Close Menu
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
  • contact
Facebook X (Twitter) Instagram YouTube WhatsApp
Atinderpal SinghAtinderpal Singh
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
ਸੰਪਰਕ
Atinderpal SinghAtinderpal Singh
Home»ਧਾਰਮਿਕ»ਸਾਖੀ- ਅਨੰਦਪੁਰ ਤੋਂ ਠੰਢੇ ਬੁਰਜ ਤੱਕ ਦੀ
ਧਾਰਮਿਕ

ਸਾਖੀ- ਅਨੰਦਪੁਰ ਤੋਂ ਠੰਢੇ ਬੁਰਜ ਤੱਕ ਦੀ

AtinderpalBy AtinderpalDecember 21, 2022Updated:December 21, 2022No Comments24 Mins Read
Facebook Twitter WhatsApp Pinterest Email Tumblr
Share
Facebook Twitter WhatsApp Email LinkedIn Pinterest

ਅਨੰਦਪੁਰ ਤੋਂ ਸਰਹਿੰਦ ਦੀਆਂ ਨੀਂਹਾਂ ਸਿੱਖਾਂ ਤੋਂ ਕੁੱਝ ਮੰਗਦੀਆਂ ਨੇ…..

 

(ਮੈਂ ਛੋਟੇ ਹੁੰਦੇ ਜਦੋਂ ਡਿੱਠਾ ਸੀ ਤਾਂ ਲਗਭਗ ਤਿੰਨ ਮੰਜ਼ਿਲਾਂ ਠੰਢਾ ਬੁਰਜ ਇੰਜ ਦਾ ਹੁੰਦਾ ਸੀ । ਇਹ ਮੇਰੀ ਚਿੱਤ ਅੰਦਰਲੀ ਖਿੱਚੀ ਤੇ ਯਾਦ ਰੱਖੀ ਤਸਵੀਰ ਅਨੁਸਾਰ ਚਿਤਰਿਤ ਕੀਤਾ ਗਿਆ ਹੈ। ਇਸ ਨਾਮ ਅਸਲ ਬੁਰਜ ਮੰਨ ਕੇ ਕੋਈ ਵੀ ਸੋਸ਼ਲ ਮੀਡੀਏ ਤੇ ਗ਼ਲਤ ਜਾਣਕਾਰੀ ਨਾਂਹ ਪਾਵੇ। ਹੋਰ ਵੀ ਬਹੁਤ ਸਾਰੇ ਗੁਰਸਿੱਖ ਹੋਣਗੇ ਜਿਨ੍ਹਾਂ ਦੇ ਦਿਮਾਗ਼ ਵਿਚ ਯਾਦਗਾਰੀ ਚਿੱਤਰ ਸ਼ਾਇਦ ਪਿਆ ਹੋਵੇ । ਉਹ ਮੈਨੂੰ ਸੰਪਰਕ ਕਰ ਕੇ ਆਪਣੀ ਯਾਦ ਸ਼ਕਤੀ ਵਿਚ ਪਏ ਬੁਰਜ ਨੂੰ ਤਾਜ਼ਾ ਜ਼ਰੂਰ ਕਰਨ। ਇਸ ਦੀ ਉੱਪਰ ਤੀਜੀ ਮੰਜ਼ਿਲ ਮਹਿਰਾਬਦਾਰ ਖੁੱਲ੍ਹੀ ਸੀ ਜਦੋਂ ਮੈ ਵਿਦਿਆਰਥੀ ਜੀਵਨ ਵਿਚ ਵੇਖਿਆ ਸੀ।  ਜਿਸ ਉੱਪਰ ਕਿਲ੍ਹੇ ਵਿਚੋਂ ਜਾਣ ਦੇ ਰਾਹ ਤੇ ਪਹਿਰੇਦਾਰ ਦੀ ਚੌਂਕੀ ਦਾ ਨਮੂਨਾ ਵੀ ਹੇਠਾਂ ਦਰਜ ਹੈ । ਇਸ ਨੂੰ ਮੁੜ ਉਸਾਰਿਆ ਜਾ ਸਕਦਾ ਹੈ ਕਿਉਂਕਿ ਨਮੂਨੇ ਮੌਜੂਦ ਹਨ। ਇਹ ਨਮੂਨੇ ਆਮ ਖ਼ਾਸ ਬਾਗ਼ ਤੋਂ ਲਏ ਗਏ ਹਨ। ਜਿਨ੍ਹਾਂ ਬਾਬਤ ਉਹ ਬਜ਼ੁਰਗ ਵੀ ਗਵਾਹੀ ਭਰਦੇ ਹਨ ਜਿਨ੍ਹਾਂ ਠੰਢਾ ਬੁਰਜ ਅੱਖੀਂ ਡਿੱਠਾ ਹੈ।)
“ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ ॥”
ਸਾਖੀ- ਅਨੰਦਪੁਰ ਤੋਂ ਠੰਢੇ ਬੁਰਜ ਤੱਕ ਦੀ
ਅਨੰਦਪੁਰ ਤੋਂ ਸਰਹਿੰਦ ਦੀਆਂ ਨੀਂਹਾਂ ਸਿੱਖਾਂ ਤੋਂ ਕੁੱਝ ਮੰਗਦੀਆਂ ਨੇ…..
ਗੱਲ ਜ਼ਿਆਦਾ ਪੁਰਾਣੀ ਨਹੀਂ ਹੈ। ਆਪਣੀ ਉਮਰ ਵਿਚ ਆਪਣੇ ਪਿਤਾ ਜੀ ਦੀ ਉਮਰ (ਲਗਭਗ 80 ਸਾਲ), ਇਸ ਵਿਚ ਉਨ੍ਹਾਂ ਦੇ ਪਿਤਾ ਜੀ ਤੁਹਾਡੇ ਦਾਦਾ ਜੀ ਦੀ ਉਮਰ (ਲਗਭਗ 90 ਸਾਲ), ਇਸ ਵਿਚ ਉਨ੍ਹਾਂ ਦੇ ਪਿਤਾ ਜੀ ਤੁਹਾਡੇ ਪੜਦਾਦਾ ਜੀ ਦੀ ਉਮਰ (ਲਗਭਗ 100 ਸਾਲ) ਜੋੜ ਲਓ !  ਤੁਹਾਡੇ ਤੇ ਮੇਰੇ ਪੜਦਾਦਾ ਜੀ ਦੀ ਸਮੇਂ ਜਵਾਨੀ ਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ। ਇਸ ਵਿਚ ਆਪਣੀ ਪ੍ਰੋੜ ਅਵਸਥਾ ਨੂੰ ਜੋੜ ਲਓ; ਇਤਨੀ ਕੁ ਪੁਰਾਣੀ, ਨਾਂਹ ਨਾਂਹ ਬਿਲਕੁਲ ਸੱਜਰੀ ਘਟਨਾ ਹੈ। ਸਾਡੇ ਪੜਦਾਦੇ ਦੇ ਸਮੇਂ ਦੀ, ਜਦੋਂ ਤੁਹਾਡੀ ਉਮਰ ਦੇ ਇੱਕ ਬਾਪ ਨੇ, ਆਪਣੇ 17 ਤੋਂ 6 ਸਾਲ ਦੀ ਉਮਰ ਦੇ ਚਾਰ ਬੇਟੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਨਾਲ “ਇਨਹੀ ਕੀ ਕਿਰਪਾ ਤੇ ਸਜੇ ਹਮ” ਦੀ ਪਦਵੀ ਧਾਰੀ ਪੰਜ ਪਿਆਰਿਆਂ ਵਿਚੋਂ ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਸਮੇਤ ਆਪਣੀ  80 ਸਾਲ ਦੀ ਬਜ਼ੁਰਗ ਮਾਤਾ ਗੁਜ਼ਰੀ ਜੀ ਨੂੰ ‘ਤੁਹਾਡੇ ਅਤੇ ਮੇਰੇ ਟੱਬਰਾਂ ਦੀ ਹੋਂਦ, ਸਰਦਾਰੀ, ਪਾਤਸ਼ਾਹੀ, ਜ਼ਮੀਨ, ਜਾਇਦਾਦ, ਧੰਨ-ਦੌਲਤ’ ਦੀ ਹੋਂਦ ਨੂੰ ਬਚਾਉਣ ਲਈ ‘ਮੇਰੇ ਅਤੇ ਤੁਹਾਡੇ ਬਜ਼ੁਰਗ ਪੜਦਾਦੇ ਅਤੇ ਦਾਦੇ’ ਦੇ ਸਾਬਤ ਵਜੂਦ ਨੂੰ ਜਿਊਂਦਾ ਰੱਖਣ ਲਈ ਵਾਰਦੇ ਹੋਏ “ਨਾਨਕਸ਼ਾਹੀ ਸਭਿਅਤਾ-ਵਿਵਸਥਾ ਦੇ ਪ੍ਰਭੂ ਸਤਾ ਧਾਰੀ ਪਾਤਸ਼ਾਹੀ” ਲਈ ਸ਼ਹੀਦ ਕਰਵਾ ਦਿੱਤਾ । ਮੇਰੇ ਅਤੇ ਤੁਹਾਡੇ ਪੜਦਾਦੇ ਦਾ ਹਾਣੀ ਇਹ ਉਹ “ਬਾਪ” ਹੈ ਜਿਸ ਬਾਰੇ ਅੱਲਾ ਯਾਰ ਖਾਂ ਇਸ ਪਿਤਾ ਸਬੰਧੀ ਲਿਖਦੇ ਹਨ “ਹਮ ਨੇ ਥਾ ਕਹਾ ਬਾਪ ਕੋ ਜਾਂ ਦੀਜੇ ਧਰਮ ਪਰ॥ ਲੋ ਕਹਤੇ ਹੈਂ ਅਬ ਆਪ ਕੋ ਜਾਂ ਦੀਜੇ ਧਰਮ ਪਰ॥”
ਸ੍ਰੀ ਪਟਨਾ ਸਾਹਿਬ ਵਿਖੇ ਪ੍ਰਕਾਸ਼ ਧਾਰਨ ਤੋਂ ਲੈ ਕੇ ਬੈ-ਰਸਤੇ ਕੇਸਗੜ੍ਹ, ਅਨੰਦਪੁਰ ਸਾਹਿਬ ਤੋਂ ਚਮਕੌਰ, ਸਰਹਿੰਦ, ਦੀਨਾਂ ਕਾਂਗੜਾ, ਮੁਕਤਸਰ, ਦਮਦਮਾ ਸਾਹਿਬ, ਬੁੰਦੇਲਖੰਡ (ਜਿਸ ਨੂੰ ਸਿੱਖ ਵਿਸਾਰੀ ਬੈਠੇ ਹਨ) ਤੋਂ ਬੁਰਹਾਨਪੁਰ ਰਾਹੀਂ ਨੰਦੇੜ੍ਹ ਸੱਚ ਖੰਡ ਤਖ਼ਤ ਸ੍ਰੀ ਅਬਚਲ ਨਗਰ ਤਕ ਦੀ, ਉਹ ਸਚਾਈ ਹੈ ਜਿਸ ਰਾਹੀਂ ਸਿੱਖ ਕੌਮ ਅੱਜ ਸਰਦਾਰੀਆਂ ਮਾਣਦੇ ਹੋਏ ਆਪਣੇ ਸਿੱਖੀ ਵਜੂਦ ਦੀ ਜ਼ਿੰਦਗੀ; ਖ਼ੁਸ਼ਹਾਲੀ ਅਤੇ ਖ਼ਾਲਸਾਈ ਜੁਰਅਤ, ਅਣਖ, ਸਵੈਮਾਨ ਅਤੇ ਮਾਨ-ਸਨਮਾਨ ਵਾਲੀ ਜ਼ਿੰਦਗੀ ਬਸਰ ਕਰ ਰਹੇ ਹਾਂ। ਸਰਬੰਸ ਦਾਨੀ ਜੀ ਦੀ ਇਹ ਅਕਾਲ ਦ੍ਰਿੜ੍ਹਤਾ ਵਿਸ਼ਵਾਸ, ਭਰੋਸਾ ਅਤੇ ਪਿਆਰ ਹੀ ਆਪਣੇ ਗੁਰੂ ਨਾਨਕ ਨਾਮ ਲੇਵਾ ਸਿੱਖ ਕੌਮ ਉੱਪਰ ਸੀ ਕਿ ਉਨ੍ਹਾਂ ਇਸ ਨੂੰ ਖ਼ਾਲਸਾ ਧਰਮ ਅਵਲੰਬੀ ਬਣਾ ਕੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਅੱਡਰੀ, ਵੱਖਰੀ, ਸੁਤੰਤਰ, ਸਿੱਖੀ ਸਭਿਅਤਾ ਧਾਰੀ ਸਿੱਖ ਮਨੁੱਖ ਲਈ ਆਪਣੇ ਪੰਜ ਪਿਆਰੇ, ਆਪਣਾ ਪਿਤਾ ਅਤੇ ਮਾਤਾ, ਚਾਰ ਬੇਟੇ, ਅਤੇ ਆਪਣਾ ਆਪ ਅਰਥਾਤ ਆਪਣੀ ਪੂਰੀ ਅੰਸ ਅਤੇ ਬੰਸ ਇਸ ਲਈ ਵਾਰ ਮੁਕਾਈ ਤਾਂ ਜੋ ਅਸੀਂ ਸਿੱਖ; ਬਤੌਰ ਨਾਨਕਸ਼ਾਹੀਅਤ ਸਿੱਖ ਸਭਿਅਤਾ ਅਤੇ ਮਰਿਆਦਾ ਵਿਚ ਜ਼ਿੰਦਗੀ ਜਿਉਂਦੇ ਰਹਿ ਸਕੀਏ।
ਸਰਬੰਸ ਦਾਨੀ ਨੇ ਆਪਣਾ ਸਰਬੰਸ ਵਾਰਦੇ ਹੋਏ ਸਾਨੂੰ ਸਿੱਖੀ ਵਿਚ ਸ਼ਾਨ ਨਾਲ ਜਿਊਣਾ ਅਤੇ ਸਿੱਖੀ ਲਈ ਸ਼ਾਨ ਨਾਲ ਮਰਨਾ ਸਿਖਾਇਆ ਹੈ। ਇਹੋ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਆਪਣੇ ਸਿੱਖ ਤੋਂ ਆਸ ਅਤੇ ਉਮੀਦ ਹੈ। ਇਹ ਸਿਰਫ਼ 350 ਸਾਲ ਦੀ ਅਜਿਹੀ ਸੱਜਰੀ ਇਤਿਹਾਸਕ ਹਕੀਕਤ ਹੈ ਜੋ ਆਉਣ ਵਾਲੇ ਹਰ ਸਾਲ ਹਮੇਸ਼ਾ ਹੀ ਸੱਜਰੀ ਬਣਾਈ ਰੱਖਣ ਦੀ ਜ਼ਿੰਮੇਵਾਰੀ ਸਿੱਖ ਕੌਮ ਤੇ ਹੈ।
20 ਤੋਂ 26 ਦਸੰਬਰ 1704 ਨੂੰ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਛੱਡਣ ਤੋਂ ਲੈ ਕੇ ਸਰਸਾ ਨਦੀ ਦੇ ਹੜ੍ਹ ਵਿਚ ਰੁੜ੍ਹਦੇ ਵਿੱਛੜਦੇ ਪਰਿਵਾਰ ਦੀ, ਚਮਕੌਰ ਦੀ ਕੱਚੀ ਗੜ੍ਹੀ ਤੋਂ ਸਰਹਿੰਦ ਤਕ ਦੀਆਂ ਨੀਂਹਾਂ ਵਿਚ ਬਾਲ ਜ਼ਿੰਦਾ ਨੂੰ ਜਿਉਂਦੇ ਜੀਅ ਖੜਾਂ ਕਰਾ ਕੇ ਸ਼ਹੀਦ ਕਰ ਦੇਣ ਦੀ ਅਸਲ ਵਿਹਾਰਕ ਕਥਾ ਇਹੋ ਹੈ। ਇਸ ਕਥਾ ਦਾ ਮੇਰੇ ਅਤੇ ਤੁਹਾਡੇ ਟੱਬਰ ਦੀ ਅੰਸ, ਬੰਸ ਦੀ ਹੋਂਦ ਅਤੇ ਵਰਤਮਾਨ ਵਿਚ ਜਿਊਂਦੇ ਜਾਗਦੇ ਵਜੂਦ ਨਾਲ ਸਿੱਧਾ ਸਬੰਧ ਹੀ ਇਹ ਹੈ ਕਿ ਜੇ ਕਲਗ਼ੀਆਂ ਵਾਲਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੁੱਤਰਾਂ, ਮਾਤਾ ਅਤੇ ਪਿਆਰਿਆਂ ਦੇ ਨਾਲ ਹਜ਼ਾਰਾਂ ਸਿੰਘਾਂ ਦੀ ਸ਼ਹੀਦੀ ਨਾ ਦਿੰਦਾ ਤਾਂ ਅੱਜ ਮੈਂ ਅਤੇ ਤੁਸੀਂ, ਮੇਰਾ ਪਿਤਾ ਦਾਦਾ ਅਤੇ ਪੜਦਾਦਾ ਤੇ ਤੁਹਾਡਾ ਵੀ ਪਿਤਾ, ਦਾਦਾ ਅਤੇ ਪੜਦਾਦਾ ਜੀ ਦੀ ਕੋਈ ਹੋਂਦ, ਵਜੂਦ ਅਤੇ ਅੰਸ ਤੇ ਬੰਸ ਨਹੀਂ ਸੀ ਹੋਣੀ। ਦੀਵਾ 1704 ਨੂੰ ਹੀ ਬੁੱਝ ਜਾਣਾ ਸੀ ! ਸਮੇਤ ਹਿੰਦੂਆਂ ਦੇ ਸਾਡੀ ਸਭ ਨਾਨਕ ਨਾਮ ਲੇਵਾ ਸੰਗਤ ਦੀ ਹੋਂਦ ਮੁੱਕ ਜਾਣੀ ਸੀ ਤੇ ਅਸੀਂ 1947 ਤੋਂ ਬਾਅਦ ਆਪੋ ਆਪਣੀ ਜਾਨ, ਮਾਲ ਅਤੇ ਦੌਲਤ ਨੂੰ ਬਚਾਉਣ ਵਾਸਤੇ ‘ਇਸਲਾਮ ਕਬੂਲ ਕਰ ਗਏ’ ਉਨ੍ਹਾਂ ਟੱਬਰਾਂ ਵਾਲੀ ਹੀ ਹੋਣੀ ਸੀ ਜਿਹੜੇ ਅੱਜ ਪਾਕਿਸਤਾਨ ਵਿਚ ਬਤੌਰ ‘ਮੁਸਲਿਮ’ ਜਿਊਂਦਾ ਹਨ ਪਰ ਬਤੌਰ ਜਿਊਂਦਾ ਜ਼ਮੀਰ ਇਨਸਾਨ ਦੇ ਆਪਣੀ ਰੂਹ ਵਿਚ ਮਰੇ ਹਨ। ਇਹ ਵੀ ਕੋਈ ਜ਼ਿਆਦਾ ਪੁਰਾਣੀ ਨਹੀਂ ਸਿਰਫ਼ 75 ਸਾਲ ਪੁਰਾਣੀ ਨਹੀਂ ਸੱਜਰੀ ਸਚਾਈ ਹੈ।
