ ਹੁਣ ਗੁਰਮਤਿ ਦਾ ਖੰਡਨ ਕਰਨ ਵਾਲੇ ਮਸੰਦਾਂ ਦਾ ਰੂਪ ਧਾਰ ਚੁੱਕੇ ਹਨ। ਜਦ ਸੱਚ ਦੇ ਰੱਬੀ ਤਖ਼ਤ ਦੇ ਸ੍ਰੋਤ ਤੋਂ ਹੀ ਕੁਸੱਤ ਅਤੇ ਕੂੜ ਦਾ ਪ੍ਰਚਾਰ ਹੋਣ ਲਗ ਜਾਵੇ ਤਾਂ ਫਿਰ ਇਸ ਤੋਂ ਵੱਡਾ ਗੁਨਾਹ ਤੇ ਪਾਪ ਹੋਰ ਕੀ ਹੋਵੇਗਾ ? ਸਿੱਖ ਇੰਜ ਕਰਦੇ, ਕਰਾਉਂਦੇ ਤੇ ਸਹਿੰਦੇ ਆ ਰਹੇ ਹਨ। ਸਿੱਖਾਂ ਦਾ ਇਹ ਆਮ ਵਿਉਹਾਰ ਬਣ ਚੁਕਾ ਹੈ।
ਇਸ ਲਈ ਪਹਿਲਾਂ ਇਸ ਪਉੜੀ ਨੂੰ ਪੜ੍ਹਨਾ ਤੇ ਫਿਰ ਇਸ ਦੇ ਅਰਥ ਸਮਝਣੇ ਹਰ ਸਿੱਖ ਲਈ ਲਾਜ਼ਮੀ ਹੋ ਗਏ ਹਨ ਕਿਉਂ ਕੇ ਮੈਨੂੰ ਵਿਸ਼ਵਾਸ ਹੈ ਕਿ ਵੱਧ ਗਿਣਤੀ ਸਿੱਖਾਂ ਨੇ ਭਾਈ ਗੁਰਦਾਸ ਜੀ ਦੀ ਇਹ ਵਾਰ ਕਦੇ ਪੂਰੀ ਪੜ੍ਹੀ ਅਤੇ ਸਮਝੀ ਹੀ ਨਹੀਂ ਹੋਣੀ। ਇਹੋ ਵਜ੍ਹਾ ਹੈ ਕਿ ਬੂਝੜ ਲੋਕ ਇਸ ਨੂੰ ਦੀਵਾਲ਼ੀ ਦੇ ਪ੍ਰਮਾਣ ਵਜੋਂ ਇਸ ਅਰਥ ਵਿੱਚ ਵਰਤਣ ਲੱਗ ਗਏ ਕਿ ਭਾਈ ਗੁਰਦਾਸ ਜੀ ਨੇ ਵੀ ਤਾਂ ਦੀਵਾਲ਼ੀ ਮਨਾਉਣ ਲਈ ਲਿਖਿਆ ਹੈ। ਵਰਤਮਾਨ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਅਜਿਹਾ ਹੀ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਯਥਾ ਵਾਰ 19ਵੀ ਦੀ ਇਸ ਪਉੜੀ ਨੂੰ ਪਹਿਲਾਂ ਪੜ੍ਹੋ ਤੇ ਫਿਰ ਇਸ ਦੇ ਅਰਥ ਸਮਝੋ :
ਦੀਵਾਲੀ ਦੀ ਰਾਤ ਦੀਵੇ ਬਾਲੀਅਨਿ॥
ਤਾਰੇ ਜਾਤ ਸਨਾਤ ਅੰਬਰ ਭਾਲੀਅਨਿ॥
ਫੁਲਾਂ ਦੀ ਬਾਗਾਤ ਚੁਣ ਚੁਣ ਚਾਲੀਅਨਿ॥
ਤੀਰਥਿ ਜਾਤੀ ਜਾਤ ਨੈਣ ਨਿਹਾਲੀਅਨਿ॥
ਹਰਿ ਚੰਦੁਰੀ ਝਾਤ ਵਸਾਇ ਉਚਾਲੀਅਨਿ॥
ਗੁਰਮੁਖ ਸੁਖਫਲ ਦਾਤ ਸ਼ਬਦ ਸਮ੍ਹਾਲੀਅਨਿ ॥6॥
ਭਾਈ ਗੁਰਦਾਸ ਜੀ ਇਸ ਪਉੜੀ ਵਿੱਚ ਸਿੱਖ ਨੂੰ ਸਮਝਾ ਰਹੇ ਹਨ ਕਿ ਦੀਵਾਲ਼ੀ ਦੀ ਰਾਤ ਨੂੰ ਦੀਵੇ ਬਾਲਣਾ ਠੀਕ ਉਵੇਂ ਹੀ ਹੈ ਜਿਵੇਂ ਮ੍ਰਿਗਤ੍ਰਿਸ਼ਨਾ ਨੂੰ ਆਪਣੇ ਮਨ ਵਿੱਚ ਪਾਲ ਲੈਣਾ ਤੇ ਸੱਚ ਸਮਝ ਬੈਠਣਾ। ਗੁਰਮੁਖਾਂ ਲਈ ਸੁਖਦਾਇਕ ਅਤੇ ਫਲ ਦਾਇਕ ਇਹੋ ਹੁਕਮ ਹੈ ਕਿ ਉਹ “ਗੁਰਸ਼ਬਦ” ਦੇ ਹੁਕਮ ਅਤੇ ਉਸ ਦੀ ਸਭਿਅਤਾ ਨੂੰ ਹੀ ਮੰਨਣ ਅਤੇ ਉਸ ਦੀ ਆਪਣੀ ਸੁਰਤ ਵਿੱਚ ਆਪਣੀ ਮਨੋਬਿਰਤੀ ਵਿੱਚ ਅਤੇ ਆਪਣੇ ਕਿਰਦਾਰ ਵਿੱਚ ਸੰਭਾਲ ਕਰਨ ਅਰਥਾਤ ਆਪਣੀ ਕਿਰਤ, ਕਰਮ, ਵਿਚਾਰ, ਵਿਉਹਾਰ ਵਿੱਚ “ਸ਼ਬਦ ਗੁਰੂ” ਦੇ ਹੁਕਮ ਨੂੰ ਅਪਣਾ ਲੈਣ ਤੇ ਮੰਨ ਲੈਣ।