ਸੀਸ ਗੰਜ ਅਨੰਦਪੁਰ ਤੋਂ ਸ਼ੁਰੂ ਹੁੰਦਾ ਇਹ ਪੈਂਡਾ ‘ਕੇਸਗੜ੍ਹ’ ਤੋਂ ਹੁੰਦਾ ਕਿਲ੍ਹਾ ਅਨੰਦਗੜ੍ਹ ਰਾਹੀਂ, ਸਰਸਾ ਤੋਂ ਚਮਕੌਰ, ਮੋਰਿੰਡਾ ਤੋਂ ਆਪਣਾ ਪਹਿਲਾ ਪੜਾਅ ਸਰਹਿੰਦ ਦੀਆਂ ਨੀਂਹਾਂ ਅਤੇ ਠੰਢੇ ਬੁਰਜ ਤੇ ਤੈਅ ਕਰਦਾ ਹੈ। ਇਸ ਪੜਾਅ ਤੇ ਜਿੱਥੇ 6 ਸਾਲ ਦਾ ਬੱਚਾ ਖ਼ਾਲਸਾ ਪੰਥ ਦੀ ਹੋਂਦ ਲਈ ਸ਼ਹੀਦੀ ਦਿੰਦਾ ਹੈ ਉੱਥੇ ਹੀ 80 ਸਾਲਾ ਮਾਤਾ ਗੁਜਰੀ ਜੀ ਖ਼ਾਲਸਾ ਪੰਥ ਦੀ ਪਹਿਲੀ ਮਾਤਾ ਅਤੇ ਔਰਤ ਸ਼ਹੀਦੀ ਦਿੰਦੀ ਹੈ। ਅਗਲਾ ਪੜਾਅ ਮਾਛੀਵਾੜੇ ਦੇ ਜੰਗਲਾਂ ਵਿਚ “ਮਿੱਤਰ ਪਿਆਰੇ….” ਨਾਲ ਸੰਵਾਦ ਰਚਾਉਂਦਾ “ਜ਼ਫ਼ਰਨਾਮਾ” ਰਾਹੀਂ, ਦਮਦਮੇ ਵਿਖੇ “ਸ਼ਬਦ ਗੁਰੂ” ਦੀ ਸੰਪੂਰਨਤਾ ਰਾਹੀਂ, “ਸ਼ਬਦ ਗੁਰੂ-ਪੰਥ ਗੁਰੂ” ਦੀ ਗੁਰਤਾ ਪਦਵੀ ਤੇ ਜਾ ਕੇ ਨਾਂਦੇੜ ਵਿਖੇ ਵਿਸ਼ਰਾਮ ਕਰਦਾ ਹੈ । ਉੱਥੋਂ “ਪੰਥ ਗੁਰੂ ਨੂੰ ਸ਼ਬਦ ਗੁਰੂ” ਦੇ ਲੜ ਲਾ ਕੇ ਪੰਜਾਬ ਦੇਸ਼ ਵੱਲ ਤੋਰ ਕੇ “ਪ੍ਰਭੁਤਾ ਧਾਰੀ” ਹੋ ਕੇ ਵਿਚਰਨ ਦਾ ਆਦੇਸ਼ ਕਰਦਾ ਹੈ।
2. ਇਸ ਸਮੁੱਚੀ ਸਾਖੀ ਦੀ ਗਾਥਾ ਨੂੰ ਸਾਡੇ ਰਾਗੀਆਂ, ਢਾਡੀਆਂ, ਕਵੀਸ਼ਰਾ, ਪ੍ਰਚਾਰਕਾਂ ਤੇ ਧਰਮ-ਸਿਆਸਤ ਦੇ ਲੀਡਰਾਂ ਨੇ “ਦੇਸ਼, ਕੌਮ, ਧਰਮ” ਦੀ ਰੱਖਿਆ ਤਕ ਸੀਮਤ ਕਰ ਕੇ, ਸਾਡੀ ਮੌਲਿਕ ਹੋਂਦ ਦੇ ਬੀਜ ਨਾਸ਼ ਨੂੰ ਬਚਾਉਣ ਹਿਤ ਕੀਤੇ ਲਾਸਾਨੀ ਅਤੇ ਲਾ ਮਿਸਾਲ ਹਕੀਕੀ ਸੱਚ ਦਾ ਮੁਹਾਂਦਰਾ ਹੀ ‘ਬਿਪਰਵਾਦੀ ਰੂਹ ਦਾ ਗ਼ੁਲਾਮ’ ਬਣਾ ਕੇ ਰੱਖ ਦਿੱਤਾ ਹੈ। ਇਸ ਦੀ ਸੱਚੀ ਵਿਆਖਿਆ ਹੀ ਇਹ ਹੈ ‘ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ’। ਅਨੰਦਪੁਰ ਬੈ-ਰਸਤੇ ਚਮਕੌਰ ਤੋਂ ਸਰਹਿੰਦ ਤਕ ਦੀ ਧਰਤੀ ਦਾ ਪਹਿਲਾਂ ਪੜਾਅ ਸਿੱਖਾਂ ਤੋਂ ਆਪਣੀ ਕੌਮੀਅਤਾ ਨੂੰ ਪਹਿਚਾਨਣ, ਉਸ ਨੂੰ ਆਪਣੇ ਕੌਮੀ ਸੰਕਲਪ, ਸਿਧਾਂਤ ਅਤੇ ਮਰਿਆਦਾ ਵਿਚ ਸੰਭਾਲਣ ਅਤੇ ਉਸ ਅਨੁਸਾਰ ਆਪਣੇ ਅਤੇ ਆਪਣੇ ਟੱਬਰ ਦੀ ਸੰਭਾਲ ਕਰਨ ਦੀ ਮੰਗ ਕਰਦਾ ਹੈ। ਇਹ ਨਾਨਾ ਪ੍ਰਕਾਰ ਦੇ ਮੇਲਿਆਂ, ਮੇਲਿਆਂ ਵਿਚ ਲੱਗਦੇ ਧਾਰਮਿਕ, ਸਿਆਸੀ, ਵਪਾਰਕ ਅਤੇ ਲੰਗਰ ਬਾਜ਼ਾਰਾਂ ਦੀ ਮੰਗ ਨਹੀਂ ਕਰਦਾ ਸਗੋਂ ਸ਼ਹੀਦੀਆਂ ਦਾ ਸ਼ੋਸ਼ਣ ਕਰ ਰਹੇ ਅਜਿਹੇ ‘ਵਪਾਰ’ ਨੂੰ ਸਿੱਖਾਂ ਤੋਂ ਬੰਦ ਕਰਵਾਉਣ ਦੀ ਤਵੱਕੋ ਰੱਖਦਾ ਹੈ।
3. ਇਹ “ਦੇਸ਼, ਕੌਮ, ਧਰਮ” ਦੀ ਰੱਖਿਆ ਦਾ ਅਲਾਪ ਛੇੜਨ ਵਾਲਿਆਂ ਨੂੰ ਸਵਾਲ ਪੁੱਛਦਾ ਹੈ ਕਿ ਉਸ ਵਕਤ “ਸਿੱਖਾਂ ਦਾ ਆਪਣਾ ਦੇਸ਼ ਕਿਹੜਾ ਸੀ” ਜਿਸ ਦੀ ਰੱਖਿਆ ਲਈ ਉਨ੍ਹਾਂ ਦੇ ਗੁਰੂ ਨੇ ਆਪਣਾ ਸਰਬੰਸ ਵਾਰ ਦਿੱਤਾ ?
ਜਿਸ ਹਿੰਦੂ ਧਰਮ ਦੀ ਰੱਖਿਆ ਦੀ ਅਸੀਂ ਸਿੱਖ ਆਪ ਗੱਲ ਕਰਦੇ ਹਾਂ ਉਸ ਹੀ ਹਿੰਦੂ ਧਰਮ ਦੇ ਬਾਈ ਧਾਰ ਦੇ ਹਿੰਦੂ ਰਾਜਿਆ ਨੇ ਹੀ ਦਿੱਲੀ ਦੀ ਸਲਤਨਤ ਔਰੰਗਜ਼ੇਬ ਨੂੰ ‘ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ (ਬਾਈ ਧਾਰ ਦੇ ਬ੍ਰਾਹਮਣ ਹਿੰਦੂ ਰਾਜਿਆ) ਵੱਲੋਂ ਕੀਤੇ ਜਾ ਰਹੇ ਹਮਲੇ ਵਿਚ ਸਹਾਇਤਾ ਦੇਣ ਅਤੇ ਸਾਂਝਾ ਹਮਲਾ ਕਰਨ ਲਈ ਖ਼ੁਦ ਪੁਕਾਰ ਭੇਜੀ ਸੀ। ਤਾਂ ਫਿਰ ਕਿਸ ਆਧਾਰ ਤੇ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ “ਹਿੰਦੂ ਧਰਮ, ਹਿੰਦੋਸਤਾਨ ਜਾਂ ਹਿੰਦੋਸਤਾਨੀ ਕੌਮ” ਲਈ ਸਰਬੰਸ ਵਾਰ ਦਿੱਤਾ ? ਪੋਹ ਦੇ ਇਹ ਦਿਹਾੜੇ ਸਿੱਖਾਂ ਦੇ ‘ਬਿਪਰਵਾਦੀ ਬਰਫ਼ ਵਿਚ ਲਾ ਕੇ ਫ਼ਰੀਜ਼’ ਕੀਤੇ ਜਾ ਚੁੱਕੇ ਦਿਮਾਗਾਂ ਤੋਂ ਜਗਾਉਣ ਤੇ ਹੋਸ਼ ਵਿਚ ਆਉਣ ਦੀ ਸਪਸ਼ਟ, ਸਿੱਧੀ ਅਤੇ ਦੋ ਟੂਕ ਮੰਗ ਕਰਦਾ ਹੈ। ਇਹ 20 ਤੋਂ 26 ਦਸੰਬਰ ਦੇ ਦਿਹਾੜੇ ਸਿੱਖਾਂ ਨੂੰ ਅਜਿਹੀ ਦਿਮਾਗ਼ੀ ਸੁੰਨਤਾ ਵਿਚ ਧਰਤੀ ਤੇ ਸੌਣ, ਭੋਜਨ ਨਾ ਛਕਣ, ਵਾਹਿਗੁਰੂ ਵਾਹਿਗੁਰੂ ਦਾ ਤੋਤਾ ਰਟਨ, ਜਾਂ ਘਰ ਘਰ ਫੂਹੜੀਆਂ ਵਿਛਾਉਣ ਦੀ ਨਹੀਂ ਸਗੋਂ ਅਜਿਹੀ ਮਨੋਬਿਰਤਕ ਗ਼ੁਲਾਮੀ ਤੋਂ ਸੁਤੰਤਰ ਹੋਣ ਅਤੇ ਕਰਵਾਉਣ ਦੀ ਮੰਗ ਕਰਦਾ ਹੈ। ਇਹ ਮੰਗ ਕਰਦਾ ਹੈ ਕਿ ਸਿੱਖ ਬੁਲੰਦ ਆਵਾਜ਼ ਵਿਚ ਕਹਿਣ ਕਿ ਬਾਈ ਧਾਰ ਦੇ ਬ੍ਰਾਹਮਣ ਹਿੰਦੂ ਧਰਮ ਦੇ ਰਾਜਿਆਂ ਨੇ; ਮੁਗ਼ਲ ਸਲਤਨਤ ਨੂੰ ਭਾੜੇ ਤੇ ਖ਼ਰੀਦ ਕੇ ਸਿੱਖਾਂ ਨਾਮ ਅਤੇ ਗੁਰੂ ਪੰਥ ਖ਼ਾਲਸਾ ਜੀ ਨੂੰ ਸਮੇਤ ਗੁਰੂ ਆਪਣੇ ਵਤਨ ਤੋਂ ਗਊ ਅਤੇ ਕੁਰਾਨ ਦੀਆਂ ਸਾਹਾਂ ਚੁੱਕ ਕੇ, ਫ਼ਰੇਬ ਨਾਲ ਜਲਾਵਤਨ ਕੀਤਾ ਸੀ । ਇਹ ਅਟੱਲ ਸੱਚ ਹੈ ।
4. ਮਾਖੋਵਾਲ ਦੇ ਸੀਸਗੰਜ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਜੀ “ਕੇਸਗੜ੍ਹ” ਦੀ “ਖ਼ਾਲਸਾ ਕੌਮੀਅਤ” ਨੂੰ ਪ੍ਰਗਟ ਕਰਦੇ ਹਨ। ਇੰਜ ਇਸ ਨੂੰ ਇਸ ਖ਼ਿੱਤੇ ਦੀ ਧਰਤੀ ਵਿਚਲੀ “ਤੀਜੀ ਕੌਮੀਅਤਾ” ਦੇ ਦਾਅਵੇ ਵਜੋਂ ਪ੍ਰਫੁੱਲਿਤ ਕਰ ਕੇ; ਧਰਤੀ ਦੇ ਇਸ ਖ਼ਿੱਤੇ ਵਿਚ ਉਸ ਵਕਤ ਧਰਮ ਅਧਾਰਿਤ ਹਿੰਦੂ ਅਤੇ ਇਸਲਾਮ ਪਾਤਸ਼ਾਹੀਆਂ ਦੇ ਬਰਾਬਰ “ਤੀਜੀ ਪਾਤਸ਼ਾਹੀ ਵਜੋਂ ਖ਼ਾਲਸੇ” ਦੀ ਸਤਾ ਤੇ ਤਾਜਪੋਸ਼ੀ ਦੀ ਦਸਤਾਰ ਨਹੀਂ “ਦੁਮਾਲਾ” ਸਜਾਉਂਦੇ ਹਨ । ਕਿਉਂਕਿ ਇਸ ਪਾਸ ਦੋਹਰੀ ਪਾਤਸ਼ਾਹੀ “ਸੰਤ” ਅਤੇ “ਸਿਪਾਹੀ” ਦੀ ਅਕਾਲ ਸ਼ਕਤੀ ਦੀ; ਉਸ ਵਕਤ ਦੇ “ਦੇਸ਼ ਪੰਜਾਬ” ਦੇ ਦੇਸ਼ ਕਾਲ ਵਿਚਲੀ “ਖ਼ਾਲਸਾ ਕੌਮ” ਦੀ ਕੌਮੀਅਤਾ ਦੇ “ਸਿੱਖ ਧਰਮ” ਦੀ ਰੱਖਿਆ, ਸਰਬ ਪੱਖੀ ਸਮਰਧੀ ਅਤੇ ਪ੍ਰਫੁੱਲਤਾ ਨਿਮਿਤ ਸਾਧਨ ਸੰਪੰਨਤਾ ਹਾਸਲ ਕਰਨ ਹਿਤ ਜਾਗ੍ਰਿਤੀ ਦੀ ਜ਼ਿੰਮੇਵਾਰੀ ਨਾਲ; “ਸਰਬੱਤ ਦੇ ਭਲੇ” ਦੇ ਹਲੀਮੀ ਰਾਜ ਪ੍ਰਬੰਧ ਦੀ ਸਤਾ ਕਾਇਮ ਕਰਨ ਦਾ ਆਦਰਸ਼ ਹੈ। ਜਿਸ ਆਸ਼ੇ ਅਤੇ ਨਿਸ਼ਾਨੇ ਵੱਲ ਸਿੱਧਾ ਸੇਧਤ ਹੈ 20 ਤੋਂ 26 ਦਸੰਬਰ ਤਕ ਦਾ ਸਿੱਖ ਇਤਿਹਾਸ। ਜੋ ਚੀਕ ਚੀਕ ਕੇ ਆਪਣੇ ਪ੍ਰਚਾਰਕਾਂ, ਰਾਗੀਆਂ, ਢਾਡੀਆਂ, ਕਵੀਸ਼ਰਾ, ਲੇਖਕਾਂ, ਧਰਮ-ਸਿਆਸਤ ਅਤੇ ਸਮਾਜ ਦੇ ਆਗੂਆਂ ਤੋਂ ‘ਅਖੌਤੀ ਹਿੰਦ ਦੇਸ਼, ਕੌਮ ਤੇ ਧਰਮ ਦੀ ਰੱਖਿਆ’ ਦਾ ਅਲਾਪ ਛੱਡ ਕੇ; ਪ੍ਰਤੱਖ ਖ਼ਾਲਸਾ ਕੌਮੀਅਤਾ ਦੀ ਸੱਤਾ ਪ੍ਰਬੰਧ ਰਾਹੀਂ ਸਭਿਅਤਾ, ਮਰਿਆਦਾ ਦੇ ਸਮਾਜ ਨੂੰ ਸਿਰਜਣ ਅਤੇ ਮਨੁੱਖੀ ਸਤਾ ਸਰੋਤ ਦੇ ਦਿਲ-ਦਿਮਾਗ਼ ਵਿਚ ਅਜਿਹੀ ਖ਼ਾਲਸਾਈ ਸਤਾ ਦੇ ਬਿੰਬ ਨੱਕਾਸ਼ਨ ਦੀ ਮੰਗ ਕਰਦਾ ਹੈ ਜਿਸ ਰਾਹੀਂ; ਦੇਸ਼ ਪੰਜਾਬ ਦੀ ਧਰਤੀ ਖ਼ਾਲਸਤਾਈਤਾ ਦੀ ਮਨੋਬਿਰਤਕ ਪ੍ਰਣਾਲੀ ਅਤੇ ਵਿਹਾਰਕ ਪ੍ਰਬੰਧਕੀ ਨਿਜ਼ਾਮ ਦਾ ਹਾਣੀ ਬਣੇ। ਪੋਹ ਦਾ ਮਹੀਨਾ ਹਰ ਸਿੱਖ ਤੋਂ ਆਪਣੇ ਕੋਇਆਂ ਵਿਚ ਮੇਰੇ ਅਤੇ ਤੇਰੇ ਪੜਦਾਦੇ ਦੇ ਸਮੇਂ ਕਾਲ ਤੋਂ ਇਸ ਦੀ ਉਡੀਕ ਵਿਚ ਆਪਣੀ ਤ੍ਰਾਸਦੀ ਨੂੰ ਸਮੇਟੇ, ਨਜ਼ਰਾਂ ਵਛਾਈ ਹਾਲੇ ਤਕ ਠੰਢੇ ਬੁਰਜ ਤੇ ਹੀ ਬੈਠਾ, ਸਿੱਖਾਂ ਵੱਲੋਂ ਸਰਹਿੰਦ ਦੀ ਨੀਂਹ ਵਿਚ ਚਿਣੇ ਗਏ ਉਨ੍ਹਾਂ ਬਾਲਾਂ ਨੂੰ ਸਾਖੀਆਂ ਸੁਣਾਈ ਜਾਂਦਾ ਹੈ ਕਿ ਤੇਰੇ ਸੁਪਨਿਆਂ ਨੂੰ ਸਾਕਾਰ ਕਰਨ ਖ਼ਾਲਸਾ ਆਉਣ ਵਾਲਾ ਹੈ ……
ਆਏਗਾ ਤਾਂ ਜੇ ਸਿੱਖ ਖ਼ਾਲਸਾ ਬਣ ਆਪਣੀ ਹੋਂਦ ਅਤੇ ਆਦਰਸ਼, ਨਿਸ਼ਾਨੇ ਅਤੇ ਫ਼ਰਜ਼ ਨੂੰ ਸੰਭਾਲੇਗਾ ।
5. ਇਨ੍ਹਾਂ ਸ਼ਹੀਦੀ ਜੋੜ ਮੇਲਿਆਂ ਵਿਚ ਸਿੱਖ, ਸਿੱਖ ਕੌਮ ਦੀ ਪਹਿਲੀ ਸ਼ਹੀਦ ਸਿੱਖ ਔਰਤ ਮਾਤਾ ਗੁਜਰੀ ਨੂੰ ਬਣਦਾ ਸ਼ਹੀਦੀ ਸਨਮਾਨ ਨਹੀਂ ਦੇ ਪਾ ਰਹੇ ਹਾਂ, ਜੋ ਪੰਥ ਖ਼ਾਲਸਾ ਨੂੰ ਉਚੇਚਾ ਤੌਰ ਤੇ ਦੇਣਾ ਚਾਹੀਦਾ ਹੈ। ਸਿੱਖ ਪਰਿਵਾਰ ਸਭਿਅਤਾ ਅਤੇ ਸਭਿਆਚਾਰ ਦੀ ਮੁਜੱਸਮਾ ਮਾਤਾ ਗੁਜ਼ਰੀ ਜੀ ਦਾ ਹੀ ਪਾਲਣ ਪੋਸ਼ਣ ਸੀ ਮਰਦ ਅਗੰਮੜਾ ਸਾਹਿਬੇ ਕਲਾਮ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦੇ। ਹੋਰ ਪੰਜਾਬ ਵਿਚ ਲੱਗਦੇ ਸਾਰਿਆਂ ਹੀ ਜੋੜ ਮੇਲਿਆਂ ਵਿਚ ਜਾਣ ਵਾਲੇ ਟੱਬਰਾਂ, ਸੰਗਤਾਂ ਲਈ ਸੜਕਾਂ ਉੱਪਰ ਇੱਕ ਇਬਾਰਤ ਦੇ ਆਧਾਰ ਤੇ ਇਹ ਸਵੈ ਅਨੁਸ਼ਾਸਨ ਪੱਧਰ ਤੇ ਸੋਚ ਵਿਕਸਿਤ ਅਤੇ ਵਿਚਾਰ ਰੌਸ਼ਨ ਕੀਤਾ ਜਾਵੇ ਕਿ “ਹਰ ਸਿੱਖ ਟੱਬਰ ਦਾ ਮੁਖੀ ਅੱਜ ਦੇ ਦਿਹਾੜੇ ਤੇ ਗੁਰੂ ਮਾਤਾ ਗੁਜ਼ਰੀ ਜੀ -ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਹੀਦਾਂ ਨਾਲ ਆਪਣੀ ਰੂਹ ਅਤੇ ਜ਼ਮੀਰ ਵਿਚ ਇਹ ਪ੍ਰਣ ਕਰੇ ਕਿ ਉਹ, ਆਪਣੇ ਟੱਬਰ ਦੇ ਹਰ ਜੀਅ ਦੀ ਸਿੱਖੀ ਕੇਸਾਂ, ਗੁਰਮਤਿ ਮਰਿਆਦਾ, ਅਤੇ ਸ਼ਬਦ ਗੁਰੂ ਨਾਲ ਸਵਾਸਾਂ ਤੱਕ ਨਿਭਾਉਣ ਦੀ ਵਚਨ ਬੱਧਤਾ ਦਿੰਦਾ ਹੈ। ਇਸ ਹਿਤ ਡੇਰਾਵਾਦ ਤੋਂ ਮੁਕਤ ਕਰਵਾ ਕੇ ਉਹ ਖ਼ੁਦ ਆਪਣੇ ਟੱਬਰ ਨੂੰ ਸਿੱਖਿਅਤ ਕਰਨ ਅਤੇ ਕਰਵਾਉਣ ਦਾ ਪ੍ਰਬੰਧ ਕਰੇਗਾ, ਜਿਵੇਂ ਮਾਤਾ ਗੁਜ਼ਰੀ ਜੀ ਨੇ ਕੀਤਾ।”  ਇਸੇ ਸੋਚ ਦੀ ਪੂਰੀ ਕਰਨ ਹਿਤ ਹੀ :
6. ਇਸ ਲਈ ਇਹ ਪੋਹ ਦੇ ਦਿਹਾੜੇ ਹਰ ਇੱਕ ਸਿੱਖ ਆਗੂ / ਪ੍ਰਬੰਧਕ ਤੋਂ ਮੰਗ ਕਰਦੇ ਹਨ ਕਿ ਜੇ ਉਨ੍ਹਾਂ ਵਿਚ ਵਾਕੇ ਹੀ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਅੰਸ ਬੰਸ ਦਾ ਰੱਤੀ ਭਰ ਵੀ ਕਣ ਬਾਕੀ ਰੂਹ ਵਿਚ ਜਿਊਂਦਾ ਹੈ ਤਾਂ ਫਿਰ ਉਹ ਸੜਕਾਂ ਤੇ ਲੰਗਰ ਲਾਉਣ, ਸ਼ਹੀਦੀ ਦਿਹਾੜਿਆਂ ਨੂੰ ਮੇਲਿਆਂ ਵਾਂਗ ਮਨਾਉਣ, ਲੱਗਦੀਆਂ ਵਪਾਰਕ ਦੁਕਾਨਾਂ, ਸਿਆਸੀ, ਧਾਰਮਿਕ, ਡੇਰੇ ਵਾਦੀ, ਇਲਾਕਾ ਵਾਦੀ, ਹੰਕਾਰੀ ਪਿੜ ਦੇ ਦੰਗਲ ਸਜਾਉਣ ਵਾਲੀਆਂ ਕਾਨਫ਼ਰੰਸਾਂ ਤੋਂ ਮੂੰਹ ਮੋੜ ਲੈਣ । ਗੁਰੂ ਸ਼ਬਦ ਦੇ ਹੁਕਮ ਅਨੁਸਾਰ “ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥” (118510) ਤੇ ਅਮਲ ਕਰਨ ਦੀ ਸੂਝ ਨੂੰ ਹਾਸਲ ਕਰਨ।
ਇਹ ਵਿਚਾਰ ਗੋਸ਼ਟੀਆਂ ਰੂੜੀਵਾਦਿਤਾ ਨੂੰ ਛੱਡਣ, ਸ਼ਬਦ ਗੁਰੂ ਦੀ ਰੌਸ਼ਨੀ ਵਿਚ ਵਿਸ਼ਾ ਵਾਰ ਦਿਸਹੱਦੇ ਕੱਢਣ ਤੇ ਉਸ ਅਨੁਸਾਰ ਸਿੱਖ ਸਮਾਜ ਦੀ ਦਸ਼ਾ ਅਤੇ ਦਿਸ਼ਾ ਨੂੰ ਨਿਰਧਾਰਿਤ ਕਰਨ ਹਿਤ ਪਿੰਡ ਪੱਧਰ ਤਕ ਕੰਮ ਕਰਨ ਲਈ ਹੋਣੀਆਂ ਚਾਹੀਦੀਆਂ ਹਨ। ਇਸ ਦਾ ਆਰੰਭ ਜਿਤਨੇ ਵੀ ਸਿਆਸੀ ਧਾਰਮਿਕ, ਨੌਜਵਾਨ ਸਭਾਵਾਂ ਦੇ ਧੜੇ,  ਪਿੰਡਾਂ ਵਾਲੇ, ਇਲਾਕੇ ਵਾਲੇ ਅਤੇ ਸ਼ਰਧਾਲੂ ਜੱਥੇ ਲੰਗਰ ਕਮੇਟੀਆਂ ਬਣਾ ਕੇ ਲੰਗਰ ਲਾਉਂਦੇ ਹਨ ਉਹ ਆਪੋ ਆਪਣੇ ਲੰਗਰ ਅਸਥਾਨਾਂ ਤੇ, ਨਿਠ ਕੇ ਬੈਠਣ ਦਾ ਪ੍ਰਬੰਧ ਕਰ ਆਪੋ ਆਪਣੀ ਸੰਗਤ ਨਾਲ ਹੀ ਇਨ੍ਹਾਂ ਗੋਸ਼ਟੀਆਂ ਦਾ ਆਰੰਭ ਕਰਨ। ਇਸ ਸੂਝ ਨੂੰ ਵਿਕਸਿਤ ਕਰਨ ਦੀ ਲੋੜ ਹੈ। ਇਹ ਮਨੋਬਿਰਤੀ ਸੇਧ ਨਾਲ ਚੇਤਨਾ ਦੀ ਅਜਿਹੀ ਬਿਰਤਾਂਤ ਘੜਨ ਦੀ ਸਖ਼ਤ ਲੋੜ ਹੈ ਕਿ ਸਿੱਖ ਆਪਣੀ ਸਿੱਖੀ ਸਭਿਅਤਾ ਦੀ ਨਾਨਕਸ਼ਾਹੀ ਪ੍ਰਣਾਲੀ ਅਤੇ ਵਿਵਸਥਾ ਨਾਲ ਜੁੜ ਕੇ ਆਪਣੇ ਕਿਰਦਾਰ ਅਤੇ ਆਚਰਨ, ਬੋਲ ਬਾਣੀ ਵਿਚ ਇਸ ਦਾ ਪ੍ਰਦਰਸ਼ਨ ਕਰਨ ਜੋਗਾ ਬਣੇ।
7. ਸਿੱਖ ਕੌਮ ਨੂੰ ਆਪਣੇ ਅਨੁਆਈਆਂ ਵਿਚ ਸਿੱਖੀ ਰੂਹ ਅਤੇ ਜ਼ਮੀਰ ਨੂੰ ਸ਼ਬਦ ਗੁਰੂ ਦੀ ਰੌਸ਼ਨੀ ਵਿਚ ਜਗਾਉਣ ਲਈ; ਖ਼ਾਲਸਾ ਪੰਥ ਨੂੰ ਆਪਣੇ ਅੰਦਰ ਕੌਮੀਅਤਾ ਦੀ ਮਨੋਬਿਰਤੀ ਅਤੇ ਬਿਬੇਕ ਨੂੰ ਪ੍ਰਫੁੱਲਿਤ ਕਰਨ ਲਈ; ਧਰਮ ਦੀ ਮਰਿਆਦਾ ਬਚਾਉਣ ਵਾਸਤੇ; ਸਿੱਖ ਇਨਸਾਨ ਵਿਚ ਸਿੱਖੀ ਸਭਿਅਤਾ ਅਤੇ ਸਭਿਆਚਾਰ ਬੀਜਣ ਲਈ; ਸਿੱਖ ਅੰਦਰ ਗੁਰਸ਼ਬਦ ਦੀ ਸੋਝੀ ਦੀ ਅਣਖ ਪਿਉਂਦ ਕਰਨ ਲਈ; ਤੇ ਕੋਮੇ ਵਿਚ ਪਹੁੰਚ ਚੁੱਕੇ ਸਿੱਖਾਂ ਨੂੰ ਜਗਾਉਣ ਲਈ; “ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥” (14263)ਗੁਰੂ ਨਾਨਕ ਜੀ ਦੇ ਸਿੱਖੀ ਧਰਮ ਤੇ ਤੁਰਨ ਦੇ ਦ੍ਰਿੜ ਸੰਕਲਪੀ ਮਾਰਗ ਨਿਰਦੇਸ਼ਨ “ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥” (14122) ਵਜੋਂ ਕੀਤਾ ਹੈ, ਜਿਸ ਨੂੰ ਵਿਹਾਰਕ ਜੀਵਨ ਵਿਚ ਸਿੱਖ ਵੱਲੋਂ ਅਪਣਾਏ ਜਾਣ ਦਾ “ਸ਼ਬਦ ਗੁਰੂ” ਹੁਕਮ ਦਿੰਦਾ ਹੈ। ਚੇਤੇ ਰੱਖਣ ਦੀ ਲੋੜ ਹੈ ਕਿ ਇਹ ਹੁਕਮ ਗੁਰੂ ਨਾਨਕ ਪਾਤਸ਼ਾਹ ਜੀ ਜੰਗ ਲੜਨ ਵਾਸਤੇ ਨਹੀਂ ਸਗੋਂ ਆਪਣੇ ਧਰਮ ਸਿੱਖੀ ਨਾਲ ਨਿਭਣ ਲਈ ਕਰ ਰਹੇ ਹਨ। ਇਹ ਵਿਹਾਰਕ ਕੌਮੀ, ਕੌਮੀਅਤਾ ਅਤੇ ਇਸ ਕੌਮੀਅਤਾ ਦੀ ਮਨੋਬਿਰਤੀ ਬਿਬੇਕ ਅਤੇ ਸੁਰਤ; ਸਿੱਖਾਂ ਦੀ ਬਣਾਉਣ ਲਈ ਹੀ ਕੀਰਤਨ, ਕਥਾ, ਕਵੀਸ਼ਰੀ, ਢਾਡੀ, ਰਾਗੀ, ਵਿਚਾਰਕ, ਆਗੂ ਅਤੇ ਗ੍ਰੰਥੀ ਨੂੰ ਕੰਮ ਕਰਨ ਦਾ ਹੁਕਮ ਹੈ। ਜਿਸ ਤੋਂ ਸਿੱਖ ਆਕੀ ਹੋ ਕੇ ਖ਼ੁਆਰ ਹੋਏ ਹੋਏ ਹਨ। ਇਸ ਖ਼ੁਆਰੀ ਤੋਂ ਜਿਹੜੇ ਬਚ ਜਾਣਗੇ ਤੇ ਕੌਮ ਨੂੰ ਬਚਾਉਣ ਹਿਤ ਨਿੱਤਰ ਪੈਣਗੇ ਉਹ ਉਹੀ ਹੋਣਗੇ ਜੋ “ਸ਼ਬਦ ਗੁਰੂ ਦੀ ਇਸ ਉਪਰੋਕਤ” ਸਿੱਖਿਆ ਤੇ ਅਮਲੀ ਜੀਵਨ ਜਿਊਣਗੇ। ‘ਖ਼ੁਆਰ ਹੋਹਿ ਸਭ ਮਿਲੇਂਗੇ, ਬਚੇ ਸ਼ਰਣ ਜੋ ਹੋਇ’ ਦਾ ਇਹੋ ਅਰਥ ਹੈ।ਪੋਹ ਦੇ ਦਿਹਾੜੇ ਦਾ ਇਹ ਹਫ਼ਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾਂ ਪ੍ਰਕਾਸ਼ ਦਿਹਾੜਾ ਇਸੇ ਅਮਲ ਨੂੰ ਵਿਹਾਰ ਵਿਚ ਅਪਣਾਉਣ ਲਈ ਸਿੱਖਾਂ ਨੂੰ ਮਨਾਉਣਾ, ਵਿਉਂਤਣਾ, ਸਾਰਥਿਕ ਕਰਨਾ ਅਤੇ ਪ੍ਰਬੰਧਕੀ ਢਾਂਚੇ ਵਜੋਂ ਲਾਗੂ ਕਰਨ ਵੱਲ ਸੇਧਣ ਦੀ ਲੋੜ ਹੈ।
8. ਸਿੱਖਾਂ ਨੂੰ ਆਪਣੀ ਸੋਚ ਅਤੇ ਪ੍ਰਣਾਲੀ ਨੂੰ ਨਵੇਂ ਸਿਰੇ ਤੋਂ ਵਿਉਂਤਣ ਦੀ ਸਖ਼ਤ ਲੋੜ ਹੈ ਤਾਂ ਜੋ ਸਹੀ ਦਿਸ਼ਾ ਅਤੇ ਨਿਰਮਾਣ ਕਾਰੀ ਕੰਮ ਕੀਤੇ ਜਾ ਸਕਣ। 300 ਸਾਲ ਜਾਂ 400 ਸਾਲ ਗੁਰੂ ਕੇ ਨਾਲ ਵਰਗੇ ਨਾਅਰੇ ਬਾਜ਼ੀ ਕਰਨ ਨਾਲ, ਸੜਕਾਂ ਤੇ ਵੱਡੇ ਅਤੇ ਗਲੈਮਰਾਈਜ਼ ਜਲੂਸ ਕੱਢਣ ਨਾਲ, ਨੁਮਾਇਸ਼ੀ ਜਲਵਿਆਂ ਦੇ ਅਡੰਬਰੀ ਦਿਖਾਵਿਆਂ ਨਾਲ ਸਿੱਖੀ ਪ੍ਰਫੁੱਲਿਤ ਨਹੀਂ ਕੀਤੀ ਜਾ ਸਕਦੀ। ਜਿਤਨੇ ਹਜ਼ਾਰ ਕਰੋੜ ਰੁਪਏ ਸਿੱਖ ਸੰਸਾਰ ਭਰ ਵਿਚ ਅਜਿਹੇ ਪ੍ਰੋਗਰਾਮ ਬਣਾਉਣ ਤੇ ਖ਼ਰਚਦੇ ਹਨ ਉਤਨੇ ਧੰਨ ਅਤੇ ਸਾਧਨਾਂ ਤੇ ਮਨੁੱਖੀ ਸਰੋਤਾਂ ਰਾਹੀਂ ਇੱਕੋ ਝਟਕੇ ਵਿਚ ਪੂਰੇ ਭਾਰਤ ਵਿਚ ਸਿਕਲੀਗਰ ਸਿੱਖ ਪਰਿਵਾਰਾਂ ਨੂੰ ਔਸਤ ਸਿੱਖ ਦੀ ਆਰਥਿਕਤਾ ਅਤੇ ਸਮਾਜਿਕਤਾ ਦੇ ਪੱਧਰ ਤੇ ਪਹੁੰਚਾ ਕੇ ਪੰਥ ਨੂੰ ਕਰੋੜਾਂ ਵਿਚ ਪ੍ਰਫੁੱਲਿਤ ਕਰ ਕੇ ਵਧਾਇਆ ਅਤੇ ਸੰਭਾਲਿਆਂ ਜਾ ਸਕਦਾ ਹੈ । ਦੂਜੇ ਕਿਸੇ ਅਜਿਹੇ ਹੀ ਸਮੇਂ ਜਿਹੜੇ ਸਿੱਖ ਪਰਿਵਾਰ ਆਰਥਿਕਤਾ, ਜਾਤ ਅਤੇ ਬਿਰਾਦਰੀ ਦੇ ਸੰਤਾਪ ਨੂੰ ਹੰਢਾ ਕੇ ਸਿੱਖੀ ਤਿਆਗ ਗਏ ਹਨ ਉਨ੍ਹਾਂ ਨੂੰ ਮੁੜ ਗੁਰੂ ਨਾਨਕ ਦੇ ਲੜ ਲਾਇਆ ਜਾ ਸਕਦਾ ਹੈ।
ਇਸੇ ਦੇ ਨਾਲ ਜਿਤਨੇ ਧੰਨ ਅਤੇ ਸਾਧਨਾਂ ਤੇ ਮਨੁੱਖੀ ਸਰੋਤਾਂ ਨਾਲ ਸਿੱਖ ਸੰਸਾਰ ਭਰ ਵਿਚ ਲੰਗਰ ਲਾਉਂਦੇ ਹਨ ਤੇ ਆਪ ਹੀ ਛੱਕ ਜਾਂਦੇ ਹਨ; ਗੁਰੂ ਨਾਨਕ ਦੇ ਮਾਰਗ ਦੇ ਲੰਗਰ ਲਗਾ ਕੇ ਉਤਨੀ ਹੀ ਰਕਮ ਤੇ ਸਾਧਨਾਂ ਨਾਲ ਪੰਜਾਬ ਭਰ ਵਿਚੋਂ ਜਾਤ ਆਧਾਰਤ ਵਖਰੇਵਾਂ ਖ਼ਤਮ ਕਰਵਾ ਕੇ ਸਿੱਖ ਅਬਾਦੀ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ।