ਇਸ ਤੋਂ ਅਗਲੀ ਹੀ ਪਉੜੀ 7ਵੀ ਵਿੱਚ ਆਪ ਜੀ ਗੁਰਮਤਿ ਸਿਧਾਂਤ ਨੂੰ ਇੰਝ ਪ੍ਰਗਟਾਉਂਦੇ ਪਏ ਹਨ : “ਗੁਰਮੁਖ ਮਨ ਪਰਗਾਸ ਗੁਰੂ ਉਪਦੇਸਿਆ॥ ਪੇਈਅੜੈ ਘਰ ਵਾਸੁ ਮਿਟੇ ਅੰਦੇਸਿਆ॥ ਆਵਾ ਵਿੱਚ ਨਿਰਾਸ ਗਿਆਨ ਅਵੇਸਿਆ॥ਸਾਧ ਸੰਗਤਿ ਰਹਿਰਾਸ ਸ਼ਬਦ ਸੰਦੇਸਿਆ॥ਗੁਰਮੁਖ ਦਾਸਨਿ ਦਾਸ ਮਤਿ ਪਰਵੇਸਿਆ॥
ਮਰਣ ਸਾਸ ਗਿਰਾਸ ਦੇਸ ਵਿਦੇਸਿਆ ॥7॥”
ਹੁਣ ਇਸ ਦ੍ਰਿਸ਼ਟਾਂਤ ਨੂੰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਦੀਵਾਲ਼ੀ ਮੰਨਣ’ ਦਾ ਦ੍ਰਿਸ਼ਟਾਂਤ ਹੀ ਬਣਾ ਲੈਣ ਤਾਂ ਫਿਰ ਇਸ ਤੋਂ ਵੱਧ ਕੁਫ਼ਰ ਤੋਲਣਾ ਹੋਰ ਕੀ ਹੋਵੇਗਾ। ਇਹ ਤਾਂ ਉਂਜ ਦਾ ਹੀ ਕਰਮ ਹੋ ਗਿਆ ਜਿਵੇਂ ‘ਰਾਮਰਾਇ’ ਨੇ “ਮਿਟੀ ਮੁਸਲਮਾਨ” ਦੀ ਥਾਂ ਤੇ ਅਰਥਾਂ ਵਲੀ ਪ੍ਰਗਟਾਉਣ ਲਈ ਤੇ ਸ਼ਾਹੀ ਧਰਮ ਦੀ ਬਾਲਾ ਦਸਤੀ ਅੱਗੇ ਝੁਕਣ ਦੀ ਮਿਸਾਲ ਕਾਇਮ ਕਰ ਕਹਿ ਦਿੱਤਾ ਕਿ ‘ਮਿਟੀ ਬਈਮਾਨ’ ਕੀ ਲਿਖਿਆ ਹੈ। ਦੀਵਾਲ਼ੀ ਨੂੰ ਇਸ ਪਉੜੀ ਦੀ ਇਸ ਤੁਕ ਰਾਹੀਂ ਸਿੱਖ ਧਰਮ ਵਿੱਚ ਮਾਨਤਾ ਦੇਣੀ ਤੇ ਦੀਵਾਲ਼ੀ ਦੇ ਤਿਉਹਾਰ ਨੂੰ ਮਨਾਉਣ ਲਈ ਪ੍ਰੇਰਿਤ ਕਰਨਾ ਹਿੰਦੂ ਬਾਲਾ ਦਸਤੀ ਦੀ ਗ਼ੁਲਾਮੀ ਨੂੰ ਸਹਿ ਕੇ ਉਸ ਨਾਲ ਵਿਰੋਧ ਜਾਂ ਉਸ ਦਾ ਖੰਡਨ ਨਾ ਕਰ ਪਾਉਣ ਦੀ ਨਾਮਰਦੀ ਦੀ ਹੀ ਪ੍ਰਮਾਣਿਤ ਕਾਰਵਾਈ ਹੈ ।
ਕਿਸ ‘ਦੀਵੇ’ ਰਾਹੀਂ ਗੁਰਸਿੱਖ ਨੇ ਆਪਣੇ ਸਰੀਰ ਅੰਦਰ ਗੁਰਮਤਿ ਦਾ ਪਰਕਾਸ਼ ਬਾਲਣਾ ਹੈ ਇਸ ਦਾ ਪ੍ਰਤੱਖ ਪ੍ਰਮਾਣ ਭਾਈ ਗੁਰਦਾਸ ਜੀ ਆਪਣੀ 24ਵੀ ਵਾਰ ਦੀ 8ਵੀ ਪਉੜੀ ਵਿੱਚ ਇੰਝ ਦੇ ਰਹੇ ਹਨ :
“ਗੁਰੁ ਅੰਗਦੁ ਗੁਰੁ ਅੰਗੁਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ॥
ਜੋਤੀ ਜੋਤਿ ਜਗਾਈਅਨੁ ਦੀਵੇ ਤੇ ਜਿਉ ਦੀਵਾ ਬਲਿਆ॥
ਹੀਰੈ ਹੀਰਾ ਬੇਧਿਆ ਛਲੁ ਕਰਿ ਅਛੁਲੀ ਅਛਲੁ ਛਲਿਆ॥