ਜਿਤਨੀ ਰਕਮ ਨਾਲ ਸਿੱਖ ਕਾਰ ਸੇਵਾ ਰਾਹੀਂ ਆਪਣੀ ਹੀ ਪੁਰਾਤਨਤਾ ਨੂੰ ਆਪਣੇ ਹੱਥੀ ਅਤੇ ਆਪਣੀ ਹੀ ਤਾਕਤ, ਧੰਨ, ਦੌਲਤ ਅਤੇ ਮਨੁੱਖੀ ਸਾਧਨਾਂ ਰਾਹੀਂ ਆਪ ਤਬਾਹ ਕਰ ਰਹੇ ਹਨ; ਇਸ ਨੂੰ ਰੋਕ ਕੇ ਅਤੇ ਵਿਚਾਰੀ ਜਾ ਰਹੀ ਦਿਸ਼ਾ ਨੂੰ ਅਪਣਾ ਕੇ ਇੱਕ ਤਾਂ ਸਿੱਖ ਪੁਰਾਤਨਤਾ ਦੀਆਂ ਬਚੀਆਂ ਨਿਸ਼ਾਨੀਆਂ ਨੂੰ ਆਉਣ ਵਾਲੀ ਪੀੜ੍ਹੀ ਲਈ ਬਚਾਇਆ ਜਾ ਸਕਦਾ ਹੈ । ਤੇ, ਧੰਨ ਦੀ ਇਸ ਸ਼ਕਤੀ ਨੂੰ ਗ਼ਰੀਬ ਗੁਰਬੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਤੌਰ “ਸ਼ਬਦ ਗੁਰੂ” ਬਿਰਾਜਮਾਨ ਭਗਤਾਂ ਦੇ ਅਨੁਆਈਆਂ ਨੂੰ ਉਨ੍ਹਾਂ ਦੇ ਪ੍ਰਦੇਸਾਂ ਅਤੇ ਇਲਾਕਿਆਂ ਵਿਚੋਂ ਸਿੱਖ ਸਜਾਇਆਂ ਜਾ ਸਕਦਾ ਹੈ।
ਇਹ ਉਪਰੋਕਤ ਸਿੱਖੀ ਨਿਰਮਾਣ ਦੀ ਕਾਰ ਸੇਵਾ ਆਰੰਭ ਕਰਨ ਦੀ ਸ਼੍ਰੋਮਣੀ ਲੋੜ ਹੈ। ਜੇ ਗੁਰੂ ਪੰਥ ਇਹ ਨਹੀਂ ਕਰੇਗਾ ਤਾਂ ਕੌਣ ਇਹ ਕੰਮ ਕਰੇਗਾ ? ਸੜਕਾਂ ਤੇ ਧੱਕੇ ਨਾਲ ਲੰਗਰ ਛਕਾਉਣ ਵਾਲਿਆਂ ਤੋਂ, ਜਾਂ ਕੀਰਤਨ ਦੀਵਾਨ ਲਾਉਣ ਵਾਲਿਆਂ ਤੋਂ, ਜਾਂ ਗ਼ਰੀਬ ਗੁਰਦੇ ਦੀ ਸਾਵਾ ਦੇ ਸੰਕਲਪ ਵਿਚ “ਸਿੱਖਾਂ ਨੂੰ ਸ਼ਾਮਲ ਨਾਂਹ” ਕਰਨ ਵਾਲਿਆਂ, ਜਾਂ ਹਥਿਆਰਾਂ ਦੇ ਸੰਘਰਸ਼ ਦੇ ਪਾਂਧੀਆਂ ਤੋਂ ਜਾਂ ਲੋਕਤੰਤਰੀ ਵਿਵਸਥਾ ਦੇ ਗ਼ੁਲਾਮਾਂ ਤੋਂ ਜਾਂ ਨਗਰ ਕੀਰਤਨ ਅਤੇ ਵਹੀਰਾਂ ਕੱਢਣ ਵਾਲਿਆਂ ਤੋਂ ਇਹ ਆਸ ਨਹੀਂ ਰੱਖੀ ਜਾ ਸਕਦੀ।
9. ਇਤਿਹਾਸਕ ਗੁਰਦੁਆਰੇ ਜਾਂ ਇਤਿਹਾਸਕ ਅਸਥਾਨਾਂ ਤੇ ਗੁਰਦੁਆਰੇ ਬਣਾਉਣੇ ਜ਼ਰੂਰੀ ਹਨ ਪਰ ਇਸ ਲਈ ਪੁਰਾਤਨ ਨਿਸ਼ਾਨੀਆਂ ਅਤੇ ਗੁਰੂ ਵਰੋਸਾਏ ਅਹਿਸਾਸ ਦੀ ਰੂਹ ਵਾਲੀਆਂ ਇਮਾਰਤਾਂ ਦਾ ਨੇਸਤੋਨਾਬੂਦ ਕਰ ਦੇਣਾ; ਕੌਮੀਅਤਾ ਦੀ ਵਿਰਾਸਤ ਦਾ ਨਸਲ ਘਾਤ ਹੀ ਮੰਨਿਆਂ ਜਾਂਦਾ ਹੈ। ਬਦ ਕਿਸਮਤੀ ਨਾਲ ਅਜਿਹਾ ਸਿੱਖਾਂ ਨੇ ਖ਼ੁਦ ਆਪਣੇ ਹੱਥੀ, ਆਪਣੀ ਅਮੀਰੀ ਜਾਂ ਗੁਰਧਾਮਾਂ ਨੂੰ ਅਮੀਰੀ ਅਤੇ ਸ਼ਾਹਾਨਾ ਦਿੱਖ ਦੇਣ ਦੀ ਆਪਣੀ ਧੰਨ ਦੌਲਤ ਦੇ ਹੰਕਾਰ ਨੂੰ ਪ੍ਰਗਟਾਉਣ ਤੇ ਉੱਚਾ ਚੁੱਕਣ ਲਈ “ਕਾਰ ਸੇਵਾ” ਦਾ ਇੱਕ ਸੰਦ ਬਣਾ ਲਿਆ ਹੈ।
ਵਰਤਮਾਨ ਵਿਚ ਵੀ ਅਰਬਾਂ ਰੁਪਿਆ ਗੁਰਦੁਆਰਿਆਂ ਤੇ ਖ਼ਰਚ ਕੀਤਾ ਜਾ ਰਿਹਾ ਹੈ। ਭਾਈ ਲਾਲੋ ਦੀ ਅਮੀਰੀ “ਸਿਰੀ ਗੁਰੂ ਸਾਹਿਬੁ ਸਭ ਊਪਰਿ ਮਨ ਬਚ ਕ੍ਰੰਮ ਸੇਵੀਐ ਸਚਾ ॥੫॥”(140211) ਦੀ ਸਰਦਾਰੀ ਦੀ ਪਾਤਸ਼ਾਹੀ ਵਾਲੇ ਗੁਰੂ ਨਾਨਕ ਜੀ ਦੇ ਗੁਰਦੁਆਰੇ ਨੂੰ ਬਣਾਉਣ ਲਈ “ਮਲਕ ਭਾਗੋ” ਦੀ ਦੌਲਤ ਦਾ ਇਸਤੇਮਾਲ ਹੋ ਰਿਹਾ ਹੈ। ‘ਪੈਲੇਸ” ਵਰਗੇ ਅਜਿਹੇ ਗੁਰਦੁਆਰੇ ਵਿਚੋਂ ਸਿੱਖਾਂ ਲਈ ‘ਸੰਗਤ’ ਤੇ ਗ਼ਰੀਬਾਂ ਲਈ ‘ਪੰਗਤ’ ਨੂੰ, ਆਸਾ ਦੀ ਵਾਰ ਦੀ ਸਭਿਅਤਾ ਨਾਲ ਸਿਰਜੇ “ਜਪੁ” ਦੇ ਸਭਿਆਚਾਰੀ “ਗੁਰਮੁਖ” ਨੂੰ ਚੌਧਰ ਦੇ ਹੰਕਾਰੀ ਚੌਧਰੀ ਬਣੇ ‘ਮਲਕ ਭਾਗੋ’ ਨੇ ਭਾਂਜ ਦੇ ਦਿੱਤੀ ਹੈ।  ਮੁੱਢਲਾ ਸਿਧਾਂਤ “ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥”(7302) ਦੀ ਥਾਂ ਅਸੀਂ ਸਿੱਖਾਂ ਨੇ ਆਪਣੇ ਗੁਰਦੁਆਰੇ ਨੂੰ ਆਪਣੀ ਨਿੱਜੀ ਚੌਧਰ ਦੇ ਹੰਕਾਰ ਨੂੰ ਭੁਨਾਉਣ ਲਈ ਅਤੇ ਸਤਾ ਵਿਚ ਸਿੱਖ ਆਗੂ ਵਜੋਂ ਆਪਣੀ ਬੁਕੱਤ ਬਣਾ ਕੇ ਆਪਣੇ ਅਤੇ ਆਪਣੇ ਧੜੇ ਦੀਆਂ ਗ਼ਰਜ਼ਾਂ ਦੇ ਸਵਾਰਥੀ ਟੀਚੇ ਪੂਰੇ ਕਰਨ ਦਾ ਸੰਦ ਬਣਾ ਕੇ ਰੱਖ ਦਿੱਤਾ ਹੈ। ਇਹ ਪ੍ਰਬੰਧਕੀ ਨਿਜ਼ਾਮ ਵਾਲੀ ਸਿੱਖਾਂ ਦੀ ਸੋਚ ਬਣਾ ਦੇਣੀ ‘ਮਲਕ ਭਾਗੋਆਂ’ ਲਈ ਸੁਖਦਾਈ ਹੈ ਅਤੇ “ਗੁਰਮੁਖਾ” ਲਈ ਦੁਖਦਾਈ। ਜਦੋਂ ਵੀ ਕਈ ਅਜਿਹੀ ਪ੍ਰਬੰਧਕੀ ਬੰਦਸ਼ ਆਈ ਕਿ ਗੁਰੂ ਕੀ ਗੋਲਕ ਦੀ ਕਮਾਈ ਘਟੀ ਤਾਂ ਸਿੱਖਾਂ ਵੱਲੋਂ ਪੈਲੇਸ ਨੁਮਾ ਬਣਾਏ ਇਹ ਧਰਮ ਕੇਂਦਰਾਂ ਦਾ ਹਾਲ ‘ਚਰਚ’ ਵਾਲਾ ਹੋਣ ਵਿਚ ਦੇਰ ਨਹੀਂ ਲੱਗਣੀ; ਕਿਉਂਕਿ ਨੌਜਵਾਨ ਪੀੜ੍ਹੀ ਨੂੰ ਅਸੀਂ “ਸ਼ਬਦ ਗੁਰੂ” ਤੋਂ ਦੂਰ ਕਰ ਹੀ ਚੁੱਕੇ ਹਾਂ। ਇਸ ਲਈ ਨਵੇਂ ਗੁਰਦੁਆਰੇ ਬਣਾਉਣ ਤੋਂ ਅਤੇ ਗੁਰਦੁਆਰਿਆਂ ਨੂੰ ਪੈਲੇਸ ਨੁਮਾ ਬਣਾਉਣ ਤੋਂ ਸਿੱਖਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ।
ਹੁਣ ਇੱਕ ਹੋਰ ਨਵਾਂ ਹੀ ਰੁਝਾਨ ਪੈਦਾ ਹੋ ਚੁਕਾ ਹੈ। ਪਹਿਲਾਂ ਸਿੱਖਾਂ ਨੇ ਆਪਣੀ ਕਿਰਤ ਕਮਾਈ ਨੂੰ ਸੰਗਮਰਮਰ ਤੇ ਨਸ਼ਟ ਕਰ ਕੇ ਸਿੱਖੀ ਨੂੰ ਗ਼ਰੀਬ ਤੇ ਰਾਜਸਥਾਨ ਨੂੰ ਅਮੀਰ ਬਣਾ ਦਿੱਤਾ । ਹੁਣ ਉਸੇ ਸੰਗਮਰਮਰ ਅਤੇ ਬੁੱਚ ਵਰਕ ਦੀ ਥਾਂ ਤੇ ਦੁਬਾਰਾ ਗੁਰਦੁਆਰਿਆਂ ਨੂੰ ਪੁਰਾਤਨ ਦਿੱਖ ਦੇਣ ਦੇ ਨਾਮ ਉੱਪਰ ਅਤੇ ਕਿਲ੍ਹਿਆਂ ਨੂੰ ਪੁਰਾਤਨ ਕਿਲ੍ਹਿਆਂ ਵਰਗੇ ਬਣਾਉਣ ਤੇ ਉਨ੍ਹਾਂ ਦਾ ‘ਸੁੰਦਰੀਕਰਨ’ ਕਰਨ ਦੇ ਨਾਮ ਤੇ ਮੁੜ ਸਿੱਖਾਂ ਦੀ ਕਿਰਤ ਕਮਾਈ, ਸੇਵਾ, ਅਤੇ ਗੁਰੂ ਕੀ ਗੋਲਕ ਦੀ ਦੌਲਤ ਮੁੜ “ਮਸ਼ੀਨੀ ਟਾਈਲ ਇੱਟ ਰਾਹੀਂ ਬੁੱਚ ਵਰਕ ਕਰਵਾਉਣ ਲਈ ਰਾਜਸਥਾਨੀ ਲੇਬਰ” ਦੇ ਹੱਥੀ ਕਰ ਦਿੱਤਾ ਹੈ। ਇਹ ਕਿਹਾ ਜਾਂਦਾ ਹੈ ਕਿ ਸਿੱਖ ਕੌਮ ਦੇ ਮੰਨੇ ਪਰਮੰਨੇ ਵਿਦਵਾਨਾਂ ਅਤੇ ਇੰਜੀਨੀਅਰ ਮਾਹਿਰਾਂ ਦੇ ਪੈਨਲ ਦੇ ਸੁਝਾ ਅਤੇ ਦੇਖ ਰੇਖ ਵਿਚ ਅਜਿਹੀ ਪੁਰਾਤਨ ਦਿੱਖ ਦਿੱਤੀ ਜਾ ਰਹੀ ਹੈ। ਮੁੱਦਾ ਤਾਂ ਫੇਰ ਉਹੀ ਸਾਹਮਣੇ ਮੁੜ ਮੁੜ ਆਉਂਦਾ ਹੈ ਕਿ ਸਿੱਖਾਂ ਦੀ ਕਮਾਈ, ਮਾਨਵੀ ਸ਼ਕਤੀ, ਸੇਵਾ ਅਤੇ ਸ਼ਰਧਾ ਨੂੰ ਸਿੱਖਾਂ ਰਾਹੀਂ ਹੀ ਸਿੱਖੀ ਨੂੰ ਹਰ ਪੱਧਰ ਤੇ ਮਾਰ ਮੁਕਾਉਣ ਲਈ ਹੀ ਇਸਤੇਮਾਲ ਕੀਤਾ ਜਾਵੇ ਤੇ ਇਸੇ ਵਿਚ ਹੀ ਸਿੱਖ ਕੌਮ ਨੂੰ ਉਲਝਾਈ ਰੱਖਿਆ ਜਾਵੇ। ਇਸ ਵਿਚ ਦੁਸ਼ਮਣ ਸਿਆਣੇ, ਧਨਾਢ,ਪੜ੍ਹੇ ਲਿਖੇ ਅਤੇ ਅਗਾਂਹਵਧੂ ਸਮਝੇ ਜਾਂਦੇ ਸਿੱਖਾਂ ਰਾਹੀਂ ਹੀ ਕਰਨ ਵਿਚ ਸਮਰੱਥ ਹੈ, ਜਿਸ ਕਰ ਕੇ ਹੀ ‘ਮਲਕ ਭਾਗੋ’ ਨੂੰ ਚੁਣ ਕੇ ‘ਪ੍ਰਧਾਨ’ ਬਣਵਾਇਆ ਜਾਂਦਾ ਹੈ। ਅਸੀਂ ਸੁੰਦਰੀਕਰਨ ਅਤੇ ਸੁੱਖ ਸੁਵਿਧਾਵਾਂ ਦੇਣ ਨਾਮ ਤੇ ਸਖ਼ਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਵਿਚੋਂ “ਸਿੱਖੀ ਰੂਹ ਵਿਚ ਵੱਸਦੀ ਵਿਰਾਸਤ ਅਤੇ ਵਿਰਾਸਤ ਦੀ ਰੂਹ ਵਿਚ ਵੱਸਦੇ ਗੁਰੂ, ਪੁਰਖਿਆਂ ਦੇ ਅਹਿਸਾਸ” ਦਾ ਭੋਗ ਪਵਾ ਕੇ ਆਪਣੀ ਆਧੁਨਿਕਤਾ ਦੀਆਂ ਡੀਂਗਾਂ ਮਾਰਦੇ ਥੱਕਦੇ ਨਹੀਂ ਪਏ। ਸ੍ਰੀ ਦਰਬਾਰ ਸਾਹਿਬ ਜੀ ਦੇ ਆਲ਼ੇ ਦੁਆਲੇ ਦੇ ਸੁੰਦਰੀਕਰਨ ਦੇ ਨਾਮ ਤੇ ਅਸੀਂ ਚੱਕ ਰਾਮਦਾਸ ਦੇ ਗੁਰੂ ਬਾਜ਼ਾਰ, ਗੁਰੂ ਚੁਬਾਰੇ, ਬੁੰਗੇ, ਚੌਂਕੀਆਂ, ਵਿਚ ਵੱਸਦੇ ਗੁਰੂਆਂ ਦੇ, ਉਨ੍ਹਾਂ ਦੇ ਪਰਿਵਾਰਾਂ ਦੇ, ਗੁਰੂ ਪੁਰਖਿਆਂ ਦੇ ਅਤੇ ਗੁਰੂ ਸਮਕਾਲੀ ਸਿੱਖਾਂ ਦੇ ਆਤਮਿਕ ਸ਼ਾਂਤੀ ਦਿੰਦੇ ਅਸਥਾਨਾਂ ਨੂੰ ਬਚਾਉਣ, ਸੰਭਾਲਣ, ਅਤੇ ਉਨ੍ਹਾਂ ਦੀ ਪੁਰਾਤਨ ਹੋਂਦ ਨੂੰ ਆਉਣ ਵਾਲੀਆਂ ਨਸਲਾਂ ਲਈ ਸੰਭਾਲਣ ਦੀ ਥਾਂ ਤੇ, ਇਨ੍ਹਾਂ ਸਭਨਾਂ ਦਾ ਆਪਣੇ ਹੱਥੀ ਤੇ ਆਪਣੀ ਚੌਧਰ, ਵਿਦਵਤਾ, ਆਧੁਨਿਕਤਾ ਦੀ ਪੁਗਾਉਣ ਲਈ ਸੁੰਦਰੀਕਰਨ ਦੇ ਨਾਮ ਤੇ “ਬੀਜ ਨਾਸ਼” ਕਰ ਦਿੱਤਾ ਹੈ ਅਤੇ ਅੱਗੋਂ ਹੋਰ ਕਰ ਰਹੇ ਹਾਂ। ਜਨਰਲ ਡਾਇਰ ਨੇ ਜਲੀਆਂ ਵਾਲੇ ਬਾਗ਼ ਵਿਚ ਅਤੇ ਅਹਿਮਦ ਸ਼ਾਹ ਅਬਦਾਲੀ ਤੋਂ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੋ ਸ੍ਰੀ ਦਰਬਾਰ ਸਾਹਿਬ ਤੇ ਹਮਲਿਆਂ ਰਾਹੀਂ ਕੀਤਾ ਠੀਕ ਉਵੇਂ ਦਾ ਹੀ ਕਹਿਰ ਅਸੀਂ ਆਪਣੇ ਗੁਰੂ ਵਰੋਸਾਏ ਸ੍ਰੀ ਦਰਬਾਰ ਸਾਹਿਬ ਦੇ ਆਲ਼ੇ ਦੁਆਲੇ ਨਾਲ ਸੁੰਦਰੀਕਰਨ ਦੀ ਕਾਰ ਸੇਵਾ ਦੇ ਟੈਂਕ ਰੂਪੀ ਹਥੌੜੇ, ਬੁਲਡੋਜ਼ਰ ਰੂਪੀ ਬਕਤਰਬੰਦ ਗੱਡੀਆਂ ਦੇ ਹਮਲੇ ਅਤੇ ਜੇ ਵੀ ਸੀ ਰੂਪੀ ਤੋਪਾਂ ਤੇ ਟੈਂਕਾਂ ਨਾਲ “ਖ਼ਾਲਸਤਾਈ ਕੌਮੀਅਤਾ ਦੀ ਵਿਲੱਖਣਤਾ ਅਤੇ ਅੱਡਰੇ ਪਨ ਦੀਆਂ ਮੌਲਿਕ ਵਿਰਾਸਤਾਂ, ਨਿਸ਼ਾਨੀਆਂ ਅਤੇ ਸ਼ਹਾਦਤਾਂ (evidence)” ਨੂੰ ਮੁਕਾ ਦੇਣ ਲਈ ਸਦੀਵੀ ਭੋਗ ਪੁਆ ਦਿੱਤਾ ਹੈ। ਜ਼ਮੀਨਦੋਜ਼ ਬਣਾਏ ਗਏ ਕੰਪਲੈਕਸ ਕਰ ਕੇ ਆਉਣ ਵਾਲੇ ਸਮੇਂ ਵਿਚ ‘ਹਰਿ ਕੀ ਪੌੜੀ’ ਅਤੇ ‘ਦੁੱਖ-ਭੰਜਨੀ’ ਦੇ ਗੁਰੂ ਵਰੋਸਾਏ ਚਸ਼ਮਿਆਂ ਤੇ ਬੁਰਾ ਅਸਰ ਪੈਣ ਦੀ ਦੀਆਂ ਸੰਭਾਵਨਾਵਾਂ ਸਾਹਮਣੇ ਹਨ।

ਠੰਢੇ ਬੁਰਜ ਅਤੇ ਸਿਰਹੰਦ ਦੀ ਪੁਰਾਤਨਤਾ ਦੀ ਭੂਗੋਲਿਕ ਸਥਿਤੀ ਦਾ ਚਿਤਰਨ ਕਰਦੀ ਸਮਕਾਲੀ ਸ੍ਰੀ ਫ਼ਤਿਹਗੜ੍ਹ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਬਲਦੇਵ ਸਿੰਘ ਜੀ ਨੇ ਦਾਸ ਨੂੰ ਆਪਣੀ ਪੂਰੀ ਇੰਟਰਵਿਊ ਰਿਕਾਰਡ ਕਰਵਾਈ ਹੈ। ਹਾਲੇ ਸਿਰਹੰਦ ਦਾ ਵਿਕਾਸ ਹੋਣਾ ਹੈ। ਸਿੱਖ ਕੌਮ ਨੂੰ ਬੇਨਤੀ ਹੈ ਕਿ ਉਹ ਸਿਰਹ‌ਿੰਦ ਦੀ ਪੁਰਾਤਨ ਦਿੱਖ ਨੂੰ ਬਹਾਲ ਕਰਨ ਨਿਮਿਤ ਹੀ ਵਿਕਾਸ ਦਾ ਪੈਂਡਾ ਫੜੇ, ਇਸ ਨੂੰ ਹੋਰ ਬਰਬਾਦ ਹੋਣ ਤੋਂ ਰੋਕਿਆ ਜਾਵੇ। ਇਹ ਅਗ੍ਰਸੈਨ ਅਤੇ ਹੋਰਾਂ ਦੀ ਭੇਂਟ ਨਾਂਹ ਚੜ੍ਹਨ ਦਿੱਤਾ ਜਾਵੇ। ਫ਼ੋਟੋ ਵਿਚ ਦਾਸ ਨੂੰ ਭਾਈ ਬਲਦੇਵ ਸਿੰਘ ਜੀ ਆਪਣੀ ਵਾਰਤਾ ਰਿਕਾਰਡ ਕਰਾਉਂਦੇ ਅਤੇ ਨਾਲ ਇੱਕ ਹੋਰ ਬਜ਼ੁਰਗ ਸ. ਨਿਰੰਜਨ ਸਿੰਘ ਨੇ ਅਤੇ ਇੱਕ ਹੋਰ ਬਜ਼ੁਰਗ ਬੇਬੇ ਸੁਰਿੰਦਰ ਕੌਰ ਜੀ ਨੇ ਮੈਨੂੰ ਦੱਸਿਆ ਕਿ ਉਹ ਗੱਡਿਆਂ ਤੇ ਭਾਦਸੋਂ ਤੋਂ ਅਤੇ ਚਰਨਾਥਲ ਤੋਂ ਦਰਸ਼ਨਾਂ ਲਈ ਜਾਂਦੇ ਹੁੰਦੇ ਸਨ। ਅਸਲ ਅਸਥਾਨ ਤੱਕ ਜਾਣ ਤੋਂ ਪਹਿਲਾਂ ਉੱਚੀਆਂ ਉੱਚੀਆਂ ਕਮਰੇ ਕਮਰੇ ਜਿੱਡੀਆਂ ਕੰਧਾਂ ਹੁੰਦੀਆਂ ਸਨ । ਸਥਾਨ ਨੀਵਾਂ ਹੁੰਦਾ ਸੀ ਤੇ ਬੁਰਜ ਉਵੇਂ ਦਾ ਹੀ ਦੱਸਦੇ ਹਨ ਜਿਵੇਂ ਦਾ ਬਿਆਨ ਕੀਤਾ ਗਿਆ ਹੈ ।
(ਇਹ ਬੁਰਜੀ ਆਮ ਖ਼ਾਸ ਬਾਗ਼ ਦੀ ਹੈ, ਜੋ ਹੂ-ਬ-ਹੂ ਵਰਗੀ ਲਗਦੀ ਹੈ। ਪਰ ਹੂ ਬਹੂ ਹੈ ਨਹੀਂ ।)