ਕੋਇ ਬੁਝਿ ਨ ਹੰਘਈ ਪਾਣੀ ਅੰਦਰਿ ਪਾਣੀ ਰਲਿਆ॥
ਸਚਾ ਸਚੁ ਸੁਹਾਵੜਾ ਸਚੁ ਅੰਦਰਿ ਸਚੁ ਸਚਹੁ ਢਲਿਆ॥
ਨਿਹਚਲੁ ਸਚਾ ਤਖਤੁ ਹੈ ਅਬਿਚਲ ਰਾਜ ਨ ਹਲੈ ਹਲਿਆ॥
ਸਚ ਸਬਦੁ ਗੁਰਿ ਸਉਪਿਆ ਸਚ ਟਕਸਾਲਹੁ ਸਿਕਾ ਚਲਿਆ॥
ਸਿਧ ਨਾਥ ਅਵਤਾਰ ਸਭ ਹਥ ਜੋੜਿ ਕੈ ਹੋਏ ਖਲਿਆ॥
ਸਚਾ ਹੁਕਮੁ ਸੁ ਅਟਲੁ ਨ ਟਲਿਆ ॥8॥”
“ਗੁਰਮਤਿ” ਅਰਥਾਂ ਵਲੀ ਵਿੱਚ ਦੀਵਾ “ਗੁਰੂ ਜੋਤਿ” ਅਤੇ ਉਸ ਤੋਂ ਹੁੰਦਾ ਪ੍ਰਕਾਸ਼ ਹੈ । ਸਿੱਖ ਲਈ ਆਦੇਸ਼ ਹੈ ਕਿ ਉਹ ਇਸ ਗੁਰੂ ਜੋਤਿ ਦੇ ਗੁਰਮਤਿ ਪ੍ਰਕਾਸ਼ ਦੀਪ ਦੀਵੇ ਤੋਂ ਆਪਣੀ ਜੋਤਿ ਦੀ ਲੋਅ ਨੂੰ ਵੀ ਪ੍ਰਕਾਸ਼ਿਤ ਕਰਕੇ ਗੁਰਮਤਿ ਰਾਹੀਂ ਪ੍ਰਜ੍ਵਲਿਤ ਅਰਥਾਤ ਪ੍ਰਕਾਸ਼ਵਾਨ ਕਰੇ। ਗੁਰੂ ਦੀ ਪ੍ਰਕਾਸ਼ਵਾਨ “ਗੁਰ ਸ਼ਬਦ ਜੋਤ” ਨਾਲ ਆਪਣੀ ਸੁਰਤ ਦੀ ਅਤੇ ਆਤਮਿਕ ਮੰਡਲ ਦੀ ਜੋਤੀ ਨੂੰ ਜਗਾਉਣ ਦਾ ਉਪਦੇਸ਼ ਹੈ। ਤਾਂ ਜੋ ਮਨੁੱਖ ਦੇ ਅੰਦਰਲੀ ਜਿਊਣ ਰੂਪੀ ਜੋਤ ਨੂੰ ਮਨੁੱਖ ਗੁਰੂ ਦੀ ਸ਼ਬਦ ਸੁਰਤਿ ਰੂਪੀ ਜੋਤ ਨਾਲ ਪ੍ਰਜ੍ਵਲਿਤ ਕਰਕੇ ਆਪਣੇ ਸਰੀਰ ਵਿੱਚ “ਸ਼ਬਦ ਰੂਪੀ ਪ੍ਰਕਾਸ਼” ਨੂੰ ਪ੍ਰਕਾਸ਼ਵਾਨ ਕਰੇ। ਇਹੋ ਗੁਰਮਤਿ ਵਿਧੀ ਵਿਧਾਨ ਦਾ ਸਾਰਾਂਸ਼ ਹੈ ਜੋ ਭਾਈ ਗੁਰਦਾਸ ਜੀ ਪ੍ਰਮਾਣ ਦੇ ਕੇ ਸਿੱਖ ਮਨੁੱਖ ਨੂੰ ਸਮਝਾ ਰਹੇ ਹਨ।
ਸਿੱਖੀ ਵਿੱਚ, ਇੰਝ ਦੇ ਦੀਵੇ ਬਾਲਣ ਅਤੇ ਆਪਣੀ ਜੋਤਿ ਨੂੰ ਪ੍ਰਕਾਸ਼ ਮਾਨ ਕਰਨ ਦੀ ਗੁਰਮਤਿ ਵਿਧੀ ਦਾ ਤਿਉਹਾਰ ਮਨਾਉਣ ਦਾ ਸੰਕਲਪ ਹੈ।
ਇਸ ਵਿਧੀ ਵਿਧਾਨ ਨੂੰ ਸਮਝਾਉਣ ਹਿਤ ਅਤੇ ਸਿੱਖਾਂ ਤਕ ਪਹੁੰਚਾਉਣ ਹਿਤ ਕਦੇ ਕੋਈ ਵੀ ਗੁਰਮਤਿ ਤਿਉਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸਾਹਿਬਾਨ ਨੇ, ਇਨ੍ਹਾਂ ਦੇ ਚੁਣੇ ਮੈਂਬਰਾਂ ਅਤੇ ਜਥੇਦਾਰਾਂ ਨੇ ‘ਕੋਈ ਵੀ ਤਿਉਹਾਰੀਂ ਦਿਨ ਦਿਹਾੜਾ’ ਇਸ ਪੱਖ ਤੋਂ ਮਨਾਉਣ ਦਾ ਗੁਰਮਤਿ ਤਿਉਹਾਰ ਮਨਾਇਆ ਹੈ ? ਜੋ ਹੁਕਮ ਹੈ ਉਹ ਕਰਮ ਕਦੇ ਵੀ ਕਮਾਉਣਾ ਨਹੀਂ ਤੇ ਜਿਸ ਕਰਮ ਨੂੰ ਕਮਾਉਣ ਦੀ ਸਿੱਧੀ ਮਨਾਹੀ ਹੈ ਉਸ ਨੂੰ ਧਰਮ ਬਣਾ ਕੇ ਕਰੀ ਜਾਣ ਦੀ ਪਰਪਾਟੀ ਨੂੰ ਤਰਜੀਹ ਦੇਣ ਦੀ ਇਸੇ ਮਨਮਤੀ ਕਾਰਨ ਹੀ ਸਿੱਖ ਆਪਣੀ ਸਿੱਖੀ ਤੋਂ ਬਾਗ਼ੀ ਹੋਇਆ ਫਿਰਦਾ ਹੈ। ਅੱਜ ਦੀ ਪੀੜ੍ਹੀ ਇਸੇ ਲਈ ਗੁਮਰਾਹ, ਦੋ ਚਿੱਤੀ ਅਤੇ ਕੁਰਾਹੇ ਪਈ ਚੁਰਾਹੇ ਤੇ ਖੜੀ ਇਹ ਸੋਚਦੀ ਤੇ ਭਾਲਦੀ ਫਿਰਦੀ ਹੈ ਕਿ ਫਿਰ ਮੈਂ ਸਿੱਖ ਕਿਉਂ ਹਾਂ ? ਕਿਉਂਕਿ ਉਸ ਨੂੰ ਸਿੱਖੀ ਜਿਹੜੀ ਉਹ ਜਿਉਂ ਰਿਹਾ ਹੈ ਤੇ ਜਿਹੜੀ ਉਸ ਨੂੰ ਜਿਊਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ ਮਜਬੂਰ ਕਰ ਰਹੇ ਹਨ ਉਸ ਵਿੱਚ ਉਸ ਨੂੰ ਕੁਝ ਵੀ ਗੁਰੂ ਵਰੋਸਾਇਆ ਨਿਆਰਾਪਣ, ਵਿਲੱਖਣਤਾ, ਅੱਡਰਾ ਪਣ ਅਤੇ ਅਕਾਲ ਵੰਸੀ ਹੋਣ ਦਾ ਸਵੈਮਾਨ ਜੀਵਨ ਜਿਊਣ ਲਈ ਤੇ ਸਿੱਖੀ ਕਮਾਉਣ ਲਈ ਕੁਝ ਵੀ ਤਾਂ ਹੋਰ ਧਰਮਾਂ ਅਤੇ ਸਭਿਅਤਾਵਾਂ ਤੋਂ ਵੱਖਰਾ ਨਹੀਂ ਮਿਲਦਾ ! ਫਿਰ ਉਸ ਨੂੰ ਕੇਸਾਧਾਰੀ ਸਿੱਖ ਬਣਨ ਦੇ ਕੀ ਲਾਭ ਹਨ ? ਵਿਹਾਰਕ ਅਪਣਾਈ ਗਈ ਸਿੱਖੀ ਅੱਜ ਦੇ ਸਿੱਖ ਨੂੰ ਇਸ ਦਾ ਪ੍ਰਤੱਖ ਜਵਾਬ ਨਹੀਂ ਦੇ ਰਹੀ ਹੈ। ਸਿੱਖ ਨੂੰ ਆਪਣੀ ਹੀ ਸਿੱਖੀ ਤੋਂ ਉਸੇ ਦੇ ਹੀ ਸੰਸਥਾਨ ਅਤੇ ਜ਼ਿੰਮੇਵਾਰ ਲੋਕ ਬਾਗ਼ੀ ਕਰ ਰਹੇ ਹਨ।
ਅਜਿਹੇ ਗੁਰਮਤਿ ਵਿਰੁੱਧ ਤਿਉਹਾਰਾਂ ਨੂੰ ਸਿੱਖੀ ਵਿੱਚ ਅਪਣਾ ਲੈਣ ਨਾਲ ਹੀ ਸਿੱਖੀ ਆਪਣੇ ਵਿਲੱਖਣਤਾ ਦੇ ਧੁਰੇ ਤੋਂ ਟੁੱਟੀ ਹੈ। ਜਿਸ ਨੂੰ ਮੁੜ ਧੁਰੇ ਤੇ ਲਿਆਉਣ ਦੀ ਲੋੜ ਹੈ। ਭਾਈ ਗੁਰਦਾਸ ਜੀ ਇੰਝ ਸੁਚੇਤ ਕਰਦੇ ਹਨ:
“ਜਲ ਵਿਚਿ ਕਾਗਦ ਲੂਣ ਜਿਉ ਘਿਅ ਚੋਪੜਿ ਪਾਏ॥
ਦੀਵੇ ਵਟੀ ਤੇਲੁ ਦੇ ਸਭ ਰਾਤਿ ਜਲਾਏ॥
ਵਾਇ ਮੰਡਲ ਜਿਉ ਡੋਰ ਫੜਿ ਗੁਡੀ ਓਡਾਏ॥
ਮੁਹ ਵਿਚਿ ਗਰੜ ਦੁਗਾਰ ਪਾਇ ਜਿਉ ਸਪੁ ਲੜਾਏ॥
ਰਾਜਾ ਫਿਰੈ ਫਕੀਰੁ ਹੋਇ ਸੁਣਿ ਦੁਖਿ ਮਿਟਾਏ॥
ਸਾਂਗੈ ਅੰਦਰਿ ਸਾਬਤਾ ਜਿਸੁ ਗੁਰੂ ਸਹਾਏ ॥23॥35॥”
ਉਹ ਤਾਂ ਆਪਣੀ ਵਾਰ 37 ਦੀ 22ਵੀ ਪਉੜੀ ਵਿੱਚ ਸਪਸ਼ਟ ਆਖ ਰਹੇ ਹਨ ਕਿ “ਦੂਜਾ ਭਾਉ ਕੁਦਾਉ ਹਰਾਏ” ਅਰਥਾਤ ਦੋ ਚਿੱਤੀ ਵਿਚ ਪਿਆ ਬਿਪਰਨ ਦੀ ਰੀਤ ਵਿੱਚ ਲਿਬੜਿਆ ਸਿੱਖ ਤਾਂ ਕੁਦੇਸਣਾ ਹੈ ਜੋ ਜੀਵਨ ਹਾਰ ਚੁਕਾ ਹੈ :