ਅਸਲ ਬੁਰਜ ਦੀ ਨਕਲ ਜੋ ਦਾਸ ਨੇ ਆਪਣੀ ਚੇਤਨ ਸ਼ਕਤੀ ਰਾਹੀਂ ਤਿਆਰ ਕਰਵਾਈ ਹੈ ਉਹ ਹੇਠ ਦਿੱਤੀ ਫ਼ੋਟੋ ਅਨੁਰੂਪ ਸੀ । ਜਿਸ ਦੀ ਪੁਸ਼ਟੀ ਭਾਈ ਬਲਦੇਵ ਸਿੰਘ ਜੀ ਨੇ ਵੀ ਕੀਤੀ ਸੀ ।

ਅਜਿਹੀ ਹੀ ਦੁਰਗਤ ਅਸੀਂ ਸਿੱਖ ਆਪਣੀ ਦੁਰਮਤਿ ਨਾਲ ਹੁਣ 350 ਸਾਲਾਂ ਪ੍ਰਕਾਸ਼ ਦਿਹਾੜੇ ਤੇ ਸ੍ਰੀ ਪਟਨਾ ਸਾਹਿਬ ਤਖ਼ਤ ਜੀ ਵਿਖੇ ਕਰ ਰਹੇ ਹਾਂ। ਉੱਥੇ ਮੈਂ ਖ਼ੁਦ ਜ਼ਮੀਨਦੋਜ਼ ਤਹਿਖ਼ਾਨੇ, 10 ਤੋਂ 20 ਫੁੱਟ ਜ਼ਮੀਨ ਦੀ ਖ਼ੁਦਾਈ ਹੇਠਾਂ ਗੁਰੂ ਸਾਹਿਬਾਨ ਵੇਲੇ ਦੀ ਹਵੇਲੀ ਦੇ ਥੰਮ੍ਹ, ਛੱਤਾਂ ਅਤੇ ਨੀਂਹਾਂ ਦੇ ਨਾਲ ਹੀ ਨਾਲ ਕਈ ਹੋਰ ਤੱਥ ਅਤੇ ਨਿਕਲਦੇ ਸਬੂਤ ਵੇਖੇ ਹਨ। ਮੈਂ ਉਨ੍ਹਾਂ ਦੀ ਵੀਡੀਓਗ੍ਰਾਫੀ ਕਰਨੀ ਚਾਹੀ ਤਾਂ ਪ੍ਰਬੰਧਕਾਂ, ਸਿੰਘ ਸਾਹਿਬ ਤੇ ਜਥੇਦਾਰ ਨੇ ਇਹ ਦਲੀਲ ਦੇ ਕੇ ਕਿ “ਜੇ ਇਹ ਉਜਾਗਰ ਹੋ ਗਿਆ ਤਾਂ ਪੁਰਾਤਤਵ ਵਿਭਾਗ ਨੇ ਸਾਰੇ ਪ੍ਰੋਜੈਕਟਾਂ ਨੂੰ ਰੋਕ ਦੇਣਾ ਹੈ ਤਾਂ ਫਿਰ ਕਾਰ ਸੇਵਾ ਬੰਦ ਹੋ ਜਾਵੇਗੀ”। ਜਥੇਦਾਰ ਪਟਨਾ ਸਾਹਿਬ ਦਾ ਜਵਾਬ ਸੀ ਕਿ “ਸਾਡੇ ਸਨਾਤਨੀ ਸਿੱਖ ਸਮਾਜ ਨੇ ਇਸ ਨੂੰ ਪਰਵਾਨ ਨਹੀਂ ਕਰਨ। ਇਸ ਲਈ ਤੁਹਾਨੂੰ ਇਸ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ”। ਉੱਥੇ ਜ਼ਮੀਨਦੋਜ਼ ਛੁਪਿਆਂ ਨੀਂਹਾਂ ਵਿਚੋਂ ਕੱਚ ਦੀ ਬੋਤਲ ਵਿਚ ਬੰਦ ਕੁਝ ਪੱਤਰ ਵੀ ਮਿਲੇ ਹਨ ਜੋ ਕਿਤੇ ਛੁਪਾ ਦਿੱਤੇ ਗਏ ਹਨ।
ਜਿਸ ਵਕਤ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਿਆਂ ਨੂੰ ਅਤੇ ਹੋਰ ਇਮਾਰਤਾਂ ਨੂੰ “ਪੁਰਾਤਨ ਵਿਰਾਸਤੀ ਦਿੱਖ” ਦੇਣ ਹਿਤ ਕਮੇਟੀ ਬਣਾਈ ਸੀ ਤਾਂ ਦਾਸ ਨੇ ਓਦੋਂ ਹੀ ਭਰਪੂਰ ਜਤਨ ਕੀਤੇ ਸਨ ਕਿ ਹੁਣ ਸਿੱਖ ਸਹੀ ਦਿਸ਼ਾ ਵੱਲ ਆਪਣੇ ਜਤਨ ਅਰੰਭਣ। ਇਸ ਹਿਤ ਦਾਸ ਨੇ ਕੁਝ ਸੁਝਾ ਪੰਜਾਬ ਸਰਕਾਰ, ਰੋਪੜ ਦੇ ਡੀ ਸੀ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਤ ਵਿਚ ਭੇਜੇ ਸਨ। ਜਿਨ੍ਹਾਂ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਗਿਆ ਤੇ ਮਸ਼ੀਨੀ ਟਾਈਲ ਇੱਟਾਂ ਰਾਹੀਂ ਸੰਗਮਰਮਰ ਅਤੇ ਹੋਰ ਪਲੱਸਤਰ ਕੀਤੀਆਂ ਕੰਧਾਂ ਦੇ ਅੱਗੇ “ਪੰਥ ਦੇ ਵਿਦਵਾਨਾਂ ਅਤੇ ਮਾਹਿਰ ਇੰਜੀਨੀਅਰਜ਼ ਦੀ ਰਾਏ ਅਤੇ ਨਿਗਰਾਨੀ ਵਿਚ” ਬੁਚ ਵਰਕ ਕਰਵਾਉਣਾ ਅਰੰਭ ਕਰ ਦਿੱਤਾ ਗਿਆ। ਇਸ ਬੇਵਕੂਫ਼ੀ ਨੂੰ ਕਿਵੇਂ ਮੁਹਾਰਤ, ਬੁੱਧੀ ਮਤਾ, ਵਿਦਵਾਨਾਂ ਅਤੇ ਪੁਰਾਤਨਵਿਦਾ ਦੀ ਦੇਖ ਰੇਖ ਵਿਚ ਕੀਤਾ ਜਾਂਦਾ ਕੰਮ ਆਖ ਸਕਦੇ ਹੋ ? ਇਨ੍ਹਾਂ ਲੋਕਾਂ ਨੂੰ ਇਤਨੀ ਕੁ ਵੀ ਸੂਝ ਅਤੇ ਲਿਆਕਤ ਨਹੀਂ ਸੁੱਝੀ ਕਿ “ਨਾਨਕਸ਼ਾਹੀ ਇੱਟਾਂ ਦੀ ਦਿੱਖ ਦੇਣ ਲਈ ਮਸ਼ੀਨੀ ਟਾਈਲਾਂ” ਹੀ ਲਵਾਉਣੀਆਂ ਸਨ ? ਸਿੱਖ ਸੂਝ ਦਾ ਆਪਣੀ ਵਿਰਾਸਤ ਅਤੇ ਧਰੋਹਰ ਦੀ ਸੰਭਾਲ ਪ੍ਰਤੀ ਕਿਤਨਾ ਘਿਨੌਣੀ ਅਤੇ ਮਾੜਾ ਵਿਚਾਰ ਹੈ ਇਹ ਮੌਜੂਦਾ ਚੱਲ ਰਹੀ “ਪੁਰਾਤਨ ਦਿੱਖ ਦਿੰਦੀ ਵਿਨਾਸ਼ਕਾਰੀ ਕਾਰ ਸੇਵਾ” ਇਸ ਦੀ ਮੂੰਹ ਬੋਲਦੀ ਅਤੇ ਪ੍ਰਤੱਖ ਗਵਾਹੀ ਭਰ ਰਹੀ ਹੈ।