“ਆਪਿ ਨ ਵੰਝੈ ਸਾਹੁਰੈ ਲੋਕਾ ਮਤੀ ਦੇ ਸਮਝਾਏ॥
ਚਾਨਣ ਘਰਿ ਵਿਚਿ ਦੀਵਿਅਹੁ ਹੇਠ ਅੰਨੇਰੁ ਨ ਸਕੈ ਮਿਟਾਏ॥
ਹਥੁ ਦੀਵਾ ਫੜਿ ਆਖੁੜੈ ਹੁਇ ਚਕਚਉਧੀ ਪੈਰੁ ਥਿੜਾਏ॥
ਹਥ ਕੰਙਣੁ ਲੈ ਆਰਸੀ ਅਉਖਾ ਹੋਵੈ ਦੇਖਿ ਦਿਖਾਏ॥
ਦੀਵਾ ਇਕਤੁ ਹਥ ਲੈ ਆਰਸੀ ਦੂਜੈ ਹਥਿ ਫੜਾਏ॥
ਹੁੰਦੇ ਦੀਵੇ ਆਰਸੀ ਆਖੁੜਿ ਟੋਏ ਪਾਉਂਦਾ ਜਾਏ॥
ਦੂਜਾ ਭਾਉ ਕੁਦਾਉ ਹਰਾਏ ॥22॥”
“ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥” ਦਾ ਪਰਚਾਰ ਕਰਨ ਵਾਲਿਆ ਲਈ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਕ 25 ਉਪਰ “ਦੀਵੇ ਬਾਲਣ” ਸਬੰਧੀ ਸਪਸ਼ਟ ਸਿਧਾਂਤ ਅਤੇ ਗੁਰਮਤਿ ਦਾ ਨਿਰਣਾ ਦਿੱਤਾ ਹੈ ਕਿ :
“ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥
ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ
॥ 1॥ ਬਿਨੁ ਤੇਲ ਦੀਵਾ ਕਿਉ ਜਲੈ ॥ 1II ਰਹਾਉ ॥
ਪੋਥੀ ਪੁਰਾਣ ਕਮਾਈਐ ॥ ਭਉ ਵਟੀ ਇਤੁ ਤਨਿ ਪਾਈਐ ॥
ਸਚੁ ਬੂਝਣੁ ਆਣਿ ਜਲਾਈਐ ॥2II ਇਹੁ ਤੇਲੁ ਦੀਵਾ ਇਉ ਜਲੈ ॥
ਕਰਿ ਚਾਨਣੁ ਸਾਹਿਬ ਤਉ ਮਿਲੈ ॥1॥”
ਗੁਰੂ ਗ੍ਰੰਥ ਸਾਹਿਬ ਜੀ ਤਾਂ ਆਪਣਾ ਗੁਰਮਤਿ ਸਿਧਾਂਤ ਬਾਰ ਬਾਰ ਸਮਝਾ ਰਹੇ ਹਨ:
“ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥
“ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥1IIਲੋਕਾ ਮਤ ਕੋ ਫਕੜਿ ਪਾਇ ॥ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥”358
ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿਖਾ ਦੇ ਪੰਜ ਸਿੰਘ ਸਾਹਿਬਾਨ ਨੂੰ ਜੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ “ਗੁਰੂ ਸ਼ਬਦ” ਨਹੀਂ ਸਮਝਾ ਰਿਹਾ ਤਾਂ ਫਿਰ ਹੁਣ ਤਾਂ ਪੰਥ ਗੁਰੂ ਦੀ ਜੁਗਤਿ ਅਧਿਕਾਰੀ “ਗੁਰੂ ਪੰਥ ਖ਼ਾਲਸਾ” ਹੀ ਆਪਣੇ ਪ੍ਰਗਟਾਵੇ ਰਾਹੀਂ ਸਮਝਾ ਸਕਦਾ ਹੈ ਕਿ ਗੁਰੂ ਸਾਹਿਬ ਇੰਝ ਹੁਕਮ ਕਰ ਰਹੇ ਹਨ, ਇਸ ਲਈ ਇਹ ਫੋਕਟ ਕਰਮਾਂ ਤੇ ਤਿਉਹਾਰਾਂ ਮਗਰ ਸਿੱਖੀ ਨੂੰ ਲਾ ਕੁ ਕੁਰਾਹੇ ਪਾਉਣਾ ਤੇ ਮਨਮਤਿ ਕਰਾਉਣਾ ਬੰਦ ਕਰੋ:
“ਨਿਰਤਿ ਕਰੇ ਬਹੁ ਵਾਜੇ ਵਜਾਏ ॥ ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਏ ॥ ਅੰਤਰਿ ਲੋਭੁ ਭਰਮੁ ਅਨਲ ਵਾਉ ॥ ਦੀਵਾ ਬਲੈ ਨ ਸੋਝੀ ਪਾਇ ॥1II ਗੁਰਮੁਖਿ ਭਗਤਿ ਘਟਿ ਚਾਨਣੁ ਹੋਇ ॥ ਆਪੁ ਪਛਾਣਿ ਮਿਲੈ ਪ੍ਰਭੁ ਸੋਇ ॥1II ਰਹਾਉ ॥ ਗੁਰਮੁਖਿ ਨਿਰਤਿ ਹਰਿ ਲਾਗੈ ਭਾਉ ॥ ਪੂਰੇ ਤਾਲ ਵਿਚਹੁ ਆਪੁ ਗਵਾਇ ॥ ਮੇਰਾ ਪ੍ਰਭੁ ਸਾਚਾ ਆਪੇ ਜਾਣੁ ॥ ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ॥”364
ਗੁਰੂ ਸ਼ਬਦ ਦਾ ਗੁਰਮਤਿ ਸਿਧਾਂਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਪਸ਼ਟ ਹੁਕਮ ਕਰ ਰਹੇ ਹਨ:
“ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥ ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥2II ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥ ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ॥3II ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥ ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ॥”694
“ਸ਼ਬਦ ਗੁਰੂ” ਤਾਂ ਆਪਣੇ ਸਿੱਖਾਂ ਨੂੰ ਬਾਰ-ਬਾਰ ‘ਨਾਮ ਦੇ ਦੀਵੇ ਬਾਲਣ’ ਦਾ ਗੁਰਮਤਿ ਸਿਧਾਂਤ ਦੇ ਰਹੇ ਹਨ, ਪਰ ਹਠ ਧਰਮੀ ਸਿੱਖ ਅਤੇ ਸਿੱਖ ਸੰਸਥਾਵਾਂ ਅਤੇ ਉਨ੍ਹਾਂ ਤੇ ਕਾਬਜ਼ ਬਣੇ ਬੈਠੇ ਚੌਧਰੀ ਅਤੇ ਇਨ੍ਹਾਂ ਦੇ ਪਿਛਲੱਗ ਬਣੀਆਂ ਵਿਦਵਾਨਾਂ ਦੀਆਂ ਟੋਲੀਆਂ ਸਿੱਖ ਨੂੰ ਗੁਰਮਤਿ ਸਿਧਾਂਤ ਨਾਲ ਜੁੜਨ ਹੀ ਨਹੀਂ ਦੇ ਰਹੀਆਂ। ਗੁਰ ਸਿੱਖੋ “ਸ਼ਬਦ ਗੁਰੂ” ਕੀ ਕਹਿ ਰਹੇ ਹਨ, ਗੁਰੂ ਦੀ ਗੱਲ ਨੂੰ ਸੁਣੋ ਅਤੇ ਹੁਕਮ ਨੂੰ ਮੰਨੋ :
“ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮਤਿ ਪਾਪਾ ਖਾਇ ॥ ਉਗਵੈ ਸੂਰੁ ਨ ਜਾਪੈ ਚੰਦੁ ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥ ਬੇਦ ਪਾਠ ਸੰਸਾਰ ਕੀ ਕਾਰ ॥ ਪੜਿ੍ ਪੜਿ੍ ਪੰਡਿਤ ਕਰਹਿ ਬੀਚਾਰ ॥ ਬਿਨੁ ਬੂਝੇ ਸਭ ਹੋਇ ਖੁਆਰ ॥ ਨਾਨਕ ਗੁਰਮੁਖਿ ਉਤਰਸਿ ਪਾਰਿ ॥”791
ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨੂੰ ਸੁਣੋ:
“ਸੁਰਤੀ ਸੁਰਤਿ ਰਲਾਈਐ ਏਤੁ ॥ ਤਨੁ ਕਰਿ ਤੁਲਹਾ ਲੰਘਹਿ ਜੇਤੁ ॥ ਅੰਤਰਿ ਭਾਹਿ ਤਿਸੈ ਤੂ ਰਖੁ ॥ ਅਹਿਨਿਸਿ ਦੀਵਾ ਬਲੈ ਅਥਕੁ ॥1II ਐਸਾ ਦੀਵਾ ਨੀਰਿ ਤਰਾਇ ॥ ਜਿਤੁ ਦੀਵੈ ਸਭ ਸੋਝੀ ਪਾਇ ॥1II ਰਹਾਉ II ਹਛੀ ਮਿਟੀ ਸੋਝੀ ਹੋਇ ॥ ਤਾ ਕਾ ਕੀਆ ਮਾਨੈ ਸੋਇ ॥ ਕਰਣੀ ਤੇ ਕਰਿ ਚਕਹੁ ਢਾਲਿ ॥ ਐਥੈ ਓਥੈ ਨਿਬਹੀ ਨਾਲਿ ॥2II ਆਪੇ ਨਦਰਿ ਕਰੇ ਜਾ ਸੋਇ ॥ ਗੁਰਮੁਖਿ ਵਿਰਲਾ ਬੂਝੈ ਕੋਇ ॥ ਤਿਤੁ ਘਟਿ ਦੀਵਾ ਨਿਹਚਲੁ ਹੋਇ ॥ ਪਾਣੀ ਮਰੈ ਨ ਬੁਝਾਇਆ ਜਾਇ ॥ ਐਸਾ ਦੀਵਾ ਨੀਰਿ ਤਰਾਇ ॥3II ਡੋਲੈ ਵਾਉ ਨ ਵਡਾ ਹੋਇ ॥ ਜਾਪੈ ਜਿਉ ਸਿੰਘਾਸਣਿ ਲੋਇ ॥ ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥ ਨਿਰਤਿ ਨ ਪਾਈਆ ਗਣੀ ਸਹੰਸ ॥ ਐਸਾ ਦੀਵਾ ਬਾਲੇ ਕੋਇ ॥ ਨਾਨਕ ਸੋ ਪਾਰੰਗਤਿ ਹੋਇ ॥”878
ਗੁਰੂ ਗ੍ਰੰਥ ਸਾਹਿਬ ਜੀ ਆਪਣੇ ਗੁਰਮੁਖ ਗੁਰਸਿੱਖ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਪੰਜ ਸਿੰਘ ਸਾਹਿਬਾਨਾਂ ਨੂੰ, ਵਿਦਵਾਨਾਂ ਨੂੰ ਬਾਰ ਬਾਰ ਕਹਿ ਰਹੇ ਹਨ ਕਿ ਤੁਸੀਂ ਕਿਉਂ ਨਹੀਂ ਅਕਾਲ ਵੰਸ਼ਜ “ਗੁਰ ਸ਼ਬਦ” ਦੀ ਸਿੱਖੀ ਨੂੰ ਅਪਣਾਉਂਦੇ ? ਕਿਉਂ ਕਰ ਤੁਸੀਂ ਬਾਰ ਬਾਰ ਕੂੜਿਆਰ ਜਿੰਦਗੀ ਦੇ ਝੂਠ ਵਿੱਚ ਲਿਬੜ ਕੇ ਬੇਤਾਲਿਆ ਵਾਂਗ ਮਨਮੁਖੀ ਬਣ ਕੇ ਮਨੁੱਖਾ ਦੇਹੀ ਦੀ ਕਿਰਪਾ ਹੋਣ ਦੇ ਬਾਵਜੂਦ ਪਸੂ ਜਿੰਦਗੀ ਜਿਉਣ ਵੱਲ ਰੁਚਿਤ ਹੋ ਜਾਂਦੇ ਹੋ-
“ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ ॥ ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ ॥ ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ ॥ ਸਭੋ ਵਰਤੈ ਸਚੁ ਸਚੈ ਸਬਦਿ ਨਿਹਾਲਿਆ ॥ ਨਾਨਕ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੇਖਾਲਿਆ ॥” 1284
ਉਪਰੋਕਤ ਗੁਰਮਤਿ ਪ੍ਰਮਾਣਾਂ ਅਤੇ ਗੁਰੂ ਹੁਕਮਾਂ ਤੋਂ ਸਪਸ਼ਟ ਹੀ ਹੈ ਕਿ ‘ਦੀਵਾਲੀ ਤਿਉਹਾਰ’ ਦਾ ਅਤੇ ਸੰਸਾਰਿਕ ਦੀਪ ਮਾਲਾਵਾਂ ਕਰਨ ਦਾ ਸਿੱਖਾਂ ਨਾਲ ਕੋਈ ਸਬੰਧ ਨਹੀਂ ਹੈ । ਇਹ ਸਿੱਖੀ ਵਿੱਚ ਧਰਮ ਪਰਥਾਏ ਬਿਬਰਜਤ ਕਰਮ, ਪਾਖੰਡ ਹਨ।
ਇਸ ਲਈ ਹਰ ਇਕ ਆਮ ਅਤੇ ਖ਼ਾਸ ਸਿੱਖ ਤੇ ਸਿੱਖ ਸੰਸਥਾਵਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਤੇ ਅਪਣਾ ਲੈਣਾ ਚਾਹੀਦਾ ਹੈ ਕਿ ਦੀਵਾਲ਼ੀ ਸਿੱਖ ਤਿਉਹਾਰ ਨਾ ਕਦੇ ਸੀ ਤੇ ਨਾ ਕਦੇ ਹੋ ਸਕਦਾ ਹੈ। ਦੀਵਾਲ਼ੀ ਸਿੱਖ ਤਿਉਹਾਰ ਨਹੀਂ ਹੈ।
-ਲੇਖਕ ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. ਦੀ ਕਿਤਾਬ “ਸਿੱਖ ਸਭਿਅਤਾ ਦੇ ਮੂਲ ਅਧਾਰ” ਵਿੱਚੋਂ ਬੰਦੀ ਛੋੜ ਦਿਵਸ ਦਾ ਵੀ ਦੀਵਾਲੀ ਵਾਲੇ ਦਿਨ ਨਾਲ ਕੋਈ ਸਰੋਕਾਰ ਅਤੇ ਇਤਿਹਾਸਿਕਤਾ ਨਹੀਂ ਹੈ। ਇਸ ਨੂੰ ਵੀ ਇਸ ਕਿਤਾਬ ਵਿਚ ਸਭ ਪ੍ਰਮਾਣ ਦੇ ਕੇ ਪ੍ਰਮਾਣਿਤ ਕੀਤਾ ਗਿਆ ਹੈ ਕਿ ਛੇਵੀਂ ਪਾਤਸ਼ਾਹੀ ਦੀਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਨਹੀਂ ਸਨ ਪਹੁੰਚੇ ਤੇ ਨਾ ਹੀ ਕਿਸੇ ਨੇ ਦੀਪਮਾਲਾ ਕੀਤੀ ਸੀ। ਵਿਸਥਾਰ ਲਈ ਪੁਸਤਕ ਵਿਚੋਂ ਪੜ੍ਹਨ ਦੀ ਖੇਚਲ ਕਰੋ ਜਾਂ ਇਸੇ ਵੈੱਬ ਸਾਈਟ ਉੱਪਰ ਧਾਰਮਿਕ ਸੈਕਸ਼ਨ ਦੇ ਲੇਖਾਂ ਵਿਚ ਲੇਖ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰਨ ਦੀ ਕਿਰਪਾ ਕਰੋ :
ਗੁਰੂ ਹਰਿਗੋਬੰਦ ਸਾਹਿਬ ਜੀ ਦੀ ਰਿਹਾਈਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਇਤਿਹਾਸਕ ਸੱਚ ਕੀ ਹੈ ?