ਖਰਬਾਂ ਰੁਪਏ ਕਾਰ ਸੇਵਾ ਤੇ ਖ਼ਰਚਣ ਵਾਲੇ ਸਿੱਖ ਆਪਣੀਆਂ ਪੁਰਾਤਨ ਇਮਾਰਤਾਂ ਦੀ ਮੁਰੰਮਤ ਅਤੇ ਸੰਭਾਲ ਲਈ, ਜਾਂ ਨਵੀਂਆਂ ਇਮਾਰਤਾਂ ਪੁਰਾਤਨ ਕਾਰੀਗਰੀ ਅਤੇ ਗਿਆਨ ਅਨੁਸਾਰ ਮੁੜ ਸੁਰਜੀਤ ਕਰਨ ਜਾਂ ਘੜਨ ਲਈ ਆਪਣੀ ਇੱਕ ਤੁੱਛ ਜਿਹੀ ਲੋੜ “ਨਾਨਕਸ਼ਾਹੀ ਇੱਟਾਂ” ਨੂੰ ਘੜਨ ਤੇ ਪਕਾਉਣ ਦਾ ਇੱਕ ਭੱਠਾ ਲਾਉਣ ਦਾ ਖ਼ਿਆਲ ਵੀ ਆਪਣੀ ਸੁਰਤ ਵਿਚ ਪੈਦਾ ਨਹੀਂ ਕਰ ਸਕੇ ? ਸਾਡੀ ਵਿਦਵਤਾ ਅਤੇ ਨਿਰਮਾਣ ਸਾਜੀ ਦਾ ਦੀਵਾਲੀਆਂ ਪਨ ਤਾਂ ਵੇਖੋ ਕਿ ਅਸੀਂ ਸਿੱਖ ਸਿੱਖ ਇਮਾਰਤ ਸਾਜੀ ਦੀ ਨਕਸ਼ਾ ਨਿਵੀਸੀ ਅਤੇ ਭਵਨ ਡਿਜ਼ਾਈਨ ਕਾਰ ਜਾਂ ਭਵਨ ਨਿਰਮਾਣ ਸ਼ੈਲੀ ਅਤੇ ਰੂਪ-ਰੇਖਾ ਕਾਰ ਪੈਦਾ ਨਹੀਂ ਕਰ ਸਕੇ !
ਚਾਹੀਦਾ ਤਾਂ ਇਹ ਸੀ ਕਿ ਇਹ ਲੋਕ “ਨਾਨਕਸ਼ਾਹੀ ਇੱਟਾਂ ਨੂੰ ਘੜਨ” ਦਾ ਇੱਕ ਭੱਠਾ ਲਵਾਉਣ ਹਿਤ ਵਿਰਾਸਤ ਵਿਚ ਕੰਮ ਕਰਦੇ ਚਲੇ ਆ ਰਹੇ ਸਿੱਖ ਪਰਿਵਾਰਾਂ ਨੂੰ ਹੀ ਸਹਾਇਤਾ ਦਿੰਦੇ ਤੇ ਅਸਲ ਨਾਨਕਸ਼ਾਹੀ ਇੱਟਾਂ ਨੂੰ ਹੱਥੀ ਘੜਵਾ ਕੇ, ਕਿਲ੍ਹਿਆਂ, ਬੁੰਗਿਆਂ, ਇਮਾਰਤਾਂ, ਗੜ੍ਹੀਆਂ ਅਤੇ ਬੁਰਜਾਂ ਨੂੰ ਉਹੀ ਪੁਰਾਣੀ ਦਿੱਖ ਵਿਚ ਖੜ੍ਹਾ ਕਰਦੇ; ਜਿਹੋ ਜਿਹੀ ਅਸਲ ਇਮਾਰਤ ਵਿਚ ਸਾਡੇ ਗੁਰੂ ਪਰਿਵਾਰ, ਜੋਧੇ, ਗੁਰਸਿੱਖ ਅਤੇ ਸਾਹਿਬਜ਼ਾਦੇ ਰਹਿੰਦੇ ਅਤੇ ਸ਼ਹੀਦ ਹੋਏ ਹਨ। ਪਰ ਇਹ ਲੋਕ  ਸਹੀ ਸਲਾਹ ਦਾ ਹਮੇਸ਼ਾ ਹੀ ਮੌਜੂ ਉਡਾਉਂਦੇ ਅਤੇ ਨਫ਼ਰਤ ਕਰਦੇ ਚਲੇ ਆ ਰਹੇ ਹਨ। ਦਾਸ ਨੇ ਇਨ੍ਹਾਂ ਲੋਕਾਂ ਨੂੰ ਕਿਲ੍ਹਾ ਅਨੰਦਗੜ੍ਹ ਸਾਹਿਬ ਜੀ ਦੀ ਪੁਰਾਤਨ ਇਮਾਰਤ ਦੀ ਫ਼ੋਟੋ ਵੀ ਭੇਜੀ ਸੀ ਅਤੇ ਪੁਰਾਤਨ “ਠੰਢੇ ਬੁਰਜ” ਦੀ ਦਿੱਖ ਕਿਹੋ ਜਿਹੀ ਸੀ ਇਹ ਵੀ ਬਜ਼ੁਰਗ ਸਿੱਖਾਂ ਤੋਂ ਪਤਾ ਕਰ ਕੇ ਲਿਖਤ ਬੱਧ ਕਰ ਤੇ ਉਸ ਦੀ ਹੂ ਬ ਹੂ ਨਕਲ ਦੀ ਫ਼ੋਟੋ ਵੀ ਭੇਜੀ ਸੀ। ਮੋਰਿੰਡੇ ਦੀਆਂ ਕਚਹਿਰੀਆਂ ਅਤੇ ਜੇਲ੍ਹ ਜਿਹੜੀ ਕਿ 1999 ਦੇ 300 ਸਾਲਾਂ ਦਿਵਸ ਤਕ ਬਰਕਰਾਰ ਸੀ ਉਸ ਨੂੰ ਵੀ ਸੰਭਾਲਣ ਅਤੇ ਪੰਜਾਬ ਤੇ ਭਾਰਤ ਸਰਕਾਰ ਨੂੰ ਪੁਰਾਤਤਵ ਇਮਾਰਤਾਂ ਘੋਸ਼ਿਤ ਕਰਨ ਦੇ ਉਪਰਾਲੇ ਵੀ ਕੀਤੇ ਸਨ। ਜਿਸ ਵਿਚ ਕਾਰ ਸੇਵਾ ਵਾਲੇ ਬਾਬਿਆਂ ਨੇ ਬਾਦਲ ਸਰਕਾ ਤੇ ਸ਼੍ਰੋਮਣੀ ਕਮੇਟੀ ਰਾਹੀਂ ਸਮੁੱਚੀ ਯੋਜਨਾਂ ਨੂੰ ਤਾਰਪੀਡੋ ਕਰਵਾ ਕੇ, ਸਭ ਕੁਝ ਆਪਣੇ ਕਬਜ਼ੇ ਵਿਚ ਲੈ ਉੱਥੇ ਅਸਲ ਆਲ਼ੇ ਦੁਆਲੇ ਨੂੰ ਨਸ਼ਟ ਤੇ ਉਸ ਦਾ ਖੁਰਾ ਖੋਜ ਮੁਕਾ ਕੇ ਕਾਰ ਸੇਵਾ ਅਰੰਭ ਦਿੱਤੀ ਹੋਈ ਹੈ। ਉਪਰੋਕਤ ਤਸਵੀਰ ਪਹਿਲੀ ਕਿਲ੍ਹਾ ਅਨੰਦਗੜ੍ਹ ਸਾਹਿਬ ਜੀ ਦੀ ਹੈ ਅਤੇ ਦੂਜੀ ਠੰਢੇ ਬੁਰਜ ਵਰਗੇ ਇੱਕ ਦੂਜੇ ਬੁਰਜ ਦੀ ਹੈ। ਅਜਿਹੇ ਠੰਢੇ ਬੁਰਜ ਮੁਗ਼ਲ ਕਾਲੀਨ ਸਰਹਿੰਦ ਸ਼ਹਿਰ ਦੀ ਚਾਰ ਦੀਵਾਰੀ ਦੇ ਅੰਦਰ, ਮੁਗ਼ਲ ਕਾਲ ਵੇਲੇ ਅਤੇ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਜੀ ਦੀ ਕਾਰ ਸੇਵਾ ਆਰੰਭ ਹੋਣ ਤਕ ਕੁੱਲ ਅੱਠ ਸਨ। ਬੁਰਜਾਂ ਦੇ ਚਾਰੋ ਪਾਸੇ ਨਿੱਕੀ ਇੱਟ ਦੀ ਲਗਭਗ 6 ਫੁੱਟ ਚੌੜੀ ਕੰਧ ਸੀ ਕੰਧ ਸੀ। ਇੱਕ ਪਾਸੇ ਤੋਂ ਨਦੀ ਵਗਦੀ ਸੀ। ਜਿਸ ਦਾ ਪੁਲ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਨੇੜੇ ਬਣਿਆ ਹੋਇਆ ਹੈ। ਸਿੱਖਾਂ ਸਨਮੁੱਖ ਹੁਣ ਇਸ ਇਤਿਹਾਸਕ ਸੱਚ ਦੀ ਕੀ ਮਹੱਤਾ ਤੇ ਇਸ ਇਤਿਹਾਸ ਨੂੰ ਕਿਸ ਲਈ ਲਿਖਿਆ ਜਾਵੇ ? ਹਾਂ ਸਭ ਕੁਝ ਨਸ਼ਟ ਕਰਵਾ ਦੇਣ ਤੋਂ ਬਾਅਦ ‘ਸਤਾ ਦੀ ਤਾਕਤ ਅਤੇ ਸਾਧਨਾਂ’ ਨਾਲ ਕੁਝ ਲੋਕਾਂ ਵੱਲੋਂ ਕੌਮੀ ਘਾਤ ਅਤੇ ਕੌਮ ਨਾਲ ਵਿਸਾਹ ਘਾਤ ਤਾਂ ਕੀਤਾ ਹੀ ਜਾ ਚੁਕਾ ਹੈ। ਸਿੱਖ ਸਮਾਜ ਦਾ ਆਲਾ ਦੁਆਲਾ ਨਫ਼ਰਤ ਦੀ ਬੂ ਮਾਰਦੇ ਅਜਿਹੇ ਹੀ ਆਗੂਆਂ ਦੇ ਬਦਬੂ ਦਾਰ ਕਿਰਦਾਰ ਨਾਲ ਭਰਿਆ ਪਿਆ ਹੈ। ਅਜਿਹੇ ਮਾਹੌਲ ਅਤੇ ਵਾਤਾਵਰਨ ਨੂੰ ਸਾਫ਼ ਕਰਨ ਦੀ ਕਾਰ ਸੇਵਾ ਦੇ ਅਤੇ ਦੀਵਾਨ ਸਜਾਉਣ ਦੇ ਹੰਭਲੇ ਦੀ ਸ਼੍ਰੋਮਣੀ ਲੋੜ ਹੈ। ਕੀ ਇਹ ਮੰਨਿਆਂ ਜਾਵੇ ਕਿ ਜਿਹੜੀ ਸਿੱਖ ਕੌਮ ਅਰਬਾਂ ਰੁਪਿਆ ਧੱਕੇ ਨਾਲ ਰੱਜਿਆਂ ਨੂੰ ਲੰਗਰ ਛਕਾਉਣ ਅਤੇ ਸੰਗਮਰਮਰ ਦੇ ਆਲੀਸ਼ਾਨ ਗੁਰਦੁਆਰੇ ਬਣਾਉਣ ਵਿਚ ਰੁੱਝੀ ਹੈ ਉਹ ਆਪਣੀ ਰੂਹ ਦੀ ਖ਼ੁਰਾਕ ਲਈ ਥੋੜ੍ਹਾ ਸਮਾਂ ਅਤੇ ਧੰਨ “ਬਿਬੇਕ ਬੁੱਧ” ਨੂੰ ਘੜਨ ਵਾਸਤੇ ਵੀ ਖ਼ਰਚ ਕਰੇਗੀ ?

ਕਾਰ ਸੇਵਾ ਦੇ ਬਾਬਿਆਂ ਦਾ ਸ਼ਿਕਾਰ, ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਨੂੰ ਢਾਉਂਦੀਆਂ ਹੋਈਆਂ ਸਿੱਖ ਸੰਗਤਾਂ

ਹੁਣ ਤਾਂ ਇੱਕ ਫ਼ੋਟੋ ਉਪਰੋਕਤ ਚਮਕੌਰ ਦੀ ਗੜ੍ਹੀ ਦੀ ਵੀ ਸਾਹਮਣੇ ਆ ਚੁੱਕੀ ਹੈ। ਸਿੱਖ ਕੌਮ ਨੂੰ ਆਪਣੀ ਅਸਲ ਵਿਰਾਸਤ ਆਉਂਦੀਆਂ ਨਸਲਾਂ ਲਈ ਹੂ-ਬ-ਹੂ ਨਿਰਮਿਤ ਕਰਨ ਦੀ ਕਾਰ ਸੇਵਾ ਅਰੰਭਣੀ ਚਾਹੀਦੀ ਹੈ । ਓਵੇਂ ਨਹੀਂ ਜਿਵੇਂ ਹੁਣ ਪੈਸੇ ਕਮਾਉਣ ਲਈ ਮੁੜ ਪੁਰਾਤਨ ਦਿੱਖ ਦੇਣ ਵਾਲੇ ਬੇਹੂਦਾ ਅਤੇ ਮਸਨੂਈ ਕੰਮ ਅਰੰਭੇ ਹੋਏ ਹਨ। ਇਹ ਬੰਦ ਕਰਵਾਉਣੇ ਚਾਹੀਦੇ ਹਨ। ਪੁਰਾਤਨ ਫ਼ੋਟੂਆਂ ਅਤੇ ਜਿਊਂਦਾ ਬਜ਼ੁਰਗਾਂ ਨੂੰ ਬਿਠਾ ਕੇ ਹੂ-ਬ-ਹੂ ਬਿਲਡਿੰਗਾਂ ਖੜੀਆਂ ਕਰਨੀਆਂ ਚਾਹੀਦੀਆਂ ਹਨ। ਮੈਨੂੰ ਇੱਕ ਲਾ-ਦੇ ਵਿਦਿਆਰਥੀ ਲਵਪ੍ਰੀਤ ਸਿੰਘ ਨੇ ਸਰਹਿੰਦ ਤੋਂ ਫ਼ੋਨ ਕਰ ਕੇ ਕਿਹਾ ਕਿ ਅਸਲ ਬੁਰਜ ਦੀ ਪੇਂਟਿੰਗ ਵੀ ਬਣਨੀ ਚਾਹੀਦੀ ਹੈ। ਜੋ ਬਹੁਤ ਹੀ ਵਧੀਆਂ ਸੁਝਾਅ ਹੈ । ਸਾਰੀਆਂ ਹੀ ਅਸਲ ਪੁਰਾਤਨ ਇਮਾਰਤਾਂ ਲਈ ਇਹ ਕੰਮ ਵਿਉਂਤਬੱਧ ਤੇ ਹੁਨਰ ਮੰਦ ਤਰੀਕੇ ਨਾਲ ਸਿੱਖ ਕੌਮ ਨੂੰ ਅਰੰਭਣ ਲਈ ਇੱਕ ਖ਼ਾਸ ਖੋਜ ਅਤੇ ਨਿਰਮਾਣ ਵਿੰਗ ਸ਼੍ਰੋਮਣੀ ਕਮੇਟੀ ਦੇ ਅਧੀਨ ਬਣਾਉਣਾ ਚਾਹੀਦਾ ਹੈ। ਤਾਂ ਜੋ ਕਾਰ ਸੇਵਾ ਨੂੰ ਵੀ ਸਹੀ ਡਾਇਰੈਕਸ਼ਨ ਦਿੱਤੀ ਜਾਵੇ। ਸਿੱਖ ਕੌਮ ਦਾ ਬਹੁਤ ਸਾਰਾ ਸਰਮਾਇਆ ਹਾਲੇ ਵੀ ਹੂ-ਬ-ਹੂ ਸ਼ਕਲ ਵਿਚ ਮੌਜੂਦ ਹੈ ਜਿਸ ਨੂੰ ਸੰਭਾਲਣ ਦੀ ਲੋੜ ਹੈ। ਅਜਿਹੇ ਹੀ ਪੁਰਾਤਨ ਇਮਾਰਤਾਂ ਰੂਪੀ ਸਰਮਾਏ ਦੀ ਇੱਕ ਲਿਸਟ ਦਾਸ ਨੇ ਬਤੌਰ ਐਮ.ਪੀ. ਪੰਜਾਬ ਸਰਕਾਰ ਤੋਂ ਤਿਆਰ ਕਰਵਾਈ ਸੀ ਜਿਸ ਵਿਚ ਲਗਭਗ ਡੇੜ੍ਹ ਸੌ ਇਮਾਰਤਾਂ ਦਾ ਜ਼ਿਕਰ ਸੀ। ਇਹ ਲਿਸਟ ਦਾਸ ਨੇ ਜੂਨ ਚੁਰਾਸੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਵਕਤ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਗੁਰਚਰਨ ਸਿੰਘ ਟੌਹੜਾ ਨੂੰ ਵੀ ਉਪਰੋਕਤ ਬੇਨਤੀ ਨਾਲ ਦਿੱਤੀ ਸੀ। ਜਿਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ । ਇਹ ਲਿਸਟ ਸਕੱਤਰ ਪੁਰਾਣੇ ਅਤੇ ਪੁਰਾਤਤਵ ਵਿਭਾਗ ਪੰਜਾਬ ਸਰਕਾਰ ਪਾਸ ਪਈ ਹੈ । ਜਿਸ ਦੀ ਇੱਕ ਕਾਪੀ ਜੇ ਭਾਲਦਾ ਨੇ ਸਰਕਾਰੀ ਤੌਰ ਤੇ ਸੰਭਾਲੀ ਹੋਵੇ ਤਾਂ ਮੁੱਖ ਮੰਤਰੀ ਦੇ ਦਫ਼ਤਰੀ ਰਿਕਾਰਡ ਵਿਚ ਵੀ ਮੌਜੂਦ ਹੋਵੇਗੀ।

Share. Facebook Twitter WhatsApp Email Pinterest LinkedIn Tumblr
Previous Articleਸਿੱਖੀ : ਇਕ ਰੇਖਾ ਚਿੱਤਰ
Next Article ਕੁਝ ਗੱਲਾਂ ਸਮਝਣ ਸਮਝਾਉਣ ਅਤੇ ਅਪਣਾਉਣ ਦੀਆਂ ਹਨ

Related Posts

ਗੁਰੂ ਨਾਨਕ ਜੀ ਨਾਮਕਰਨ, ਪ੍ਰਕਾਸ਼ ਪੁਰਬ, ਸੰਖੇਪ ਜੀਵਨ ਅਤੇ ਕੰਮ

April 11, 2023

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਵਿਵਾਦ ਦਾ ਅੰਤ

February 10, 2023

ਕੁਝ ਗੱਲਾਂ ਸਮਝਣ ਸਮਝਾਉਣ ਅਤੇ ਅਪਣਾਉਣ ਦੀਆਂ ਹਨ

January 5, 2023

Follow Us

Facebook X (Twitter) YouTube
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel
  • ਮੁੱਖ ਪੰਨਾ
  • ਅਤਿੰਦਰ ਪਾਲ ਸਿੰਘ ਬਾਰੇ
  • ਲੇਖ
  • ਕਿਤਾਬਾਂ
  • ਖ਼ਜ਼ਾਨਾ
  • ਵੀਡੀਓ ਗੈਲਰੀ
    • C5 Channel

© 2022 ApSingh.in, Made by karan Panjaab

Type above and press Enter to search. Press Esc to cancel.